
ਪ੍ਰਸਿੱਧ ਕਵਯਿਤ੍ਰੀ ਡਾ. ਜਸਪ੍ਰੀਤ ਕੌਰ ਫਲਕ “ਬ੍ਰਿਜ ਸ਼ਿਰੋਮਣੀ ਐਵਾਰਡ-2025” ਨਾਲ ਸਨਮਾਨਿਤ
ਲੁਧਿਆਣਾ, 25 ਮਾਰਚ ( ਰਵਿੰਦਰ ਸਿੰਘ ਢਿੱਲੋਂ ) ਭਾਰਤ ਅਤੇ ਨੇਪਾਲ ਵਿਚਕਾਰ ਸੱਭਿਆਚਾਰਕ ਸਾਂਝ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਭਾਰਤ-ਨੇਪਾਲ ਸਾਹਿਤ-ਸੰਸਕ੍ਰਿਤਿਕ ਮੇਲੇ ਦਾ ਆਯੋਜਨ ਵ੍ਰਿੰਦਾਵਨ (ਯੂ ਪੀ) ਦੇ ਗੀਤਾ ਖੋਜ ਸੰਸਥਾਨ ਵਿੱਚ ਕਰਵਾਇਆ ਗਿਆ। ਤਿੰਨ ਦਿਨਾਂ ਤਕ ਚੱਲੇ ਇਸ ਸੱਭਿਆਚਾਰਕ ਪਰੋਗਰਾਮ, ਜੋ ਸਾਂਝੀ ਵਿਰਾਸਤ, ਰਿਵਾਜਾਂ ਅਤੇ ਸਮਾਜਿਕ ਸਮਰੱਸਤਾ ਨੂੰ ਸਮਰਪਿਤ ਸੀ, ਦੌਰਾਨ ਪ੍ਰਸਿੱਧ ਕਵਯਿਤ੍ਰੀ ਡਾ. ਜਸਪ੍ਰੀਤ ਕੌਰ ਫਲਕ ਨੂੰ ਮਾਣਮੱਤੇ “ਬ੍ਰਿਜ ਸ਼ਿਰੋਮਣੀ ਐਵਾਰਡ-2025” ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਸਾਹਿਤ ਅਤੇ ਸੱਭਿਆਚਾਰ ਬਾਰੇ ਕੀਤੇ ਗਏ ਵਿਲੱਖਣ ਯੋਗਦਾਨ ਲਈ ਦਿੱਤਾ ਗਿਆ।
ਪੰਜਾਬ ਦੀ ਨੁਮਾਇੰਦਗੀ ਕਰਦਿਆਂ, ਡਾ. ਫਲਕ ਨੇ ਆਪਣੇ ਰੂਹਾਨੀ ਤੇ ਭਾਵਪੂਰਣ ਕਵਿਤਾ-ਪਾਠ ਰਾਹੀਂ ਦਰਸ਼ਕਾਂ ਨੂੰ ਕੀਲ ਲਿਆ। ਉਨ੍ਹਾਂ ਦੀ ਕਵਿਤਾ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਦੀ ਭਾਵਨਾ ਵਿੱਚ ਰੰਗੀ ਹੋਈ ਸੀ, ਜੋ ਦਰਸ਼ਕਾਂ ਦੇ ਦਿਲਾਂ ਵਿਚ ਗੂੰਜਣ ਲੱਗ ਪਈ:
“ਕ੍ਰਿਸ਼ਨਾ, ਤੇਰੀ ਪਵਿੱਤਰ ਧਰਤੀ ‘ਤੇ, ਮੈਂ ਆਈ ਹਾਂ ਪਹਿਲੀ ਵਾਰ,
ਪ੍ਰੇਮ ਭਰੇ, ਸ਼ਰਧਾ ਭਰੇ, ਪ੍ਰਣਾਮ ਕਰੋ ਕਬੂਲ ਹਜ਼ਾਰ।”
