
ਹੋਲੀ ਦੇ ਤਿਉਹਾਰ ਤੇ ਡੇਹਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਬਾਬਾ ਜਗਦੇਵ ਸਿੰਘ ਸਿੱਧੂ ਦੁਆਰਾ ਅਪੀਲ।
ਸੰਗਤਾਂ ਹਿਮਾਚਲ ਪ੍ਰਸ਼ਾਸਨ ਦੁਬਾਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਦਾ ਪਾਲਣਾ ਕਰਨ।
ਨੌਜਵਾਨ ਮੋਟਰਸਾਈਕਲਾਂ ਤੇ ਪਟਾਕੇ ਨਾ ਵਜਾਉਣ।
ਊਨਾ/ ਮੈੜੀ, 24 ਫਰਵਰੀ ( ਵਰਿੰਦਰ ਸਿੰਘ ਹੀਰਾ ) ਬ੍ਰਹਮ ਗਿਆਨੀ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਤਪ ਅਸਥਾਨ ਡੇਹਰਾ ਸਾਹਿਬ ਪਿੰਡ ਮੈੜੀ ਹਿਮਾਚਲ ਪ੍ਰਦੇਸ਼ ਵਿਖੇ ਹਰ ਸਾਲ ਦੀ ਤਰ੍ਹਾਂ ਹੋਲੀਆਂ ਦਾ ਪਵਿੱਤਰ ਤਿਉਹਾਰ 7 ਮਾਰਚ ਤੋਂ ਲੈ ਕੇ 14 ਮਾਰਚ ਤੱਕ ਮਨਾਇਆ ਜਾ ਰਿਹਾ ਹੈ । ਜ਼ਿਕਰ ਯੋਗ ਹੈ ਕਿ ਭਾਰਤ ਤੋਂ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸੰਗਤਾਂ ਡੇਹਰਾ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀਆਂ ਹਨ । ਇਸ ਸਬੰਧ ਵਿੱਚ ਆਲ ਇੰਡੀਆ ਬਾਬਾ ਵਡਭਾਗ ਸਿੰਘ ਸੇਵਕ ਸੁਸਾਇਟੀ ਦੇ ਸੰਸਥਾਪਕ ਅਤੇ ਮੁਖੀ ਬਾਬਾ ਜਗਦੇਵ ਸਿੰਘ ਸਿੱਧੂ ਨੇ ਡੇਹਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸੰਗਤਾਂ ਪੂਰਨ ਸ਼ਰਧਾ ਦੇ ਨਾਲ ਡੇਹਰਾ ਸਾਹਿਬ ਆਉਣ । ਬਾਬਾ ਸਿੱਧੂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮਾਲ ਦੀ ਢੋਆ ਢੁਆਈ ਵਿੱਚ ਵਰਤੇ ਜਾਂਦੇ ਵਾਹਨ ਜਿਵੇਂ ਕਿ ਟਰਾਲੀਆਂ, ਟਰੱਕ ਆਦਿ ਵਿੱਚ ਸਫਰ ਕਰਨ ਤੋਂ ਗੁਰੇਜ਼ ਕਰਨ, ਕਿਉਂਕਿ ਇਹ ਕਾਨੂੰਨ ਦੇ ਹਿਸਾਬ ਨਾਲ ਵੀ ਠੀਕ ਨਹੀਂ, ਅਤੇ ਕਿਸੇ ਵੀ ਸਮੇਂ ਕੋਈ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਬਾਬਾ ਜਗਦੇਵ ਸਿੰਘ ਸਿੱਧੂ ਨੇ ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਕੀ ਉਹ ਹੋਲੀਆਂ ਵਿੱਚ ਇਸ ਤੀਰਥ ਅਸਥਾਨ ਦੀ ਯਾਤਰਾ ਪੂਰਨ ਸ਼ਾਂਤੀ ਅਤੇ ਸ਼ਰਧਾ ਨਾਲ ਕਰਨ , ਮੋਟਰਸਾਈਕਲਾਂ ਦੇ ਪਟਾਕੇ ਨਾ ਵਜਾਉਣ, ਹੁੱਲੜਬਾਜ਼ੀ ਨਾ ਕਰਨ, ਅਤੇ ਊਨਾ ਪ੍ਰਸ਼ਾਸ਼ਨ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ। ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਡੇਹਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ, ਅਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਸੰਗਤਾਂ ਨੂੰ ਕੋਈ ਵੀ ਮੁਸ਼ਕਿਲ / ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸੋਢੀ ਦਰਬਾਰ ਦੇ ਮੁਖੀ ਬਾਬਾ ਸੁਖਦੇਵ ਸਿੰਘ ਸੈਣੀ ਨੇ ਵੀ ਸੰਗਤਾਂ ਨੂੰ ਅਪੀਲ ਕੀਤੀ ਕੀ ਉਹ ਡਿਸਿਪਲਨ ਵਿੱਚ ਰਹਿ ਕੇ ਬਾਬਾ ਜੀ ਦੇ ਸਥਾਨਾਂ ਦੇ ਦਰਸ਼ਨ ਕਰਨ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ, ਇਸ ਪਵਿੱਤਰ ਸਥਾਨ ਤੇ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਵਿੱਚ ਊਨਾ ਪ੍ਰਸ਼ਾਸਨ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਨ। ਉਹਨਾਂ ਕਿਹਾ ਕਿ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਕਰਨ ਤੇ ਸੰਗਤਾਂ ਬਾਬਾ ਵਡਭਾਗ ਸਿੰਘ ਸੇਵਕ ਸੁਸਾਇਟੀ ਦੇ ਦਫਤਰ ਗੁਰਦੁਆਰਾ ਦੁਖ ਭੰਜਨ ਸਾਹਿਬ ਵਿਖੇ ਆਲ ਇੰਡੀਆ ਬਾਬਾ ਵਡਭਾਗ ਸਿੰਘ ਸੇਵਕ ਸੋਸਾਇਟੀ ਦੇ ਸੇਵਾਦਾਰਾਂ ਨਾਲ ਸੰਪਰਕ ਕਰ ਸਕਦੀਆਂ ਹਨ।