
ਚਾਰ ਦਹਾਕਿਆਂ ਬਾਅਦ ਆਏ ਫੈਸਲੇ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਕੁਝ ਰਾਹਤ ਤਾਂ ਮਿਲੀ, ਪਰ ਸਕੂਨ ਨਹੀਂ- ਬੰਬ
ਸੱਜਣ ਕੁਮਾਰ ਦੁਆਰਾ ਕੀਤੇ ਘਿਨੌਣੇ ਕਾਰੇ ਦੀ ਸਜਾ ਫਾਂਸੀ ਹੋਣੀ ਚਾਹੀਦੀ ਹੈ।
ਸਮਰਾਲਾ, 27 ਫਰਵਰੀ ( ਵਰਿੰਦਰ ਸਿੰਘ ਹੀਰਾ )ਬੀਤੇ ਦਿਨੀਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਰਾਊਜ਼ ਐਵੇਨਿਊ ਕੋਰਟ ਵੱਲੋਂ ਦੋਹਰੀ ਉਮਰ ਕੈਦ ਦੀ ਜੋ ਸਜਾ ਸੁਣਾਈ ਗਈ ਹੈ ਉਹ ਅਜੇ ਵੀ ਥੋੜੀ ਹੈ, ਅਜਿਹੇ ਵਿਅਕਤੀ ਲਈ ਤਾਂ ਫਾਂਸੀ ਤੋਂ ਘੱਟ ਸਜਾ ਹੋਣੀ ਹੀ ਨਹੀਂ ਚਾਹੀਦੀ, ਬੇਸ਼ੱਕ ਪੀੜਤ ਪਰਿਵਾਰਾਂ ਨੂੰ ਇਸ ਫੈਸਲੇ ਨਾਲ ਕੁਝ ਰਾਹਤ ਜਰੂਰ ਮਿਲੀ ਹੈ, ਪਰ ਸਕੂਨ ਨਹੀਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਵਿੰਦਰ ਸਿੰਘ ਬੰਬ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਲਾਹਕਾਰ ਸਮਰਾਲਾ ਹਲਕਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਨਸਲਕੁਸ਼ੀ ਨਾਲ ਸਬੰਧਿਤ ਮਾਮਲੇ ਵਿੱਚ ਦੂਜੀ ਵਾਰ ਉਮਰ ਕੈਦ ਹੋਈ ਹੈ। ਉਸ ਵੇਲੇ ਬਾਹਰੀ ਦਿੱਲੀ ਤੋਂ ਸੰਸਦ ਮੈਂਬਰ ਸੱਜਣ ਕੁਮਾਰ ਨੇ ਦੰਗਾਕਾਰੀਆਂ ਦੀ ਭੀੜ ਦੀ ਅਗਵਾਈ ਕੀਤੀ ਸੀ, ਸਰਸਵਤੀ ਵਿਹਾਰ ਇਲਾਕੇ ਵਿੱਚ ਸਿੱਖ ਪਿਉ ਪੁੱਤ ਨੂੰ ਜਿੰਦਾ ਸਾੜਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਸੱਜਣ ਕੁਮਾਰ ਵਰਗੇ ਦਰਿੰਦੇ ਵਿਅਕਤੀ ਨੇ ਦਿੱਲੀ ਕਤਲੇਆਮ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ, ਜਿਸ ਨੂੰ ਸਿੱਖ ਕੌਮ ਕਦੇ ਵੀ ਮੁਆਫ ਨਹੀਂ ਕਰੇਗੀ। ਉਸਨੂੰ ਮਿਲੀ ਦੋਹਰੀ ਉਮਰ ਕੈਦ ਦੀ ਸਜਾ ਪੀੜਤ ਪਰਿਵਾਰਾਂ ਨੂੰ ਕੁਝ ਰਾਹਤ ਤਾਂ ਮਹਿਸੂਸ ਹੋਈ ਹੈ, ਪ੍ਰੰਤੂ ਜੋ ਉਨ੍ਹਾਂ ਦੇ ਅੰਦਰ ਜਖਮ ਹਨ, ਉਹ ਅਜੇ ਵੀ ਅੱਲ੍ਹੇ ਹਨ। ਸੱਜਣ ਕੁਮਾਰ ਤੋਂ ਬਾਅਦ ਹੁਣ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਨੂੰ ਸਜਾ ਮਿਲਣ ਦੀ ਵਾਰੀ ਹੈ। ਅਜਿਹੇ ਦਰਿੰਦਿਆਂ ਨੂੰ 41 ਸਾਲ ਬਾਅਦ ਸਜਾ ਮਿਲਣਾ ਪੀੜਤ ਪਰਿਵਾਰਾਂ ਲਈ ਇੰਨਾ ਲੰਮਾ ਸਮਾਂ ਸਜਾ ਦਿਵਾਉਣ ਲਈ ਜੱਦੋਜਹਿਦ ਕਰਨਾ, ਅਜਿਹੇ ਸਿਰੜ ਲਈ ਪੀੜੜ ਪਰਿਵਾਰਾਂ ਨੂੰ ਸਲਾਮ ਹੈ।