ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਇੱਕ ਕਤਲ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਇੱਕ ਹੋਰ ਮੁੱਖ ਦੋਸ਼ੀ ਹਾਲੇ ਫ਼ਰਾਰ ਦੱਸਿਆ ਜਾ ਰਿਹਾ ਹੈ।ਇਸ ਸਬੰਧੀ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਅਮਲੋਹ ਹਰਪਿੰਦਰ ਕੌਰ ਗਿੱਲ ਨੇ ਦੱਸਿਆ ਕਿ ਮਿਤੀ 13 ਅਗਸਤ 2023 ਨੂੰ ਸਥਾਨਕ ਖਾਲਸਾ ਸਕੂਲ ਵਿਖੇ ਇੱਕ ਲੜਾਈ ਝਗੜਾ ਹੋਇਆ ਸੀ ਜਿਸ ਵਿੱਚ ਰੁਪਿੰਦਰ ਸਿੰਘ ਦੀ ਮੌਤ ਹੋ ਗਈ ਸੀ।
ਦਰਅਸਲ, ਇੱਕ ਦਿਨ ਰੁਪਿੰਦਰ ਸਿੰਘ ਦੇ ਡਿਊਟੀ ਤੋਂ ਛੁੱਟੀ ਹੋਣ ਕਰਕੇ ਛੱਤਰਪਾਲ ਸਿੰਘ ਨੇ ਉਸ ਦੀ ਜਗ੍ਹਾ ਜਾਣਾ ਸੀ ਪਰ ਉਸ ਦਿਨ ਦੀ ਡਿਊਟੀ ਨੂੰ ਲੈ ਕੇ ਦੋਨਾਂ ਵਿੱਚ ਕਹਾ ਸੁਣੀ ਹੋਈ ਸੀ ਅਤੇ ਇਸ ਤੋਂ ਬਾਅਦ ਹੋਈ ਲੜਾਈ ਦੌਰਾਨ ਛੱਤਰਪਾਲ ਸਿੰਘ, ਗੁਰਜੰਟ ਸਿੰਘ ਅਤੇ ਰਾਕੇਸ਼ ਕੁਮਾਰ ਨੇ ਰੁਪਿੰਦਰ ਸਿੰਘ ਦੇ ਪਿੱਠ ਵਿੱਚ ਚਾਕੂ ਅਤੇ ਕਿਰਚਾਂ ਨਾਲ ਵਾਰ ਕੀਤੇ ਗਏ ਜਿਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਤੋਂ ਬਾਅਦ ਰੁਪਿੰਦਰ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਮੰਡੀ ਗੋਬਿੰਦਗੜ ਦਾਖ਼ਲ ਕਰਵਾਇਆ ਗਿਆ, ਪਰ ਉਸ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਰਕੇ ਇਲਾਜ ਲਈ GMCH ਸੈਕਟਰ 32 ਚੰਡੀਗੜ੍ਹ ਦਾਖਲ ਕਰਾਇਆ ਗਿਆ ਪਰ ਰੁਪਿੰਦਰ ਸਿੰਘ ਦੀ ਹਾਲਤ ਹੋਰ ਜ਼ਿਆਦਾ ਖ਼ਰਾਬ ਹੋਣ ਕਰਕੇ ਉਸ ਨੂੰ PGI ਚੰਡੀਗੜ੍ਹ ਰੈਫਰ ਕੀਤਾ ਗਿਆ, ਜਿੱਥੇ ਜ਼ਖ਼ਮ ਜ਼ਿਆਦਾ ਡੂੰਘੇ ਹੋਣ ਕਰਕੇ ਰੁਪਿੰਦਰ ਸਿੰਘ ਦੀ ਮੌਤ ਗਈ ਸੀ।
ਇਸ ਬਾਬਤ ਡੀਐੱਸਪੀ ਨੇ ਦੱਸਿਆ ਕਿ ਇਸ ਕਤਲ ਦੀ ਵਜ੍ਹਾ ਰੰਜਿਸ਼ ਹੈ। 13 ਅਗਸਤ ਨੂੰ ਕਥਿਤ ਦੋਸ਼ੀਆਂ ਨੇ ਇਸ ਘਟਨ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਕਾਰਵਾਈ ਕਰਦਿਆਂ ਗੁਰਜੰਟ ਸਿੰਘ ਤੇ ਰਾਕੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਨ੍ਹਾਂ ਦੇ ਤੀਜੇ ਸਾਥੀ ਛੱਤਰਪਾਲ ਸਿੰਘ ਨੂੰ ਵੀ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।