
ਮਾਣਕੀ ’ਚ ਨਿਵੇਕਲਾ ਉਪਰਾਲਾ 70 ਰੁੱਖ ਲਗਾ ਕੇ ਜਨਮ ਦਿਨ ਮਨਾਇਆ
ਆਉਣ ਵਾਲੀਆਂ ਨਸਲਾਂ ਬਚਾਉਣੀਆਂ ਹਨ ਤਾਂ ਰੁੱਖ ਲਗਾਓ – ਧਰਮਵੀਰ ਸਿੰਘ
ਸਮਰਾਲਾ, 17 ਅਪ੍ਰੈਲ ( ਵਰਿੰਦਰ ਸਿੰਘ ਹੀਰਾ) ਨਜਦੀਕੀ ਪਿੰਡ ਮਾਣਕੀ ਵਿਖੇ ਗਰਾਮ ਪੰਚਾਇਤ ਅਤੇ ਨੌਜਵਾਨ ਸਭਾ ਵੱਲੋਂ ਬਦਲ ਰਹੇ ਵਾਤਾਵਰਨ ਨੂੰ ਸੰਭਾਲਣ ਦੇ ਉੱਦਮ ਵਜੋਂ ਸਮਾਜਸੇਵੀ ਨੌਜਵਾਨ ਧਰਮਵੀਰ ਸਿੰਘ ਬਾਠ ਦੇ ਜਨਮ ਦਿਨ ਮੌਕੇ ਪਿੰਡ ਵਿੱਚ 70 ਦੇ ਕਰੀਬ ਵੱਖ ਵੱਖ ਤਰ੍ਹਾਂ ਦੇ ਰੁੱਖ ਲਗਾਏ ਗਏ। ਪਿੰਡ ਦੀ ਨਵੀਂ ਚੁਣੀ ਪੰਚਾਇਤ ਅਤੇ ਨੌਜਵਾਨ ਸਭਾ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਪਿੰਡ ਵਿੱਚ ਪੰਚਾਇਤ ਮੈਂਬਰਾਂ ਅਤੇ ਨੌਜਵਾਨ ਸਭਾ ਦੇ ਮੈਂਬਰਾਂ ਦੇ ਜਨਮ ਦਿਨ ਮੌਕੇ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਗਰਮ ਹੋ ਰਹੇ ਵਾਤਾਵਰਨ ਨੂੰ ਠੱਲ ਪਾਈ ਜਾ ਸਕੇ। ਇਸ ਮੌਕੇ ਧਰਮਵੀਰ ਸਿੰਘ ਬਾਠ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਨ ਪੂਰੀ ਤਰ੍ਹਾਂ ਪਲੀਤ ਹੋ ਚੁੱਕਿਆ ਹੈ। ਇਸ ਲਈ ਮਨੁੱਖੀ ਹੋਂਦ ਨੂੰ ਬਚਾਉਣ ਲਈ ਬੂਟੇ ਲਗਾ ਕੇ ਉਨ੍ਹਾਂ ਦੀ ਪਾਲਣ ਪੋਸ਼ਣ ਕਰਨਾ ਅਤੀ ਜਰੂਰੀ ਹੈ। ਉਨ੍ਹਾਂ ਅੱਗੇ ਕਿਹਾ ਜੇਕਰ ਸਮਾਂ ਰਹਿੰਦੇ ਦਿਨੋ-ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੇਹੱਦ ਖਤਰਨਾਕ ਬਿਮਾਰੀ ਦੇ ਰੂਪ ਵਿੱਚ ਸਾਹਮਣਾ ਕਰਨਾ ਪਵੇਗਾ। ਇਸ ਲਈ ਅੱਜ ਦੇ ਸਮੇਂ ਵਿੱਚ ਹਰੇਕ ਮਨੁੱਖ ਨੂੰ ਆਪਣੇ ਜਨਮ ਦਿਨ ਮੌਕੇ ਹੋਰ ਖਰਚ ਕਰਨ ਨਾਲੋਂ ਆਪਣੇ ਆਲੇ ਦੁਆਲੇ ਦਰੱਖਤ ਲਗਾਉਣੇ ਚਾਹੀਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਹਾਦਰ ਸਿੰਘ ਸਾਬਕਾ ਸਰਪੰਚ, ਪੋਲਾ ਨੰਬਰਦਾਰ ਮਾਣਕੀ, ਗੁਰਜੋਤ ਸਿੰਘ ਪੰਚ, ਸਤਨਾਮ ਸਿੰਘ ਸੱਤੂ, ਸਿਮਰਨ ਮਾਣਕੀ ਆਦਿ ਤੋਂ ਇਲਾਵਾ ਪੰਚਾਇਤ ਮੈਂਬਰ ਅਤੇ ਨੌਜਵਾਨ ਸਭਾ ਦੇ ਅਹੁਦੇਦਾਰ ਅਤੇ ਮੈਂਬਰ ਹਾਜਰ ਸਨ।