
ਗੁਰਦੁਆਰਾ ਸੋਢੀ ਦਰਬਾਰ ਵਿਖੇ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅਪ ਕੀਤਾ ਗਿਆ
ਊਨਾ/ ਮੈੜੀ, 01 ਮਾਰਚ ( ਵਰਿੰਦਰ ਸਿੰਘ ਹੀਰਾ) ਬ੍ਰਹਮ ਗਿਆਨੀ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਤਪ ਅਸਥਾਨ ਪਿੰਡ ਮੈੜੀ ਵਿਖੇ ਸੇਠ ਅੱਖਾਂ ਦੇ ਸਪੈਸ਼ਲਿਸਟ ਹਸਪਤਾਲ ਬੰਗਾ ਤੋਂ ਆਈ ਡਾਕਟਰਾਂ ਦੀ ਟੀਮ ਨੇ ਡਾਕਟਰ ਆਸ਼ੀਸ਼ ਸੇਠ ਦੀ ਨਿਗਰਾਨੀ ਹੇਠ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅਪ ਕੀਤਾ। ਜ਼ਿਕਰ ਯੋਗ ਹੈ ਕਿ ਕੁਝ ਦਿਨ ਪਹਿਲਾਂ ਗੁਰਦੁਆਰਾ ਸੋਢੀ ਦਰਬਾਰ ਵਿਖੇ ਸਵਰਗੀ ਸਰਦਾਰ ਮਿਹਰ ਸਿੰਘ ਦੀ ਯਾਦ ਵਿੱਚ ਅੱਖਾਂ ਦਾ ਕੈਂਪ ਲਗਾਇਆ ਗਿਆ ਸੀ ਅਤੇ ਇਸ ਕੈਂਪ ਵਿੱਚ ਲੋੜਵੰਦ 35 ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਆਪਰੇਸ਼ਨ ਕੀਤਾ ਗਿਆ ਸੀ। ਡਾਕਟਰਾਂ ਦੀ ਟੀਮ ਨੇ ਇਹਨਾਂ 35 ਮਰੀਜ਼ਾਂ ਦੀਆਂ ਅੱਖਾਂ ਨੂੰ ਚੈੱਕ ਕੀਤਾ ਅਤੇ ਤਸੱਲੀ ਪ੍ਰਗਟ ਕੀਤੀ ਕਿ ਸਾਰੇ ਹੀ ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਾਮਯਾਬ ਹੋਏ ਹਨ, ਅਤੇ ਉਹ ਮਰੀਜ਼ ਹੁਣ ਆਮ ਵਾਂਗ ਆਪਣਾ ਕੰਮ ਕਾਰ ਕਰਨ ਵਿੱਚ ਸਮਰੱਥ ਹਨ। ਗੁਰਦੁਆਰਾ ਸੋਢੀ ਦਰਬਾਰ ਵੱਲੋਂ ਲਗਵਾਏ ਗਏ ਇਸ ਅੱਖਾਂ ਦੇ ਕੈਂਪ ਦੀ ਇਲਾਕੇ ਭਰ ਵਿੱਚ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਬੋਲਦਿਆਂ ਆਲ ਇੰਡੀਆ ਬਾਬਾ ਵਡਭਾਗ ਸਿੰਘ ਸੇਵਕ ਸੋਸਾਇਟੀ ਦੇ ਸੰਸਥਾਪਕ ਅਤੇ ਮੁਖੀ ਬਾਬਾ ਜਗਦੇਵ ਸਿੰਘ ਸਿੱਧੂ ਨੇ ਕਿਹਾ ਕਿ ਅੱਖਾਂ ਦਾ ਕੈਂਪ ਲਾਉਣਾ ਸਮਾਜ ਭਲਾਈ ਦਾ ਬਹੁਤ ਵੱਡਾ ਕਾਰਜ ਹੈ ਅਤੇ ਉਹਨਾਂ ਨੂੰ ਆਸ ਹੈ ਕਿ ਗੁਰਦੁਆਰਾ ਸੋਢੀ ਦਰਬਾਰ ਵੱਲੋਂ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕਾਰਜ ਜਾਰੀ ਰੱਖੇ ਜਾਣਗੇ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸੋਢੀ ਦਰਬਾਰ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਉੜਾਪੜ ਨੇ ਦੱਸਿਆ ਕਿ ਗੁਰਦੁਆਰਾ ਸੋਢੀ ਦਰਬਾਰ ਵੱਲੋਂ ਲੋਕ ਭਲਾਈ ਦੇ ਕਾਰਜ ਜਾਰੀ ਰੱਖੇ ਜਾਣਗੇ ਅਤੇ ਹੋਰ ਮੈਡੀਕਲ ਕੈਂਪ ਲਗਵਾਏ ਜਾਣਗੇ ਤਾਂ ਕਿ ਮੈੜੀ ਪਿੰਡ ਅਤੇ ਆਸ ਪਾਸ ਦੇ ਵਸਨੀਕਾਂ ਦੀ ਸਿਹਤ ਸੰਭਾਲ ਵਧੀਆ ਤਰੀਕੇ ਨਾਲ ਹੋ ਸਕੇ। ਇਸ ਮੌਕੇ ਗੁਰਦੁਆਰਾ ਸੋਢੀ ਦਰਬਾਰ ਮੈਨੇਜਿੰਗ ਕਮੇਟੀ ਪ੍ਰਧਾਨ ਸੁਖਦੇਵ ਸਿੰਘ ਉੜਾਪੜ, ਕੁਲਵਿੰਦਰ ਸਿੰਘ, ਨਿਰਮਲ ਸਿੰਘ, ਕਲ ਕੁਲਵੀਰ ਸਿੰਘ ਟਾਂਕ, ਜੁਝਾਰ ਸਿੰਘ , ਮਾਸਟਰ ਜਸਵਿੰਦਰ ਸਿੰਘ, ਰਘਬੀਰ ਸਿੰਘ, ਮਹਾ ਸਿੰਘ, ਸੰਦੀਪ ਸਿੰਘ ਵਿਰਕ, ਬੀਬੀ ਕਮਲਜੀਤ ਕੌਰ, ਬੀਬੀ ਬਲਜੀਤ ਕੌਰ, ਬੀਬੀ ਜਸਵਿੰਦਰ ਕੌਰ ਉੜਾਪੜ, ਸੋਢੀ ਸਿੰਘ ਬੰਗਾ, ਬਲਬੀਰ ਸਿੰਘ ਬੀਰਾ, ਸੁਖਵਿੰਦਰ ਸਿੰਘ ਢੱਕ ਅਤੇ ਗੁਰਦੁਆਰਾ ਸੋਢੀ ਦਰਬਾਰ ਮੇੜੀ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ, ਅਤੇ ਗੁਰਦੁਆਰਾ ਨਵਾਂ ਦੇਹਰਾ ਸਾਹਿਬ ਪਿੰਡ ਉੜਾਪੜ ਦੀਆਂ ਸਾਰੀਆਂ ਸੰਗਤਾਂ ਨੇ ਇਸ ਕੈਂਪ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਈਆਂ ਸੰਗਤਾਂ ਦੀ ਸੇਵਾ ਕੀਤੀ । ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।