
ਪੋਈਨਰ ਮੱਕੀ ਦੇ ਬੀਜ ਦੀ ਥੁੜ੍ਹ ਕਾਰਨ ਪੰਜਾਬ ਵਿੱਚ ਮੱਚੀ ਹਾਹਾ-ਕਾਰ, ਸਰਕਾਰ ਤੇ ਖੇਤੀਬਾੜੀ ਮਹਿਕਮਾ ਖਮੋਸ਼ – ਮਨਜੀਤ ਸਿੰਘ ਢੀਂਡਸਾ
ਸਮਰਾਲਾ, 18 ਫਰਵਰੀ ( ਵਰਿੰਦਰ ਸਿੰਘ ਹੀਰਾ) ਪੰਜਾਬ ਵਿੱਚ ਆਲੂ ਦੀ ਫਸਲ ਤੋਂ ਬਾਅਦ ਫਰਵਰੀ ਦੇ ਪਹਿਲੇ ਹਫਤੇ ਤੋਂ ਮੱਕੀ ਦੀ ਬਿਜਾਈ ਸ਼ੁਰੂ ਹੋਈ ਨੂੰ 15 ਦਿਨਾਂ ਦਾ ਸਮਾਂ ਬੀਤ ਚੁੱਕਾ ਹੈ। ਕਿਸੇ ਵੀ ਬੀਜ ਵਿਕਰੇਤਾ ਕੋਲ ਅਜੇ ਤੱਕ ਮੱਕੀ ਦੇ ਬੀਜ ਦੀ ਸਪਲਾਈ ਨਹੀਂ ਆਈ, ਜਿਸ ਕਾਰਨ ਪੂਰੇ ਪੰਜਾਬ ਦੇ ਕਿਸਾਨਾਂ ਵਿੱਚ ਹਾਹਾਕਾਰ ਮੱਚੀ ਪਈ ਹੈ। ਇਸ ਗੱਲ ਦਾ ਖੁਲਾਸਾ ਮਨਜੀਤ ਸਿੰਘ ਢੀਂਡਸਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਲੁਧਿਆਣਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇੱਕ ਦੋ ਪ੍ਰਤੀਸ਼ਤ ਬੀਜ 1899, 1890 ਅਤੇ 1844 ਵਗੈਰਾ ਆਇਆ। ਵੱਡੇ ਜਿਮੀਂਦਾਰ ਆਪਣੀ ਲੋੜ ਅਨੁਸਾਰ ਪਹਿਲਾਂ ਬੀਜ ਖਰੀਦ ਕੇ ਰੱਖ ਲੈਂਦੇ ਹਨ, ਛੋਟੇ ਕਿਸਾਨ ਕੋਲ ਐਨੀ ਪੂੰਜੀ ਨਹੀਂ ਹੁੰਦੀ ਕਿ ਉਹ ਐਡਵਾਂਸ ਵਿੱਚ ਬੀਜ ਖਰੀਦ ਸਕਣ, ਜਿਸ ਕਾਰਨ ਉਹ ਬੀਜ ਤੋਂ ਵਾਂਝੇ ਰਹਿ ਜਾਂਦੇ ਹਨ। ਬਜ਼ਾਰ ਵਿੱਚ ਹੋਰ ਵਰਾਇਟੀਆਂ ਦੇ ਬੀਜ ਮਿਲ ਰਹੇ ਹਨ। ਉਸਦੀ ਕੀਮਤ ਵੀ ਜਿਆਦਾ ਹੈ। ਉਸਦਾ ਝਾੜ ਵੀ ਘੱਟ ਹੈ ਅਤੇ ਰੰਗ ਰੂਪ ਅਤੇ ਦਾਣੇ ਦੀ ਸਹੀ ਬਨਾਵਟ ਨਾ ਹੋਣ ਕਾਰਨ ਵਿਕਰੀ ਮੌਕੇ ਖਰੀਦ ਫਸਲ ਦੂਜੇ ਬੀਜਾਂ ਨਾਲੋਂ ਤਕਰਬੀਨ 50 ਤੋਂ 100 ਰੁਪਏ ਤੱਕ ਰੇਟ ਘੱਟ ਵਿਕਦੀ ਹੈ। ਜਿਸ ਨਾਲ ਕਿਸਾਨਾਂ ਨੂੰ ਬਹੁਤ ਘਾਟਾ ਪੈਦਾ ਹੈ। ਸਰਕਾਰ ਦਾ ਖੇਤੀਬਾੜੀ ਮਹਿਕਮਾ ਕੁੰਬਕਰਨੀ ਨੀਂਦ ਸੁੱਤਾ ਪਿਆ ਹੈ। ਨਾ ਹੀ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿ ਕੇ ਆਪਣਾ ਪੱਲਾ ਝਾੜ ਰਹੇ ਹਨ ਕਿ ਇਹ ਬੀਜ ਸਾਨੂੰ ਦੱਖਣੀ ਰਾਜਾਂ ਵਿੱਚੋਂ ਆਉਂਦਾ ਹੈ। ਜੇਕਰ ਸਰਕਾਰ, ਖੇਤੀਬਾੜੀ ਯੂਨੀਵਰਸਿਟੀਆਂ ਅਤੇ ਖੇਤੀਬਾੜੀ ਮਹਿਕਮੇ ਦਾ ਪਹਿਲਾ ਧਿਆਨ ਦਿੱਤਾ ਹੁੰਦਾ ਤਾਂ ਅੱਜ ਤੱਕ ਕਿਸਾਨ ਦੀ ਮੱਕੀ ਦੀ ਅਗੇਤੀ ਬਿਜਾਈ 50 ਪ੍ਰਤੀਸ਼ਤ ਤੋਂ ਵੱਧ ਨਿਪਟ ਜਾਣੀ ਸੀ। ਹੁਣ ਕਿਸਾਨ ਇਸ ਘਾਟ ਕਾਰਨ ਘਟੀਆ ਕੁਆਲਟੀ ਅਤੇ ਘੱਟ ਝਾੜ ਵਾਲੇ ਬੀਜ ਬੀਜਣ ਲਈ ਮਜ਼ਬੂਰ ਹਨ। ਜਿਸ ਨਾਲ ਕਿਸਾਨਾਂ ਦਾ ਬਹੁਤ ਜਿਆਦਾ ਆਰਥਿਕ ਪੱਖੋਂ ਨੁਕਸਾਨ ਵੀ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਮੱਕੀ ਦੀ ਫਸਲ ਲੇਟ ਹੁੰਦੀ ਹੈ ਅਤੇ ਜੀਰੀ ਦਾ ਕੰਮ ਵੀ ਲੇਟ ਹੋਵੇਗਾ, ਅੱਗੇ ਮੌਸਮ ਸਿੱਲਾ ਹੋਣ ਕਾਰਨ ਫਿਰ ਜੀਰੀ ਦੀ ਵਿਕਰੀ ਉਪਰ ਵੀ ਅਸਰ ਪਵੇਗਾ। ਕਿਸਾਨਾਂ ਦਾ ਪਿਛਲੇ ਸੀਜਨ ਵਿੱਚ ਵੀ ਧਾਨਾਂ ਦੀ ਕਾਟ ਨਾਲ ਬਹੁਤ ਨੁਕਸਾਨ ਹੋ ਚੁੱਕਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਪੰਜਾਬ ਦੀ ਕਿਰਸਾਨੀ ਨੂੰ ਬਚਾਉਣ ਲਈ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।