
ਭਾਕਿਯੂ (ਲੱਖੋਵਾਲ) ਦੇ ਕਿਸਾਨ ਆਗੂਆਂ ਵੱਲੋਂ ਖਨੌਰੀ, ਸ਼ੰਭੂ ਮੋਰਚੇ ਉੱਪਰ ਸਰਕਾਰ ਦੀ ਜਾਲਮਾਨਾ ਢੰਗ ਨਾਲ ਕਾਰਵਾਈ ਦੀ ਨਿਖੇਧੀ।
ਪੰਜਾਬ ਸਰਕਾਰ ਕੇਂਦਰ ਦੇ ਇਸ਼ਾਰਿਆਂ ਦੇ ਚੱਲ ਕੇ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਦਬਾ ਸਕਦੀ – ਪਾਲਮਾਜਰਾ/ਢੀਂਡਸਾ/ਭਰਥਲਾ
ਸਮਰਾਲਾ, 20 ਮਾਰਚ ( ਸ ਨ ਬਿਊਰੋ.) ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ, ਮਨਜੀਤ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਅਤੇ ਹਰਦੀਪ ਸਿੰਘ ਭਰਥਲਾ ਮੀਤ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਨੇ ਗੈਰ ਰਾਜਨੀਤਿਕ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ, ਸ਼ੰਭੂ ਅਤੇ ਖਨੋਰੀ ਬਾਰਡਰਾਂ ਨੂੰ ਖਾਲੀ ਕਰਾਉਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾ ਰਹੀ ਹੈ। ਸਰਕਾਰ ਨੇ ਕਿਸਾਨ ਆਗੂਆਂ ਨੂੰ ਗੱਲਬਾਤ ਦੇ ਬਹਾਨੇ ਸੱਦ ਕੇ ਵਿਸ਼ਵਾਸ਼ਘਾਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਤਰੁਣਪ੍ਰੀਤ ਸਿੰਘ ਸੌਧ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਿਸਾਨ ਹਾਈਵੇ ਬੰਦ ਕਰਕੇ ਲੋਕਾਂ ਲਈ ਮੁਸ਼ਕਿਲ ਅਤੇ ਪੰਜਾਬ ਦੇ ਵਿਕਾਸ ਵਿੱਚ ਵਿਘਨ ਪਾ ਰਹੇ ਹਨ। ਇਹ ਗੱਲ ਕਿਸੇ ਅਨਪੜ੍ਹ ਨੂੰ ਤਾਂ ਕਹੀ ਜਾ ਸਕਦੀ ਹੈ ਜਦ ਕਿ ਸੜਕਾਂ ਉੱਪਰ ਪੱਥਰ, ਵੱਡੇ ਵੱਡੇ ਲੋਹੇ ਅਤੇ ਸੀਮਿੰਟ ਦੇ ਬੈਰੀਕੇਡ ਆਦਿ ਹਰਿਆਣਾ ਸਰਕਾਰ ਅਤੇ ਸੈਂਟਰ ਸਰਕਾਰ ਨੇ ਲਾਏ ਹਨ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ। ਫਿਰ ਮੁੱਖ ਮੰਤਰੀ ਕਿਉਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਕਿ ਕਿਸਾਨ ਆਪਣੀਆਂ ਮੰਗਾਂ ਵਾਸਤੇ ਦਿੱਲੀ ਜਾ ਕੇ ਗੱਲ ਕਰਨ। ਸਾਰੀ ਲੋਕਾਂ ਨੂੰ ਪਤਾ ਹੈ ਕਿ ਜੇ ਸੜਕਾਂ ਖੁੱਲੀਆ ਹੁੰਦੀਆਂ ਤਾਂ ਕਿਸਾਨਾਂ ਨੇ ਮੋਦੀ ਸਰਕਾਰ ਕੋਲ ਜਾ ਕੇ ਦਿੱਲੀ ਕਿਸੇ ਗਰਾਉਂਡ ਦੀ ਮੰਗ ਕੀਤੀ ਸੀ। ਸਰਕਾਰਾਂ ਕਿਸਾਨਾਂ ਨੂੰ ਕੁਟਦੀਆਂ ਵੀ ਹਨ ਅਤੇ ਰੋਣ ਨਹੀਂ ਦਿੰਦੀਆਂ। ਉਨ੍ਹਾਂ ਅੱਗੇ ਕਿਹਾ ਕਿ ਇਹ ਗੱਲ ਮਾਨਯੋਗ ਹਾਈ ਕੋਰਟ ਨੇ ਵੀ ਸਾਬਤ ਕੀਤੀ ਸੀ ਕਿ ਰਸਤਾ ਬੰਦ ਸਰਕਾਰ ਨੇ ਕੀਤਾ ਹੈ। ਇਸ ਨੂੰ ਖੋਲਣ ਦਾ ਆਦੇਸ਼ ਵੀ ਦਿੱਤਾ ਸੀ, ਨਾ ਕਿ ਕਿਸਾਨ ਉਪਰ ਜਬਰ ਜ਼ੁਲਮ ਢਾਹੁਣ ਲਈ ਕਿਹਾ ਸੀ। ਪੰਜਾਬ ਸਰਕਾਰ ਜੋ ਕੇਂਦਰ ਦੇ ਇਸ਼ਾਰਿਆਂ ਉੱਤੇ ਕੰਮ ਕਰਨ ਲੱਗੀ ਹੋਈ ਹੈ, ਕਿੰਨੇ ਕੁ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਡੱਕ ਦੇਵੇਗੀ, ਪੰਜਾਬ ਦੇ ਕਿਸਾਨ ਸਰਕਾਰ ਦੇ ਜਬਰ ਅੱਗੇ ਨਹੀਂ ਝੁਕਣਗੇ, ਸਗੋਂ ਹੋਰ ਬੁਲੰਦ ਹੋ ਕੇ ਆਪਣੀ ਹੱਕਾਂ ਲਈ ਸੰਘਰਸ਼ ਕਰਨਗੇ।