
ਸਮਰਾਲਾ ਵਿੱਚ ਲਗਭਗ 170 ਲਾਭਪਾਤਰੀਆਂ ਨੂੰ ਵੰਡੇ ਰਾਸ਼ਨ ਕਾਰਡ, ਸਰਕਾਰੀ ਸਹੂਲਤਾਂ ਦਾ ਲਾਭ ਲੈਣ ਦਾ ਰਾਹ ਹੋਇਆ ਸੁਖਾਲਾ
ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਅਮਨ ਕੌਸ਼ਲ ਵੱਲੋਂ ਰਾਸ਼ਨ ਕਾਰਡ ਵੰਡਣ ਦੀ ਪਹਿਲ
ਯੋਗ ਪਰਿਵਾਰਾਂ ਨੂੰ ਲੋਕ-ਭਲਾਈ ਸਕੀਮਾਂ ਨਾਲ ਜੋੜਨ ’ਤੇ ਜ਼ੋਰ
ਸਮਰਾਲਾ, 18 ਅਕਤੂਬਰ (ਵਰਿੰਦਰ ਸਿੰਘ ਹੂੰਝਣ ) ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਲੋੜਵੰਦ ਪਰਿਵਾਰਾਂ ਨੂੰ ਸਰਕਾਰੀ ਭਲਾਈ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਮਰਾਲਾ ਸ਼ਹਿਰ ਵਿੱਚ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਆਗੂ ਸ੍ਰੀਮਤੀ ਅਮਨ ਕੌਸ਼ਲ ਵੱਲੋਂ ਡਿਪੂ ਹੋਲਡਰ ਉਰਮਿਲਾ ਰਾਣੀ ਦੇ ਡਿਪੂ ’ਤੇ ਲਗਭਗ 170 ਲਾਭਪਾਤਰੀਆਂ ਨੂੰ ਰਾਸ਼ਨ ਕਾਰਡ ਵੰਡੇ ਗਏ। ਇਸ ਉਪਰਾਲੇ ਨਾਲ ਯੋਗ ਪਰਿਵਾਰਾਂ ਲਈ ਸਰਕਾਰੀ ਰਾਸ਼ਨ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਨ ਦਾ ਰਾਹ ਹੋਰ ਸੁਖਾਲਾ ਹੋਣ ਦੀ ਉਮੀਦ ਹੈ। ਰਾਸ਼ਨ ਕਾਰਡ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਰਾਸ਼ਨ ਕਾਰਡ ਆਮ ਪਰਿਵਾਰਾਂ ਲਈ ਇੱਕ ਅਹਿਮ ਦਸਤਾਵੇਜ਼ ਹੈ, ਜਿਸ ਰਾਹੀਂ ਯੋਗਤਾ ਅਤੇ ਲਾਗੂ ਨਿਯਮਾਂ ਅਨੁਸਾਰ ਸਰਕਾਰ ਦੀਆਂ ਸਬੰਧਤ ਰਾਸ਼ਨ ਤੇ ਭਲਾਈ ਯੋਜਨਾਵਾਂ ਦਾ ਲਾਭ ਲਿਆ ਜਾ ਸਕਦਾ ਹੈ। ਅਜਿਹੇ ਦਸਤਾਵੇਜ਼ਾਂ ਦੀ ਉਪਲਬਧਤਾ ਨਾਲ ਲੋੜਵੰਦ ਪਰਿਵਾਰਾਂ ਨੂੰ ਸਰਕਾਰੀ ਯੋਜਨਾਵਾਂ ਨਾਲ ਜੁੜਨ ਵਿੱਚ ਸਹਾਇਤਾ ਮਿਲਦੀ ਹੈ। ਇਸ ਮੌਕੇ ਅਮਨ ਕੌਸ਼ਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਉਦੇਸ਼ ਯੋਗ ਅਤੇ ਲੋੜਵੰਦ ਪਰਿਵਾਰਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਕਾਰਡਾਂ ਦੀ ਵੰਡ ਨਾਲ ਲਾਭਪਾਤਰੀਆਂ ਨੂੰ ਸਬੰਧਤ ਸਰਕਾਰੀ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਨ ਵਿੱਚ ਸਹੂਲਤ ਮਿਲੇਗੀ। ਉਨ੍ਹਾਂ ਅਨੁਸਾਰ ਸਰਕਾਰੀ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਕੋਈ ਵੀ ਯੋਗ ਪਰਿਵਾਰ ਜਾਣਕਾਰੀ ਜਾਂ ਜ਼ਰੂਰੀ ਦਸਤਾਵੇਜ਼ਾਂ ਦੀ ਘਾਟ ਕਾਰਨ ਸਹੂਲਤਾਂ ਤੋਂ ਵਾਂਝਾ ਨਾ ਰਹੇ।
