ਬੀ. ਕੇ. ਯੂ. (ਕਾਦੀਆਂ) ਵੱਲੋਂ ਐਸ. ਡੀ. ਐਮ. ਸਮਰਾਲਾ ਅਤੇ ਵਣ ਰੇਂਜ ਅਫਸਰ ਨੂੰ ਦਿੱਤੇ ਮੰਗ ਪੱਤਰ।

ਹਾਈਬ੍ਰਿਡ ਫਸਲਾਂ ਵੇਚਣ ਮੌਕੇ ਕੀਤੀ ਜਾਂਦੀ ਕਟੌਤੀ ਨੂੰ ਬੰਦ ਕਰਾਉਣ ਲਈ ਮੁੱਖ ਮੰਤਰੀ ਪੰਜਾਬ ਖੁਦ ਧਿਆਨ ਦੇਣ – ਹਰਦੀਪ ਸਿੰਘ ਗਿਆਸਪੁਰਾ

ਸਮਰਾਲਾ ,13 ਫਰਵਰੀ ( ਵਰਿੰਦਰ ਸਿੰਘ ਹੀਰਾ) ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਮੋਹਣ ਸਿੰਘ ਬਾਲਿਓਂ ਬਲਾਕ ਪ੍ਰਧਾਨ ਮਾਛੀਵਾੜਾ ਅਤੇ ਦਰਸ਼ਨ ਸਿੰਘ ਰੋਹਲੇ ਬਲਾਕ ਪ੍ਰਧਾਨ ਸਮਰਾਲਾ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ ਵਫਦ ਵੱਲੋਂ ਐਸ. ਡੀ. ਐਮ. ਸਮਰਾਲਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਹਾਈਬ੍ਰਿਡ ਫਸਲਾਂ ਵੇਚਣ ਮੌਕੇ ਕੀਤੀ ਜਾਂਦੀ ਕਟੌਤੀ ਬੰਦ ਕਰਨ ਅਤੇ ਸਮਰਾਲਾ ਹਲਕੇ ਦੀਆਂ ਵੱਖ ਵੱਖ ਸੜਕਾਂ ਕਿਨਾਰੇ ਉੱਗੀਆਂ ਵੱਡੀਆਂ ਵੱਡੀਆਂ ਝਾੜੀਆਂ ਕਟਾਉਣ ਸਬੰਧੀ ਵਣ ਰੇਂਜ ਅਫਸਰ ਸਮਰਾਲਾ ਨੂੰ ਮੰਗ ਪੱਤਰ ਦਿੱਤੇ ਗਏ। ਇਨ੍ਹਾਂ ਮੰਗ ਪੱਤਰਾਂ ਸਬੰਧੀ ਦੱਸਦਿਆਂ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਪਿਛਲੇ ਸਾਲ ਕਿਸਾਨਾਂ ਵੱਲੋਂ ਸਰਕਾਰ ਦੇ ਕਹਿਣ ਮੁਤਾਬਕ ਹੀ ਪੀ. ਆਰ. 126 ਅਤੇ ਪੀ. ਆਰ. 131 ਅਤੇ ਹਾਈਬ੍ਰਿਡ ਕਿਸਮਾਂ ਦੇ ਝੋਨੇ ਦੀ ਬਿਜਾਈ ਕੀਤੀ ਸੀ ਪਰ ਝੋਨਾ ਵੇਚਣ ਮੌਕੇ ਕਿਸਾਨਾਂ ਦੀ ਸ਼ੈੱਲਰ ਮਾਲਕਾਂ ਵੱਲੋਂ ਫਸਲ ਨੂੰ ਵਰਾਇਟੀ ਦਾ ਬਹਾਨਾ ਬਣਾ ਕੇ ਮੰਡੀਆਂ ਵਿੱਚ ਰੋਲਿਆ ਅਤੇ ਕੱਟ ਦੇ ਨਾਮ ਉਪਰ ਬੜੀ ਵੱਡੀ ਪੱਧਰ ਉੱਤੇ ਆਰਥਿਕ ਲੁੱਟ ਕੀਤੀ ਗਈ। ਜਿਸ ਕਾਰਨ ਪੰਜਾਬ ਦੇ ਸਮੂਹ ਕਿਸਾਨਾਂ ਵਿੱਚ ਕਾਫੀ ਨਿਰਾਸ਼ਾ ਫੈਲ ਗਈ ਸੀ ਅਤੇ ਉਨ੍ਹਾਂ ਨੇ ਇਹ ਹਾਈਬ੍ਰਿਡ ਫਸਲਾਂ ਬੀਜਣ ਤੋਂ ਤੋਬਾ ਕਰ ਲਈ, ਜਦੋਂ ਕਿ ਪੰਜਾਬ ਦੇ ਕਿਸਾਨਾਂ ਨੇ ਸਰਗਾਰ ਦੁਆਰਾ ਦਿੱਤੇ ਬਿਆਨ ਦੇ ਅਧਾਰ ਤੇ ਹੀ ਇਹ ਫਸਲਾਂ ਦੀ ਪੈਦਾਵਾਰ ਕੀਤੀ ਸੀ। ਮੰਗ ਪੱਤਰ ਰਾਹੀਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਕਿ ਪੀ. ਏ. ਯੂ. ਵੱਲੋਂ ਲਗਾਏ ਜਾਂਦੇ ਮੇਲਿਆਂ ਵਿੱਚ ਕਿਸਾਨ ਬੀਜ ਖਰੀਦ ਕਰਦੇ ਹਨ ਕਿਸਾਨਾਂ ਦੇ ਬੀਜ ਖਰੀਦ ਕਰਨ ਤੋਂ ਪਹਿਲਾਂ ਪਹਿਲਾਂ ਸਪੱਸ਼ਟ ਕੀਤਾ ਜਾਵੇ ਕਿ ਕਿਸਾਨ ਕਿਹੜੀ ਵਰਾਇਟੀ ਦੀ ਬਿਜਾਈ ਕਰਨ ਅਤੇ ਉਸ ਉਪਰ ਖਰੀਦ ਵੇਲੇ ਕੋਈ ਵੀ ਕੱਟ ਨਹੀਂ ਲਾ ਸਕੇਗਾ। ਇਸ ਤੋਂ ਇਲਾਵਾ ਜ਼ਮੀਨਾਂ ਦੀ ਤਬਦੀਲੀ ਮੌਕੇ ਖੂਨ ਦੇ ਰਿਸ਼ਤੇ ਉੱਤੇ ਟੈਕਸ ਛੋਟ ਜੋ ਪਹਿਲਾਂ ਦਿੱਤੀ ਗਈ ਸੀ, ਉਸ ਸਬੰਧੀ ਲਏ ਫੈਸਲੇ ਤੇ ਗੌਰ ਕਰਕੇ, ਪਹਿਲਾਂ ਵਾਂਗੂੰ ਟੈਕਸ ਨਾ ਲਾਇਆ ਜਾਵੇ। ਮੰਗ ਪੱਤਰ ਪ੍ਰਾਪਤ ਕਰਕੇ ਹੋਏ ਤਹਿਸੀਲਦਾਰ ਸਮਰਾਲਾ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਉਕਤ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਯੋਗ ਕਾਰਵਾਈ ਹਿੱਤ ਭੇਜ ਦਿੱਤਾ ਜਾਵੇਗਾ। ਇਸ ਉਪਰੰਤ ਕਿਸਾਨਾਂ ਦਾ ਵਫਦ ਵਣ ਰੇਂਜ ਅਫਸਰ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ, ਜਿਸ ਵਿੱਚ ਮੰਗ ਕੀਤੀ ਗਈ ਕਿ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਇਲਾਕੇ ਦੀਆਂ ਸੜਕਾਂ ਜਿਨ੍ਹਾਂ ਵਿੱਚ ਖਾਸ ਕਰਕੇ ਸਰਹਿੰਦ ਨਹਿਰ ਦੇ ਨਾਲ ਬਹਿਲੋਲਪੁਰ ਤੋਂ ਦੋਰਾਹੇ ਤੱਕ ਜਾਂਦੀ ਸੜਕ ਦੇ ਦੋਨੋਂ ਪਾਸੇ ਕਾਫੀ ਵੱਡੀਆਂ ਵੱਡੀਆਂ ਝਾੜੀਆਂ ਉੱਗੀਆਂ ਹੋਈਆਂ ਹਨ, ਜੋ ਵੱਧ ਕੇ ਸੜਕ ਉਪਰ ਆ ਗਈਆਂ ਹਨ, ਜਿਸ ਕਾਰਨ ਆਮ ਰਾਹਗੀਰਾਂ ਖਾਸ ਕਰਕੇ ਸਾਈਕਲ ਅਤੇ ਮੋਟਰ ਸਾਈਕਲ, ਸਕੂਟਰ ਸਵਾਰਾਂ ਲਈ ਜਾਨਲੇਵਾ ਸਾਬਤ ਹੋ ਰਹੀਆਂ ਹਨ। ਇਹ ਵਧੀਆਂ ਝਾੜੀਆਂ ਵਾਹਨਾਂ ਤੇ ਸਵਾਰ ਲੋਕਾਂ ਦੇ ਮੂੰਹਾਂ ਤੇ ਲੱਗਦੀਆਂ, ਜਿਸ ਕਾਰਨ ਉਨ੍ਹਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਸਰਹਿੰਦ ਨਹਿਰ ਦੀ ਸੜਕ ਉੱਤੇ ਬਹਿਲੋਲਪੁਰ ਤੋਂ ਗੜ੍ਹੀ ਪੁਲ ਦੇ ਵਿਚਕਾਰ ਸ਼ਰਾਬ ਦੇ ਠੇਕੇ ਵਾਲਿਆਂ ਨੇ ਜੰਗਲਾਤ ਮਹਿਕਮੇ ਦੀ ਥਾਂ ਉਤੋਂ ਮਿੱਟੀ ਹਟਾ ਕੇ ਨਜਾਇਜ ਕਬਜਾ ਕੀਤਾ ਹੋਇਆ ਹੈ, ਇਸ ਥਾਂ ਉੱਤੇ ਕਾਫੀ ਮਿੱਟੀ ਵੀ ਚੁੱਕੀ ਗਈ ਹੈ। ਇਸ ਕੀਤੇ ਨਜਾਇਜ ਕਬਜੇ ਨੂੰ ਤੁਰੰਤ ਹਟਾਇਆ ਜਾਵੇ। ਲੁਧਿਆਣਾ ਤੋਂ ਸਮਰਾਲਾ ਆਉਂਦੀ ਸੜਕ ਉੱਤੇ ਨਵੇਂ ਬੱਸ ਅੱਡੇ ਤੋਂ ਸਮਰਾਲਾ ਥਾਣਾ ਤੱਕ ਮੁੱਖ ਸੜਕ ਉੱਤੇ ਝਾੜੀਆਂ ਸੜਕ ਉਪਰ ਤੱਕ ਆ ਚੁੱਕੀਆਂ ਹਨ, ਜਿਸ ਕਾਰਨ ਇੱਥੇ ਵੀ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ, ਸਟਰੀਟ ਲਾਈਟਾਂ ਜੋ ਲੱਗੀਆਂ ਹੋਈਆਂ ਹਨ, ਉਹ ਵੀ ਇਨ੍ਹਾਂ ਝਾੜੀਆਂ ਅੰਦਰ ਲੁਕੀਆਂ ਹੋਈਆਂ ਹਨ। ਮੰਗ ਪੱਤਰ ਦਿੰਦੇ ਹੋਏ ਕਿਸਾਨਾਂ ਨੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਇਸ ਸਬੰਧੀ ਜੰਗਲਾਤ ਮਹਿਕਮੇਂ ਨੇ ਜਲਦੀ ਕਦਮ ਨਾ ਪੁੱਟੇ ਤਾਂ ਯੂਨੀਅਨ ਸਖਤ ਕਦਮ ਚੁੱਕਣ ਲਈ ਮਜਬੂਰ ਹੋਵੇਗੀ। ਮੰਗ ਪੱਤਰ ਦੇਣ ਮੌਕੇ ਵਫਦ ਵਿੱਚ ਮਨਪੀ੍ਰਤ ਸਿੰਘ ਘੁਲਾਲ ਜ਼ਿਲ੍ਹਾ ਜਨਰਲ ਸਕੱਤਰ, ਕਰਮਜੀਤ ਸਿੰਘ ਬੌਂਦਲੀ, ਜਗਮੋਹਨ ਸਿੰਘ ਬੌਂਦਲੀ, ਨੇਤਰ ਸਿੰਘ ਉਟਾਲਾਂ, ਮੇਜਰ ਸਿੰਘ ਉਟਾਲਾਂ, ਕੁਲਵੀਰ ਸਿੰਘ ਘੁਲਾਲ, ਭੋਲਾ ਸਿੰਘ ਸਹਿਜੋ ਮਾਜਰਾ, ਤਰਸੇਮ ਸਿੰਘ ਘੁਲਾਲ, ਮਨਵੀਰ ਸਿੰਘ ਮਾਦਪੁਰ, ਜਗਜੀਵਨ ਸਿੰਘ ਰੋਹਲੇ, ਨਛੱਤਰ ਸਿੰਘ ਰੋਹਲੇ, ਨਿਰਮਲ ਸਿੰਘ ਰੋਹਲੇ, ਮੰਗੀ ਰੋਹਲੇ, ਲਵਪ੍ਰੀਤ ਸਿੰਘ ਬਾਲਿਓਂ, ਘੁੱਲਾ ਸਿੰਘ ਬਾਲਿਓਂ ਆਦਿ ਹਾਜਰ ਸਨ।

LEAVE A REPLY

Please enter your comment!
Please enter your name here