ਇਹ ਗਹਿਰੀ ਭਾਵਨਾ ਭਰਪੂਰ ਕਵਿਤਾ ਸੁਣਕੇ ਹਾਲ ਚ ਮੌਜੂਦ ਦਰਸ਼ਕ ਮੰਤਰਮੁਗਧ ਹੋ ਗਏ। ਡਾ. ਫਲਕ ਨੇ ਕਿਹਾ ਕਿ ਕ੍ਰਿਸ਼ਨ ਜੀ ਪ੍ਰਤੀ ਲੋਕਾਂ ਦੀ ਅਟੱਲ ਸ਼ਰਧਾ ਦੇਖਕੇ ਉਨ੍ਹਾਂ ਦਾ ਅੰਤਰਮਨ ਪ੍ਰਫੁੱਲਤ ਹੋ ਗਿਆ। ਉਨ੍ਹਾਂ ਨੇ ਇਸ ਤਜੁਰਬੇ ਨੂੰ ਇਕ ਅਵਿਸਮਰਨੀਅ ਯਾਦ ਦੱਸਦੇ ਹੋਏ, ਆਯੋਜਕਾਂ ਦੀ ਟੀਮ, ਵਿਸ਼ੇਸ਼ ਤੌਰ ‘ਤੇ ਡਾ. ਉਮੇਸ਼ ਸ਼ਰਮਾ, ਡਾ. ਵਿਜੈ ਪੰਡਿਤ, ਡਾ. ਹਰੇਂਦਰ ਹਰਸ਼, ਅਤੇ ਡਾ. ਦੇਵੀ ਪੰਥੀ ਵਲੋਂ ਕੀਤੇ ਉੱਦਮਾਂ ਲਈ ਧੰਨਵਾਦ ਪ੍ਰਗਟਾਇਆ।
ਇਸ ਸਮਾਰੋਹ ਦੀ ਸ਼ਾਨ ਨੂੰ ਵਧਾਉਂਦੇ ਹੋਏ, ਭਾਰਤ ਅਤੇ ਵਿਦੇਸ਼ ਤੋਂ ਆਏ ਪ੍ਰਸਿੱਧ ਸਾਹਿਤਕਾਰਾਂ ਤੇ ਕਵੀਆਂ ਨੇ ਹਿੱਸਾ ਲਿਆ। ਡਾ. ਪਦਮਨੀ (ਚੇਨਈ), ਸ਼ੀਤਲ ਦਿਵਯਾਨੀ (ਇੰਦੌਰ), ਪੱਲਵੀ ਰਾਮਪਾਲ (ਚੰਡੀਗੜ੍ਹ), ਅਤੇ ਡਾ. ਪੁਸ਼ਪਾ ਕਲਾਲ (ਉਦੈਪੁਰ) ਵਾਂਗੂ ਪੑਸਿੱਧ ਕਵਿਤ੍ਰੀਆਂ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਰਾਹੀਂ ਹਾਜ਼ਰੀਨ ਨੂੰ ਮੋਹ ਲਿਆ।
ਇਸ ਸਾਹਿਤ ਮੇਲੇ ਦੀ ਵਿਸ਼ੇਸ਼ ਖਿੱਚ ਮਸ਼ਹੂਰ ਫ਼ਿਲਮੀ ਅਦਾਕਾਰਾ ਅਤੇ ਸੰਸਦ ਮੈਂਬਰ ਸ੍ਰੀਮਤੀ ਹੇਮਾ ਮਾਲਿਨੀ ਦੀ ਹਾਜ਼ਰੀ ਰਹੀ। ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਭਾਰਤ ਅਤੇ ਨੇਪਾਲ ਵਿਚਕਾਰ ਡੂੰਘੀ ਸੱਭਿਆਚਾਰਕ ਅਤੇ ਇਤਿਹਾਸਕ ਨੇੜਤਾ ਉੱਤੇ ਜ਼ੋਰ ਦਿੰਦਿਆਂ, ਦੋਹਾਂ ਦੇਸ਼ਾਂ ਵਿੱਚ ਔਰਤਾਂ ਵਲੋਂ ਸਾਹਿਤਕ ਅਤੇ ਸੱਭਿਆਚਾਰਕ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਪਾਇਆ ਵਧੀਆ ਯੋਗਦਾਨ ਮੰਨਿਆ। ਉਨ੍ਹਾਂ ਨੇ ਇਹ ਵੀ ਆਖਿਆ ਕਿ ਅਜਿਹੇ ਸਾਹਿਤਕ ਅਤੇ ਸੱਭਿਆਚਾਰਕ ਸਮਾਗਮਾਂ ਨਾਲ ਭਾਈਚਾਰੇ ਅਤੇ ਏਕਤਾ ਦੇ ਨਾਤੇ ਹੋਰ ਪਕੇਰੇ ਹੁੰਦੇ ਹਨ।
ਆਯੋਜਕ ਸੰਸਥਾ ਨੇ ਭਵਿੱਖ ‘ਚ ਵੀ ਅਜਿਹੇ ਸਮਾਰੋਹ ਕਰਕੇ ਸਾਂਝੀ ਧਰੋਹਰ ਅਤੇ ਰਾਸ਼ਟਰੀ ਏਕਤਾ ਵਲੋਂ ਆਪਣਾ ਯੋਗਦਾਨ ਦੇਣ ਦੀ ਪ੍ਰਤੀਬੱਧਤਾ ਜ਼ਾਹਰ ਕੀਤੀ।