
ਮੁਲਾਜਮ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਲੋਕ ਵਿਰੋਧੀ ਬਜਟ ਦੀਆਂ ਕਾਪੀਆਂ ਫੂਕੀਆਂ ।
ਸਮਰਾਲਾ, 28 ਮਾਰਚ ( ਵਰਿੰਦਰ ਸਿੰਘ ਹੀਰਾ) ਅੱਜ ਮੁਲਾਜ਼ਮ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਮੇਨ ਚੌਂਕ ਸਮਰਾਲਾ ਵਿਖੇ ਲੋਕ ਵਿਰੋਧੀ ਬਜਟ ਦੀਆਂ ਕਾਪੀਆਂ ਫੂਕੀਆਂ ਗਈਆਂ। ਵੱਖ ਵੱਖ ਜਥੇਬੰਦੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਦੇ ਮੰਡਲ ਪ੍ਰਧਾਨ ਸਿਕੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਧਾਨ ਸਭਾ ਵਿੱਚ ਭਗਵੰਤ ਮਾਨ ਸਰਕਾਰ ਨੇ ਲੋਕ ਵਿਰੋਧੀ ਬਜਟ ਪੇਸ਼ ਕਰਕੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਧੋਖਾ ਕੀਤਾ ਹੈ। ਮੌਜੂਦਾ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਠੰਡੇ ਬਸਤੇ ਪਾਇਆ ਹੋਇਆ ਹੈ। ਜਿਸ ਦਾ ਖਮਿਆਜਾ ਭੁਗਤਨ ਲਈ ਪੰਜਾਬ ਸਰਕਾਰ ਤਿਆਰ ਰਹੇ। ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਸਮਰਾਲਾ ਦੇ ਪ੍ਰਧਾਨ ਮੇਘ ਸਿੰਘ ਜਵੰਦਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਔਰਤਾਂ ਲਈ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ ਆਪਣੇ ਚੌਥੇ ਬਜਟ ਵਿੱਚ ਵੀ ਪੂਰਾ ਨਹੀਂ ਕੀਤਾ। ਮਾਨ ਸਰਕਾਰ ਆਮ ਲੋਕਾਂ ਲਈ ਲਾਰਿਆਂ ਵਾਲੀ ਸਰਕਾਰ ਸਾਬਤ ਹੋਈ ਹੈ। ਪੰਜਾਬ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਸ ਪਾਸੇ ਮੁਲਾਜ਼ਮ ਤੇ ਪੈਨਸ਼ਨਰਜ਼ ਹੋ ਜਾਂਦੇ ਹਨ, ਪੰਜਾਬ ਅੰਦਰ ਵੀ ਉਹੀ ਸਿਆਸੀ ਪਾਰਟੀ ਰਾਜਸੱਤਾ ਦਾ ਸੁੱਖ ਮਾਣਦੀ ਹੈ, ਪ੍ਰੰਤੂ ਭਗਵੰਤ ਮਾਨ ਸਰਕਾਰ ਇਹ ਗੱਲ ਦੀ ਸ਼ਾਇਦ ਸਮਝ ਨਹੀਂ ਪੈ ਰਹੀ। ਡੀ.ਟੀ.ਐਫ. ਜਿਲਾ ਲੁਧਿਆਣਾ ਦੇ ਜਨਰਲ ਸਕੱਤਰ ਰੁਪਿੰਦਰ ਗਿੱਲ ਨੇ ਕਿਹਾ ਕਿ ਸਰਕਾਰ ਨੇ ਬਜਟ ਸੈਸ਼ਨ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਕੋਈ ਦਾ ਕੋਈ ਐਲਾਨ ਨਹੀਂ ਕੀਤਾ। ਪੈਨਸ਼ਨਰ ਮਹਾਂ ਸੰਘ ਦੇ ਸਰਪ੍ਰਸਤ ਕੁਲਵੰਤ ਤਰਕ ਨੇ ਕਿਹਾ ਕਿ ਇਹ ਬਜਟ ਕਾਰਪੋਰੇਟ ਪੱਖੀ ਹੈ ਜੋ ਕਿ ਇਹ ਸਿੱਧ ਕਰਦਾ ਹੈ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਵਾਂਗ ਕਾਰਪੋਰੇਟ ਘਰਾਣਿਆਂ ਦਾ ਹੱਥ ਠੋਕਾ ਬਣ ਚੁੱਕੀ ਹੈ। ਇਸ ਨੂੰ ਆਮ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੈ। ਇਸ ਲਈ ਆਮ ਲੋਕਾਂ ਨੂੰ ਆਪਣੇ ਹੱਕ ਲੈਣ ਲਈ ਇਨ੍ਹਾਂ ਵਿਰੁੱਧ ਲਾਮਵੰਦ ਹੋਣਾ ਹੀ ਪੈਣਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਵਰਕਾਮ ਪੈਨਸ਼ਨਰ ਐਸੋ: ਦੇ ਸਕੱਤਰ ਜੁਗਲ ਕਿਸ਼ੋਰ ਸਾਹਨੀ, ਪਿੰਦਰਪਾਲ ਸਿੰਘ, ਦਰਸ਼ਨ ਸਿੰਘ ਗੜ੍ਹੀ, ਦਰਸ਼ਨ ਸਿੰਘ ਕੋਟਾਲਾ, ਪ੍ਰੇਮ ਕੁਮਾਰ, ਜਗਤਾਰ ਸਿੰਘ ਪ੍ਰੈਸ ਸਕੱਤਰ, ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਦੇ ਜਨਰਲ ਸਕੱਤਰ ਰਿਟਾ: ਲੈਕ: ਵਿਜੇ ਕੁਮਾਰ ਸ਼ਰਮਾ, ਚਰਨਜੀਤ ਸਿੰਘ ਸੀਨੀਅਰ ਵਾਈਸ ਪ੍ਰਧਾਨ, ਜੈ ਰਾਮ, ਬਲਵਿੰਦਰ ਸਿੰਘ, ਮੇਲਾ ਸਿੰਘ, ਗੁਰਚਰਨ ਸਿੰਘ, ਹਿੰਮਤ ਸਿੰਘ, ਸੁਨੀਲ ਕੁਮਾਰ, ਅਸ਼ੋਕ ਕੁਮਾਰ, ਮਹਾਂਸੰਘ ਸਮਰਾਲਾ ਦੇ ਜਨਰਲ ਸਕੱਤਰ ਜਗਤਾਰ ਸਿੰਘ ਆਦਿ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਨਾਲ ਸਬੰਧਿਤ ਮੁਲਾਜ਼ਮ ਅਤੇ ਪੈਨਸ਼ਨਰਜ਼ ਅਤੇ ਅਧਿਆਪਕ ਹਾਜ਼ਰ ਸਨ।