
ਐਡਵੋਕੇਟ ਨਰਿੰਦਰ ਸ਼ਰਮਾ ਦੀ ਕਵਿਤਾ ‘ਰੈਕ’ ਸਾਹਿਤਕਾਰਾਂ ਦੇ ਜਹਾਨੋਂ ਤੁਰ ਜਾਣ ਪਿੱਛੋਂ ਕਿਤਾਬਾਂ ਦੀ ਹੁੰਦੀ ਬੇਕਦਰੀ ਦੀ ਤਸਵੀਰ ਪੇਸ਼ ਕਰ ਗਈ
ਕਹਾਣੀਕਾਰ ਮਨਦੀਪ ਡਡਿਆਣਾ ‘ਕੂੰਜਾਂ’ ਕਹਾਣੀ ਨਾਲ ਸਮਲਿੰਗੀ ਸਬੰਧਾਂ ਦੇ ਨਿਵੇਕਲੇ ਵਿਸ਼ੇ ਦੀ ਬਾਤ ਪਾ ਗਿਆ
ਸਮਰਾਲਾ, 22 ਜੁਲਾਈ ( ਵਰਿੰਦਰ ਸਿੰਘ ਹੀਰਾ/ ਜਸਵੀਰ ਹੇਡੋਂ) ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਹੋਈ। ਸਭਾ ਦੀ ਕਾਰਵਾਈ ਅਰੰਭ ਕਰਦੇ ਹੋਏ ਕਹਾਣੀਕਾਰ ਅਮਨ ਸਮਰਾਲਾ ਨੇ ਵੈਟਰਨ ਐਥਲੀਟ ਫੌਜਾ ਸਿੰਘ ਅਤੇ ਉੱਘੇ ਸ਼ਾਇਰ ਅਰਸ਼ਦ ਮਨਜ਼ੂਰ ਦੇ ਅਕਾਲ ਚਲਾਣਾ ਕਰ ਜਾਣ ਤੇ ਸੋਗ ਮਤਾ ਪਾਇਆ ਅਤੇ ਸਮੁੱਚੀ ਸਭਾ ਨੇ ਵਿਛੜੀਆਂ ਆਤਮਾਵਾਂ ਲਈ ਦੋ ਮਿੰਟ ਦਾ ਮੋਨ ਰੱਖਿਆ। ਉਪਰੰਤ ਰਚਨਾਵਾਂ ਲਈ ਸਭ ਤੋਂ ਪਹਿਲਾਂ ਪਰਮ ਸਿਆਣ ਮੋਰਿੰਡਾ ਨੂੰ ਗੀਤ ਸੁਣਾਉਣ ਦਾ ਸੱਦਾ ਦਿੱਤਾ, ਜਿਨ੍ਹਾਂ ਨੇ ਨਵਾਂ ਲਿਖਿਆ ‘ਜ਼ਿੰਦਗੀ ਦਾ ਗੀਤ’ ਸੁਣਾਇਆ, ਜਿਸ ਉੱਤੇ ਚਰਚਾ ਹੋਈ ਅਤੇ ਸਾਰਥਿਕ ਸੁਝਾਅ ਦਿੱਤੇ ਗਏ। ਜਵਾਲਾ ਸਿੰਘ ਥਿੰਦ ਨੇ ਮਿੰਨੀ ਕਹਾਣੀ ‘ਆਮ ਬਨਾਮ ਖਾਸ’ ਸੁਣਾਈ ਹਾਜ਼ਰ ਸਾਹਿਤਕਾਰਾਂ ਨੇ ਕਹਾਣੀ ਵਿੱਚ ਹੋਰ ਵਿਸਥਾਰ ਦੇਣ ਦਾ ਸੁਝਾਅ ਦਿੱਤਾ। ਸਭਾ ਵਿੱਚ ਪਹਿਲੀ ਵਾਰ ਪਹੁੰਚੇ ਪ੍ਰਿੰਸੀਪਲ ਸ਼ਵੇਤਾ ਘਈ ਖੰਨਾ ਦਾ ਨਿੱਘਾ ਸਵਾਗਤ ਕੀਤਾ ਗਿਆ, ਜਿਨ੍ਹਾਂ ਆਪਣੀ ਕਹਾਣੀ ‘ਮਨਜ਼ੂਰ ਹੈ’ ਸੁਣਾਈ। ਕਹਾਣੀ ਉੱਪਰ ਨਿੱਠ ਕੇ ਚਰਚਾ ਹੋਈ। ਕਹਾਣੀ ਕਲਾ ਬਾਰੇ ਉੱਘੇ ਚਿੰਤਕ ਗੁਰਭਗਤ ਸਿੰਘ ਗਿੱਲ, ਕਹਾਣੀਕਾਰ ਬਲਵਿੰਦਰ ਗਰੇਵਾਲ, ਕਹਾਣੀਕਾਰ ਜਤਿੰਦਰ ਹਾਂਸ ਅਤੇ ਕਹਾਣੀਕਾਰ ਸੰਦੀਪ ਸਮਰਾਲਾ ਨੇ ਕਾਫੀ ਸਾਰਥਕ ਤਰੀਕੇ ਨਾਲ ਸੁਝਾਅ ਦਿੱਤੇ। ਸੰਤੋਖ ਸਿੰਘ ਕੋਟਾਲਾ ਨੇ ਲੇਖ ‘ਪਹਿਲਾ ਪਾਣੀ ਜੀਓ ਹੈ’ ਸੁਣਾਇਆ ਜਿਸ ਵਿੱਚ ਉਨ੍ਹਾਂ ਆਪਣੇ ਪਿੰਡ ਕੋਟਾਲਾ ਦੇ ਘਰਲ, ਚੜੋਅ, ਖੂਹ ਤੇ ਨਹਿਰ ਦਾ ਵਰਨਣ ਕੀਤਾ। ਇਸ ਉਪਰੰਤ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਕਵਿਤਾ ‘ਰੈਕ’ ਸੁਣਾਈ, ਜਿਸ ਵਿੱਚ ਸਾਹਿਤਕਾਰਾਂ ਦੁਆਰਾ ਸਾਂਭੀਆਂ ਕਿਤਾਬਾਂ ਦੀ ਉਨ੍ਹਾਂ ਦੇ ਜਹਾਨ ਤੋਂ ਜਾਣ ਤੋਂ ਬਾਅਦ ਹੁੰਦੀ ਬੇਕਦਰੀ ਅਤੇ ਆਪਣੀ ਲਿਖੀ ਵਸੀਅਤ ਵਿੱਚ ਨਿਵੇਕਲੀ ਪਿਰਤ ਪਾਉਣ ਦੀ ਗੱਲ ਕਹਿ ਕੇ ਪੂਰੀ ਮਹਿਫਲ ਲੁੱਟ ਲਈ। ਕਹਾਣੀਕਾਰ ਮਨਦੀਪ ਡਡਿਆਣਾ ਨੇ ਕਹਾਣੀ ‘ਕੂੰਜਾਂ’ ਸੁਣਾਈ ਜੋ ਸਮÇਲੰਗੀ ਵਿਸ਼ੇ ਨੂੰ ਛੂੰਹਦੀ ਇੱਕ ਨਿਵੇਕਲੇ ਵਿਸ਼ੇ ਦੀ ਕਹਾਣੀ ਸੁਣਾਈ, ਜਿਸ ਉੱਤੇ ਸਾਹਿਤਕਾਰਾਂ ਕਹਾਣੀਕਾਰ ਰਵਿੰਦਰ ਰੁਪਾਲ ਕੌਲਗੜ੍ਹ, ਕਹਾਣੀਕਾਰ ਮੁਖਤਿਆਰ ਸਿੰਘ, ਅਮਨਦੀਪ ਸਮਰਾਲਾ, ਦੀਪ ਦਿਲਬਰ, ਰਵਿੰਦਰ ਕੌਰ ਦਿਆਲਪੁਰਾ, ਕਹਾਣੀਕਾਰ ਸੰਦੀਪ ਸਮਰਾਲਾ, ਗੁਰਦੀਪ ਮਹੌਣ ਨੇ ਖੂਰਸੂਰਤ ਸੁਝਾਅ ਦਿੱਤੇ। ਦੀਪ ਦਿਲਬਰ ਵੱਲੋਂ ਨਿਕਟ ਭਵਿੱਖ ਵਿੱਚ ਲਿਖੀ ਜਾ ਰਹੀ ਕਿਤਾਬ ‘ਅਜੀਬੋ ਗਰੀਬ ਪਰ ਸੱਚੀਆਂ ਗੱਲਾਂ’ ਦੇ ਖਰੜੇ ਵਿੱਚੋਂ ਕੁਝ ਅੰਸ਼ ਸਾਂਝੇ ਕੀਤੇ, ਜਿਸ ਨੂੰ ਸਰੋਤਿਆਂ ਨੇ ਕਾਫੀ ਪਸੰਦ ਕੀਤਾ। ਅਖੀਰ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਸਭਾ ਵਿੱਚ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕਰਦੇ ਹੋਏ ਅੱਜ ਦੀ ਮੀਟਿੰਗ ਵਿੱਚ ਸੁਣਾਈਆਂ ਕਹਾਣੀਆਂ ਤੇ ਇੱਕ ਵਰਕਸ਼ਾਪ ਦੀ ਤਰ੍ਹਾਂ ਕਹਾਣੀਕਾਰਾਂ ਵੱਲੋਂ ਕੀਤੀ ਸਮੀਖਿਆ ਅਤੇ ਸੁਚੱਜੇ ਅਤੇ ਵਧੀਆ ਢੰਗ ਨਾਲ ਚਲਾਈ ਕਾਰਵਾਈ ਦੀ ਪ੍ਰਸੰਸਾ ਕੀਤੀ।