
ਦਰਜਾ ਚਾਰ ਅਤੇ ਮਿੱਡ- ਡੇ-ਮੀਲ ਕੁੱਕਾਂ ਦੇ ਹਿੱਤਾਂ ਲਈ ਕੰਮ ਕਰਦਾ ਰਹਾਂਗਾ – ਚਿੰਡਾਲੀਆ ਸੂਬਾ ਪ੍ਰਧਾਨ
ਸਮਰਾਲਾ, 02 ਮਾਰਚ ( ਵਰਿੰਦਰ ਸਿੰਘ ਹੀਰਾ) ਮਿੱਡ- ਡੇ-ਮੀਲ ਕੁੱਕ ਯੂਨੀਅਨ ਬਲਾਕ ਸਮਰਾਲਾ ਦੀ ਮੀਟਿੰਗ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਲਾਕ ਪ੍ਰਧਾਨ ਰਾਣੀ ਕੌਰ ਦੀ ਰਹਿਨੁਮਾਈ ਹੇਠ ਹੋਈ, ਮੀਟਿੰਗ ਵਿੱਚ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਵਿਸ਼ੇਸ਼ ਤੌਰ ਤੇ ਪੁੱਜੇ। ਮੀਟਿੰਗ ਦੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਨੇ ਦਰਜਾ ਚਾਰ ਮੁਲਾਜਮਾਂ ਨੂੰ ਦੁਆਏ ਹੱਕਾਂ ਸਬੰਧੀ ਦੱਸਿਆ ਕਿ ਦਰਜਾ ਚਾਰ ਰੈਗੂਲਰ ਕਰਮਚਾਰੀਆਂ ਜੋ ਦਸਵੀਂ ਪਾਸ ਸਨ, ਦੀਆਂ ਪ੍ਰਮੋਸ਼ਨਾਂ ਪਹਿਲ ਦੇ ਅਧਾਰ ਤੇ ਕਰਾਈਆਂ ਗਈਆਂ। 04-03-1999 ਦੀ ਪਾਲਿਸੀ ਦੇ ਤਹਿਤ ਪਾਰਟ ਟਾਇਮ ਕੰਮ ਕਰਦੇ ਸਾਢੇ ਸੱਤ ਹਜ਼ਾਰ ਕਰਮਚਾਰੀਆਂ ਨੂੰ ਰੈਗੂਲਰ ਕਰਾਇਆ। 2023 ਵਿੱਚ ਜੋ ਕਰਮਚਾਰੀ ਪੀ.ਟੀ.ਏ. ਫੰਡ ਵਿੱਚ ਕੰਮ ਕਰਦੇ ਸੀ ਉਨ੍ਹਾਂ ਕਰਮਚਾਰੀਆਂ ਨੂੰ ਸਿੱਖਿਆ ਮੰਤਰੀ ਵੱਲੋਂ ਹਟਾਉਣ ਤੇ ਪੂਰਾ ਜ਼ੋਰ ਦਿੱਤਾ ਗਿਆ ਸੀ ਕਿ ਅਸੀਂ ਨਵੇਂ ਮੁਲਾਜ਼ਮ ਸਫ਼ਾਈ ਸੇਵਕ, ਚੌਕੀਦਾਰ ਸਕੂਲਾਂ ਵਿੱਚ ਰੱਖਾਂਗੇ। ਉਸ ਸਮੇਂ ਇਸ ਜਥੇਬੰਦੀ ਵੱਲੋਂ ਦਬਾਅ ਪਾਇਆ ਗਿਆ ਕਿ ਜੋ ਕਰਮਚਾਰੀ ਪਹਿਲਾਂ ਪੀ.ਟੀ.ਏ. ਫੰਡ ਵਿੱਚ ਕੰਮ ਕਰਦੇ ਹਨ ਉਨ੍ਹਾਂ ਹੀ ਕਰਮਚਾਰੀਆਂ ਨੂੰ ਪਹਿਲ ਦੇ ਅਧਾਰ ਤੇ ਰੱਖਿਆ ਜਾਵੇ। ਇਸ ਉਪਰੰਤ ਨਵੇਂ ਹੋਰ ਕਰਮਚਾਰੀ ਰੱਖਣ ਤੇ ਸਾਨੂੰ ਕੋਈ ਇੰਤਰਾਜ਼ ਨਹੀਂ ਹੋਵੇਗਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮੰਨ ਲਈ ਗਈ ਤਾਂ ਅੱਜ ਤਕਰੀਬਨ ਉਹੀ ਕਰਮਚਾਰੀ ਜੋ ਪੀ.