
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਭਗਵੰਤ ਮਾਨ ਸਰਕਾਰ ਦੁਆਰਾ ਹੜ੍ਹ ਪੀੜਤਾਂ ਲਈ ਐਲਾਨੀ ਰਾਹਤ ਮੁੱਢੋਂ ਨਕਾਰੀ
ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਐਲਾਨੀ ਰਾਸ਼ੀ ਕਿਸਾਨਾਂ ਨਾਲ ਕੋਝਾ ਮਜਾਕ –ਪਾਲਮਾਜਰਾ/ ਢੀਂਡਸਾ
ਸਮਰਾਲਾ, 09 ਸਤੰਬਰ ( ਵਰਿੰਦਰ ਸਿੰਘ ਹੀਰਾ) ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਕਿਸਾਨਾਂ ਲਈ 20 ਹਜਾਰ ਰੁਪਏ ਪ੍ਰਤੀ ਏਕੜ ਐਲਾਨੀ ਰਾਹਤ ਇੱਕ ਕੋਝਾ ਮਜਾਕ ਹੈ, ਜਿਸ ਨੂੰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਮੁੱਢੋਂ ਹੀ ਖਾਰਜ ਕਰਦੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਕਿਯੂ (ਲੱਖੋਵਾਲ) ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲ ਮਾਜਰਾ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਹੜ੍ਹ ਆਉਣ ਤੋਂ 10 ਦਿਨਾਂ ਬਾਅਦ ਨਿਕਲੀ ਹੈ। ਹੜ੍ਹਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੇਰਲਾ ਸੂਬੇ ਦੇ ਸਕੂਲ ਵਿੱਚ ਬਰੇਕ ਫਾਸਟ ਦੀ ਸ਼ੁਰੂਆਤ ਕਰਾਉਣ ਲਈ ਆਪਣੇ ਪਰਿਵਾਰ ਸਮੇਤ ਘੁੰਮਦੇ ਰਹੇ, ਜਦੋਂ ਕਿ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਹੜ੍ਹ ਪੀੜਤਾਂ ਦੀ ਮੱਦਦ ਲਈ ਡੀਜ਼ਲ ਅਤੇ ਨਕਦ ਰੂਪ ਮਾਲੀ ਸਹਾਇਤਾ ਵੰਡਦੇ ਰਹੇ ਅਤੇ ਹੁਣ ਵੀ ਵੰਡ ਰਹੇ ਹਨ, ਇਸ ਤੋਂ ਇਲਾਵਾ ਹੋਰ ਵੀ ਸਿਆਸੀ ਪਾਰਟੀਆਂ ਆਪਣਾ ਯੋਗਦਾਨ ਪਾਉਣ ਲੱਗੀਆਂ। ਇਸ ਉਪਰੰਤ ਹੀ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਹੜ੍ਹ ਪੀੜਤਾਂ ਦੀ ਸਾਰ ਲੈਣ ਦੇ ਬਹਾਨੇ ਫੋਟੋਆਂ ਖਿਚਵਾਉਣ ਲੱਗੇ। ਪੰਜਾਬ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਪੰਜਾਬੀ ਭਾਈਚਾਰੇ ਤੋਂ ਇਲਾਵਾ ਪੰਜਾਬ ਦੇ ਗੁਆਂਢੀ ਸੂਬਿਆਂ ਹਰਿਆਣਾ, ਯੂ. ਪੀ., ਉਤਰਾਖੰਡ, ਰਾਜਸਥਾਨ ਵਿੱਚੋ ਲੋਕ ਰਾਹਤ ਸਮੱਗਰੀ ਲੈ ਕੇ ਹੜ੍ਹ ਪੀੜਤਾਂ ਦੇ ਇਲਾਕਿਆਂ ਵਿੱਚ ਮੱਦਦ ਪਹੁੰਚਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬੀ ਗੀਤਕਾਰ ਅਤੇ ਫਿਲਮੀ ਅਦਾਕਾਰਾਂ ਨੇ ਦਿਲ ਖੋਲ ਕੇ ਮੱਦਦ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਹੜ ਪੀੜਤ ਕਿਸਾਨਾਂ ਲਈ ਬੀਤੀ ਕੱਲ 20 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਹਰਜਾਨਾ ਦੇਣ ਦਾ ਜੋ ਐਲਾਨ ਕੀਤਾ ਹੈ, ਉਹ ਬਹੁਤ ਹੀ ਕੋਝਾ ਮਜ਼ਾਕ ਹੈ ਜਦੋਂ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਹੀ 70 ਹਜਾਰ ਰੁਪਏ ਪ੍ਰਤੀ ਕਿੱਲਾ, ਮੱਝਾਂ ਅਤੇ ਦੁਧਾਰੂ ਪਸ਼ੂਆਂ ਲਈ ਇੱਕ ਲੱਖ ਰੁਪਏ ਅਤੇ ਜੇਕਰ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਸ ਲਈ 10 ਲੱਖ ਰੁਪਏ ਦੇ ਮੁਆਵਜੇ ਨਾਲ ਪਰਿਵਾਰ ਵਿੱਚੋਂ ਇੱਕ ਬੰਦੇ ਨੂੰ ਸਰਕਾਰੀ ਨੌਕਰੀ ਅਤੇ ਜਿਸ ਦਾ ਘਰ ਢਹਿ ਗਿਆ ਉਸ ਲਈ 10 ਲੱਖ ਰੁਪਏ ਦੇ ਫੌਰੀ ਮੁਆਵਜੇ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਐਲਾਨਿਆਂ ਮੁਆਵਜਾ ਐਸ. ਕੇ. ਐਮ. ਵੱਲੋਂ ਮੰਗੇ ਮੁਆਵਜੇ ਦੇ ਨੇੜੇ ਤੇੜੇ ਵੀ ਨਹੀਂ ਹੈ। ਇਸ ਲਈ ਬੀ. ਕੇ. ਯੂ. (ਲੱਖੋਵਾਲ) ਯੂਨੀਅਨ ਇਸ ਮੁਆਵਜੇ ਨੂੰ ਮੁੱਢੋਂ ਰੱਦ ਕਰਕੇ, ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਇਸ ਮੁਆਵਜੇ ਉੱਤੇ ਪੁਨਰ ਵਿਚਾਰ ਕੀਤਾ ਜਾਵੇ ਤਾਂ ਜੋ ਹੜ ਪੀੜਤ ਯੋਗ ਮੁਆਵਜੇ ਨਾਲ ਆਪਣੀ ਆਰਥਿਕਤਾ ਨੂੰ ਕੁਝ ਸੁਧਾਰ ਸਕਣ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਪ੍ਰੀਤ ਸਿੰਘ ਭਰਥਲਾ, ਗੁਰਪ੍ਰੀਤ ਸਿੰਘ ਸਾਹਿਬਾਣਾ ਜ਼ਿਲ੍ਹਾ ਮੀਤ ਪ੍ਰਧਾਨ, ਦਲਜੀਤ ਸਿੰਘ ਊਰਨਾ ਜਨਰਲ ਸਕੱਤਰ ਬਲਾਕ ਸਮਰਾਲਾ ਵੀ ਹਾਜਰ ਸਨ।