ਡਿਪੂ ਹੋਲਡਰ ਉਰਮਿਲ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਸ਼ਨ ਕਾਰਡਾਂ ਦੀ ਵੰਡ ਨਾਲ ਯੋਗ ਲਾਭਪਾਤਰੀਆਂ ਨੂੰ ਆਪਣੀਆਂ ਸਬੰਧਤ ਸਹੂਲਤਾਂ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਲੋੜਵੰਦ ਪਰਿਵਾਰਾਂ ਤੱਕ ਪਹੁੰਚਣ ਨਾਲ ਉਨ੍ਹਾਂ ਨੂੰ ਰਾਹਤ ਮਿਲੇਗੀ। ਰਾਸ਼ਨ ਕਾਰਡ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਸ਼ਨ ਕਾਰਡ ਮਿਲਣ ਨਾਲ ਉਨ੍ਹਾਂ ਨੂੰ ਸਰਕਾਰੀ ਰਾਸ਼ਨ ਯੋਜਨਾਵਾਂ ਦਾ ਲਾਭ ਲੈਣ ਵਿੱਚ ਸਹੂਲਤ ਮਿਲੇਗੀ। ਉਨ੍ਹਾਂ ਨੇ ਇਸ ਉਪਰਾਲੇ ਨੂੰ ਲੋੜਵੰਦ ਪਰਿਵਾਰਾਂ ਲਈ ਲਾਹੇਵੰਦ ਦੱਸਿਆ ਅਤੇ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੇ ਲੋਕ-ਭਲਾਈ ਦੇ ਕੰਮ ਜਾਰੀ ਰਹਿਣਗੇ। ਸਮਰਾਲਾ ਵਿੱਚ ਲਗਭਗ 170 ਰਾਸ਼ਨ ਕਾਰਡਾਂ ਦੀ ਵੰਡ ਨੂੰ ਯੋਗ ਪਰਿਵਾਰਾਂ ਨੂੰ ਸਰਕਾਰੀ ਸਹੂਲਤਾਂ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਰਾਲੇ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਕਵਿਤਾ ਰਾਣੀ, ਭਗਵਾਨ ਕੌਰ, ਸਿਮਲਾ ਖੁੱਲਰ, ਕਮਲਜੀਤ ਕੌਰ, ਪਰਵੀਨ ਕੁਮਾਰੀ, ਸਵਰਨ ਕੌਰ, ਰੀਟਾ ਰਾਣੀ ਅਤੇ ਲਖਵੀਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

ਪਾਵਰਕਾਮ ਪੈਨਸ਼ਰਜ਼ ਸਮਰਾਲਾ ਵੱਲੋਂ 10 ਅਕਤੂਬਰ ਨੂੰ ਸੰਗਰੂਰ ਵਿਖੇ ਪੰਜਾਬ ਪੱਧਰੀ ਧਰਨੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ
ਸਮਰਾਲਾ ਤੋਂ ਇੱਕ ਵੱਡੀ ਬੱਸ ਸੂਬਾ ਪੱਧਰੀ ਧਰਨੇ ਲਈ ਸਵੇਰੇ 8:30 ਵਜੇ ਰਵਾਨਾ ਹੋਵੇਗੀ :ਸਿਕੰਦਰ ਸਿੰਘ ਪ੍ਰਧਾਨ
ਸਮਰਾਲਾ, 6 ਅਕਤੂਬਰ ( ਵਰਿੰਦਰ ਸਿੰਘ ਹੂੰਜਣ ) ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਹੰਗਾਮੀ ਮੀਟਿੰਗ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 10 ਅਕਤੂਬਰ ਨੂੰ ਸੰਗਰੂਰ ਵਿਖੇ ਸਾਂਝਾ ਸੰਘਰਸ਼ ਕਮੇਟੀ ਦੇ ਸੱਦੇ ਅਨੁਸਾਰ ਪੈਨਸ਼ਨਰਜ਼ ਅਤੇ ਮੁਲਾਜਮਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਸੂਬਾ ਪੱਧਰੀ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਗੂੰਗੀ ਬੋਲੀ ਸਰਕਾਰ ਜੋ ਆਪਣੇ ਆਖਰੀ ਸਾਹਾਂ ਤੇ ਹੈ, ਜੋ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਮੰਨਣ ਤੋਂ ਵੀ ਇਨਕਾਰੀ ਹੈ ਅਤੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਵੀ ਤੌਹੀਨ ਕਰ ਰਹੀ ਹੈ, ਅਜਿਹੀ ਸਰਕਾਰ ਨੂੰ ਪੰਜਾਬ ਦੇ ਪੈਨਸ਼ਨਰਜ਼ ਅਤੇ ਮੁਲਾਜਮ ਪੂਰੀ ਤਰ੍ਹਾਂ ਸਬਕ ਸਿਖਾਉਣ ਦੇ ਰੌਅ ਵਿੱਚ ਹਨ। ਇਸ ਸੂਬਾ ਪੱਧਰੀ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ 10 ਅਕਤੂਬਰ ਨੂੰ ਇੱਕ ਵੱਡੀ ਬੱਸ ਮਾਛੀਵਾੜਾ ਸਾਹਿਬ ਤੋਂ ਸਵੇਰੇ 8:10 ਵਜੇ ਚੱਲੇਗੀ ਅਤੇ ਉਸ ਤੋਂ ਅੱਗੇ ਸਮਰਾਲਾ ਕੰਪਲੈਂਟ ਸੈਂਟਰ ਵਿਖੇ ਇਕੱਤਰ ਹੋਏ ਪੈਨਸ਼ਨਰਾਂ ਨੂੰ ਲੈ ਕੇ ਸਵੇਰੇ 8: 30 ਵਜੇ ਕੋਹਾੜਾ ਹੁੰਦੀ ਹੋਈ ਸੰਗਰੂਰ ਲਈ ਰਵਾਨਾ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਕਮੇਟੀ ਮੈਂਬਰਾਨ ਦੀ ਪਹਿਲਾਂ ਦੀ ਤਰ੍ਹਾਂ ਪੈਨਸ਼ਨਰਾਂ ਨੂੰ ਸੂਚਿਤ ਕਰਨ ਲਈ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਸਮਰਾਲਾ ਦੇ ਮੰਡਲ ਦੇ ਸਮੂਹ ਪਾਵਰਕਾਮ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਿਰੁੱਧ ਵਿੱਢੇ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਸਮੇਂ ਦੇ ਪਾਬੰਦ ਰਹਿ ਕੇ ਸ਼ਮੂਲੀਅਤ ਕਰਨ। ਪਾਵਰਕਾਮ ਪੈਨਸ਼ਨਰਜ਼ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਜੋ ਹਰੇਕ ਮਹੀਨੇ ਦੀ 10 ਤਰੀਕ ਨੂੰ ਹੁੰਦੀ ਹੈ, ਇਸ ਮਹੀਨੇ ਧਰਨੇ ਕਾਰਨ ਇਹ ਮੀਟਿੰਗ ਨਹੀਂ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਭਰਪੂਰ ਸਿੰਘ ਮਾਂਗਟ, ਪ੍ਰੇਮ ਸਿੰਘ ਸਾਬਕਾ ਐਸ. ਡੀ. ਓ., ਦਰਸ਼ਨ ਸਿੰਘ ਵਿੱਤ ਸਕੱਤਰ, ਦਰਸ਼ਨ ਸਿੰਘ ਕੋਟਾਲਾ, ਜਗਤਾਰ ਸਿੰਘ ਪ੍ਰੈਸ ਸਕੱਤਰ, ਇੰਜ: ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਜਸਵੰਤ ਸਿੰਘ ਢੰਡਾ, ਪ੍ਰੇਮ ਚੰਦ ਭਲਾ ਲੋਕ, ਅਮਰਜੀਤ ਸਿੰਘ ਮਾਛੀਵਾੜਾ, ਪ੍ਰੇਮ ਕੁਮਾਰ ਸਰਕਲ ਆਗੂ, ਗੁਰਦੇਵ ਸਿੰਘ ਖਮਾਣੋਂ, ਅਮਰੀਕ ਸਿੰਘ ਖਮਾਣੋਂ, ਸੁਰਜੀਤ ਵਿਸ਼ਾਦ, ਰਾਕੇਸ਼ ਕੁਮਾਰ ਮਾਛੀਵਾੜਾ, ਨਿੱਕਾ ਸਿੰਘ ਮਾਛੀਵਾੜਾ, ਬਿਕਰਮ ਬਠਲਾ, ਪਵਨ ਬਠਲਾ, ਰਾਜਾ ਰਾਮ, ਮਨਮੋਹਣ ਸਿੰਘ ਜੱਗੀ ਹਾਜਰ ਸਨ। ਅਖੀਰ ਪ੍ਰਧਾਨ ਸਿਕੰਦਰ ਸਿੰਘ ਨੇ ਸਮੂਹ ਪੈਨਸ਼ਨਰਾਂ ਨੂੰ ਇਸ ਸੂਬਾ ਪੱਧਰੀ ਧਰਨੇ ਵਿੱਚ ਪੁੱਜਣ ਦੀ ਅਪੀਲ ਕੀਤੀ।

ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਸੰਬੰਧੀ ਦੀਵਾਲਾ ਅਤੇ ਉਟਾਲਾਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ
ਸਮਰਾਲਾ, 01 ਅਕਤੂਬਰ ( ਵਰਿੰਦਰ ਸਿੰਘ ਹੂੰਝਣ) ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਗੁਰਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਸਮਰਾਲਾ ਡਾ. ਗੌਰਵ ਧੀਰ ਦੀ ਅਗਵਾਈ ਹੇਠ ਸੀ. ਆਰ. ਐਮ. ਸਕੀਮ ਦੇ ਆਈ. ਈ. ਸੀ. ਕੰਪੋਨੈਂਟ ਅਧੀਨ ਬਲਾਕ ਸਮਰਾਲਾ ਦੇ ਪਿੰਡ ਦੀਵਾਲਾ ਅਤੇ ਉਟਾਲਾਂ ਵਿਖੇ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਏ. ਡੀ. ਓ. ਹਿਮਾਂਸ਼ੂ ਅਗਰਵਾਲ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤ ਵਿੱਚ ਹੀ ਮਿਲਾਉਣ ਦੀ ਸਲਾਹ ਦਿੱਤੀ ਗਈ ਅਤੇ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਵਾਤਾਵਰਨ ਅਤੇ ਮਿੱਟੀ ਸਬੰਧੀ ਨੁਕਸਾਨ ਬਾਰੇ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਸਬਸਿਡੀ ’ਤੇ ਦਿੱਤੀ ਜਾ ਰਹੀ ਖੇਤੀਬਾੜੀ ਮਸ਼ੀਨਰੀ ਅਤੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤ ਵਿੱਚ ਹੀ ਮਿਲਾਉਣ ਦੀ ਸਲਾਹ ਦਿੱਤੀ ਗਈ ਅਤੇ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਇਆ ਗਿਆ। ਇਸ ਕੈਂਪ ਵਿੱਚ ਕਿਸਾਨਾਂ ਦੀਆਂ ਕਿਸਾਨ ਆਈ ਡੀਆਂ ਵੀ ਬਣਾਈਆਂ ਗਈਆਂ। ਇਸ ਮੌਕੇ ਏ.ਐੱਸ.ਆਈ. ਚਮਕੌਰ ਸਿੰਘ ਵੱਲੋਂ ਕਿਸਾਨਾਂ ਨੂੰ ਆਉਣ ਵਾਲੇ ਹਾੜੀ ਸੀਜ਼ਨ ਦੀਆਂ ਖੇਤੀਬਾੜੀ ਗਤੀਵਿਧੀਆਂ ਅਤੇ ਕਣਕ ਤੇ ਸਰ੍ਹੋਂ ਦੇ ਮਿਆਰੀ ਬੀਜ ਦੀ ਉਪਲਬਧਤਾ ਅਤੇ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਗਈ। ਏ.ਟੀ.ਐੱਮ. ਕੁਲਵਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਘਰੇਲੂ ਬਗੀਚੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਆਤਮਾ ਸਕੀਮ ਅਧੀਨ ਸਬਜ਼ੀਆਂ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ। ਕੈਂਪ ਦੌਰਾਨ ਲਗਭਗ 30 ਕਿਸਾਨਾਂ ਦੀਆਂ ਕਿਸਾਨ ਆਈ.ਡੀਜ਼ ਵੀ ਬਣਾਈਆਂ ਗਈਆਂ। ਕੈਂਪ ਵਿੱਚ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਦੀਆਂ ਗਤੀਵਿਧੀਆਂ ਅਤੇ ਪਰਾਲੀ ਪ੍ਰਬੰਧਨ ਸਬੰਧੀ ਜਾਣਕਾਰੀ ਵਿੱਚ ਸਰਗਰਮੀ ਨਾਲ ਭਾਗ ਲਿਆ ਗਿਆ।

ਬੀਬੀ ਮਨਜੀਤ ਕੌਰ ਮਾਦਪੁਰ ਨੇ ਕੀਤੀ ਲੋੜਵੰਦ ਵਿਦਿਆਰਥੀਆਂ ਦੀ ਮੱਦਦ
ਸਮਰਾਲਾ 01 ਅਕਤੂਬਰ ( ਵਰਿੰਦਰ ਸਿੰਘ ਹੂੰਝਣ) ਕੈਨੇਡਾ ਵਿੱਚ ਰਹਿ ਰਹੇ ਬਲਾਲਾ, ਮਾਦਪੁਰ, ਚਹਿਲਾਂ ਦੇ ਪ੍ਰਾਇਮਰੀ ਸਕੂਲਾਂ ਤੋਂ ਸੇਵਾ ਮੁਕਤ ਅਧਿਆਪਕਾ ਬੀਬੀ ਮਨਜੀਤ ਕੌਰ ਵੱਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਦਪੁਰ ਦੇ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਦੇ ਬਕਾਏ ਹਿੱਤ ਅਤੇ ਉਨ੍ਹਾਂ ਦੇ ਪਤੀ ਸੇਵਾ ਮੁਕਤ ਅਧਿਆਪਕ ਰਘਬੀਰ ਸਿੰਘ ਸਿੱਧੂ (ਲੱਲ ਕਲਾਂ ਸਕੂਲ) ਨੇ 35,000 ਰੁਪਏ ਦੀ ਮਾਲੀ ਮੱਦਦ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਰਾਹੀਂ ਭੇਜੀ ਹੈ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ, ਕਮੇਟੀ ਮੈਂਬਰਾਨ, ਪ੍ਰਿੰਸੀਪਲ ਗੁਰਜੀਤ ਕੌਰ ਅਤੇ ਸਟਾਫ਼ ਨੇ ਮਨਜੀਤ ਕੌਰ ਮਾਦਪੁਰ ਅਤੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਬੇਨਤੀ ਕੀਤੀ ਹੈ ਕਿ ਬੀਬੀ ਜੀ ਆਪਣੇ ਪਿੰਡ ਦੇ 1953 ਤੋਂ ਚੱਲ ਰਹੇ ਇਸ ਸਕੂਲ ਲਈ ਅੱਗੋਂ ਵੀ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਸਕੂਲ ਦਾ ਪ੍ਰਬੰਧ ਸਰਕਾਰ ਨੂੰ ਸੌਂਪਣ ਲਈ ਪੜਤਾਲੀਆ ਅਫ਼ਸਰ ਪ੍ਰਿੰਸੀਪਲ ਨਰਿੰਦਰ ਵਰਮਾ ਵੱਲੋਂ ਰੱਖੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਉਪਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਲੁਧਿਆਣਾ ਵੱਲੋਂ ਇਹ ਫਾਈਲ ਡੀ.ਪੀ.ਆਈ. (ਸੈਕੰ.) ਨੂੰ ਮੁਹਾਲੀ ਭੇਜੀ ਜਾ ਚੁੱਕੀ ਹੈ।

ਹੁਣ 50 ਲੀਟਰ ਤੋਂ ਜਿਆਦਾ ਡੀਜ਼ਲ ਨਹੀਂ ਮਿਲੇਗਾ , ਜੀਓ – ਬੀ ਪੀ ਅਤੇ ਨਯਾਰਾ ਨੇ ਲਿਆ ਵੱਡਾ ਫੈਸਲਾ
ਮਿਲੀ ਜਾਣਕਾਰੀ ਅਨੁਸਾਰ ਹੁਣ ਗਾਹਕਾਂ ਨੂੰ 50 ਲੀਟਰ ਤੋਂ ਜਿਆਦਾ ਡੀਜ਼ਲ ਇਨ੍ਹਾਂ ਕੰਪਨੀਆਂ ਦੇ ਪੰਪਾਂ ਤੋਂ ਨਹੀਂ ਮਿਲੇਗਾ ।

ਇੰਦਰਜੀਤ ਸਿੰਘ ਕੰਗ ਨੂੰ ਸਦਮਾ, ਸਹੁਰੇ ਦਾ ਦੇਹਾਂਤ
ਸਮਰਾਲਾ 23 ਸਤੰਬਰ ( ਵਰਿੰਦਰ ਸਿੰਘ ਹੂੰਝਣ ) ਸਾਹਿਤ ਸਭਾ ਸਮਰਾਲਾ ਅਤੇ ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਪ੍ਰੈੱਸ ਸਕੱਤਰ ਅਤੇ ਸਮਾਜਸੇਵੀ ਇੰਦਰਜੀਤ ਸਿੰਘ ਕੰਗ ਦੇ ਸਹੁਰਾ ਕਸ਼ਮੀਰਾ ਸਿੰਘ ਭੰਗੂ (ਸੇਹ) ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਦਿਨ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਸੇਹ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਤੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਸਾਹਿਤ ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ, ਲੇਖਕ ਮੰਚ ਦੇ ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ, ਅਧਿਆਪਕ ਚੇਤਨਾ ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ, ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਦੇ ਪ੍ਰਧਾਨ ਮੇਘ ਸਿੰਘ ਜਵੰਦਾ, ਕਹਾਣੀਕਾਰ ਸੰਦੀਪ ਸਮਰਾਲਾ, ਅਮਨ ਸਮਰਾਲਾ, ਮੁਖਤਿਆਰ ਸਿੰਘ ਸੁਖਜੀਤ ਗੁਰਦੀਪ ਕੌਰ, ਯਤਿੰਦਰ ਕੌਰ ਮਾਹਲ, ਸੁਰਿੰਦਰ ਰਾਮਪੁਰੀ, ਐਡਵੋਕੇਟ ਨਰਿੰਦਰ ਸ਼ਰਮਾ, ਮਨੋਜ ਕੁਮਾਰ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀ:), ਪੁਖਰਾਜ ਸਿੰਘ ਘੁਲਾਲ, ਦੀਪ ਦਿਲਬਰ, ਕਮਲਜੀਤ ਘੁੰਗਰਾਲੀ ਸਿੱਖਾਂ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਨਮਿਤ ਕਸ਼ਮੀਰਾ ਸਿੰਘ ਭੰਗੂ (ਸੇਹ) ਦੀ ਅੰਤਿਮ ਅਰਦਾਸ 29 ਸਤੰਬਰ ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਸੇਹ (ਸਮਰਾਲਾ) ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ। ਜਿਸ ਵਿੱਚ ਇਲਾਕੇ ਦੀਆਂ ਵੱਖ ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਪੁੱਜਣਗੇ।

ਸਾਹਿਤ ਸਭਾ ਸਮਰਾਲਾ ਦੀ ਮਾਸਿਕ ਮੀਟਿੰਗ ’ਚ ਸੁਣਾਈਆਂ ਰਚਨਾਵਾਂ ਤੇ ਹੋਈ ਖੂਬ ਚਰਚਾ
ਸਮਰਾਲਾ 22 ਸਤੰਬਰ ( ਵਰਿੰਦਰ ਸਿੰਘ ਹੂੰਝਣ ) ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਹੀਨੇਵਾਰ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਕੀਤੀ ਗਈ। ਸੰਸਥਾ ਦੀ ਮੀਤ ਪ੍ਰਧਾਨ ਯਤਿੰਦਰ ਮਾਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਦੀ ਮੀਟਿੰਗ ਵਿੱਚ ਰਚਨਾਵਾਂ ਦਾ ਅਰੰਭ ਪ੍ਰੋ. ਸਤਵੰਤ ਸਿੰਘ ਦੀ ਕਵਿਤਾ ‘ਜਿਸ ਦਾ ਸਿਰ ਨਹੀਂ’ ਅਤੇ ਗਜ਼ਲ਼ ਨਾਲ ਕੀਤਾ ਗਿਆ। ਜਿਸਦੀ ਭਰਪੂਰ ਦਾਦ ਦਿੱਤੀ ਗਈ। ਸੰਤੋਖ ਸਿੰਘ ਕੋਟਾਲਾ ਜੋ ਆਪਣੇ ਪਿੰਡ ਕੋਟਾਲਾ ਅਤੇ ਇਲਾਕੇ ਦੇ ਇਤਿਹਾਸ ਸਬੰਧੀ ਜੋ ਇਤਿਹਾਸਕ ਕਿਤਾਬ ਲਿਖ ਰਹੇ ਹਨ, ਉਸ ਵਿੱਚੋਂ ਲੇਖ ‘ਮੇਰੇ ਪਿੰਡ ਤੇ ਹਮਲਾ’ ਸੁਣਾਇਆ ਜੋ ਭਰਪੂਰ ਜਾਣਕਾਰੀ ਵਾਲਾ ਸੀ।
ਗੁਰਦੀਪ ਮਹੌਣ ਨੇ ਅੱਜ ਦੇ ਸਿਸਟਮ ਤੇ ਤੰਜ ਕਸਦੀ ਮਿੰਨੀ ਕਹਾਣੀ ‘ਸਰਕਾਰ’ ਸੁਣਾਈ। ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਬਾਲ ਕਵਿਤਾਵਾਂ ਪੜ੍ਹੀਆਂ। ਸੁਣਾਈਆਂ ਗਈਆਂ ਰਚਨਾਵਾਂ ਤੇ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਮੁਖਤਿਆਰ ਸਿੰਘ, ਕਹਾਣੀਕਾਰਾ ਯਤਿੰਦਰ ਮਾਹਲ, ਕਹਾਣੀਕਾਰ ਸੰਦੀਪ ਸਮਰਾਲਾ ਅਤੇ ਕਹਾਣੀਕਾਰ ਅਮਨ ਸਮਰਾਲਾ ਨੇ ਚਰਚਾ ਕਰਦਿਆਂ ਕੁਝ ਲੋੜੀਂਦੇ ਨੁਕਤੇ ਉਠਾਏ। ਇਕੱਤਰਤਾ ਦੌਰਾਨ ਸਭਾ ਦੇ ਸਾਥੀਆਂ ਵੱਲੋਂ ਹੋਰ ਸਾਹਿਤਕ ਰਚਨਾਵਾਂ ’ਤੇ ਵੀ ਭਰਵੀਂ ਅਤੇ ਉਸਾਰੂ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਸਦੀਵੀ ਵਿਛੋੜਾ ਦੇ ਗਈਆਂ ਸਖਸ਼ੀਅਤਾਂ ਲੇਖਕ ਅਵਤਾਰ ਸਿੰਘ ਉਟਾਲਾਂ, ਉੱਘੇ ਸਾਹਿਤਕ ਫ਼ੋਟੋਗ੍ਰਾਫਰ ਹਰਭਜਨ ਸਿੰਘ ਬਾਜਵਾ, ਕਵੀ ਪਰਮਿੰਦਰ ਪ੍ਰੇਮ, ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਕੰਗ ਦੇ ਸਹੁਰਾ ਕਸ਼ਮੀਰਾ ਸਿੰਘ ਭੰਗੂ, ਲੇਖਕ ਦਲਜਿੰਦਰ ਰਹਿਲ ਇਟਲੀ ਦੇ ਭਰਾ ਕਮਲਜੀਤ ਸਿੰਘ ਤੇ ਕਹਾਣੀਕਾਰ ਮੁਖਤਿਆਰ ਸਿੰਘ ਦੀ ਕੁੜਮਣੀ ਬੀਬੀ ਅਮਰਜੀਤ ਕੌਰ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੀ ਕਾਰਵਾਈ ਮੀਤ ਸਕੱਤਰ ਗੁਰਦੀਪ ਮਹੌਣ ਵੱਲੋਂ ਚਲਾਈ ਗਈ। ਅਖੀਰ ਵਿੱਚ ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਖਰਾਬ ਮੌਸਮ ਵਿੱਚ ਵੀ ਕਿਸਾਨ ਪੂਰੇ ਸਿਦਕ ਨਾਲ ਚੰਡੀਗੜ੍ਹ ਮੋਰਚੇ ਵਿੱਚ ਡਟੇ ਹੋਏ ਹਨ- ਢੀਂਡਸਾ
