ਪਾਵਰਕਾਮ ਪੈਨਸ਼ਨਰਜ਼ ਵੱਲੋਂ ਮਾਸਿਕ ਮੀਟਿੰਗ ਦੌਰਾਨ ਭਵਿੱਖੀ ਸੰਘਰਸ਼ਾਂ ਦੀ ਰੂਪਰੇਖਾ ਉਲੀਕੀ ।
ਜੇਕਰ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਇਸਦਾ ਹਸ਼ਰ ਵੀ ਦਿੱਲੀ ਵਾਲਾ ਹੋਵੇਗਾ – ਸਕਿੰਦਰ ਸਿੰਘ ਪ੍ਰਧਾਨ
ਸਮਰਾਲਾ, 10 ਫਰਵਰੀ ( ਵਰਿੰਦਰ ਸੀਂ ਹੀਰਾ )
ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸਕਿੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਮੇਨ ਚੌਂਕ ਸਮਰਾਲਾ ਵਿਖੇ ਹੋਈ। ਜਿਸ ਵਿੱਚ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਮਸਲਿਆਂ ਤੇ ਆਉਣ ਵਾਲੇ ਸੰਘਰਸ਼ਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ। ਮੀਟਿੰਗ ਦੇ ਸ਼ੁਰੂ ਹੋਣ ਤੇ ਵਿਛੜ ਗਏ ਸਾਥੀਆਂ/ਪਰਿਵਾਰਕ ਮੈਂਬਰਾਂ ਵਿੱਚ ਗੁਰਚਰਨ ਕੌਰ ਢਿੱਲੋਂ ਪਤਨੀ ਸਵ: ਦਲਜੀਤ ਸਿੰਘ ਢਿੱਲੋਂ ਸਾਬਕਾ ਡਿਪਟੀ ਚੀਫ ਇੰਜੀ:, ਸੁਰਿੰਦਰ ਗੁਪਤਾ ਦੀ ਮਾਤਾ ਪੁਸ਼ਪਾ ਦੇਵੀ, ਪ੍ਰੇਮ ਕੁਮਾਰ ਲਾਈਨਮੈਨ ਸਮਰਾਲਾ ਦੀ ਭਰਜਾਈ, ਚਰਨਜੀਤ ਸਿੰਘ ਲਖਣਪੁਰ, ਰਾਕੇਸ਼ ਕੁਮਾਰ ਮਾਛੀਵਾੜਾ ਦੀ ਵੱਡੀ ਭਰਜਾਈ ਅਤੇ ਵੱਡਾ ਭਰਾ ਦੀ ਬੇਵਕਤੀ ਮੌਤ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਸਕਿੰਦਰ ਸਿੰਘ ਪ੍ਰਧਾਨ ਨੇ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜੋ ਵਾਰ ਵਾਰ ਪੈਨਸ਼ਨਰਾਂ ਨੂੰ ਮੀਟਿੰਗਾਂ ਲਈ ਸਮਾਂ ਦੇ ਕੇ ਮੁਕਰ ਰਹੇ ਹਨ ਅਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਜਿਨ੍ਹਾਂ ਵਿੱਚ ਪੇ ਕਮਿਸ਼ਨ ਦੀ ਸਿਫਾਰਸ਼ ਅਨੁਸਾਰ 31- 12-2015 ਤੋਂ ਪਹਿਲਾਂ ਦੇ ਰਿਟਾਇਰ ਹੋਏ ਪੈਨਸ਼ਨਰਾਂ ਨੂੰ 2.59 ਦੇ ਫਾਰਮੂਲੇ ਅਨੁਸਾਰ ਪੈਨਸ਼ਨ ਦੀ ਸੁਧਾਈ ਕਰਨਾ, ਮੈਡੀਕਲ ਕੈਸ਼ਲੈਸ ਸਕੀਮ ਚਾਲੂ ਕਰਨਾ, ਪੇ ਸਕੇਲ ਦੇ ਬਕਾਏ ਦੇਣੇ, ਮੈਡੀਕਲ ਭੱਤਾ 2000 ਕਰਨਾ, ਡੀ. ਏ. ਦੀਆਂ ਪੈਡਿੰਗ ਕਿਸਤਾਂ ਜਾਰੀ ਕਰਨਾ ਅਤੇ ਏਰੀਅਰ ਦੇਣਾ, ਬਿਜਲੀ ਵਰਤੋਂ ਵਿੱਚ ਰਿਆਇਤ ਦੇਣ ਸਬੰਧੀ ਆਦਿ ਮੰਗਾਂ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਰਕਾਰ ਦਾ ਇਹੀ ਵਤੀਰਾ ਜਾਰੀ ਰਿਹਾ ਤਾਂ ਭਵਿੱਖ ਵਿੱਚ ਪੰਜਾਬ ਬਾਡੀ ਵੱਲੋਂ ਉਲੀਕੇ ਗਏ ਸੰਘਰਸ਼ਾਂ ਦੇ ਰੂਪ ਵਿੱਚ ਮਾਰਚ ਮਹੀਨੇ ਵਿੱਚ ਸੂਬਾ ਪੱਧਰੀ ਧਰਨਾ ਪਟਿਆਲਾ ਵਿਖੇ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਮਹੀਨੇ ਬਾਕੀ ਜਥੇਬੰਦੀਆਂ ਨਾਲ ਮਿਲ ਕੇ ਸਾਂਝੇ ਰੂਪ ਵਿੱਚ ਸਥਾਨਕ ਵਿਧਾਇਕਾਂ ਨੂੰ ਮੰਗਾਂ ਪ੍ਰਤੀ ਮੰਗ ਪੱਤਰ ਦਿੱਤੇ ਜਾਣਗੇ ਅਤੇ ਸਮਰਾਲਾ ਮੰਡਲ ਦੀ ਚੋਣ 13 ਮਾਰਚ ਨੂੰ ਸਵੇਰੇ 9:00 ਵਜੇ ਘੁਲਾਲ ਮੰਡਲ ਵਿਖੇ ਹੋਵੇਗੀ। ਇਸ ਚੋਣ ਦੌਰਾਨ 75 ਸਾਲ ਦੇ ਪੁਰਸ਼ ਅਤੇ 73 ਸਾਲ ਦੀਆਂ ਔਰਤਾਂ ਜੋ ਜਥੇਬੰਦੀ ਦੇ ਮੈਂਬਰ ਹਨ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸਦੀ ਕਟ ਆਫ ਡੇਟ 31 ਦਸੰਬਰ 2025 ਤੱਕ ਰੱਖੀ ਗਈ। ਇਸ ਲਈ ਅਗਲੇ ਮਹੀਨੇ ਦੀ ਮਾਸਿਕ ਮੀਟਿੰਗ 13 ਮਾਰਚ ਨੂੰ ਹੀ ਘੁਲਾਲ ਵਿਖੇ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਾਰਚ ਮਹੀਨੇ ਦੌਰਾਨ ਸਰਕਲ ਅਤੇ ਸੂਬਾ ਪੱਧਰੀ ਚੋਣਾਂ ਵੀ ਮੁਕੰਮਲ ਕੀਤੀਆਂ ਜਾਣਗੀਆਂ। ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਪ੍ਰਮੁੱਖ ਤੌਰ ਤੇ ਇੰਜ: ਪ੍ਰੇਮ ਸਿੰਘ ਸਾਬਕਾ ਐਸ. ਡੀ. ਓ., ਰਜਿੰਦਰ ਪਾਲ ਵਡੇਰਾ ਸਾਬਕਾ ਡਿਪਟੀ ਸੀ. ਏ. ਓ., ਇੰਜ: ਦਰਸ਼ਨ ਸਿੰਘ ਖਜਾਨਚੀ, ਜਗਤਾਰ ਸਿੰਘ ਪ੍ਰੈਸ ਸਕੱਤਰ, ਪ੍ਰੇਮ ਕੁਮਾਰ ਸਰਕਲ ਆਗੂ, ਭੁਪਿੰਦਰਪਾਲ ਸਿੰਘ ਚਹਿਲਾਂ, ਸੁਰਜੀਤ ਵਿਸ਼ਾਦ, ਹਰਪਾਲ ਸਿੰਘ ਸਿਹਾਲਾ, ਪ੍ਰੇਮ ਚੰਦ ਭਲਾ ਲੋਕ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਇੰਜ: ਪ੍ਰੇਮ ਸਿੰਘ ਸਾਬਕਾ ਐਸ. ਡੀ. ਓ. ਵੱਲੋਂ ਬਾਖੂਬੀ ਨਿਭਾਈ ਗਈ। ਅਖੀਰ ਵਿੱਚ ਸਿਕੰਦਰ ਸਿੰਘ ਮੰਡਲ ਪ੍ਰਧਾਨ ਨੇ ਮੀਟਿੰਗ ਵਿੱਚ ਆਏ ਪੈਨਸ਼ਨਰਜ਼ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਸਮਰਾਲਾ ਮੰਡਲ ਦੇ ਸਮੂਹ ਪੈਨਸ਼ਨਰਾਂ ਵਿਸ਼ੇਸ਼ ਕਰਕੇ ਔਰਤ ਮੈਂਬਰਾਂ ਨੂੰ ਅਪੀਲ ਕੀਤੀ ਕਿ 13 ਮਾਰਚ ਨੂੰ ਘੁਲਾਲ ਵਿਖੇ ਹੋਣ ਵਾਲੀ ਚੋਣ ਅਤੇ ਸਨਮਾਨ ਸਮਾਰੋਹ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੈਨਸ਼ਨਰਾਂ ਦੀਆਂ ਜਾਇਜ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਸਰਕਾਰ ਦਾ ਹਸ਼ਰ ਵੀ ਦਿੱਲੀ ਵਾਲਾ ਹੋਵੇਗਾ।

LEAVE A REPLY

Please enter your comment!
Please enter your name here