ਸਮਰਾਲਾ, 16 ਅਕਤੂਬਰ ( ਵਰਿੰਦਰ ਸਿੰਘ ਹੀਰਾ)

ਲੇਖਕ ਮੰਚ (ਰਜਿ:) ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਸਰਕਾਰੀ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਮੰਚ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ। ਇੱਕਤਰਤਾ ਵਿੱਚ ਸਾਹਿਤਕਾਰ ਦੋਸਤਾਂ ਅਤੇ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਲੇਖਕ ਮੰਚ ਵੱਲੋਂ 10 ਨਵੰਬਰ ਨੂੰ ਮਾਸਟਰ ਤਰਲੋਚਨ ਸਿੰਘ ਨੂੰ ਸਮਰਪਿਤ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿੱਚ ਮਾਸਟਰ ਤਰਲੋਚਨ ਸਿੰਘ ਦੀ ਜ਼ਿੰਦਗੀ ਦੇ ਸਾਰੇ ਪੱਖਾਂ ਬਾਰੇ ਚਰਚਾ ਕੀਤੀ ਜਾਵੇਗੀ। ਚਰਚਾ ਵਿੱਚ ਭਾਗ ਲੈਣ ਵਾਲਿਆਂ ਵਿੱਚ ਡੀ. ਟੀ. ਐਫ. ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਰਾਜਿੰਦਰ ਸਿੰਘ ਭਦੌੜ ਅਤੇ ਡਾ. ਕੁਲਦੀਪ ਸਿੰਘ ਦੀਪ ਆਪੋ ਆਪਣੇ ਵਿਚਾਰਾਂ ਨਾਲ ਸਰੋਤਿਆਂ ਦੇ ਸਨਮੁਖ ਹੋਣਗੇ। ਇਸ ਮੌਕੇ ਮਾਸਟਰ ਤਰਲੋਚਨ ਸਿੰਘ ਦਾ ਲਿਖਿਆ ਨਾਟਕ ਅਕਸ ਰੰਗਮੰਚ ਸਮਰਾਲਾ ਵੱਲੋਂ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤਾ ਜਾਵੇਗਾ। ਮੰਚ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਹਰ ਸਾਲ ਮਾਸਟਰ ਤਰਲੋਚਨ ਸਿੰਘ ਦੇ ਨਾਂ ਤੇ ਨਾਟਕ ਦੀ ਕਿਸੇ ਸਖਸ਼ੀਅਤ ਨੂੰ ਐਵਾਰਡ ਦਿੱਤਾ ਜਾਇਆ ਕਰੇਗਾ। ਇਸ ਸਮਾਗਮ ਦੌਰਾਨ ਰਾਜਵਿੰਦਰ ਸਮਰਾਲਾ ਨੂੰ ਨਾਟਕ ਕਲਾ ਮੰਚ ਪੰਜਾਬ ਦਾ ਉੱਪ ਪ੍ਰਧਾਨ ਬਣਨ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

