ਸਮਰਾਲਾ ‘ ਚ 17 ਦਸੰਬਰ ਨੂੰ ਪੈਨਸ਼ਨਰ ਦਿਵਸ ਮਨਾਇਆ ਜਾਵੇਗਾ – ਕੁਲਵੰਤ ਰਾਏ

ਸਮਰਾਲਾ, 13 ਦਸੰਬਰ ( ਵਰਿੰਦਰ ਸਿੰਘ ਹੀਰਾ) ਸਰਕਾਰੀ ਮੁਲਾਜਮ ਸਰਕਾਰ ਕੋਲੋਂ ਪੈਨਸ਼ਨ ਖੈਰਾਤ ਵਿੱਚ ਨਹੀਂ ਬਲਕਿ ਉਨ੍ਹਾਂ ਦੁਆਰਾ ਕੀਤੀ ਸੇਵਾ ਦੌਰਾਨ ਉਨ੍ਹਾਂ ਦੀ ਤਨਖਾਹ ਵਿੱਚੋਂ ਕੱਟੀ ਰਾਸ਼ੀ ਹੈ, ਇਸ ਲਈ ਸੇਵਾ ਮੁਕਤੀ ਉਪਰੰਤ ਪੈਨਸ਼ਨ ਪ੍ਰਾਪਤ ਕਰਨਾ ਹਰੇਕ ਪੈਨਸ਼ਨਰ ਦਾ ਸੰਵਿਧਾਨਕ ਹੱਕ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਸਮਰਾਲਾ ਦੇ ਖਜਾਨਚੀ ਕੁਲਵੰਤ ਰਾਏ ਨੇ ਪੈ੍ਰਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਜਥੇਬੰਦੀ ਦੇ ਫੈਸਲੇ ਅਨੁਸਾਰ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ 17 ਦਸੰਬਰ ਦਿਨ ਐਤਵਾਰ ਨੂੰ ਸਵੇਰੇ 11:00 ਵਜੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਦੇ ਨਵੇਂ ਬਣੇ ਦਫਤਰ ‘ਬਾਗੀ ਭਵਨ’, ਪਿੱਛੇ ਡੀ. ਐਸ. ਪੀ. ਦਫਤਰ ਭਗਵਾਨਪੁਰਾ ਰੋਡ ਸਮਰਾਲਾ ਵਿਖੇ ‘ਪੈਨਸ਼ਨਰਜ਼ ਦਿਵਸ’ ਮਨਾਇਆ ਜਾਵੇਗਾ। ਜਿਸ ਵਿੱਚ ਸਮਰਾਲਾ, ਖੰਨਾ, ਖਮਾਣੋਂ ਅਤੇ ਮਾਛੀਵਾੜਾ ਸਾਹਿਬ ਦੇ ਪੈਨਸ਼ਨਰਜ਼ ਅਤੇ ਫੈਮਲੀ ਪੈਨਸ਼ਨਰਜ਼ ਵੱਧ ਚੜ੍ਹ ਕੇ ਭਾਗ ਲੈਣਗੇ। ਕੁਝ ਮਹੀਨੇ ਪਹਿਲਾਂ ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਸਮਰਾਲਾ ਦੇ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਦੀ ਮੌਤ ਉਪਰੰਤ ਉਨ੍ਹਾਂ ਦਾ ਅਹੁਦਾ ਖਾਲੀ ਪਿਆ ਹੈ, ਇਸ ਮੌਕੇ ਪ੍ਰਧਾਨ ਦੇ ਅਹੁਦੇ ਲਈ ਵੀ ਚੋਣ ਕੀਤੀ ਜਾਵੇਗੀ। ਉਨ੍ਹਾਂ ਸਮਰਾਲਾ ਹਲਕੇ ਦੇ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨੂੰ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ।

