
ਪਹਿਲਾ ਕਹਾਣੀਕਾਰ ਸੁਖਜੀਤ ਯਾਦਗਾਰੀ ਐਵਾਰਡ ‘ਕਹਾਣੀਕਾਰ ਕ੍ਰਿਪਾਲ ਕਜ਼ਾਕ ਨੂੰ
ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ 16 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ਸੁਖਜੀਤ ਯਾਦਗਾਰੀ ਸਮਾਗਮ –ਐਡਵੋਕੇਟ ਨਰਿੰਦਰ ਸ਼ਰਮਾ
ਸਮਰਾਲਾ, 12 ਫਰਵਰੀ ( ਵਰਿੰਦਰ ਸਿੰਘ ਹੀਰਾ)
ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸਭਾ ਦੇ ਬਾਨੀ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਯਾਦ ਨੂੰ ਸਮਰਪਿਤ ‘ਪਹਿਲਾ ਕਹਾਣੀਕਾਰ ਸੁਖਜੀਤ ਯਾਦਗਾਰੀ ਐਵਾਰਡ (2024-25)’ ਮਾਂ ਬੋਲੀ ਪੰਜਾਬੀ ਦੇ ਸਰ-ਬੁਲੰਦ ਮਲਵਈ ਪੁੱਤਰ ਕਿਰਪਾਲ ਕਜ਼ਾਕ ਨੂੰ 16 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਵਿਖੇ ਯਾਦਗਾਰੀ ਸਮਾਗਮ ਦੌਰਾਨ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ, ਜਨਰਲ ਸਕੱਤਰ ਯਤਿੰਦਰ ਕੌਰ ਮਾਹਲ ਅਤੇ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਕੰਗ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਗੁਰਭਜਨ ਸਿੰਘ ਗਿੱਲ, ਜੰਗ ਬਹਾਦਰ ਗੋਇਲ, ਗੀਤਕਾਰ ਸਮਸ਼ੇਰ ਸੰਧੂ, ਬਲਵਿੰਦਰ ਸਿੰਘ ਗਰੇਵਾਲ ਅਤੇ ਪ੍ਰਵੇਸ਼ ਸ਼ਰਮਾ ਕਰਨਗੇ। ਸਮਾਗਮ ਵਿੱਚ ਮੁੱਖ ਬੁਲਾਰੇ ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਡਾ. ਪਰਮਜੀਤ ਹੋਣਗੇ, ਜੋ ਕਹਾਣੀਕਾਰ ਸੁਖਜੀਤ ਦੇ ਸਾਹਿਤਕ ਜੀਵਨ ਸਬੰਧੀ ਗੱਲ ਕਰਨਗੇ। ਇਸ ਮੌਕੇ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਦੀਆਂ ਪੰਜਾਬੀ ਅਤੇ ਅੰਗਰੇਜ਼ੀ ਮਾਧਿਅਮ ਵਿੱਚ ਲਿਖੀਆਂ ਦੋ ਪੁਸਤਕਾਂ ‘ਸੁਖਜੀਤ ਦੀਆਂ ਕਹਾਣੀਆਂ ਪੜ੍ਹਦਿਆਂ’ ਲੋਕ ਅਰਪਣ ਕੀਤੀਆਂ ਜਾਣਗੀਆਂ। ਇਸ ਸਮਾਗਮ ਲਈ ਸਭਾ ਨਾਲ ਜੁੜੇ ਪ੍ਰਵਾਸੀ ਮੈਂਬਰ ਦਲਜਿੰਦਰ ਸਿੰਘ ਰਹਿਲ ਇਟਲੀ, ਨਵਦੀਪ ਸਿੰਘ ਕੈਨੇਡਾ ਅਤੇ ਬਲਵਿੰਦਰ ਸਿੰਘ ਚਾਹਲ ਇਟਲੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਐਡਵੋਕੇਟ ਨਰਿੰਦਰ ਸ਼ਰਮਾ ਨੇ ਇਲਾਕੇ ਦੀਆਂ ਸਮੂਹ ਸਾਹਿਤਕ ਸਭਾਵਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਕਹਾਣੀ ਜਗਤ ਦੇ ਸਿਰਮੌਰ ਕਹਾਣੀਕਾਰ ਦੀ ਯਾਦ ਵਿੱਚ ਕੀਤੇ ਜਾ ਰਹੇ ਸਨਮਾਨ ਸਮਾਰੋਹ ਵਿੱਚ ਹਾਜ਼ਰੀ ਭਰਨ।