ਰਚਨਾਵਾਂ ਦੇ ਦੌਰ ਵਿੱਚ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਲਮਜੀਤ ਨੀਲੋਂ ਨੇ ਕਹਾਣੀਆਂ ‘ਸਕੂਨ ਭਰੀ ਜ਼ਿੰਦਗੀ’ ਸੁਣਾ ਕੇ ਸਾਹਿਤਕਾਰ ਦੀ ਘਰੇਲੂ ਜ਼ਿੰਦਗੀ ਨਾਲ ਸਾਂਝ ਪੁਆਈ ਅਤੇ ਰਿਸ਼ਤਿਆਂ ਦੀ ਮਹੱਤਤਾ ਦਰਸਾਉਂਦੀ ਕਹਾਣੀ ‘ਰਿਸ਼ਤਾ’ ਸੁਣਾ ਕੇ ਮਹਾਨ ਸਾਹਿਤਕਾਰ ਸੰਤੋਖ ਸਿੰਘ ਧੀਰ ਦੀ ਯਾਦ ਤਾਜ਼ਾ ਕਰਵਾ ਦਿੱਤੀ। ਕਰਮਜੀਤ ਬਾਸੀ ਨੇ ਰਵਾਨੀ ਭਰੀ ਕਵਿਤਾ ‘ਕਿਉਂ ਡਰਾਂ ਮੈਂ?’ ਸੁਣਾਈ, ਜਿਸ ਵਿੱਚ ਕਾਲੀਆਂ ਤਾਕਤਾਂ ਤੋਂ ਡਰਨ ਦੀ ਨਾਬਰੀ ਪੇਸ਼ ਕੀਤੀ। ਦੀਪ ਦਿਲਬਰ ਨੇ ਗ਼ਜ਼ਲਗੋ ਤੇ ਵਾਰਤਾਕਾਰ ਸਵ: ਜਗਦੀਸ਼ ਨੀਲੋਂ ਬਾਰੇ ਲਿਖਿਆ ‘ਗੂੜੀ ਛਾਂ ਵੰਡਦੀ ਲੇਖਕਾਂ ਦੀ ਤ੍ਰਿਵੈਣੀ’ ਭਾਵਪੂਰਤ ਲੇਖ ਸੁਣਾਇਆ, ਵਿੱਚ ਵਿੱਚ ਜਗਦੀਸ਼ ਨੀਲੋਂ ਦੇ ਲਿਖੇ ਸ਼ੇਅਰਾਂ ਨੇ ਲੇਖ ਦੀ ਰੌਚਿਕਤਾ ਬਣਾਈ ਰੱਖੀ ‘‘ਸਿਤਾਰੇ ਧਰਤ ਉੱਤੋਂ ਬਹੁਤ ਦਿਲਕਸ਼ ਨਜ਼ਰ ਆਉਂਦੇ ਨੇ, ਸਿਤਾਰਾ ਬਣ ਗਿਆ ਜਿਹੜਾ, ਉਹ ਵਾਪਸ ਪਰਤਿਆ ਨਾ ਸੀ।’’ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਆਰਟੀਕਲ ਨੁਮਾ ਲੇਖ ‘ਜ਼ਿੰਦਗੀ ਦੇ ਸੋਲ਼ਾਂ ਘੰਟੇ’ ਪੜ੍ਹਿਆ। ਜਿਸ ਵਿੱਚ ਜਹਾਜ ਵਿੱਚ 16 ਘੰਟੇ ਦੇ ਸਫਰ ਵਿੱਚ ਆਪਣੀ ਧੀ ਵਰਗੀ ਕੁੜੀ ਨਾਲ ਹੋਈ ਮੁਲਾਕਾਤ ਨੇ ਆਪਣੀ ਧੀ ਦੇ ਬਚਪਨ ਨਾਲ ਜੋੜੀ ਰੱਖਿਆ ਤੇ ਲੇਖਕ ਦੀ ਸੰਵੇਦਨਸ਼ੀਲਤਾ ਨਾਲ ਸਾਂਝ ਪੁਆਈ। ਹਰਬੰਸ ਮਾਲਵਾ ਨੇ ਗ਼ਜ਼ਲ ‘ਰੋਕਿਆ ਦੇਹਲੀ ’ਤੇ ਕੁਝ ਚਿਰ ਤੇਲ ਚੋਵਣ ਦੇ ਲਈ, ਓਸ ਘਰ ਉਹ, ਦੇਰ ਪਿੱਛੋਂ, ਫੇਰ ਆਏ ਹੋਣਗੇ।’ ਸੁਣਾ ਕੇ ਦਾਦ ਪ੍ਰਾਪਤ ਕੀਤੀ। ਰਚਨਾਵਾਂ ਤੇ ਬਹਿਸ ਵਿੱਚ ਡਾ. ਹਰਜਿੰਦਰਪਾਲ ਸਿੰਘ, ਰਾਜਵਿੰਦਰ ਸਮਰਾਲਾ, ਮੰਚ ਦੇ ਸਰਪ੍ਰਸਤ ਪ੍ਰਿੰਸੀ (ਡਾ) ਪਰਮਿੰਦਰ ਸਿੰਘ ਬੈਨੀਪਾਲ, ਕਮਲਜੀਤ ਨੀਲੋਂ, ਦੀਪ ਦਿਲਬਰ , ਸੁਰਜੀਤ ਵਿਸ਼ਦ, ਕਰਮਜੀਤ ਬਾਸੀ ਅਤੇ ਕਹਾਣੀਕਾਰ ਦਲਜੀਤ ਸ਼ਾਹੀ ਨੇ ਹਿੱਸਾ ਲਿਆ। ਸਭਾ ਦੀ ਕਾਰਵਾਈ ਮੰਚ ਦੇ ਜਨਰਲ ਸਕੱਤਰ ਹਰਬੰਸ ਮਾਲਵਾ ਦੁਆਰਾ ਬਾਖੂਬੀ ਨਿਭਾਈ ਗਈ।