ਸਮਰਾਲਾ, 31 ਅਕਤੂਬਰ ( ਵਰਿੰਦਰ ਸਿੰਘ ਹੀਰਾ ) ਸਮਰਾਲਾ ਦੇ ਮਸੰਦ ਮੁਹੱਲੇ ‘ਚ ਸਥਿਤ ਕਿਡਜ਼ ਕੈਂਪਸ ਪ੍ਰੀ ਸਕੂਲ ਪਲੇਵੇ ਵਿਚ ਹੈਲੋਵੀਨ ਦਿਵਸ ਮਨਾਇਆ ਗਿਆ, ਜਿਸ ਦੌਰਾਨ ਛੋਟੇ-ਛੋਟੇ ਬੱਚੇ ਭੂਤ-ਪ੍ਰੇਤ ਬਣ ਕੇ ਆਏ ਅਤੇ ਖੂਬ ਮਸਤੀ ਕੀਤੀ। ਇਸ ਦੌਰਾਨ ਸਕੂਲ ਦੇ ਮੈਡਮ ਅਮਨ ਨੇ ਦੱਸਿਆ ਕਿ ਹੈਲੋਵੀਨ ਦਾ ਇਤਿਹਾਸ ਪੁਰਾਤਨ ਕੈਲਟਿਕ ਅਤੇ ਰੋਮਨ ਪਰੰਪਰਾਵਾਂ ਨਾਲ ਜੁੜਿਆ ਹੋਇਆ ਹੈ। ਪੁਰਾਣੇ ਸਮਿਆਂ ਵਿੱਚ, ਸੇਲਟਸ ਗਰਮੀਆਂ ਦੇ ਅੰਤ ਅਤੇ ਸਰਦੀਆਂ ਦੀ ਸ਼ੁਰੂਆਤ ਦਾ ਜਸ਼ਨ ਮਨਾਉਣ ਲਈ 31 ਅਕਤੂਬਰ ਦੀ ਰਾਤ ਨੂੰ ਸੈਮਹੈਨ ਦਾ ਸੇਲਟਿਕ ਤਿਉਹਾਰ ਮਨਾਉਂਦੇ ਸਨ। ਲੋਕਾਂ ਦਾ ਮੰਨਣਾ ਸੀ ਕਿ ਇਸ ਰਾਤ ਨੂੰ ਮਰੇ ਅਤੇ ਜੀਵਤ ਵਿਚਕਾਰ ਕੋਈ ਸੀਮਾ ਨਹੀਂ ਹੁੰਦੀ ਹੈ ਅਤੇ ਦੁਸ਼ਟ ਆਤਮਾਵਾਂ ਆਸਾਨੀ ਨਾਲ ਧਰਤੀ ‘ਤੇ ਆ ਸਕਦੀਆਂ ਹਨ। ਇਸ ਲਈ ਉਹ ਡਰਾਉਣੇ ਪਹਿਰਾਵੇ ਪਹਿਨਦੇ ਸਨ ਅਤੇ ਦੁਸ਼ਟ ਆਤਮਾਵਾਂ ਨੂੰ ਦੂਰ ਰੱਖਣ ਲਈ ਅੱਗ ਬਾਲਦੇ ਸਨ। ਹੇਲੋਵੀਨ ਦਾ ਮੁੱਖ ਮਹੱਤਵ ਬੁਰਾਈਆਂ ਅਤੇ ਨਕਾਰਾਤਮਕ ਊਰਜਾਵਾਂ ਨੂੰ ਦੂਰ ਕਰਨਾ ਹੈ। ਇਸ ਦੌਰਾਨ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।
ਸਮਰਾਲਾ 28 ਸਤੰਬਰ ( ਵਰਿੰਦਰ ਸਿੰਘ ) ਪਾਵਰਕਾਮ ਅਤੇ ਟਰਾਂਸਕੋ ਮੰਡਲ ਸਮਰਾਲਾ ਦੇ ਪੈਨਸ਼ਨਰ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਇੱਕ ਜਰੂਰੀ ਮੀਟਿੰਗ ਸਿਕੰਦਰ ਸਿੰਘ ਮੰਡਲ ਪ੍ਰਧਾਨ ਸਮਰਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 4 ਅਕਤੂਬਰ ਨੂੰ ਪਟਿਆਲਾ ਹੈੱਡ ਆਫਿਸ ਵਿਖੇ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਦੀਆਂ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪਹਿਲਾਂ ਦੀ ਤਰ੍ਹਾਂ ਕਮੇਟੀ ਮੈਂਬਰਾਂ ਦੀ ਧਰਨੇ ਦੀ ਤਿਆਰੀ ਸਬੰਧੀ ਵੱਖੋ ਵੱਖਰੇ ਏਰੀਏ ਵਿੱਚ ਪੈਨਸ਼ਨਰਾਂ ਨੂੰ ਜਾਗਰੂਕ ਕਰਨ ਸਬੰਧੀ ਡਿਊਟੀਆਂ ਲਗਾਈਆਂ ਗਈਆਂ। ਧਰਨੇ ਨੂੰ ਵਿਸ਼ਾਲ ਰੂਪ ਦੇਣ ਲਈ ਦੋ ਵੱਡੀਆਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ, ਇੱਕ ਬੱਸ ਕਟਾਣੀ ਕਲਾਂ ਤੋਂ ਅਤੇ ਦੂਜੀ ਬੱਸ ਮਾਛੀਵਾੜਾ ਸਾਹਿਬ ਤੋਂ ਸਵੇਰੇ 8:30 ਵਜੇ ਪਟਿਆਲਾ ਦੇ ਧਰਨੇ ਲਈ ਰਵਾਨਾ ਹੋਣਗੀਆਂ। ਪਿਛਲੇ ਅਰਸੇ ਦੌਰਾਨ ਮਹਿਕਮੇ ਵੱਲੋਂ ਮੰਗਾਂ ਸਬੰਧੀ ਹਾਂ ਪੱਖੀ ਹੁੰਗਾਰਾ ਭਰਨ ਦੇ ਬਾਵਜੂਦ ਅਜੇ ਤੱਕ ਲਮਕ ਅਵਸਥਾ ਵਿੱਚ ਰੱਖਿਆ ਜਾ ਰਿਹਾ ਹੈ, ਜਿਵੇਂ ਡੀ. ਏ. ਦੀਆਂ ਕਿਸ਼ਤਾਂ ਦਾ ਏਰੀਅਰ ਅਤੇ ਬਕਾਇਆ ਕਿਸ਼ਤਾਂ ਦੇਣਾ, ਪੇ ਸਕੇਲ 2.59 ਨਾਲ ਸੋਧਣਾ, ਮੈਡੀਕਲ ਕੈਸ਼ਲੈੱਸ ਸਕੀਮ ਚਾਲੂ ਕਰਨਾ, 23 ਸਾਲਾ ਬਿਨਾਂ ਸ਼ਰਤ ਦੇਣਾ, ਬਿਜਲੀ ਵਰਤੋਂ ਦੀ ਰਿਆਇਤ ਦੇਣਾ ਆਦਿ ਮੰਗਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਜਥੇਬੰਦੀ ਵੱਲੋਂ ਸੰਘਰਸ਼ ਵਜੋਂ 4 ਅਕਤੂਬਰ ਦਾ ਸੂਬਾ ਪੱਧਰੀ ਪਟਿਆਲਾ ਵਿਖੇ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਹੈ। ਜੇਕਰ ਇਸ ਦੌਰਾਨ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਇਸ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਮੰਡਲ ਪ੍ਰਧਾਨ ਸਿਕੰਦਰ ਸਿੰਘ ਤੋੋਂ ਇਲਾਵਾ ਇੰਜ. ਪ੍ਰੇਮ ਸਿੰਘ ਸਾਬਕਾ ਐਸ.ਡੀ.ਓ., ਇੰਜ. ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਰਜਿੰਦਰਪਾਲ ਵਡੇਰਾ ਡਿਪਟੀ ਸੀ.ਏ.ਓ., ਜਗਤਾਰ ਸਿੰਘ ਪ੍ਰੈਸ ਸਕੱਤਰ, ਜਸਵੰਤ ਸਿੰਘ ਢੰਡਾ, ਭੁਪਿੰਦਰਪਾਲ ਚਹਿਲਾਂ, ਸੁਰਜੀਤ ਵਿਸ਼ਾਦ, ਇੰਜ. ਦਰਸ਼ਨ ਸਿੰਘ ਵਿੱਤ ਸਕੱਤਰ, ਦਰਸ਼ਨ ਸਿੰਘ ਕੋਟਾਲਾ, ਰਾਕੇਸ਼ ਕੁਮਾਰ ਖਮਾਣੋਂ, ਜਗਪਾਲ ਸਿੰਘ, ਪ੍ਰੇਮ ਚੰਦ ਭਲਾ ਲੋਕ, ਪ੍ਰੇਮ ਕੁਮਾਰ ਸਰਕਲ ਆਗੂ ਆਦਿ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਹਾਜ਼ਰ ਸਨ।