
ਸਾਹਿਤ ਸਭਾ ਸਮਰਾਲਾ ਦੀ ਇਕੱਤਰਤਾ ਦੌਰਾਨ ਅਹਿਮਦਾਬਾਦ ਹਵਾਈ ਹਾਦਸੇ ਵਿੱਚ ਮਾਰੇ ਯਾਤਰੀਆਂ ਅਤੇ ਡਾਕਟਰਾਂ ਨੂੰ ਸ਼ਰਧਾਂਜਲੀ ਭੇਂਟ
ਉੱਘੇ ਕਹਾਣੀਕਾਰ ਅਜਮੇਰ ਸਿੱਧੂ ਆਪਣੀ ਕਹਾਣੀ ‘ਇਹ ਓਹੀ ਸਤਨਾਮ ਆ’ ਪੜ੍ਹਨ ਵਿਸ਼ੇਸ਼ ਤੌਰ ’ਤੇ ਪੁੱਜੇ
ਸਮਰਾਲਾ, 17 ਜੂਨ ( ਵਰਿੰਦਰ ਸਿੰਘ ਹੀਰਾ) ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਕੂਲ ਆਫ ਐਮੀਨੈਂਸ ਸਮਰਾਲਾ ਵਿਖੇ ਹੋਈ। ਇਕੱਤਰਤਾ ਦੇ ਅਰੰਭ ਵਿੱਚ ਅਹਿਮਦਾਬਾਦ ਹਵਾਈ ਹਾਦਸੇ ਵਿੱਚ ਮਾਰੇ ਗਏ ਯਾਤਰੀਆਂ, ਹਵਾਈ ਅਮਲੇ ਦੇ ਮੁਲਾਜਮਾਂ ਅਤੇ ਹਾਦਸੇ ਕਾਰਨ ਮਾਰੇ ਗਏ 27 ਡਾਕਟਰਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਸਭਾ ਦੇ ਮੁੱਢਲੇ ਮੈਂਬਰ ਕਹਾਣੀਕਾਰ ਸੰਦੀਪ ਸਮਰਾਲਾ ਦੀ ਪਲੇਠੀ ਕਹਾਣੀ ਪੁਸਤਕ ‘ਸੁਪਨੇ ਦਾ ਗਵਾਹ ਨਹੀਂ ਹੁੰਦਾ’ ਦੇ ਛਪ ਜਾਣ ਅਤੇ ਕਹਾਣੀਕਾਰ ਬਲਵਿੰਦਰ ਗਰੇਵਾਲ ਨੂੰ ਉਨ੍ਹਾਂ ਦੇ ਨਾਵਲ ‘ਟਾਕੀਆਂ ਵਾਲਾ ਪਜਾਮਾ’ ਦਾ ਸਨਮਾਨ ਹੋਣ ’ਤੇ ਸਮੁੱਚੀ ਸਭਾ ਵੱਲੋਂ ਮੁਬਾਰਕਬਾਦ ਕਹੀ ਗਈ। ਰਚਨਾਵਾਂ ਦੇ ਦੌਰ ਵਿੱਚ ਗੀਤਕਾਰ ਹਰਜਿੰਦਰ ਸਿੰਘ ਗੋਪਾਲੋਂ ਨੇ ਹੀਰ ਅਤੇ ਉਸਦੀ ਮਾਂ ਮਲਕੀ ਦੀ ਖੂਬਸੂਰਤੀ ਨਾਲ ਕਮਲਬੱਧ ਕੀਤੀ ਵਾਰਤਾਲਾਪ ਸੁਣਾ ਕੇ ਵਾਹ ਵਾਹ ਖੱਟੀ। ਦੀਪ ਦਿਲਬਰ ਵੱਲੋਂ ਗ਼ਜਲ਼ ਸਾਂਝੀ ਕੀਤੀ ਗਈ, ਜਿਸ ਉੱਤੇ ਵਧੀਆ ਵਿਚਾਰ ਚਰਚਾ ਹੋਈ। ਜੁਆਲਾ ਸਿੰਘ ਥਿੰਦ ਨੇ ਮਿੰਨੀ ਕਹਾਣੀ ‘ਵਕਫ਼ਾ ਬਨਾਮ ਕਿਸਮਤ’ ਸੁਣਾਈ। ਜਿਸ ਬਾਰੇ ਚਰਚਾ ਕਰਦਿਆਂ ਰਵਿੰਦਰ ਰੁਪਾਲ ਕੌਲਗੜ੍ਹ, ਗੁਰਦੀਪ ਮਹੌਣ, ਅਮਨਦੀਪ ਸਮਰਾਲਾ ਅਤੇ ਹੋਰ ਸਾਥੀਆਂ ਨੇ ਸਾਰਥਿਕ ਸੁਝਾਅ ਦਿੱਤੇ। ਅਨਿਲ ਫਤਹਿਗੜ੍ਹ ਜੱਟਾਂ ਨੇ ਮਿੰਨੀ ਕਹਾਣੀ ‘ਪ੍ਰਭਾਵ’ ਸੁਣਾਈ। ਜਿਸ ਤੇ ਚਰਚਾ ਕਰਦਿਆਂ ਮਨਦੀਪ ਡਡਿਆਣਾ, ਸਿਮਰਜੀਤ ਸਿੰਘ ਕੰਗ ਅਤੇ ਗੁਰਦੀਪ ਸੁਖਜੀਤ ਨੇ ਕੀਮਤੀ ਸੁਝਾਅ ਦਿੱਤੇ। ਬਲਵੰਤ ਮਾਂਗਟ ਨੇ ਆਪਣੀ ਕਵਿਤਾ ਰਾਹੀਂ ਵਾਹ ਵਾਹ ਖੱਟੀ। ਇਸ ਵਾਰ ਦੀ ਇਕੱਤਰਤਾ ਵਿੱਚ ਉੱਘੇ ਕਹਾਣੀਕਾਰ ਅਜਮੇਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਆਪਣੀ ਕਹਾਣੀ ‘ਇਹ ਓਹੀ ਸਤਨਾਮ ਆ’ ਸੁਣਾਉਣ ਪੁੱਜੇ। ਕਹਾਣੀ ’ਤੇ ਵਿਚਾਰ ਚਰਚਾ ਕਰਦਿਆਂ ਕਹਾਣੀਕਾਰ ਐਡਵੋਕੇਟ ਨਰਿੰਦਰ ਸ਼ਰਮਾ, ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਚਿੰਤਕ ਗੁਰਭਗਤ ਸਿੰਘ, ਕਹਾਣੀਕਾਰ ਸੰਦੀਪ ਸਮਰਾਲਾ ਅਤੇ ਹੋਰ ਸਾਥੀਆਂ ਨੇ ਪੰਜਾਬ ਵੱਲੋਂ ਹੰਢਾਏ ਗਏ ਕਾਲੇ ਦੌਰ ਦੌਰਾਨ ਸਰਕਾਰਾਂ ਅਤੇ ਆਮ ਬੰਦੇ ਦੇ ਟਕਰਾਅ ਦੀ ਖੂਬਸੂਰਤ ਕਹਾਣੀ ਬਾਰੇ ਜਿਕਰ ਕੀਤਾ। ਇਸ ਵਧੀਆ ਕਹਾਣੀ ਲਈ ਅਜਮੇਰ ਸਿੱਧੂ ਨੂੰ ਮੁਬਾਰਕਬਾਦ ਦਿੱਤੀ ਗਈ। ਸਭਾ ਦੀ ਕਾਰਵਾਈ ਸਮੇਟਦੇ ਹੋਏ ਐਡਵੋਕੇਟ ਨਰਿੰਦਰ ਸ਼ਰਮਾ ਨੇ ਕਿਹਾ ਕਿ ਮਨੁੱਖ ਨੂੰ ਗਾਜ ਬਦਲਣ ਦੀ ਨਹੀਂ ਬਲਕਿ ਸੋਚ ਬਦਲਣ ਦੀ ਲੋੜ ਹੁੰਦੀ ਹੈ। ਸਮੇਂ ਦੇ ਨਾਲ ਨਾਲ ਬੰਦੇ ਦੇ ਕੰਮ, ਸੋਚ, ਨਜ਼ਰੀਆ ਅਤੇ ਉਹਦੀਆਂ ਵਿਆਖਿਆਵਾਂ ਬਦਲਦੀਆਂ ਹਨ, ਅਖੀਰ ਉਨ੍ਹਾਂ ਮੀਟਿੰਗ ਵਿੱਚ ਆਏ ਸਾਥੀਆਂ ਦਾ ਧੰਨਵਾਦ ਕੀਤਾ। ਇਕੱਤਰਤਾ ਦਾ ਸਮੁੱਚੀ ਕਾਰਵਾਈ ਯਤਿੰਦਰ ਕੌਰ ਮਾਹਲ ਵੱਲੋਂ ਬਾਖੂਬੀ ਨਿਭਾਈ ਗਈ।