ਬੀ. ਕੇ. ਯੂ. (ਲੱਖੋਵਾਲ) ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਖੁਦ ਕਿਸਾਨਾਂ ਦਾ ਹਾਲ ਜਾਣਨ ਲਈ ਅੱਧੀ ਰਾਤ ਪੁੱਜੇ
ਸਮਰਾਲਾ, 05 ਸਤੰਬਰ ( ਵਰਿੰਦਰ ਸਿੰਘ ਹੂੰਝਣ ) ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਪੰਜਾਬ ਦੇ ਸਮੂਹ ਕਿਸਾਨ ਅਤੇ ਮਜ਼ਦੂਰ ਬੀਤੀ ਇੱਕ ਸਤੰਬਰ ਤੋਂ ਚੰਡੀਗੜ੍ਹ ਵਿਖੇ ਇੱਕ ਵੱਡਾ ਕਿਸਾਨ ਮੋਰਚਾ ਲਗਾ ਕੇ ਬੈਠੇ ਹਨ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨਾਲ ਸਬੰਧਿਤ ਪੂਰੇ ਪੰਜਾਬ ਦੇ ਕਿਸਾਨ ਵੱਡੇ ਕਾਫਲਿਆਂ ਦੇ ਰੂਪ ਵਿੱਚ ਆਪਣੀਆਂ ਟਰੈਕਟਰ ਟਰਾਲੀਆਂ ਨਾਲ ਪੁੱਜੇ ਹੋਏ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਮਨਜੀਤ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਨੇ ਧਰਨੇ ਵਾਲੀ ਥਾਂ ਤੋਂ ਸਮਰਾਲਾ ਵਿਖੇ ਪੱਤਰਕਾਰਾਂ ਨਾਲ ਫੋਨ ਤੇ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਚੰਡੀਗੜ੍ਹ ਧਰਨੇ ਦੇ ਸਾਰੇ ਕਿਸਾਨ ਅਤੇ ਮਜ਼ਦੂਰ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਹਨ ਅਤੇ ਡਟੇ ਹੋਏ ਹਨ। ਬੀਤੀ ਰਾਤ ਭਾਰੀ ਬਰਸਾਤ ਹੋਣ ਕਾਰਨ ਕਿਸਾਨ ਬੁਰੀ ਤਰ੍ਹਾਂ ਭਿੱਜ ਗਏ, ਪ੍ਰੰਤੂ ਫਿਰ ਵੀ ਮੋਰਚੇ ਉੱਤੇ ਕਾਇਮ ਰਹੇ। ਭਿੱਜੇ ਹੋਏ ਕਿਸਾਨਾਂ ਦਾ ਹਾਲ ਚਾਲ ਪੁੱਛਣ ਲਈ ਯੂਨੀਅਨ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਪ੍ਰਸ਼ੋਤਮ ਸਿੰਘ ਗਿੱਲ ਮੀਤ ਪ੍ਰਧਾਨ ਪੰਜਾਬ, ਭੁਪਿੰਦਰ ਸਿੰਘ ਦੌਲਤਪੁਰਾ ਪ੍ਰਧਾਨ ਜ਼ਿਲ੍ਹਾ ਮੋਗਾ ਵੱਡੇ ਕਾਫਲੇ ਸਮੇਤ ਪੁੱਜੇ। ਉਕਤ ਆਗੂਆਂ ਨੇ ਸਮਰਾਲਾ ਹਲਕੇ ਪੁੱਜੇ ਕਿਸਾਨਾਂ ਦਾ ਹਾਲ ਚਾਲ ਜਾਣਿਆ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਲਈ ਕਿਹਾ। ਇਸ ਮੌਕੇ ਸਮਰਾਲਾ ਹਲਕੇ ਤੋਂ ਪੁੱਜੇ ਕਿਸਾਨਾਂ ਵਿੱਚ ਅੰਮ੍ਰਿਤਪਾਲ ਸਿੰਘ ਰਾਜੇਵਾਲ ਮੀਤ ਪ੍ਰਧਾਨ ਲੁਧਿਆਣਾ, ਬੇਅੰਤ ਤੁਰਮਰੀ ਬਲਾਕ ਪ੍ਰਧਾਨ ਖੰਨਾ, ਗੁਰਸੇਵਕ ਸਿੰਘ ਮੰਜਾਲੀਆਂ, ਰਵਿੰਦਰ ਸਿੰਘ ਅਕਾਲਗੜ੍ਹ ਮਾਛੀਵਾੜਾ, ਹਰਪਾਲ ਸਿੰਘ ਬੰਬਾਂ ਮੀਤ ਪ੍ਰਧਾਨ ਸਮਰਾਲਾ, ਗਿਆਨ ਸਿੰਘ ਮੰਡ, ਦਰਸ਼ਨ ਸਿੰਘ ਕੜਿਆਣਾ ਬਲਾਕ ਪ੍ਰਧਾਨ ਲੁਧਿਆਣਾ, ਸੁਰਿੰਦਰ ਸਿੰਘ ਬਲਾਕ ਪ੍ਰਧਾਨ ਮਾਂਗਟ, ਸਰਪੰਚ ਸਿੰਘ ਸੁਖਦੇਵ ਸਿੰਘ ਰੁਪਾਲੋਂ, ਮੱਘਰ ਸਿੰਘ ਘੁੰਗਰਾਲੀ, ਫੌਜੀ ਸਤਵੰਤ ਸਿੰਘ, ਅਮਰੀਕ ਸਿੰਘ, ਕੁਲਦੀਪ ਸਿੰਘ, ਕਾਲਾ ਪਾਲ ਮਾਜਰਾ ਆਦਿ ਹਾਜਰ ਸਨ।

ਆਸ਼ਾ ਵਰਕਰ ਅਤੇ ਫੈਸਲੀਟੇਟਰ ਯੂਨੀਅਨ ਵੱਲੋਂ 11 ਦਿਨਾਂ ਦੀ ਕੰਮ ਛੋੜ ਹੜਤਾਲ ਸ਼ੁਰੂ
