ਪਾਵਰਕਾਮ ਪੈਨਸ਼ਰਜ਼ ਸਮਰਾਲਾ ਵੱਲੋਂ 10 ਅਕਤੂਬਰ ਨੂੰ ਸੰਗਰੂਰ ਵਿਖੇ ਪੰਜਾਬ ਪੱਧਰੀ ਧਰਨੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ
ਸਮਰਾਲਾ ਤੋਂ ਇੱਕ ਵੱਡੀ ਬੱਸ ਸੂਬਾ ਪੱਧਰੀ ਧਰਨੇ ਲਈ ਸਵੇਰੇ 8:30 ਵਜੇ ਰਵਾਨਾ ਹੋਵੇਗੀ :ਸਿਕੰਦਰ ਸਿੰਘ ਪ੍ਰਧਾਨ
ਸਮਰਾਲਾ, 6 ਅਕਤੂਬਰ ( ਵਰਿੰਦਰ ਸਿੰਘ ਹੂੰਜਣ )  ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਹੰਗਾਮੀ ਮੀਟਿੰਗ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 10 ਅਕਤੂਬਰ ਨੂੰ ਸੰਗਰੂਰ ਵਿਖੇ ਸਾਂਝਾ ਸੰਘਰਸ਼ ਕਮੇਟੀ ਦੇ ਸੱਦੇ ਅਨੁਸਾਰ ਪੈਨਸ਼ਨਰਜ਼ ਅਤੇ ਮੁਲਾਜਮਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਸੂਬਾ ਪੱਧਰੀ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਗੂੰਗੀ ਬੋਲੀ ਸਰਕਾਰ ਜੋ ਆਪਣੇ ਆਖਰੀ ਸਾਹਾਂ ਤੇ ਹੈ, ਜੋ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਮੰਨਣ ਤੋਂ ਵੀ ਇਨਕਾਰੀ ਹੈ ਅਤੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਵੀ ਤੌਹੀਨ ਕਰ ਰਹੀ ਹੈ, ਅਜਿਹੀ ਸਰਕਾਰ ਨੂੰ ਪੰਜਾਬ ਦੇ ਪੈਨਸ਼ਨਰਜ਼ ਅਤੇ ਮੁਲਾਜਮ ਪੂਰੀ ਤਰ੍ਹਾਂ ਸਬਕ ਸਿਖਾਉਣ ਦੇ ਰੌਅ ਵਿੱਚ ਹਨ। ਇਸ ਸੂਬਾ ਪੱਧਰੀ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ 10 ਅਕਤੂਬਰ ਨੂੰ ਇੱਕ ਵੱਡੀ ਬੱਸ ਮਾਛੀਵਾੜਾ ਸਾਹਿਬ ਤੋਂ ਸਵੇਰੇ 8:10 ਵਜੇ ਚੱਲੇਗੀ ਅਤੇ ਉਸ ਤੋਂ ਅੱਗੇ ਸਮਰਾਲਾ ਕੰਪਲੈਂਟ ਸੈਂਟਰ ਵਿਖੇ ਇਕੱਤਰ ਹੋਏ ਪੈਨਸ਼ਨਰਾਂ ਨੂੰ ਲੈ ਕੇ ਸਵੇਰੇ 8: 30 ਵਜੇ ਕੋਹਾੜਾ ਹੁੰਦੀ ਹੋਈ ਸੰਗਰੂਰ ਲਈ ਰਵਾਨਾ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਕਮੇਟੀ ਮੈਂਬਰਾਨ ਦੀ ਪਹਿਲਾਂ ਦੀ ਤਰ੍ਹਾਂ ਪੈਨਸ਼ਨਰਾਂ ਨੂੰ ਸੂਚਿਤ ਕਰਨ ਲਈ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਸਮਰਾਲਾ ਦੇ ਮੰਡਲ ਦੇ ਸਮੂਹ ਪਾਵਰਕਾਮ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਿਰੁੱਧ ਵਿੱਢੇ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਸਮੇਂ ਦੇ ਪਾਬੰਦ ਰਹਿ ਕੇ ਸ਼ਮੂਲੀਅਤ ਕਰਨ। ਪਾਵਰਕਾਮ ਪੈਨਸ਼ਨਰਜ਼ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਜੋ ਹਰੇਕ ਮਹੀਨੇ ਦੀ 10 ਤਰੀਕ ਨੂੰ ਹੁੰਦੀ ਹੈ, ਇਸ ਮਹੀਨੇ ਧਰਨੇ ਕਾਰਨ ਇਹ ਮੀਟਿੰਗ ਨਹੀਂ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਭਰਪੂਰ ਸਿੰਘ ਮਾਂਗਟ, ਪ੍ਰੇਮ ਸਿੰਘ ਸਾਬਕਾ ਐਸ. ਡੀ. ਓ., ਦਰਸ਼ਨ ਸਿੰਘ ਵਿੱਤ ਸਕੱਤਰ, ਦਰਸ਼ਨ ਸਿੰਘ ਕੋਟਾਲਾ, ਜਗਤਾਰ ਸਿੰਘ ਪ੍ਰੈਸ ਸਕੱਤਰ, ਇੰਜ: ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਜਸਵੰਤ ਸਿੰਘ ਢੰਡਾ, ਪ੍ਰੇਮ ਚੰਦ ਭਲਾ ਲੋਕ, ਅਮਰਜੀਤ ਸਿੰਘ ਮਾਛੀਵਾੜਾ, ਪ੍ਰੇਮ ਕੁਮਾਰ ਸਰਕਲ ਆਗੂ, ਗੁਰਦੇਵ ਸਿੰਘ ਖਮਾਣੋਂ, ਅਮਰੀਕ ਸਿੰਘ ਖਮਾਣੋਂ, ਸੁਰਜੀਤ ਵਿਸ਼ਾਦ, ਰਾਕੇਸ਼ ਕੁਮਾਰ ਮਾਛੀਵਾੜਾ, ਨਿੱਕਾ ਸਿੰਘ ਮਾਛੀਵਾੜਾ, ਬਿਕਰਮ ਬਠਲਾ, ਪਵਨ ਬਠਲਾ, ਰਾਜਾ ਰਾਮ, ਮਨਮੋਹਣ ਸਿੰਘ ਜੱਗੀ ਹਾਜਰ ਸਨ। ਅਖੀਰ ਪ੍ਰਧਾਨ ਸਿਕੰਦਰ ਸਿੰਘ ਨੇ ਸਮੂਹ ਪੈਨਸ਼ਨਰਾਂ ਨੂੰ ਇਸ ਸੂਬਾ ਪੱਧਰੀ ਧਰਨੇ ਵਿੱਚ ਪੁੱਜਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here