ਅੰਤ ਵਿੱਚ ਗੁਰਸ਼ਰਨ ਭਾ ਜੀ ਦੀ ਜੀਵਨ ਸਾਥਣ ਮਾਤਾ ਕੈਲਾਸ਼ ਕੌਰ, ਪ੍ਰਸਿੱਧ ਗ਼ਜ਼ਲਗੋ ਸੁਰਜੀਤ ਸਿੰਘ ਜੀਤ, ਪ੍ਰੋ. ਜੀ. ਐਨ. ਸਾਈ ਬਾਬਾ ਦੇ ਸਦੀਵੀ ਵਿਛੋੜੇ ’ਤੇ ਸ਼ੋਕ ਪ੍ਰਗਟ ਕੀਤਾ ਗਿਆ।

Previous articleਉਟਾਲਾਂ ਵਿਖੇ ਪੰਚਾਇਤੀ ਚੋਣਾਂ ਦੌਰਾਨ ਪੁਲਿਸ ਨੇ ਬਜੁਰਗਾਂ ਨਾਲ ਕੀਤਾ ਦੁਰਵਿਵਹਾਰ, ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਖਿਲਾਫ ਲੱਗੇ ਨਾਅਰੇ ਪੰਜਾਬ ਸਰਕਾਰ ਪੁਲਿਸ ਦੇ ਜੋਰ ਨਾਲ ਧੱਕੇਸ਼ਾਹੀ ਕਰਕੇ ਵੋਟਰਾਂ ਨੂੰ ਆਪਣੇ ਸੱਵਿਧਾਨਕ ਹੱਕ ਤੋਂ ਰੋਕ ਰਹੀ ਹੈ – ਬਿਹਾਰੀ ਲਾਲ ਸੱਦੀ
Next articleਭਰਥਲਾ ਤੋਂ ਅਰੁਣ ਕੁਮਾਰ ਵਿੱਕੀ ਆਪਣੇ ਵਿਰੋਧੀ ਨੂੰ 31 ਵੋਟਾਂ ਨਾਲ ਹਰਾ ਸਰਪੰਚ ਚੁਣੇ ਗਏ ਸਮੂਹ ਨਗਰ ਨਿਵਾਸੀਆਂ ਵੱਲੋਂ ਦਿੱਤੇ ਮਾਣ ਲਈ ਹਮੇਸ਼ਾਂ ਪਿੰਡ ਵਾਸੀਆਂ ਦੇ ਰਿਣੀ ਰਹਿਣਗੇ- ਅਰੁਣ ਕੁਮਾਰ ਵਿੱਕੀ

LEAVE A REPLY

Please enter your comment!
Please enter your name here