ਬੀ. ਕੇ. ਯੂ. (ਦੁਆਬਾ) ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਨੂੰ ਸਮਰਾਲਾ ਪੁਲਿਸ ਨੇ ਕੀਤਾ ਰਿਹਾਅ ।

ਬੀ. ਕੇ. ਯੂ. (ਦੋਆਬਾ) ਕਿਸਾਨੀ ਸੰਘਰਸ਼ ਤੋਂ ਕਦੇ ਪਿੱਛੇ ਨਹੀਂ ਹਟੇਗਾ, ਜਿਸ ਮੋਰਚੇ ਖਿਲਾਫ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ, ਉਸ ਮੋਰਚੇ ਨਾਲ ਯੂਨੀਅਨ ਦਾ ਕੋਈ ਸਬੰਧ ਨਹੀਂ – ਬਲਵੀਰ ਸਿੰਘ ਖੀਰਨੀਆਂ

ਸਮਰਾਲਾ, 05 ਮਾਰਚ ( ਵਰਿੰਦਰ ਸਿੰਘ ਹੀਰਾ) ਸੰਯੁਕਤ ਮੋਰਚੇ ਦੇ ਸੱਦੇ ਤੇ 5 ਮਾਰਚ ਤੋਂ ਚੰਡੀਗੜ੍ਹ ਵਿਖੇ ਲੱਗਣ ਵਾਲੇ ਧਰਨੇ ਦੇ ਮੱਦੇਨਜ਼ਰ ਬੀਤੇ ਦੋ ਦਿਨਾਂ ਤੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਮੁੱਢਲੇ ਆਗੂਆਂ ਦੀ ਪੰਜਾਬ ਪੁਲਿਸ ਵੱਲੋਂ ਲਗਾਤਾਰ ਫੜੋ ਫੜੀ ਚੱਲ ਰਹੀ ਹੈ, ਜਿਸ ਦੇ ਚੱਲਦੇ ਸਮਰਾਲਾ ਇਲਾਕੇ ਵਿੱਚ ਵੱਖ ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਪੁਲਿਸ ਰਾਤੋਂ ਰਾਤ ਘਰਾਂ ਅੰਦਰੋਂ ਚੁੱਕ ਕੇ ਵੱਖ ਥਾਣਿਆਂ ਅੰਦਰ ਡੱਕ ਰਹੀ ਹੈ। ਇਸੇ ਸਬੰਧ ਸਮਰਾਲਾ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਨੂੰ ਵੀ ਘਰੋਂ ਚੁੱਕ ਕੇ ਸਮਰਾਲਾ ਥਾਣੇ ਵਿੱਚ ਬੰਦ ਕਰ ਦਿੱਤਾ ਸੀ। ਜਿਸ ਤੇ ਬੀ. ਕੇ. ਯੂ. (ਦੋਆਬਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਜ਼ਿਲ੍ਹਾ ਲੁਧਿਆਣਾ ਦੇ ਵੱਖ ਵੱਖ ਆਗੂਆਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਅੱਜ ਸ਼ਾਮ ਸਮਰਾਲਾ ਪੁਲਿਸ ਵੱਲੋਂ ਬਲਵੀਰ ਸਿੰਘ ਖੀਰਨੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਉਪਰੰਤ ਜ਼ਿਲ੍ਹਾ ਪ੍ਰਧਾਨ ਖੀਰਨੀਆਂ ਨੇ ਕਿਹਾ ਕਿ ਸੰਯੁਕਤ ਮੋਰਚੇ ਵੱਲੋਂ 5 ਮਾਰਚ ਤੋਂ ਚੰਡੀਗੜ੍ਹ ਵਿਖੇ ਧਰਨੇ ਸਬੰਧੀ ਵੱਖ ਵੱਖ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਮੌਕੇ ਉਨ੍ਹਾਂ ਨੂੰ ਵੀ ਸਮਰਾਲਾ ਪੁਲਿਸ ਵੱਲੋਂ ਘਰੋਂ ਚੁੱਕ ਲਿਆ ਗਿਆ ਸੀ, ਜਦੋਂ ਕਿ ਸੰਯੁਕਤ ਮੋਰਚੇ ਦੇ ਸੱਦੇ ਦਾ ਉਨ੍ਹਾਂ ਦੀ ਯੂਨੀਅਨ ਨਾਲ ਕੋਈ ਵੀ ਸਬੰਧ ਨਹੀਂ ਹੈ, ਕਿਸਾਨੀ ਮੰਗਾਂ ਸਬੰਧੀ ਉਨ੍ਹਾਂ ਦੀ ਯੂਨੀਅਨ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੀ. ਕੇ. ਯੂ. (ਦੋਆਬਾ) ਕਿਸਾਨੀ ਸੰਘਰਸ਼ ਤੋਂ ਕਦੇ ਵੀ ਪਿੱਛੇ ਨਹੀਂ ਹਟੇਗੀ ਅਤੇ ਸੰਘਰਸ਼ ਉਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਪੰਜਾਬ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਕੇਂਦਰ ਸਰਕਾਰ ਨਹੀਂ ਮੰਨ ਲੈਂਦੀ। ਜਦੋਂ ਯੂਨੀਅਨ ਆਗੂਆਂ ਵੱਲੋਂ ਪੁਲਿਸ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦਾ ਚੰਡੀਗੜ੍ਹ ਧਰਨੇ ਨਾਲ ਕੋਈ ਸਬੰਧ ਨਹੀਂ ਹੈ ਤਾਂ ਸਮਰਾਲਾ ਪੁਲਿਸ ਨੇ ਮੈਨੂੰ ਥਾਣੇ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਦੇ ਰਿਹਾਅ ਹੋਣ ਮੌਕੇ ਯੂਨੀਅਨ ਆਗੂਆਂ ਨੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਖੀਰਨੀਆਂ ਤੋਂ ਇਲਾਵਾ ਜਰਨੈਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਰਣਜੀਤ ਸਿੰਘ ਕਟਾਣਾ ਸਾਹਿਬ, ਜਸਵੰਤ ਸਿੰਘ ਕਟਾਣੀ ਕਲਾਂ, ਪਰਮਵੀਰ ਸਿੰਘ ਪੰਮਾ ਖੀਰਨੀਆਂ, ਸੁਖਰਾਜ ਸਿੰਘ ਕਟਾਣਾ ਸਾਹਿਬ ਅਤੇ ਜਸਰਾਜ ਸਿੰਘ ਖਟੜਾ ਹਾਜ਼ਰ ਸਨ।

LEAVE A REPLY

Please enter your comment!
Please enter your name here