
ਗੋਸਲਾਂ ਸਕੂਲ ਦੀ ਵਿਦਿਆਰਥਣ ਗੁਰਬੀਰ ਕੌਰ ਨੇ 12ਵੀਂ ਦੀ ਮੈਰਿਟ ਵਿੱਚ ਥਾਂ ਬਣਾ ਕੇ ਸਕੂਲ ਦਾ ਨਾਂ ਕੀਤਾ ਰੌਸ਼ਨ
ਗੁਰਬੀਰ ਕੌਰ ਨੇ 487/500 ਅੰਕ ਲੈ ਕੇ ਪੰਜਾਬ ਪੱਧਰ ’ਤੇ ਦਰਜ ਕਰਵਾਈ ਮੌਜੂਦਗੀ
ਸਮਰਾਲਾ, 15 ਮਈ ( ਵਰਿੰਦਰ ਸਿੰਘ ਹੀਰਾ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੋਸਲਾਂ ਦੀ ਮਿਹਨਤੀ ਅਤੇ ਹੋਣਹਾਰ ਵਿਦਿਆਰਥਣ ਗੁਰਬੀਰ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ 487 ਅੰਕ ਹਾਸਲ ਕਰਕੇ ਰਾਜ ਪੱਧਰੀ ਮੈਰਿਟ ਲਿਸਟ ਵਿੱਚ ਆਪਣੀ ਥਾਂ ਬਣਾਈ ਹੈ। ਇਹ ਉਪਲਬਧੀ ਨਾ ਸਿਰਫ਼ ਸਕੂਲ ਲਈ ਮਾਣ ਦਾ ਮੌਕਾ ਹੈ, ਬਲਕਿ ਪੂਰੇ ਗੋਸਲਾਂ ਪਿੰਡ ਲਈ ਵੀ ਗੌਰਵ ਦੀ ਗੱਲ ਹੈ। ਗੁਰਬੀਰ ਦੀ ਇਸ ਕਾਮਯਾਬੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਪ੍ਰਤਿਭਾ ਅਤੇ ਸਮਰੱਥਾ ਵਿੱਚ ਕਿਸੇ ਤੋਂ ਘੱਟ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਸੱਦੀ ਨੇ ਗੁਰਬੀਰ ਕੌਰ ਨੂੰ ਸਨਮਾਨਿਤ ਕਰਨ ਲਈ ਕੀਤੇ ਗਏ ਸਾਦੇ ਸਮਾਗਮ ਦੌਰਾਨ ਸਕੂਲ ਵਿਦਿਆਰਥੀਆਂ, ਨਗਰ ਨਿਵਾਸੀਆਂ ਅਤੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਹ ਸਿਰਫ ਗੁਰਬੀਰ ਲਈ ਨਹੀਂ, ਸਗੋਂ ਸਾਡੇ ਪੂਰੇ ਸਕੂਲ ਲਈ ਇੱਕ ਇਤਿਹਾਸਕ ਮੋੜ ਹੈ। ਇਹ ਹੋਰ ਬੱਚਿਆਂ ਨੂੰ ਪ੍ਰੇਰਣਾ ਦੇਵੇਗਾ ਕਿ ਦ੍ਰਿੜ ਨਿਸ਼ਚੇ ਅਤੇ ਲਗਾਤਾਰ ਮਿਹਨਤ ਨਾਲ ਕੁਝ ਵੀ ਸੰਭਵ ਹੈ। ਇਸ ਮੌਕੇ ਗੁਰਬੀਰ ਕੌਰ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਉਸਨੇ ਹਰ ਰੋਜ਼ ਨਿਯਮਤ ਪੜ੍ਹਾਈ, ਅਧਿਆਪਕਾਂ ਦੀ ਰਹਿਨੁਮਾਈ ਅਤੇ ਮਾਪਿਆਂ ਦੀਆਂ ਦੁਆਵਾਂ ਨਾਲ ਇਹ ਸਭ ਹਾਸਲ ਕੀਤਾ। ਇਸ ਸਮਾਗਮ ਦੌਰਾਨ ਗੁਰਬੀਰ ਕੌਰ ਨੂੰ ਸਕੂਲ ਪਿ੍ਰੰਸੀਪਲ ਸੰਜੀਵ ਸੱਦੀ, ਭਿੰਦਰ ਸਿੰਘ ਸੈਕਟਰੀ ਅਤੇ ਪਰਮਿੰਦਰ ਕੌਰ ਸਪੁੱਤਰੀ ਮਨਜੀਤ ਕੌਰ ਨੰਬਰਦਾਰ ਨੇ 5100-5100 ਰੁਪਏ ਦਾ ਨਕਦ ਇਨਾਮ ਅਤੇ ਅਸ਼ੀਰਵਾਦ ਦਿੱਤਾ। ਸਮਾਗਮ ਦੌਰਾਨ ਸਰਪੰਚ ਗੁਰਪ੍ਰੀਤ ਸਿੰਘ, ਕੁਲਬੀਰ ਸਿੰਘ ਗੋਸਲਾਂ ਨੇ ਵੀ ਗੁਰਬੀਰ ਕੌਰ ਨੂੰ ਨਕਦ ਇਨਾਮ ਨਾਲ ਸਨਮਾਨ ਕੀਤਾ। ਸਮਾਗਮ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਹਰਪਿੰਦਰ ਸਿੰਘ ਸ਼ਾਹੀ ਨੇ ਨਿਭਾਈ। ਸਮਾਗਮ ਦੌਰਾਨ ਸਮੂਹ ਸਟਾਫ, ਸਹਿਯੋਗੀ ਕਰਮਚਾਰੀਆਂ, ਗਰਾਮ ਪੰਚਾਇਤ, ਨਗਰ ਨਿਵਾਸੀਆਂ ਵੱਲੋਂ ਗੁਰਬੀਰ ਕੌਰ ਨੂੰ ਅਸ਼ੀਰਵਾਦ ਦਿੱਤਾ। ਸਮਾਗਮ ਵਿੱਚ ਗੁਰਬੀਰ ਕੌਰ ਦੇ ਮਾਪਿਆਂ ਤੋਂ ਬਿਨ੍ਹਾਂ ਕੈਸ਼ੀਅਰ ਭੁਪਿੰਦਰ ਸਿੰਘ, ਸਮੂਹ ਸਟਾਫ ਅਤੇ ਨਗਰ ਦੇ ਪਤਵੰਤੇ ਸੱਜਣ ਹਾਜਰ ਸਨ।