
ਭਾਕਿਯੂ (ਲੱਖੋਵਾਲ) ਵੱਲੋਂ ਚੰਡੀਗੜ੍ਹ ਧਰਨੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ
ਕਿਸਾਨ ਹੇਡੋਂ ਪਿੰਡ ਦੇ ਪੈਟਰੋਲ ਪੰਪ ਤੇ ਇਕੱਤਰ ਹੋ ਕੇ ਚੰਡੀਗੜ੍ਹ ਦੇ ਧਰਨੇ ਲਈ ਵੱਡੇ ਇਕੱਠ ਦੇ ਰੂਪ ਵਿੱਚ ਚਾਲੇ ਪਾਉਣਗੇ -ਮਨਜੀਤ ਸਿੰਘ ਢੀਂਡਸਾ
ਸਮਰਾਲਾ 28 ਫਰਵਰੀ (ਪ. ਪ.) :
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 5 ਮਾਰਚ ਤੋਂ ਚੰਡੀਗੜ੍ਹ ਵਿਖੇ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਸਥਾਨਕ ਦਾਣਾ ਮੰਡੀ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਯੂਨੀਅਨ ਦੇ ਸਰਪ੍ਰਸਤ ਅਵਤਾਰ ਸਿੰਘ ਮੇਹਲੋਂ ਵਿਸ਼ੇਸ਼ ਤੌਰ ਤੇ ਪੁੱਜੇ। ਮੀਟਿੰਗ ਵਿੱਚ ਇਕੱਤਰ ਹੋਏ ਵੱਖ ਵੱਖ ਬਲਾਕਾਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਢੀਂਡਸਾ ਨੇ ਕਿਹਾ 5 ਮਾਰਚ ਤੋਂ ਚੰਡੀਗੜ੍ਹ ਵਿਖੇ ਲੱਗਣ ਵਾਲਾ ਸਾਂਝਾ ਧਰਨਾ ਮੁੜ ਇਤਿਹਾਸ ਦੁਰਹਾਉਣ ਜਾ ਰਿਹਾ ਹੈ, ਕਿਉਂਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਲੱਗ ਰਿਹਾ ਸੀ ਕਿ ਕਿਸਾਨ ਜਥੇਬੰਦੀਆਂ ਵੱਖ ਵੱਖ ਹੋਣ ਨਾਲ ਕਿਸਾਨ ਦੋਫਾੜ ਹੋ ਗਏ, ਮੁੜ ਲਾਮਬੰਦ ਨਹੀਂ ਹੋਣਗੇ। ਪ੍ਰੰਤੂ ਚੰਡੀਗੜ੍ਹ ਵਾਲੇ ਧਰਨੇ ਵਿੱਚ ਹੋਣ ਵਾਲਾ ਇਕੱਠ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅੱਖਾਂ ਖੋਲ ਦੇਵੇਗਾ। ਉਨ੍ਹਾਂ ਅੱਗੇ ਪੰਜਾਬ ਸਰਕਾਰ ਤੇ ਵਰ੍ਹਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਨਕਸ਼ੇ ਕਦਮਾਂ ਉੱਤੇ ਚੱਲ ਪਈ ਹੈ, ਪਿਛਲੇ ਸਾਲ 31 ਮਾਰਚ ਤੱਕ ਕਿਸਾਨੀ ਮੰਗਾਂ ਮੰਨ ਕੇ ਲਾਗੂ ਕਰਨ ਦਾ ਵਾਅਦਾ ਪੰਜਾਬ ਸਰਕਾਰ ਨੇ ਕੀਤਾ ਸੀ, ਪ੍ਰੰਤੂ ਅਜੇ ਤੱਕ ਮੰਨੀਆਂ ਕਿਸਾਨ ਮੰਗਾਂ ਲਾਗੂ ਨਹੀਂ ਕੀਤੀਆਂ। ਇਹੋ ਹਾਲ ਕੇਂਦਰ ਸਰਕਾਰ ਦਾ ਹੈ, ਦਿੱਲੀ ਦਾ ਕਿਸਾਨੀ ਸੰਘਰਸ਼ ਖਤਮ ਕਰਨ ਮੌਕੇ ਕੇਂਦਰ ਸਰਕਾਰ ਨੇ ਵੀ ਕਿਸਾਨਾਂ ਨਾਲ ਵਾਅਦੇ ਕੀਤੇ ਸਨ, ਪ੍ਰੰਤੂ ਮੋਦੀ ਸਰਕਾਰ ਵੱਲੋਂ ਦੋਬਾਰਾ ਸੱਤਾ ਸੰਭਾਲਣ ਉੱਤੇ ਵੀ ਕੇਂਦਰ ਸਰਕਾਰ ਕਿਸਾਨੀ ਮਸਲਿਆਂ ਸਬੰਧੀ ਟੱਸ ਤੋਂ ਮੱਸ ਨਹੀਂ ਹੋਈ। ਇਸ ਲਈ ਇਸ ਧਰਨੇ ਦੀ ਸਫਲਤਾ ਲਈ ਸਾਰੀਆਂ ਜਥੇਬੰਦੀਆਂ ਪੂਰਾ ਤਾਣ ਲਾ ਰਹੀਆਂ ਹਨ, ਜਿਸ ਸਬੰਧੀ ਬੀ. ਕੇ. ਯੂ. (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਆਗੂ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਆਪਣੇ ਟਰੈਕਟਰ ਟਰਾਲੀਆਂ ਸਮੇਤ ਚੰਡੀਗੜ੍ਹ ਪੁੱਜਣ ਲਈ ਅਪੀਲ ਕਰ ਰਹੇ ਹਨ। ਜਿਸ ਸਬੰਧੀ ਯੂਨੀਅਨ ਨੂੰ ਪਿੰਡਾਂ ਵਿੱਚੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ 5 ਮਾਰਚ ਨੂੰ ਲੁਧਿਆਣਾ ਜ਼ਿਲ੍ਹੇ ਦੇ ਸਮੂਹ ਕਿਸਾਨ ਹੇਡੋਂ ਪਿੰਡ ਲਾਗੇ ਪੈਟਰੋਲ ਪੰਪ ਤੇ ਸਵੇਰੇ 10 ਵਜੇ ਇਕੱਤਰ ਹੋ ਕੇ ਵੱਡੇ ਕਾਫਲੇ ਦੇ ਰੂਪ ਵਿੱਚ ਚੰਡੀਗੜ੍ਹ ਲਈ ਚਾਲੇ ਪਾਉਣਗੇ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਪਵਨਦੀਪ ਸਿੰਘ ਮੇਹਲੋਂ, ਹਰਦੀਪ ਸਿੰਘ ਭਰਥਲਾ, ਹਰਪ੍ਰੀਤ ਸਿੰਘ ਗੜ੍ਹੀ ਤਰਖਾਣਾ ਜਗਜੀਤ ਸਿੰਘ ਮੁਤਿਓਂ ਸਾਰੇ ਮੀਤ ਪ੍ਰਧਾਨ ਜ਼ਿਲ੍ਹਾ ਲੁਧਿਆਣਾ, ਸੁਰਿੰਦਰ ਸਿੰਘ ਜਨਰਲ ਸਕੱਤਰ ਲੁਧਿਆਣਾ , ਗੁਰਸੇਵਕ ਸਿੰਘ ਮੰਜਾਲੀਆਂ ਬਲਾਕ ਪ੍ਰਧਾਨ, ਬੇਅੰਤ ਸਿੰਘ ਤੁਰਮਰੀ ਬਲਾਕ ਪ੍ਰਧਾਨ ਖੰਨਾ, ਰਵਿੰਦਰ ਸਿੰਘ ਬਿੰਦਾ ਅਕਾਲਗੜ੍ਹ ਬਲਾਕ ਪ੍ਰਧਾਨ ਮਾਛੀਵਾੜਾ ਸਾਹਿਬ, ਬਲਵੰਤ ਸਿੰਘ ਮੰਜਾਲੀਆਂ, ਕੈਪਟਨ ਗੁਰਚਰਨ ਸਿੰਘ, ਹਰਿੰਦਰ ਸਿੰਘ ਮੁਤਿਓਂ, ਸਰਪੰਚ ਸੁਰਿੰਦਰ ਸਿੰਘ, ਜਗਦੀਸ਼ ਸਿੰਘ ਖੱਟਰਾਂ, ਮੱਘਰ ਸਿੰਘ ਘੁੰਗਰਾਲੀ ਸਿੱਖਾਂ, ਦਲਜੀਤ ਸਿੰਘ ਊਰਨਾਂ ਦੋਨੋਂ ਜਨਰਲ ਸਕੱਤਰ ਬਲਾਕ ਸਮਰਾਲਾ, ਕਮਿੱਕਰ ਸਿੰਘ, ਸੁਰਿੰਦਰ ਸਿੰਘ ਢੀਂਡਸਾ, ਹਰਪਾਲ ਸਿੰਘ, ਮੇਜਰ ਸਿੰਘ ਬੰਬਾਂ, ਬਹਾਦਰ ਸਿੰਘ ਫੌਜੀ, ਮਲਕੀਤ ਸਿੰਘ, ਨੰਬਰਦਾਰ ਰਣਜੀਤ ਸਿੰਘ, ਸਰਪੰਚ ਰਾਮ ਸਿੰਘ, ਬੱਬੂ ਪਪੜੌਦੀ, ਭਰਪੂਰ ਸਿੰਘ, ਮਨਜੀਤ ਸਿੰਘ ਗੜ੍ਹੀ ਤਰਖਾਣਾ, ਬਲਜਿੰਦਰ ਸਿੰਘ ਹਰਿਓਂ ਜਨਰਲ ਸਕੱਤਰ ਬਲਾਕ ਮਾਛੀਵਾੜਾ, ਜਗਤਾਰ ਸਿੰਘ ਮਾਦਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਨੀਅਨ ਦੇ ਵਰਕਰ ਹਾਜਰ ਸਨ।