ਕਿਰਨਦੀਪ ਕੌਰ ਪੰਜੋਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜਿਲਾ ਪ੍ਰਧਾਨ ਕਮਲਜੀਤ ਕੌਰ ਜ਼ਿਲ੍ਹਾ ਸੀਨੀਅਰ ਪ੍ਰਧਾਨ ਨੀਤੂ ਬਾਲਾ ਦੀ ਅਗਵਾਈ ਵਿੱਚ ਡਾ. ਸੰਦੀਪ ਸਿੱਧੂ ਐਸ.ਐਮ.ਓ. ਮਾਨੂੰਪੁਰ ਨੂੰ ਮੰਗ ਪੱਤਰ ਦਿੱਤਾ ਗਿਆ
ਸਮਰਾਲਾ, 05 ਸਤੰਬਰ ( ਵਰਿੰਦਰ ਸਿੰਘ ਹੂੰਝਣ ) ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਮਾਨੂੰਪੁਰ ਵੱਲੋਂ ਰੁਪਿੰਦਰ ਕੌਰ ਬਲਾਕ ਪ੍ਰਧਾਨ ਦੀ ਅਗਵਾਈ ਹੇਠ 5 ਸਤੰਬਰ ਤੋਂ 15 ਸਤੰਬਰ ਤੱਕ ਕੰਮ ਛੋੜ ਹੜਤਾਲ ਕੀਤੀ ਜਾ ਰਹੀ ਹੈ। ਇਸ ਹੜਤਾਲ ਦਾ ਅਸਰ ਸਭ ਤੋਂ ਜਿਆਦਾ ਹਾਈ ਰਿਸਕ ਗਰਭਵਤੀ ਔਰਤਾਂ ਜੱਚਾ ਬੱਚਾ ਦੇ ਟੀਕੇ ਕਰਨਾ ਅਤੇ ਜੱਚਾ ਬੱਚਾ ਦੀ ਦੇਖਭਾਲ ਅਤੇ ਟੀਵੀ ਦੇ ਮਰੀਜ਼ਾਂ ਤੇ ਗਹਿਰਾ ਅਸਰ ਪਵੇਗਾ ਇਸ ਹੜਤਾਲ ਤੋਂ ਉਪਚਣ ਵਾਲੇ ਨੁਕਸਾਨਾਂ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਡਿਪਾਰਟਮੈਂਟ ਦੀ ਹੋਵੇਗੀ ਕਿਉਂਕਿ ਸਾਡੀਆਂ ਲਮਕ ਅਵਸਥਾ ਦੇ ਵਿੱਚ ਪਈਆਂ ਮੰਗਾਂ ਦਾ ਹਜੇ ਤੱਕ ਕੋਈ ਨਿਪਟਾਰਾ ਨਹੀਂ ਕੀਤਾ ਗਿਆ ਸਾਡੀਆਂ ਮੁੱਖ ਮੰਗਾਂ ਮਿਨੀਮਮ ਕਾਨੂੰਨ ਤਹਿਤ ਘੱਟੋ ਘੱਟ 24000 ਰੁਪਆ ਤਨਖਾਹ ਕੁਦਰਤ ਦੇ ਦਾਇਰੇ ਦੇ ਵਿੱਚ ਲਿਆ ਜਾਵੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਆਨਰੇਰੀਅਮ 2500/-ਮਾਣ ਭੱਤੇ ਵਿੱਚ ਤਿੰਨ ਗੁਣਾ ਵਾਧਾ (+ਇੰਕਰੀਮੈਂਟ)ਕੀਤਾ ਜਾਵੇ ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇ ਫੈਸਲੀਟੇਟਰਾਂ ਦੇ ਟੂਰਾਂ ਵਿੱਚ ਹਰ ਸਾਲ ਵਾਧਾ ਕੀਤਾ ਜਾਵੇ ਅਤੇ ਪਰ ਟੂਰ 500 ਰੁਪਆ ਦਿੱਤਾ ਜਾਵੇ । ਆਸ਼ਾ ਵਰਕਰਾਂ ਦੇ ਇਨਸੈਂਟਿਵਂ ਵਿੱਚ ਹਰ ਸਾਲ ਵਾਧਾ ਕੀਤਾ ਜਾਵੇ ਅਤੇ ਇਨਸੈਂਟਿਵ ਡਬਲ ਕੀਤੇ ਜਾਣ। ਆਸ਼ਾ ਵਰਕਰਾਂ ਅਤੇ ਫੈਸਲੀਟੇਟਰਾਂ ਨੂੰ ਆਨਲਾਈਨ ਕੰਮ ਕਰਨ ਲਈ ਸਮਾਰਟਫੋਨ /ਟੈਬ ਦਿੱਤੇ ਜਾਣ ਕਾਰਡਾਂ ਦੀ ਜਨਵਰੀ ਤੋਂ ਪੇਮੈਟ ਕਰਵਾਈ ਜਾਵੇ ਆਦਿ ਇਸ ਤੋਂ ਇਲਾਵਾ ਹੋਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਹੋਇਆ ਤਾਂ ਸਤੰਬਰ ਦੇ ਲਾਸਟ ਹਫਤੇ ਮੁੱਖ ਮੰਤਰੀ ਅਤੇ ਫਾਨਸ ਮਨਿਸਟਰ ਦੇ ਹਲਕੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਇਸ ਮੌਕੇ ਹਾਜ਼ਰ ਵਰਕਰਾਂ ਵਿੱਚ ਸਰਬਜੀਤ ਕੌਰ, ਸਤਵੀਰ ਕੌਰ, ਪਰਮਜੀਤ ਕੌਰ, ਨੀਲਮ, ਸੀਮਾ, ਕਿਰਨਜੀਤ ਕੌਰ, ਸਲਮਾ, ਜਸਵੀਰ ਕੌਰ, ਕੁਲਵਿੰਦਰ ਕੌਰ, ਜਸਵਿੰਦਰ ਕੌਰ, ਰਾਜਨਪੀ੍ਰਤ ਕੌਰ, ਸੁਖਜੀਤ ਕੌਰ, ਲਖਵਿੰਦਰ ਕੌਰ, ਮਨਦੀਪ ਕੌਰ, ਹਰਜੀਤ ਸਿੰਘ, ਰਣਜੀਤ ਕੌਰ, ਰੁਪਿੰਦਰ ਕੌਰ, ਬਲਜੀਤ ਕੌਰ, ਕਲਮਜੀਤ ਕੌਰ ਆਦਿ ਹਾਜਰ ਸਨ।