
ਪਾਰਟੀ ਪ੍ਰਧਾਨ ਬਣਨ ਪਿੱਛੋਂ ਬਾਦਲ ਦੀ ਸਮਰਾਲਾ ’ਚ ਪਹਿਲੀ ਫੇਰੀ ਨੇ ਵਰਕਰਾਂ ਵਿੱਚ ਭਰਿਆ ਜੋਸ਼ ।
ਵਿਧਾਨ ਸਭਾ ਹਲਕਾ ਸਮਰਾਲਾ ਪੰਥਕ ਸੀਟ ਹੈ ਜੋ 2027 ਵਿੱਚ ਮੁੜ ਸ਼੍ਰੋਮਣੀ ਅਕਾਲੀ ਦਲ ਨੂੰ ਵਾਪਸ ਮਿਲੇਗੀ- ਪਰਮਜੀਤ ਸਿੰਘ ਢਿੱਲੋਂ
ਸਮਰਾਲਾ 16 ਅਪ੍ਰੈਲ ( ਵਰਿੰਦਰ ਸਿੰਘ ਹੀਰਾ)
ਸ਼੍ਰੋਮਣੀ ਅਕਾਲੀ (ਬਾਦਲ) ਦੇ ਲਗਤਾਰ ਚੌਥੀ ਵਾਰ ਪ੍ਰਧਾਨ ਬਣਨ ਪਿੱਛੋਂ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਸਮਰਾਲਾ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਪਾਈ ਪਹਿਲੀ ਫੇਰੀ ਨੇ ਹਲਕਾ ਸਮਰਾਲਾ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਵਿੱਚ ਨਵਾਂ ਜੋਸ਼ ਭਰ ਦਿੱਤਾ। ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਸਮਰਾਲਾ ਵਿਖੇ ਪਹੁੰਚੇ ਅਤੇ ਹਲਕੇ ਦੇ ਇਕੱਤਰ ਹੋਏ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਵਾਰਤਾਲਾਪ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਮਰਾਲਾ ਹਲਕੇ ਤੋਂ ਰਿਕਾਰਡ 35 ਹਜ਼ਾਰ ਤੋਂ ਉਪਰ ਪਾਰਟੀ ਮੈਂਬਰਸ਼ਿਪ ਪ੍ਰਾਪਤ ਹੋਈ, ਜਿਸ ਲਈ ਉਨ੍ਹਾਂ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੂੰ ਵਧਾਈ ਦਿੱਤੀ ਅਤੇ 2027 ਦੀਆਂ ਚੋਣਾਂ ਲਈ ਕਮਰਕੱਸੇ ਬੰਨਣ ਲਈ ਕਿਹਾ ਅਤੇ ਪੰਜਾਬ ਅੰਦਰ ਮੁੜ ਸ਼੍ਰੋਮਣੀ ਅਕਾਲੀ ਦਲ ਸੱਤਾ ਸੰਭਾਲੇਗਾ, ਕਿਉਂਕਿ ਪੰਜਾਬ ਅੰਦਰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਲੋਕਾਂ ਨੂੰ ਝੂਠੇ ਭਰਮ ਜਾਲ ਵਿੱਚ ਫਸਾ ਕੇ ਸੱਤਾ ਤੇ ਕਾਬਜ ਹੋਈ ਸੀ, ਦਾ ਪੰਜਾਬ ਦੇ ਸਮੁੱਚੇ ਲੋਕਾਂ ਵਿੱਚੋਂ ਮੋਹ ਭੰਗ ਹੋ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਖੇਤਰੀ ਪਾਰਟੀ ਹੈ ਜੋ ਸਦਾ ਪੰਜਾਬ ਦਾ ਭਲਾ ਲੋਚਦੀ ਰਹੀ ਹੈ ਅਤੇ ਪੰਜਾਬ ਦੇ ਹਿੱਤਾਂ ਪ੍ਰਤੀ ਕੰਮ ਕਰਦੀ ਹੈ। ਉਨ੍ਹਾਂ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੁਆਰਾ ਸਮਰਾਲਾ ਹਲਕੇ ਅੰਦਰ ਪਾਰਟੀ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਦੀ ਸਰਾਹਨਾ ਕੀਤੀ। ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਨੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਨ ਦੀ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਮਰਾਲਾ ਸੀਟ ਜੋ ਪੰਥਕ ਸੀਟ ਹੈ, ਮੁੜ ਸ਼੍ਰੋਮਣੀ ਅਕਾਲੀ ਦਲ ਕੋਲ ਹੀ ਆਵੇਗੀ ਅਤੇ ਸਮਰਾਲਾ ਹਲਕੇ ਦੇ ਸਮੂਹ ਅਹੁਦੇਦਾਰ ਅਤੇ ਵਰਕਰ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹੇ ਹਨ ਅਤੇ ਹਮੇਸ਼ਾਂ ਪਾਰਟੀ ਨਾਲ ਜੁੜੇ ਰਹਿਣਗੇ। ਬੀਤੇ ਦਿਨਾਂ ਦੌਰਾਨ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਅਹੁਦੇਦਾਰ ਪਾਰਟੀ ਵਿਰੁੱਧ ਚੱਲ ਰਹੇ ਹਨ, ਉਨ੍ਹਾਂ ਨੂੰ ਵੀ ਅਪੀਲ ਹੈ ਕਿ ਉਹ ਵੀ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਹੇਠ ਮੁੜ ਆਉਣ ਅਤੇ ਪਾਰਟੀ ਦੀ ਮਜਬੂਤੀ ਲਈ ਕਾਰਜ ਕਰਕੇ ਸ਼ੋਮਣੀ ਅਕਾਲੀ ਦਲ ਦਾ ਸਾਥ ਦੇਣ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋ੍ਰਮਣੀ ਅਕਾਲੀ ਦਲ ਹੋਰ ਮਜਬੂਤੀ ਨਾਲ ਕੰਮ ਕਰੇਗਾ ਜੋ ਪੰਜਾਬ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦੇ ਨਾਲ ਨਾਲ ਸਹੀ ਦਸ਼ਾ ਵੱਲ ਤੋਰੇਗਾ।