
ਮੰਗਾਂ ਮੰਨਣ ਦੇ ਭਰੋਸੇ ਪਿੱਛੋਂ ਪੰਜਾਬ ਦੇ ਮਿੱਡ-ਡੇ-ਮੀਲ ਕੁੱਕਾਂ ਨੇ ਭਲਕੇ ਤੋਂ ਕੀਤੀ ਜਾਣ ਵਾਲੀ ਹੜਤਾਲ ਦਾ ਫੈਸਲਾ ਅਜੇ ਟਾਲਿਆ।
ਤਨਖਾਹ ਵਧਾਉਣ ਸਬੰਧੀ ਫੈਸਲੇ ਬਾਰੇ 6 ਮਈ ਤੱਕ ਦੱਸਿਆ ਜਾਵੇਗਾ, ਫੈਸਲਾ ਨਾ ਹੋਣ ਤੇ ਲੁਧਿਆਣਾ ਵਿਖੇ ਹੋਵੇ ਸੂਬਾ ਪੱਧਰੀ ਰੈਲੀ –ਕਰਮਚੰਦ ਚਿੰਡਾਲੀਆ
ਸਮਰਾਲਾ, 30 ਅਪ੍ਰੈਲ ( ਵਰਿੰਦਰ ਸਿੰਘ ਹੀਰਾ) ਮਿੱਡ-ਡੇ-ਮੀਲ ਕੁੱਕ ਯੂਨੀਅਨ ਇੱਕ ਵਫਦ ਮਿੰਨੀ ਸੈਕਟਰੀਏਟ ਚੰਡੀਗੜ੍ਹ ਵਿਖੇ ਜਨਰਲ ਮੈਨੇਜਰ ਬਰਿੰਦਰ ਸਿੰਘ ਬਰਾੜ ਅਤੇ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਦੀ ਅਗਵਾਈ ਹੇਠ ਗਰੀਸ਼ ਦਿਆਲ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ (ਡੀ. ਜੀ. ਐਸ. ਈ.) ਨੂੰ ਮਿਲਿਆ ਅਤੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮਿੱਡ-ਡੇ-ਮੀਲ ਕੁੱਕ ਦੀਆਂ ਹੱਕੀ ਮੰਗਾਂ ਨੂੰ ਸਰਕਾਰ ਵੱਲੋਂ ਅਣਗੌਲਿਆ ਕਰਨ ਦੀ ਚਰਚਾ ਕੀਤੀ ਗਈ ਅਤੇ ਲੰਬਤ ਮੰਗਾਂ ਮੰਨਣ ਤੇ ਜੋਰ ਪਾਇਆ ਗਿਆ। ਮੀਟਿੰਗ ਦੌਰਾਨ ਸਰਕਾਰ ਵੱਲੋਂ ਬਦਲਵੇਂ ਪ੍ਰਬੰਧਾਂ ਲਈ ਮਿਹਨਤਾਨਾ ਦੇਣ ਸਬੰਧੀ ਮੰਗ ਮੰਨ ਲਈ ਗਈ ਅਤੇ ਬਾਕੀ ਮੰਗਾਂ ਵੀ ਜਲਦੀ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ। ਡੀ. ਜੀ. ਐਸ. ਈ. ਨੇ ਮਿੱਡ-ਡੇ-ਮੀਲ ਕੁੱਕਾਂ ਦੀਆਂ ਤਨਖਾਹਾਂ ਸਬੰਧੀ ਹਾਂ ਪੱਖੀ ਹੁੰਗਾਰਾ ਭਰਦੇ ਹੋਏ ਕਿਹਾ ਇਸ ਸਬੰਧੀ ਫੈਸਲਾ 6 ਮਈ ਤੱਕ ਦਾ ਭਰੋਸਾ ਦਿਵਾਇਆ। ਇੱਥੇ ਇਹ ਵੀ ਜਿਕਰਯੋਗ ਹੈ ਤਨਖਾਹਾਂ ਦੇ ਵਾਧੇ ਸਬੰਧੀ ਮੰਗ ਨੂੰ ਲੈ ਕੇ ਪੰਜਾਬ ਭਰ ਦੇ ਸਮੂਹ ਮਿੱਡ-ਡੇ-ਮੀਲ ਕੁੱਕਾਂ ਵੱਲੋਂ ਇੱਕ ਮਈ ਤੋਂ ਸਕੂਲਾਂ ਵਿੱਚ ਖਾਣਾ ਨਾ ਬਣਾਉਣ ਦਾ ਫੈਸਲਾ ਲੈ ਕੇ ਹੜਤਾਲ ਤੇ ਚਲੇ ਜਾਣ ਦਾ ਫੈਸਲਾ ਕੀਤਾ ਸੀ। ਸੂਬਾ ਪ੍ਰਧਾਨ ਚਿੰਡਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੰਗਾਂ ਮੰਨਣ ਦੇ ਭਰੋਸੇ ਪਿੱਛੋਂ ਅਤੇ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਲਗਭਗ 16 ਲੱਖ ਬੱਚਿਆਂ ਦੇ ਬਣਦੇ ਖਾਣੇ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਮਈ ਤੋਂ ਕੀਤੀ ਜਾਣ ਵਾਲੀ ਹੜਤਾਲ ਅਜੇ ਟਾਲ ਦਿੱਤੀ ਗਈ ਹੈ, ਦੂਸਰਾ ਤਨਖਾਹਾਂ ਦੇ ਵਾਧੇ ਸਬੰਧੀ ਸਰਕਾਰ ਵੱਲੋਂ 6 ਮਈ ਤੱਕ ਦਾ ਸਮਾਂ ਮੰਗਿਆ ਹੈ, ਜੇਕਰ ਸਰਕਾਰ ਨੇ 6 ਮਈ ਤੱਕ ਮਿੱਡ-ਡੇ-ਮੀਲ ਕੁੱਕਾਂ ਦੀ ਤਨਖਾਹ ਵਿੱਚ ਕੋਈ ਵਾਧਾ ਨਾ ਕੀਤਾ ਤਾਂ ਇਸ ਉਪਰੰਤ ਲੁਧਿਆਣਾ ਵਿਖੇ ਸੂਬਾ ਪੱਧਰੀ ਵੱਡੀ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਭਵਿੱਖੀ ਸੰਘਰਸ਼ ਦੇ ਫੈਸਲੇ ਲਏ ਜਾਣਗੇ। ਵਫਦ ਵਿੱਚ ਉਪਰੋਕਤ ਤੋਂ ਇਲਾਵਾ ਮਮਤਾਜ ਘੁੰਗਰਾਣਾ ਸੂਬਾ ਜਨਰਲ ਸਕੱਤਰ, ਰਿੰਕੀ ਖਜਾਨਚੀ, ਪਰਮਜੀਤ ਕੌਰ ਸਕੱਤਰ ਪੰਜਾਬ, ਕਮਲਜੀਤ ਕੌਰ ਸਹਾਇਕ ਸਕੱਤਰ ਪੰਜਾਬ, ਸ਼ਾਮਾ ਜਨਰਲ ਸਕੱਤਰ ਮੋਹਾਲੀ ਵੀ ਸ਼ਾਮਲ ਸਨ।