ਬੁੱਢੇ ਦਰਿਆ ਕਿਨਾਰੇ ਦੇ 7 ਪਿੰਡਾਂ ਦਾ ਗੰਦੇ ਪਾਣੀਆਂ ਦਾ ‘ਸੀਚੇਵਾਲ ਮਾਡਲ’ ਤਹਿਤ ਹੋਵੇਗਾ ਪ੍ਰਬੰਧ।
ਇਲਾਕੇ ਦੇ ਪਿੰਡਾਂ ਵੱਲੋਂ ਦਰਿਆ ਦੀ ਸਫਾਈ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ।
ਡੇਅਰੀਆਂ ਦਾ ਗੋਹਾ ਸੁੱਟਣ ਲਈ ਸਾਢੇ ਪੰਜ ਏਕੜ ਜ਼ਮੀਨ ਠੇਕੇ ‘ਤੇ ਲਈ ।
ਲੁਧਿਆਣਾ,1 ਫਰਵਰੀ ( ਵਰਿੰਦਰ ਸਿੰਘ ਹੀਰਾ ਬੁੱਢੇ ਦਰਿਆ ਦੇ ਉਪਰੀ ਹਿੱਸੇ ਦੇ ਜਿਹੜੇ 7 ਪਿੰਡਾਂ ਦਾ ਗੰਦਾ ਪਾਣੀ ਦਰਿਆ ਵਿੱਚ ਪੈ ਰਿਹਾ ਹੈ, ਉਸ ਨੂੰ ਰੋਕਣ ਵਾਸਤੇ ‘ਸੀਚੇਵਾਲ ਮਾਡਲ’ ਤਹਿਤ ਛੱਪੜ ਬਣਾਏ ਜਾਣਗੇ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜਿਹੜੇ ਅੱਠ ਪਿੰਡਾਂ ਦਾ ਗੰਦਾ ਪਾਣੀ ਬੁੱਢੇ ਦਰਿਆ ਨੂੰ ਪਲੀਤ ਕਰ ਰਿਹਾ ਹੈ ਉਨ੍ਹਾਂ ਪਿੰਡਾਂ ਦਾ ਪਾਣੀ ਖੇਤੀ ਨੂੰ ਲੱਗਦਾ ਕਰਨ ਲਈ ਉਥੇ ਸੀਚੇਵਾਲ ਮਾਡਲ-2 ਸਥਾਪਿਤ ਕੀਤਾ ਜਾਵੇਗਾ ਤੇ ਬੁੱਢੇ ਦਰਿਆ ਵਿੱਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਿਆ ਜਾਵੇਗਾ। ਇੰਨ੍ਹਾਂ ਪਿੰਡਾਂ ਵਿੱਚ ਭੂਖੜੀ ਕਲਾਂ, ਭੂਖੜੀ ਖੁਰਦ, ਖਾਸੀ ਕਲਾਂ, ਖਾਸੀ ਖੁਰਦ, ਲੱਖੋਵਾਲ, ਬੁੱਢੇਵਾਲ, ਧਨਾਸੂ ਅਤੇ ਤਾਜ਼ਪੁਰ ਸ਼ਾਮਿਲ ਹਨ। ਇੰਨ੍ਹਾਂ ਵਿੱਚੋ ਪਿੰਡ ਤਾਜ਼ਪੁਰ ਦਾ ਗੰਦਾ ਪਾਣੀ 225 ਐਮਐਲਡੀ ਟਰੀਟਪਲਾਂਟ ਵਿੱਚ ਪਾਇਆ ਜਾਵੇਗਾ।
ਇੰਨ੍ਹਾਂ ਪਿੰਡਾਂ ਸਮੇਤ ਆਲੇ-ਦੁਆਲੇ ਦੇ ਤੋਂ ਵੱਧ ਡੇਅਰੀਆਂ ਹਨ ਜਿੰਨ੍ਹਾਂ ਦਾ ਗੋਹਾ ਅਤੇ ਮੁਤਰਾਲ ਬੁੱਢੇ ਦਰਿਆ ਵਿੱਚ ਜਾ ਰਿਹਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਭੂਖੜੀ ਖੁਰਦ ਪਿੰਡ ਦੀ ਸਾਢੇ ਪੰਜ਼ ਏਕੜ ਜ਼ਮੀਨ ਗੋਹਾ ਸੁੱਟਣ ਲਈ ਠੇਕੇ ‘ਤੇ ਲਈ ਗਈ ਹੈ। ਉਨ੍ਹਾਂ ਡੇਅਰੀ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਉਕਤ ਜ਼ਮੀਨ ਵਿੱਚ ਬਿਨ੍ਹਾਂ ਰੋਕ ਟੋਕ ਗੋਹਾ ਸੁੱਟ ਸਕਦੇ ਹਨ। ਉਨ੍ਹਾਂ ਡੇਅਰੀ ਮਾਲਕਾਂ ਨੂੰ ਅਪੀਲ ਕੀਤੀ ਕਿ ਬੁੱਢੇ ਦਰਿਆ ਵਿੱਚ ਗੋਹਾ ਤੇ ਪਸ਼ੂਆਂ ਦਾ ਮਲਮੂਤਰ ਨਾ ਸੁੱਟਣ ਕਿਉਂਕਿ ਮਾਲਵੇ ਤੇ ਰਾਜਸਥਾਨ ਦੇ ਅੱਠ ਜ਼ਿਲਿਆਂ ਦੇ ਲੋਕ ਇਸ ਪਾਣੀ ਨੂੰ ਬਿਨ੍ਹਾਂ ਟਰੀਟ ਕੀਤਿਆ ਪੀ ਰਹੇ ਹਨ।
ਸੰਤ ਸੀਚੇਵਾਲ ਨਾਲ ਪਿੰਡ ਭੂਖੜੀ ਖੁਰਦ ਦੇ ਪੰਚਾਇਤ ਮੈਂਬਰ ਵੀ ਹਾਜ਼ਰ ਸਨ। ਪਿੰਡ ਦੇ ਲੋਕਾਂ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਇਸ ਇਲਾਕੇ ਦੇ ਲੋਕ ਤਾਂ ਪਲੀਤ ਹੋ ਚੁੱਕੇ ਬੁੱਢੇ ਦਰਿਆ ਦੇ ਮੁੜ ਸਾਫ ਹੋਣ ਦੀ ਉਮੀਦ ਛੱਡ ਚੁੱਕੇ ਸਨ ਪਰ ਹੁਣ ਉਨ੍ਹਾਂ ਨੂੰ ਪੱਕਾ ਯਾਕੀਨ ਹੋ ਗਿਆ ਹੈ ਕਿ ਬੁੱਢਾ ਦਰਿਆ ਦੀ ਪੁਰਾਣੀ ਸ਼ਾਨ ਬਹਾਲ ਹੋਵੇਗੀ। ਇੰਨ੍ਹਾਂ ਪਿੰਡਾਂ ਦੇ ਲੋਕਾਂ ਨੇ ਭਰੋਸਾ ਦਿੱਤਾ ਕਿ ਉਹ ਇਸ ਦਰਿਆ ਦੀ ਸਫਾਈ ਲਈ ਹਰ ਸੰਭਵ ਸਹਿਯੋਗ ਦੇਣਗੇ।