
ਖੇਤੀ ਮੰਡੀ ਖਰੜਾ, ਫਸਲਾਂ ਲੁੱਟਣ ਦਾ ਮਸੌਦਾ ਰੋਕਣ ਲਈ ਆਵਾਜ਼ ਉਠਾਉਣ ਦਾ ਸੱਦਾ- ਲੋਕ ਮੋਰਚਾ ਪੰਜਾਬ
ਸਮਰਾਲਾ, 31 ਮਾਰਚ ( ਵਰਿੰਦਰ ਸਿੰਘ ਹੀਰਾ) ਲੋਕ ਮੋਰਚਾ ਪੰਜਾਬ ਵੱਲੋਂ ਕਸਬਾ ਡੇਹਲੋਂ (ਲੁਧਿਆਣਾ) ਵਿਖੇ ਸੰਘਰਸ਼ਸ਼ੀਲ ਕਿਸਾਨਾਂ, ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ, ਅਧਿਆਪਕਾਂ, ਨੌਜਵਾਨਾਂ ਨਾਲ ਮੀਟਿੰਗ ਕੀਤੀ ਗਈ ਅਤੇ ਬਜ਼ਾਰ ਤੋਂ ਬੱਸ ਅੱਡੇ ਤੱਕ ਮਾਰਚ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਲੋਕ ਮੋਰਚਾ ਪੰਜਾਬ (ਸਮਰਾਲਾ) ਦੇ ਆਗੂ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਹਕੂਮਤ ਦੁਆਰਾ ਭੇਜੇ ਖੇਤੀ ਮੰਡੀਕਰਨ ਦੇ ਖਰੜੇ ਦੀ ਲੋਕ ਦੋਖੀ ਖ਼ਸਲਤ ਉਭਾਰੀ ਗਈ ਤੇ ਖਰੜਾ ਰੱਦ ਕਰਨ ਦੀ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਗਿਆ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਇਹ ਖਰੜਾ ਭਾਵੇਂ ਪੰਜਾਬ ਵਿਧਾਨ ਸਭਾ ਨੇ ਰੱਦ ਕਰ ਦਿੱਤਾ ਹੈ ਪਰ ਇਹ ਕੇਂਦਰ ਦਾ ਹੈ ਤੇ ਉਹ ਇਸ ਨੂੰ ਲਾਗੂ ਕਰਨ ਲਈ ਕਾਹਲੀ ਵਿੱਚ ਹੈ। ਇਹ ਖਰੜਾ ਸਰਕਾਰੀ ਮੰਡੀਆਂ ਦੀ ਥਾਂ ਦੇਸੀ ਵਿਦੇਸ਼ੀ ਕੰਪਨੀਆਂ ਦੇ ਸਾਇਲੋ ਤੇ ਕੋਲਡ ਸਟੋਰਾਂ ਨੂੰ ਹੀ ਮੰਡੀਆਂ ਬਣਾਉਣ ਅਤੇ ਕੰਪਨੀਆਂ ਨੂੰ ਖੇਤ ’ਚੋਂ ਸਿੱਧੀ ਖ਼ਰੀਦ ਕਰਨ ਦੀ ਖੁੱਲ੍ਹ ਦੇਣ ਦਾ ਹੁਕਮਨਾਮਾ ਹੈ ਜੋ ਸਟੋਰ ਕਰਨ ਤੇ ਵੇਚਣ ਦੇ ਅਧਿਕਾਰ ਦਿੰਦਾ ਹੈ। ਅੰਬਾਨੀਆਂ, ਅਡਾਨੀਆਂ ਤੋਂ ਬੇਹੱਦ ਵੱਡੀਆਂ ਵਿਦੇਸ਼ੀ ਕੰਪਨੀਆਂ ਦਾ ਦੁਨੀਆਂ ’ਚ ਅਨਾਜ ਵਪਾਰ ਦੇ 70 ਪ੍ਰਤੀਸ਼ਤ ਉੱਤੇ ਕਬਜ਼ਾ ਹੈ। ਇਹਨਾਂ ਕੋਲ ਆਪਣੇ ਹੀ ਜਹਾਜ਼, ਸ਼ਿੱਪ, ਰੇਲਾਂ ਤੇ ਟਰੱਕ ਹਨ। ਨੋਟਾਂ ਦੇ ਢੇਰ ਹਨ।
ਸੂਬਾ ਸਕੱਤਰ ਨੇ ਅੱਗੇ ਕਿਹਾ ਕਿ ਖਰੜੇ ਦੇ ਲਾਗੂ ਹੋਣ ਦਾ ਮਤਲਬ ਕਿਸਾਨਾਂ ਦੀ ਫਸਲ ਦੀ ਲੁੱਟ ਤੇ ਮੰਡੀਆਂ ਵਿੱਚੋਂ ਮੁਲਾਜ਼ਮਾਂ ਤੇ ਮਜ਼ਦੂਰਾਂ ਦੀ ਛਾਂਟੀ ਹੋਵੇਗੀ। ਖੇਤੀ ਪੈਦਾਵਾਰ ਕੌਡੀਆਂ ਦੇ ਭਾਅ ਲੁੱਟੀ ਜਾਣੀ ਹੈ। ਖੁੰਘਲ ਹੋਈ ਕਿਸਾਨੀ ਸੂਦਖੋਰੀ ਕਰਜ਼ੇ ਦੇ ਤੰਦੂਏ ਜਾਲ ਵਿੱਚ ਫਸ ਜਾਣ ਦੇ ਹਾਲਤ ਬਣੇਗੀ। ਗਰੀਬੀ ਮਾਰੀ ਕਿਸਾਨੀ ਜ਼ਮੀਨਾਂ ਵੇਚਣ ਲਈ ਸਰਾਪੀ ਜਾਵੇਗੀ। ਜਨਤਕ ਵੰਡ ਪ੍ਰਣਾਲੀ ਦਾ ਪੂਰੀ ਤਰ੍ਹਾਂ ਗਲ਼ ਘੁੱਟਿਆ ਜਾਵੇਗਾ। ਮੰਡੀਆਂ ਵਿੱਚ ਕੰਮ ਕਰਦੇ ਪੱਲੇਦਾਰ ਮਜ਼ਦੂਰ ਬੇਰੁਜ਼ਗਾਰੀ ਮੂੰਹ ਧੱਕੇ ਜਾਣਗੇ। ਖਰੀਦ ਏਜੰਸੀਆਂ ਦੀ ਸਫ ਲਪੇਟੀ ਜਾਵੇਗੀ। ਨੌਜਵਾਨਾਂ ਵਿਚ ਬੇਰੁਜ਼ਗਾਰਾਂ ਦੀ ਨਫ਼ਰੀ ਵਧੇਗੀ। ਖੇਤੀ ਪੈਦਾਵਾਰ ਨਾਲ ਜੁੜੇ ਕਰੋੜਾਂ ਕਾਰੋਬਾਰੀਆਂ ਦੇ ਕਾਰੋਬਾਰ ਉਖੜਨਗੇ। ਟਰੱਕਾਂ ਵਾਲਿਆਂ ਦੇ ਕਿੱਤੇ ’ਤੇ ਵੀ ਮਾੜਾ ਅਸਰ ਪਵੇਗਾ। ਘੱਟ ਤਨਖਾਹਾਂ ਵਾਲੇ ਠੇਕਾ ਮੁਲਾਜ਼ਮ ਹੋਰ ਵਧੇਰੇ ਗਰੀਬੀ ਮੂੰਹ ਧੱਕੇ ਜਾਣਗੇ। ਪ੍ਰਚੂਨ ਖੇਤਰ ਵਿੱਚ ਇਹਨਾਂ ਦੇ ਆਉਣ ਨਾਲ ਅਨੇਕਾਂ ਦੁਕਾਨਾਂ ਨੂੰ ਤਾਲੇ ਲੱਗ ਜਾਣ ਦੀ ਨੌਬਤ ਆ ਜਾਣੀ ਹੈ। ਪਹਿਲਾਂ ਖੁੱਲੇ ਮਾਲਾਂ ਨੇ ਬਥੇਰੀ ਮਾਰ ਮਾਰੀ ਹੈ। ਦੂਜੇ ਪਾਸੇ ਕੰਪਨੀਆਂ ਖੇਤੀ ਪੈਦਾਵਾਰ ਨੂੰ ਮਨ ਆਏ ਭਾਅ ਖਰੀਦ ਕਰਨਗੀਆਂ ਤੇ ਮਨ ਚਾਹੇ ਭਾਅ ਵੇਚਣਗੀਆਂ। ਮਾਇਆ ਦੇ ਢੇਰ ਹੋਰ ਵੱਡੇ ਕਰ ਲੈਣਗੀਆਂ।
ਇਕੱਤਰਤਾ ਦੇ ਅੰਤ ’ਤੇ ਸਕੱਤਰ ਨੇ ਇਕੱਤਰ ਹੋਏ ਲੋਕਾਂ ਨੂੰ ਇਸ ਖਰੜੇ ਨੂੰ ਰੱਦ ਕਰਾਉਣ ਤੇ ਮੰਡੀਆਂ ’ਚ ਲੋਕ ਪੱਖੀ ਸੁਧਾਰ ਕਰਵਾਉਣ ਲਈ ਵਿਸ਼ਾਲ ਏਕਾ ਤੇ ਮਜ਼ਬੂਤ ਸੰਘਰਸ਼ ਦੇ ਅਖਾੜੇ ਭਖਾਉਣ ਦੀ ਲੋੜ ਨੂੰ ਭਰਵਾਂ ਹੁੰਗਾਰਾ ਭਰਨ ਦਾ ਸੱਦਾ ਦਿੱਤਾ ਹੈ। ਖੇਤੀ ਦੀ ਤਰੱਕੀ ਵਾਸਤੇ ਵੱਡੇ ਜਗੀਰਦਾਰਾਂ ਤੇ ਕਾਰਪੋਰੇਟਾਂ ਨੂੰ ਸਿੱਧੇ ਮੋਟੇ ਟੈਕਸ ਲਾਏ ਜਾਣੇ ਚਾਹੀਦੇ ਹਨ। ਬਜ਼ਟਾਂ ਦਾ ਵੱਡਾ ਹਿੱਸਾ ਖੇਤੀ ਤੇ ਲੋਕ ਭਲਾਈ ’ਤੇ ਲਾਇਆ ਜਾਣਾ ਚਾਹੀਦਾ ਹੈ। ਦੇਸ਼ ਲਈ ਮਿਹਨਤ ਮਜ਼ਦੂਰੀ ਕਰਦੇ ਕਿਸਾਨਾਂ ਤੇ ਕਿਰਤੀਆਂ ਨੂੰ ਬੱਝਵੀਂ ਤਨਖ਼ਾਹ ਮਿਲਣੀ ਚਾਹੀਦੀ ਹੈ। ਇਨਕਲਾਬੀ ਜ਼ਮੀਨੀ ਸੁਧਾਰ ਹੋਣੇ ਚਾਹੀਦੇ ਹਨ। ਜ਼ਮੀਨਾਂ ਨੂੰ ਜੋਕ ਬਣ ਚਿੰਬੜੇ ਜਾਗੀਰਦਾਰਾਂ ਦੀ ਜ਼ਮੀਨ ਤੇ ਸੰਦ ਸਾਧਨ ਸਾਰੇ ਖੇਤ ਮਜ਼ਦੂਰ ਪਰਿਵਾਰਾਂ, ਬੇਜ਼ਮੀਨੇ ਤੇ ਥੁੜ-ਜ਼ਮੀਨੇ ਕਿਸਾਨਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ। ਸਾਮਰਾਜੀ ਕੰਪਨੀਆਂ ਦੀਆਂ ਜਾਇਦਾਦਾਂ ਤੇ ਪੂੰਜੀ ਜ਼ਬਤ ਕਰਕੇ ਖੇਤੀ ਵਿਕਾਸ ਵਿੱਚ ਤੇ ਲੋਕ ਭਲਾਈ ਲਈ ਖਰਚੇ ਜਾਣ ਦੀ ਜ਼ਰੂਰਤ ਹੈ। ਮਾਈਕਰੋ ਫਾਈਨਾਂਸ ਕੰਪਨੀਆਂ ਤੇ ਸੂਦਖੋਰਾਂ ਦੇ ਕਰਜ਼ਿਆਂ ’ਤੇ ਕਾਟਾ ਮਾਰਿਆ ਜਾਣਾ ਚਾਹੀਦਾ ਹੈ। ਜ਼ਿੰਦਗੀ ਦੇ ਹਰੇਕ ਖੇਤਰ ਵਿੱਚੋਂ ਜਗੀਰਦਾਰੀ ਅਤੇ ਸਾਮਰਾਜੀ ਲੁੱਟ ਦੇ ਮੁਕੰਮਲ ਖਾਤਮੇ ਦੀ ਆਵਾਜ਼ ਉਠਾਉਣ ਦੀ ਲੋੜ ਹੈ। ਇਸ ਮੌਕੇ ਅੰਦੋਲਨਕਾਰੀ ਕਿਸਾਨਾਂ, ਆਦਿਵਾਸੀਆਂ ’ਤੇ ਜਾਬਰ ਪੁਲੀਸ/ਫੌਜੀ ਹਮਲਿਆਂ ਤੇ ਕਾਲ਼ੇ ਕਾਨੂੰਨਾਂ ਖਿਲਾਫ਼ ਮਤੇ ਪਾਸ ਕੀਤੇ ਗਏ। ਇਸ ਇਕੱਤਰਤਾ ਵਿੱਚ ਹਰਜਿੰਦਰ ਸਿੰਘ, ਕਸਤੂਰੀ ਲਾਲ, ਤਰਸੇਮ ਲਾਲ, ਚਰਨ ਸਿੰਘ ਨੂਰਪੁਰਾ, ਭਰਪੂਰ ਸਿੰਘ, ਮੇਜਰ ਸਿੰਘ, ਸੁਰਜੀਤ ਸਿੰਘ, ਸੁਦਾਗਰ ਸਿੰਘ ਘੁਡਾਣੀ ਕਲਾਂ, ਹਿੰਮਤ ਸਿੰਘ, ਸੁਰਿੰਦਰ ਸਿੰਘ ਧਾਂਦਰਾ, ਬਲਵੰਤ ਸਿੰਘ, ਜਗਤਾਰ ਸਿੰਘ ਜੱਸੋਵਾਲ ਸ਼ੂਦਾਂ, ਜਗਦੀਸ਼ ਕੁਮਾਰ, ਸ਼ੈਰੀ ਸਿਹੋੜਾ, ਗੁਰਮੀਤ ਸਿੰਘ ਕਿਲ੍ਹਾ ਰਾਏਪੁਰ ਆਦਿ ਨੇ ਸਰਗਰਮੀ ਨਾਲ ਹਿੱਸਾ ਲਿਆ। ਸਟੇਜ ਦੀ ਕਾਰਵਾਈ ਕੁਲਵੰਤ ਸਿੰਘ ਤਰਕ ਸਮਰਾਲਾ ਨੇ ਨਿਭਾਈ। ਅਖੀਰ ਉਨ੍ਹਾਂ ਇਕੱਤਰਤਾ ਵਿੱਚ ਸ਼ਾਮਲ ਸਾਥੀਆਂ ਦਾ ਧੰਨਵਾਦ ਕੀਤਾ।