
ਬਾਬਾ ਵਡਭਾਗ ਸਿੰਘ ਜੀ ਦੇ ਤਪ ਸਥਾਨ ਡੇਹਰਾ ਸਾਹਿਬ ਵਿਖੇ ਹੋਲਾ ਮਹੱਲਾ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ।
ਬਾਬਾ ਜਗਦੇਵ ਸਿੰਘ ਸਿੱਧੂ ਦੀ ਅਗਵਾਈ ਵਿੱਚ ਸੇਵਾਦਾਰਾਂ ਨੇ ਕੀਤੀ ਮੀਟਿੰਗ।
ਊਨਾ / ਮੈੜੀ, 14 ਫਰਵਰੀ ( ਵਰਿੰਦਰ ਸਿੰਘ ਹੀਰਾ ) ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਤਪ ਅਸਥਾਨ ਡੇਹਰਾ ਸਾਹਿਬ ਪਿੰਡ ਮੈੜੀ, ਹਿਮਾਚਲ ਪ੍ਰਦੇਸ਼ ਵਿਖੇ ਹੋਲਾ ਮਹੱਲਾ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਇਸ ਸਬੰਧ ਵਿੱਚ ਆਲ ਇੰਡੀਆ ਬਾਬਾ ਵਡਭਾਗ ਸਿੰਘ ਸੇਵਕ ਸੋਸਾਇਟੀ ਦੇ ਸੰਸਥਾਪਕ ਅਤੇ ਪ੍ਰਧਾਨ ਬਾਬਾ ਜਗਦੇਵ ਸਿੰਘ ਸਿੱਧੂ ਦੀ ਅਗਵਾਈ ਵਿੱਚ ਜਥੇਬੰਦੀ ਦੇ ਮੈਂਬਰਾਂ ਦੀ ਇੱਕ ਮੀਟਿੰਗ ਹੋਈ , ਇਸ ਮੀਟਿੰਗ ਵਿੱਚ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਲੱਖਾਂ ਦੀ ਗਿਣਤੀ ਵਿੱਚ ਡੇਹਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਵੱਖ ਵੱਖ ਟੀਮਾਂ ਬਣਾ ਕੇ ਉਹਨਾਂ ਨੂੰ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ।
ਇਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਮਾਹਲਾ ਸਿੰਘ ਅਤੇ ਉਨਾਂ ਦੀ ਜਥੇਬੰਦੀ ਬਾਬਾ ਵਡਭਾਗ ਸਿੰਘ ਸੇਵਾਦਾਰ ਟੀਮ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ । ਜ਼ਿਕਰਯੋਗ ਹੈ ਕਿ ਬਾਬਾ ਮਾਹਲਾ ਸਿੰਘ ਆਪਣੀ ਟੀਮ ਨਾਲ ਹਰ ਸਾਲ ਮੇਲੇ ਦੌਰਾਨ ਡੇਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਦੇਖ ਰੇਖ ਕਰਨ, ਪਾਖਾਨੇ ਦੀ ਵਿਵਸਥਾ ਕਰਨ, ਗਠੜੀ ਘਰ ਬਣਾਉਣ, ਵੀਲ ਚੇਅਰਾਂ ਮੁਹਈਆ ਕਰਾਉਣ ਤੇ ਹੋਰ ਵੀ ਲੋੜ ਅਨੁਸਾਰ ਸੇਵਾਵਾਂ ਕਰਨ ਵਿੱਚ ਹਮੇਸ਼ਾ ਸ਼ਲਾਘਾਯੋਗ ਕੰਮ ਕਰਦੀ ਹੈ। ਇਸ ਸਾਲ ਬਾਬਾ ਮਾਹਲਾ ਸਿੰਘ ਨੇ ਆਪਣੀ ਟੀਮ ਦੇ ਨਾਲ ਬਾਬਾ ਵਡਭਾਗ ਸਿੰਘ ਸੇਵਕ ਸੋਸਾਇਟੀ ਦੇ ਨਾਲ ਮਿਲ ਕੇ ਸੇਵਾ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਸੰਗਤਾਂ ਦੀ ਸੇਵਾ ਹੋਰ ਵੀ ਬਿਹਤਰ ਤਰੀਕੇ ਨਾਲ ਕੀਤੀ ਜਾਵੇ। ਇਸ ਮੌਕੇ ਬਾਬਾ ਜਗਦੇਵ ਸਿੰਘ ਸਿੱਧੂ ਨੇ ਬਾਬਾ ਮਾਹਲਾ ਸਿੰਘ ਦੀ ਟੀਮ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਤੇ ਬੋਲਦਿਆਂ ਬਾਬਾ ਜਗਦੇਵ ਸਿੰਘ ਸਿੱਧੂ ਨੇ ਕਿਹਾ ਕੀ ਮੇਲੇ ਦੌਰਾਨ ਦੋਨਾਂ ਜਥੇਬੰਦੀਆਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਮੇਲੇ ਵਿੱਚ ਆਉਣ ਵਾਲੇ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ । ਇਸ ਮੀਟਿੰਗ ਵਿੱਚ ਬਾਬਾ ਮਾਹਲਾ ਸਿੰਘ ਜੀ ਦੇ ਨਾਲ ਰੋਪੜ ਤੋਂ ਕੁਲਵੰਤ ਸਿੰਘ ਅਤੇ ਅੰਗਰੇਜ਼ ਸਿੰਘ, ਸੰਗਰੂਰ ਤੋਂ ਕੁਲਦੀਪ ਸਿੰਘ ਅਤੇ ਲਖਬੀਰ ਸਿੰਘ ਖਾਸ ਤੌਰ ਤੇ ਹਾਜ਼ਰ ਰਹੇ ਅਤੇ ਮੇਲੇ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।