ਟੀ.ਏ. ਫੰਡ ਵਿੱਚ ਕੰਮ ਕਰਦੇ ਸੀ ਉਨ੍ਹਾਂ ਕਰਮਚਾਰੀਆਂ ਨੂੰ ਹੀ ਸਕੂਲਾਂ ਵਿੱਚ ਰੱਖਿਆ ਗਿਆ। ਮਿਡ-ਡੇ-ਮੀਲ ਕੁੱਕਾਂ ਦੀਆਂ ਤਨਖਾਹਾਂ ਤੋਂ ਇਲਾਵਾ ਹੋਰ ਮੰਗਾਂ ਜਿਵੇਂ ਕਿ 16 ਲੱਖ ਦਾ ਬੀਮਾ ਮੈਨੇਜਮੈਟ ਕਮੇਟੀ ਤੋਂ ਕੁੱਕ ਨੂੰ ਹਟਾਉਣ ਦੀ ਪਾਵਰਾਂ ਵਾਪਸ ਲੈਣਾ, ਮਿਡ-ਡੇ-ਮੀਲਾਂ ਤੋਂ ਕੁੱਕ ਦਾ ਹੀ ਕੰਮ ਲੈਣਾ, ਛੁੱਟੀ ਵਾਲੇ ਦਿਨ ਬਦਲਵਾਂ ਪ੍ਰਬੰਧ ਲਈ ਸੌ ਰੁਪਏ ਸਰਕਾਰ ਵੱਲੋਂ ਦੇਣਾ, ਕੁੱਕਾਂ ਨੂੰ ਵਰਦੀਆਂ ਦੇਣਾ ਆਦਿ ਮੰਗਾਂ ਸ਼ਾਮਲ ਹਨ। ਤਨਖਾਹ ਸਬੰਧੀ ਹਰਿਆਣਾ ਸਰਕਾਰ ਦੇ ਬਰਾਬਰ ਤਨਖਾਹ ਦੇਣ ਲਈ ਸਰਕਾਰ ਨੂੰ ਮਜ਼ਬੂਰ ਕੀਤਾ ਗਿਆ ਜਿਸ ਤੇ ਵਿੱਤ ਮੰਤਰੀ ਵੱਲੋਂ 28 ਦਸੰਬਰ ਦੀ ਮੀਟਿੰਗ ਦੌਰਾਨ 2000 ਰੁਪਏ ਤਨਖਾਹਾਂ ਵਿੱਚ ਵਾਧਾ ਕਰਨ ਲਈ ਸਿਫਾਰਿਸ਼ ਸੈਂਟਰ ਸਰਕਾਰ ਨੂੰ ਭੇਜ ਦਿੱਤੀ ਗਈ। ਉਹ ਫਾਈਲ ਸੈਂਟਰ ਸਰਕਾਰ ਵੱਲੋਂ ਪਾਸ ਕਰਕੇ ਰਾਜ ਸਰਕਾਰ ਨੂੰ ਭੇਜੀ ਗਈ। ਜਿਸ ਦਾ ਫੈਸਲਾ ਜਲਦੀ ਹੀ ਪੰਜਾਬ ਸਰਕਾਰ ਵੱਲੋਂ ਹੋਣ ਦੀ ਉਮੀਦ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਹਮੇਸ਼ਾ ਦਰਜਾ ਚਾਰ ਕਰਮਚਾਰੀਆਂ ਦੇ ਹਿੱਤ ਲਈ ਕੰਮ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਕਮਲਜੀਤ ਕੌਰ ਸੈਕਟਰੀ ਪੰਜਾਬ, ਸੰਦੀਪ ਕੌਰ ਜਨਰਲ ਸਕੱਤਰ ਜ਼ਿਲ੍ਹਾ ਲੁਧਿਆਣਾ, ਬਲਜੀਤ ਕੌਰ, ਕਰਮਜੀਤ ਕੌਰ, ਮਨਜੀਤ ਕੌਰ, ਹਰਜਿੰਦਰ ਕੌਰ, ਲਖਵੀਰ ਕੌਰ, ਸਰਬਜੀਤ ਕੌਰ, ਬਲਜਿੰਦਰ ਕੌਰ, ਜਸਵੀਰ ਕੌਰ, ਕਮਲਜੀਤ ਕੌਰ ਆਦਿ ਤੋਂ ਇਲਾਵਾ ਸਮਰਾਲਾ ਬਲਾਕ ਦੀਆਂ ਹੋਰ ਵੀ ਕੁੱਕ ਹਾਜ਼ਰ ਸਨ। ਅਖੀਰ ਬਲਾਕ ਪ੍ਰਧਾਨ ਰਾਣੀ ਕੌਰ ਨੇ ਆਈਆਂ ਸਖਸ਼ੀਅਤਾਂ ਅਤੇ ਕੁੱਕ ਬੀਬੀਆਂ ਦਾ ਧੰਨਵਾਦ ਕੀਤਾ।