ਸਮਰਾਲਾ, 1 ਫਰਵਰੀ ( ਵਰਿੰਦਰ ਸਿੰਘ ਹੀਰਾ ) ਸਮਰਾਲਾ ਇਲਾਕੇ ਵਿਚ ਗੜ੍ਹਿਆਂ ਦੀ ਹੋਈ ਭਾਰੀ ਬਾਰਸ਼ ਨੇ ਕਿਸਾਨਾਂ ਨੂੰ ਮੁੜ ਆਰਥਿਕ ਮੰਦਹਾਲੀ ਵੱਲ ਫਿਰ ਤੋਂ ਧੱਕ ਦਿੱਤਾ ਹੈ। ਬੇਸ਼ੱਕ ਅੱਜ ਦੇ ਸਮੇਂ ਵਿੱਚ ਫਸਲਾਂ ਲਈ ਮੀਂਹ ਦੀ ਸਖਤ ਜਰੂਰਤ ਸੀ, ਪ੍ਰੰਤੂ ਭਾਰੀ ਗੜ੍ਹੇਮਾਰੀ ਇੰਨੀ ਜਿਆਦਾ ਤੇਜ਼ ਸੀ ਕਿ ਖੇਤਾਂ ਵਿੱਚ ਬਰਫ ਦੀ ਚਿੱਟੀ ਚਾਦਰ ਵਿਛ ਗਈ ਅਤੇ ਫਸਲਾਂ ਅਤੇ ਸਬਜੀਆਂ ਦਾ ਡਾਲ ਡਾਲ ਧਰਤੀ ਤੇ ਟੁੱਟ ਕੇ ਗਿਰ ਗਿਆ। ਇਨ੍ਹਾਂ ਸ਼ਬਦਾਂ ਦਾ ਪਗ੍ਰਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਅੱਜ ਸਮਰਾਲਾ ਇਲਾਕੇ ਦੇ ਵੱਖ ਵੱਖ ਪਿੰਡਾਂ ਜਿਨ੍ਹਾਂ ਵਿੱਚ ਨਾਗਰਾ, ਢੀਂਡਸਾ, ਸਮਸ਼ਪੁਰ, ਭਗਵਾਨਪੁਰਾ, ਦੀਵਾਲਾ, ਉਟਾਲਾਂ, ਘਰਖਣਾ, ਸਰਵਰਪੁਰ, ਭੰਗਲਾਂ, ਮੱਲ ਮਾਜਰਾ, ਘੁੰਗਰਾਲੀ, ਕੋਟਲਾ ਸਮਸ਼ਪੁਰ, ਕੋਟਾਲਾ, ਹੇਡੋਂ, ਖੀਰਨੀਆਂ, ਮੁਸ਼ਕਾਬਾਦ, ਟੱਪਰੀਆਂ, ਸਿਹਾਲਾ, ਗਹਿਲੇਵਾਲ, ਬਾਲਿਓਂ, ਊਰਨਾਂ ਆਦਿ ਪਿੰਡਾਂ ਵਿੱਚ ਹੋਈ ਭਾਰੀ ਗੜ੍ਹੇਮਾਰੀ ਕਾਰਨ ਖੜ੍ਹੀ ਕਣਕ ਦੀ ਫਸਲ, ਫਲਾਂ ਦੇ ਦਰੱਖਤਾਂ, ਸਬਜੀਆਂ ਅਤੇ ਆਲੂ ਦੀ ਫਸਲ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਇਸ ਗੜ੍ਹੇਮਾਰੀ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਚਿੰਤਾਂ ਦੀਆਂ ਰੇਖਾਵਾਂ ਉਭਾਰ ਦਿੱਤੀਆਂ ਹਨ। ਬੀਤੇ ਦਿਨਾਂ ਵਿੱਚ ਠੰਡ ਜਿਆਦਾ ਪੈਣ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਆਈ ਸੀ ਕਿ ਇਸ ਵਾਰ ਠੰਡ ਕਾਰਨ ਕਣਕ ਦਾ ਵਧੀਆਂ ਦਾਣਾ ਬਣੇਗਾ ਅਤੇ ਝਾੜ ਵੀ ਵਧੀਆ ਨਿਕਲੇਗਾ। ਪ੍ਰੰਤੂ ਇਸ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਸਾਰੀਆਂ ਸੱਧਰਾਂ ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਇਹ ਭਾਰੀ ਗੜ੍ਹੇਮਾਰੀ ਕਿਸਾਨਾਂ ਨੂੰ ਮੁੜ ਆਰਥਿਕ ਤੰਗੀ ਵੱਲ ਧੱਕ ਦੇਵੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਕਿਸਾਨ ਜੋ ਪਹਿਲਾਂ ਹੀ ਆਰਥਿਕ ਤੰਗੀ ਨੇ ਝੰਬੇ ਪਏ ਹਨ, ਮੁੜ ਆਪਣੇ ਪੈਰਾਂ ਸਿਰ ਹੋਣ ਲਈ ਸਮਾਂ ਲੱਗੇਗਾ, ਇਸ ਲਈ ਪੰਜਾਬ ਸਰਕਾਰ ਗੜ੍ਹੇਮਾਰੀ ਦਾ ਸ਼ਿਕਾਰ ਹੋਏ ਇਲਾਕਿਆਂ ਵਿੱਚ ਮਾਲ ਮਹਿਕਮੇਂ ਰਾਹੀਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਯੋਗ ਮੁਆਵਜਾ ਦੇਵੇ ਤਾਂ ਜੋ ਗੜ੍ਹੇਮਾਰੀ ਨੇ ਮਾਰ ਤੋਂ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਚਾਹੇ ਤਾਂ ਇਸ ਲਈ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਦੀ ਸਮੀਖਿਆ ਕਰਨ ਲਈ ਸਾਡੀ ਯੂਨੀਅਨ ਦੀ ਮੱਦਦ ਵੀ ਲੈ ਸਕਦੀ ਹੈ। ਸਾਡੀ ਯੂਨੀਅਨ ਦੇ ਅਹੁਦੇਦਾਰ ਕਿਸਾਨਾਂ ਦੀ ਮੱਦਦ ਲਈ ਪੰਜਾਬ ਸਰਕਾਰ ਦੁਆਰਾ ਕੀਤੀ ਜਾਣ ਵਾਲੀ ਗਿਰਦਾਵਰੀ ਵਿੱਚ ਪੂਰੀ ਤਰ੍ਹਾਂ ਸਹਾਇਤਾ ਕਰਨ ਲਈ ਤਿਆਰ ਹਨ।