ਸਮਰਾਲਾ, 16 ਅਕਤੂਬਰ ( ਵਰਿੰਦਰ ਸਿੰਘ ਹੀਰਾ)
ਇੱਥੋਂ ਨਜਦੀਕੀ ਪਿੰਡ ਭਰਥਲਾ ਵਿਖੇ ਹੋਈਆਂ ਪੰਚਾਇਤੀ ਚੋਣਾਂ ਵਿੱਚ ਅਰੁਣ ਕੁਮਾਰ ਵਿੱਕੀ ਜੋ ਇਸ ਵਾਰ ਕਾਂਗਰਸ ਪਾਰਟੀ ਵੱਲੋਂ ਪਿੰਡ ਦੀ ਸਰਪੰਚੀ ਚੋਣ ਲੜ੍ਹੇ ਸਨ, ਨੇ ਆਪਣੇ ਨਿਕਟ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇਜਪਾਲ ਸਿੰਘ ਨੂੰ 31 ਵੋਟਾਂ ਦੇ ਫਰਕ ਨਾਲ ਹਰਾ ਕੇ ਪਿੰਡ ਦੇ ਸਰਪੰਚ ਚੁਣੇ ਗਏ। ਇਸ ਚੋਣ ਦੌਰਾਨ ਕੁੱਲ 715 ਵੋਟਾਂ ਪੋਲ ਹੋਈਆਂ, ਜਿਸ ਵਿੱਚੋਂ 363 ਵੋਟਾਂ ਅਰੁਣ ਕੁਮਾਰ ਨੂੰ ਅਤੇ ਦੂਸਰੇ ਉਮੀਦਵਾਰ ਨੂੰ 332 ਵੋਟਾਂ ਪ੍ਰਾਪਤ ਹੋਈਆਂ। ਭਰਥਲਾ ਵਿਖੇ ਨਵੇਂ ਚੁਣੇ ਸਰਪੰਚ ਨੇ ਦੱਸਿਆ ਕਿ ਪਿਛਲੇ ਅਰਸੇ ਦੌਰਾਨ ਉਨ੍ਹਾਂ ਦੀ ਮਾਤਾ ਪਿੰਡ ਦੇ ਸਰਪੰਚ ਸਨ, ਜਿਨ੍ਹਾਂ ਦੁਆਰਾ ਕੀਤੇ ਵਿਕਾਸ ਕਾਰਜਾਂ ਨੂੰ ਸਮੂਹ ਪਿੰਡ ਵਾਸੀਆਂ ਨੇ ਧਿਆਨ ਵਿੱਚ ਰੱਖਦੇ ਹੋਏ, ਇਸ ਵਾਰ ਮੈਨੂੰ ਸਰਪੰਚੀ ਦਾ ਅਹੁਦਾ ਦੇ ਕੇ ਜੋ ਮਾਣ ਦਿੱਤਾ ਹੈ, ਉਸ ਲਈ ਮੈਂ ਸਮੂਹ ਨਗਰ ਦਾ ਸਦਾ ਰਿਣੀ ਰਹਾਂਗਾ ਅਤੇ ਪਿੰਡ ਦੇ ਵਿਕਾਸ ਕੰਮਾਂ ਵਿੱਚ ਹੋਰ ਤੇਜੀ ਲਿਆ ਕੇ, ਪਿੰਡ ਦੀ ਦਿੱਖ ਨੂੰ ਹੋਰ ਸੁੰਦਰ ਅਤੇ ਵੱਖ ਵੱਖ ਸਹੂਲਤਾਂ ਵਾਲਾ ਪਿੰਡ ਬਣਾਵਾਂਗਾ। ਉਨ੍ਹਾਂ ਅੱਗੇ ਦੱਸਿਆ ਕਿ ਸਮੂਹ ਨਗਰ ਵਿੱਚੋਂ ਉਨ੍ਹਾਂ ਦੀ ਟੀਮ ਵਿੱਚ ਕੁਲਦੀਪ ਕੌਰ, ਹਰਪ੍ਰੀਤ ਸਿੰਘ, ਸੰਤੋਖ ਸਿੰਘ, ਰਾਜਵਿੰਦਰ ਕੌਰ, ਸੰਦੀਪ ਕੌਰ ਅਤੇ ਗੁਰਜੀਤ ਸਿੰਘ ਕ੍ਰਮਵਾਰ ਪੰਚ ਚੁਣੇ ਗਏ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਪਿੰਡ ਦੇ ਵਿਕਾਸ ਕੰਮਾਂ ਲਈ ਪੂਰਨ ਸਹਿਯੋਗ ਰਹੇਗਾ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਉਹ ਪਿੰਡ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਸਾਰੇ ਵਾਰਡਾਂ ਵਿੱਚ ਇੱਕੋ ਜਿਹੇ ਵਿਕਾਸ ਕੰਮਾਂ ਨੂੰ ਤਰਜੀਹ ਦੇਣਗੇ ਅਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਣ ਦੇਣਗੇ। ਉਨ੍ਹਾਂ ਸਮੂਹ ਨਗਰ ਨਿਵਾਸੀਆਂ ਦਾ ਮੁੜ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦਾ ਉਨ੍ਹਾਂ ਨੇ ਮੈਨੂੰ ਸਰਪੰਚ ਚੁਣ ਕੇ ਵਿਸ਼ਵਾਸ਼ ਪ੍ਰਗਟਾਇਆ ਹੈ, ਉਸ ਵਿਸ਼ਵਾਸ਼ ਨੂੰ ਉਹ ਕਦੇ ਨਹੀਂ ਟੁੱਟਣ ਦੇਣਗੇ।