ਅਮਿੱਟ ਯਾਦਾਂ ਛੱਡ ਗਿਆ ‘ਪਹਿਲਾ ਕਹਾਣੀਕਾਰ ਸੁਖਜੀਤ ਯਾਦਗਾਰੀ ਐਵਾਰਡ’ ਸਮਾਗਮ।

ਸਾਹਿਤ ਸਭਾ ਸਮਰਾਲਾ ਵੱਲੋਂ ਕਹਾਣੀਕਾਰ ਕਿਰਪਾਲ ਕਜ਼ਾਕ ਨੂੰ ਸਾਹਿਤ ਪ੍ਰਤੀ ਕੀਤੀ ਘਾਲਣਾਵਾਂ ਬਦਲੇ ਦਿੱਤਾ ਗਿਆ ਪਹਿਲਾ ਸੁਖਜੀਤ ਯਾਦਗਾਰੀ ਐਵਾਰਡ।

ਸਮਰਾਲਾ, 18 ਫਰਵਰੀ ( ਵਰਿੰਦਰ ਸਿੰਘ ਹੀਰਾ ) ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸਭਾ ਦੇ ਬਾਨੀ ਚੇਅਰਮੈਨ ਕਹਾਣੀਕਾਰ ਸੁਖਜੀਤ ਯਾਦਗਾਰੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਸਰਵਸ੍ਰੀ ਐਡਵੋਕੇਟ ਨਰਿੰਦਰ ਸ਼ਰਮਾ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਜੰਗ ਬਹਾਦਰ ਗੋਇਲ, ਡਾ. ਗੁਰਨਾਮ ਕੌਰ, ਡਾ. ਸੁਰਜੀਤ ਸਿੰਘ, ਪਰਵੇਸ਼ ਸ਼ਰਮਾ, ਸ਼ਾਇਰ ਵਿਜੈ ਵਿਵੇਕ, ਡਾ. ਪਰਮਜੀਤ ਅਤੇ ਕਹਾਣੀ ਬਲਵਿੰਦਰ ਗਰੇਵਾਲ ਦੇ ਪ੍ਰਧਾਨਗੀ ਮੰਡਲ ਹੇਠ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਿਮਰਜੀਤ ਸਿੰਘ ਕੰਗ ਮੀਤ ਪ੍ਰਧਾਨ ਦੁਆਰਾ ਆਏ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆ ਆਖਿਆ। ਸਮਾਗਮ ਦੌਰਾਨ ਕਹਾਣੀ ਦੇ ਖੇਤਰ ਵਿੱਚ ਵਿਲੱਖਣ ਪੈੜਾਂ ਪਾਉਣ ਵਾਲੇ ਅਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ‘ਸੁਖਜੀਤ ਯਾਦਗਾਰੀ ਐਵਾਰਡ’ ਨਾਲ ਪੰਜਾਬੀ ਕਹਾਣੀ ਦੇ ਉੱਘੇ ਕਹਾਣੀਕਾਰ ਕਿਰਪਾਲ ਕਜ਼ਾਕ ਨੂੰ ਦਿੱਤਾ ਗਿਆ। ਸਨਮਾਨ ਵਿੱਚ ਇੱਕੀ ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਸਨਮਾਨ ਪੱਤਰ, ਸਨਮਾਨ ਚਿੰਨ੍ਹ ਅਤੇ ਲੋਈ ਭੇਟ ਕੀਤੀ ਗਈ। ਇਸ ਮੌਕੇ ਕਹਾਣੀਕਾਰ ਸੁਖਜੀਤ ਦੇ ਪਰਿਵਾਰ ਵਿੱਚੋਂ ਉਨ੍ਹਾਂ ਦੀ ਪਤਨੀ ਗੁਰਦੀਪ ਕੌਰ ਅਤੇ ਭਰਾ ਊਧਮ ਸਿੰਘ ਸ਼ਾਮਲ ਹੋਏ। ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਦੁਆਰਾ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਰਚਿਤ ਸਮੀਖਿਆਤਮਕ ਪੁਸਤਕਾਂ ‘ਸੁਖਜੀਤ ਦੀਆਂ ਕਹਾਣੀਆਂ ਪੜ੍ਹਦਿਆਂ’ ਭਰਵੇਂ ਇਕੱਠ ਵਿੱਚ ਲੋਕ ਅਰਪਣ ਕੀਤੀਆਂ ਗਈਆਂ। ਇਸੇ ਸਾਲ ਜੰਗ ਬਹਾਦਰ ਗੋਇਲ ਨੇ ਵੀ ਸੁਖਜੀਤ ਦੀ ਪੁਸਤਕ ‘ਮੈਂ ਜੈਸਾ ਹੂੰ, ਵੈਸਾ ਕਿਉਂ ਹੂੰ’ ਦਾ ਹਿੰਦੀ ਵਿੱਚ ਅਨੁਵਾਦ ਕੀਤਾ ਹੈ। ਸੁਖਜੀਤ ਦੀ ਲਿਖਣ ਪ੍ਰਕਿਰਿਆ ਅਤੇ ਸਖ਼ਸ਼ੀਅਤ ਬਾਰੇ ਬੋਲਦਿਆਂ ਗੁਰਭਜਨ ਗਿੱਲ ਨੇ ਕਿਹਾ ਸੁਖਜੀਤ ਜ਼ਿੰਦਗੀ ਦੇ ਹਰ ਖੇਤਰ ਵਿੱਚ ਲਕੀਰ ਖਿੱਚ ਕੇ ਕੰਮ ਕਰਨ ਵਾਲ ਵਿਅਕਤੀ ਸੀ, ਉਹ ਤਪੱਸਵੀ ਕਹਾਣੀਕਾਰ ਸੀ। ਕਿਰਪਾਲ ਕਜ਼ਾਕ ਨੇ ਵਿਚਾਰ ਪ੍ਰਗਟਾਉਂਦਿਆ ਕਿਹਾ ਕਿ ਲੇਖਕ ਲਈ ਸ਼ਬਦ ਸਾਧਨਾ ਬਹੁਤ ਜ਼ਰੂਰੀ ਹੈ। ਇਹ ਤੁਹਾਨੂੰ ਸਦੀਵੀਂ ਕਰਦੀ ਹੈ। ਮਿੱਟੀ ਵਿੱਚ ਮਿੱਟੀ ਬੀਜ ਕੇ ਕੁੱਛ ਪ੍ਰਾਪਤ ਨੀ ਕੀਤਾ ਜਾ ਸਕਦਾ। ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਨੇ ਸ੍ਰੋਤਿਆਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਸੁਖਜੀਤ ਦੀ ਵਿਲੱਖਣਤਾ ਇਹ ਹੈ ਕਿ ਉਹ ਅਨੁਭਵ ਉੱਤੇ ਅਧਿਐਨ ਕਰਦਿਆਂ, ਚਿੰਤਨ, ਮੰਥਨ ਕਰ ਅੰਤਰ ਅਨੁਸ਼ਾਸ਼ਨੀ ਵਿਧੀ ਰਾਹੀਂ ਕਹਾਣੀ ਸਿਰਜਦਾ ਹੈ। ਡਾ. ਪਰਮਜੀਤ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੁਖਜੀਤ ਦੀਆਂ ਕਹਾਣੀਆਂ ਡੇਰਾ ਸੱਭਿਆਚਾਰ, ਔਰਤਾਂ, ਸੱਤਾ ਅਤੇ ਮਨੁੱਖੀ ਮਨੋਵਿਗਿਆਨ ’ਤੇ ਪਕੜ ਰੱਖਦਿਆਂ ਮਿੱਥਾਂ ਨੂੰ ਤੋੜਦੀਆਂ ਨਵੇਂ ਸਵਰੂਪ ’ਚ ਅੱਗੇ ਵਧਦੀਆਂ ਹਨ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਾਰੀਆਂ ਸਖ਼ਸ਼ੀਅਤਾਂ ਨੇ ਸੁਖਜੀਤ ਦੀ ਸਮਰੱਥ, ਸਜੱਗ, ਸੁਚੇਤ, ਜੁਗਤੀ ਅਤੇ ਸਦਜੀਵੀ ਸਿਰਜਣਾ ਦੇ ਵੱਖ ਵੱਖ ਪਹਿਲੂਆਂ ’ਤੇ ਵਿਚਾਰ ਸਾਂਝੇ ਕੀਤੇ। ਉੱਘੇ ਸ਼ਾਇਰ ਵਿਜੇ ਵਿਵੇਕ ਨੇ ਸੁਖਜੀਤ ਨੂੰ ਸ਼ਰਧਾਂਜ਼ਲੀ ਦਿੰਦਿਆਂ ਆਪਣੀ ਬੇਮਿਸਾਲ ਸ਼ਾਇਰੀ ਨਾਲ ਸਭ ਨੂੰ ਸਰਸਾਰ ਕੀਤਾ। ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਡਾ. ਗੁਰਨਾਮ ਕੌਰ ਕੈਨੇਡਾ, ਗੁਰਭਗਤ ਸਿੰਘ, ਜਲੋਰ ਸਿੰਘ ਖੀਵਾ, ਸੁਰਿੰਦਰ ਰਾਮਪੁਰੀ, ਇੰਦਰਜੀਤ ਸਿੰਘ ਕੰਗ, ਡਾ. ਹਰਜਿੰਦਰਪਾਲ ਸਿੰਘ, ਸੰਦੀਪ ਸਮਰਾਲਾ, ਰਵੀਇੰਦਰ ਸਿੰਘ ਮੱਕੜ ਪੀ. ਆਰ. ਓ., ਅਮਨਦੀਪ ਸਮਰਾਲਾ, ਤਰਨ ਬੱਲ, ਦੀਪ ਦਿਲਬਰ, ਅਨਿਲ ਫਤਹਿਗੜ੍ਹ ਜੱਟਾਂ, ਐਡਵੋਕਟ ਪਰਮਜੀਤ ਸਿੰਘ ਖੰਨਾ, ਐਡਵੋਕੇਟ ਜਸਪ੍ਰੀਤ ਸਿੰਘ, ਬਲਵੰਤ ਸਿੰਘ ਮਾਂਗਟ, ਸੁਰਜੀਤ ਸੁਮਨ, ਜਤਿੰਦਰ ਸਿੰਘ ਹਾਂਸ ਕਹਾਣੀਕਾਰ, ਜਸਵੀਰ ਰਾਣਾ ਅਮਰਗੜ੍ਹ, ਗੁਰਨਾਮ ਸਿੰਘ ਬਿਜਲੀ, ਦਰਸ਼ਨ ਸਿੰਘ ਕੰਗ, ਜੁਆਲਾ ਸਿੰਘ ਥਿੰਦ, ਦਰਸ਼ਪ੍ਰੀਤ ਸਿੰਘ, ਕਮਲ ਕਿਸ਼ੋਰ ਮਾਛੀਵਾੜਾ, ਰੁਪਿੰਦਰ ਰੁਪਾਲ ਕੌਲਗੜ੍ਹ, ਮਨਜੀਤ ਘਣਗਸ, ਪ੍ਰੇਮ ਨਾਥ, ਹਰਬੰਸ ਸਿੰਘ ਰਾਏ, ਜਗਦੀਸ਼, ਐਡਵੋਕੇਟ ਗਗਨਦੀਪ ਸ਼ਰਮਾ, ਹਰਜਿੰਦਰ ਸਿੰਘ ਗੋਪਾਲੋਂ, ਜੋਰਵਰ ਸਿੰਘ ਪੰਛੀ ਦਲੀਪ ਸਿੰਘ, ਵਿਜੈ ਕੁਮਾਰ ਸ਼ਰਮਾ ਪ੍ਰਧਾਨ ਅਧਿਆਪਕ ਚੇਤਨਾ ਮੰਚ, ਲਖਵਿੰਦਰਪਾਲ ਸਿੰਘ ਖਾਲਸਾ, ਕੁਲਵਿੰਦਰ ਸਿੰਘ ਮਾਨੂੰਪੁਰ, ਡਾ. ਸੁਖਪਾਲ ਕੌਰ, ਰਮਨਦੀਪ ਖਮਾਣੋਂ, ਹਰਪਿੰਦਰ ਸ਼ਾਹੀ, ਦਵਿੰਦਰ ਸਿੰਘ ਗਰੇਵਾਲ, ਕਮਲਜੀਤ ਸਿੰਘ ਨੀਲੋਂ ਸ਼੍ਰੋਮਣੀ ਬਾਲ ਪੁਰਸਕਾਰ ਵਿਜੇਤਾ, ਹਰਮਿੰਦਰ ਕਾਲੜਾ, ਮਨਜੀਤ ਘਣਗਸ, ਆਤਮਾ ਸਿੰਘ ਕੋਟਾਲਾ, ਸੰਤੋਖ ਸਿੰਘ, ਅਮਰੀਕ ਸਿੰਘ ਸਾਗੀ, ਸੰਤ ਸਿੰਘ ਸੋਹਲ ਆਦਿ ਤੋਂ ਇਲਾਵਾ ਇਲਾਕੇ ਦੀਆਂ ਵੱਖ ਵੱਖ ਸਭਾਵਾਂ ਦੇ ਨੁਮਾਇੰਦੇ ਹਾਜਰ ਸਨ। ਅਖੀਰ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਹਾਜ਼ਰ ਸ੍ਰੋਤਿਆਂ, ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਕਹਾਣੀਕਾਰ ਯਤਿੰਦਰ ਕੌਰ ਮਾਹਲ ਜਨਰਲ ਸਕੱਤਰ ਵੱਲੋਂ ਮੰਚ ਸੰਚਾਲਨ ਦਾ ਕਾਰਜ ਬਾਖੂਭੀ ਨਿਭਾਇਆ ਗਿਆ।

LEAVE A REPLY

Please enter your comment!
Please enter your name here