
ਧਾਰਮਿਕ ਅਸਥਾਨ ਦਾ ਗੇਟ ਤੇ ਸ਼ਮਸ਼ਾਨ ਘਾਟ ਤੋਂ ਅਰਥੀ ਚੋਰੀ ਕਰਨ ਵਾਲੇ ਕਾਬੂ।
ਮੁਲਜ਼ਮਾਂ ਕੋਲੋਂ ਚੋਰੀ ਕੀਤਾ ਸਮਾਨ ਕੀਤਾ ਬਰਾਮਦ।
ਮਾਛੀਵਾੜਾ ਸਾਹਿਬ,03 ਮਾਰਚ ( ਵਰਿੰਦਰ ਸਿੰਘ ਹੀਰਾ) ਨੇੜਲੇ ਪਿੰਡ ਗੁਰੂਗੜ੍ਹ ਵਿਖੇ ਧਾਰਮਿਕ ਅਸਥਾਨ ਤੋਂ ਚੋਰ ਗੇਟ ਹੀ ਚੋਰੀ ਕਰ ਕੇ ਲੈ ਗਏ । ਉਨ੍ਹਾਂ ਨੂੰ ਮਾਛੀਵਾੜਾ ਪੁਲਸ ਨੇ ਕਾਬੂ ਕਰ ਲਿਆ। ਗੁਰੂਗੜ੍ਹ ਵਾਸੀ ਸ਼ਹੀਦ ਭਗਤ ਸਿੰਘ ਸੋਸ਼ਲ ਕਲੱਬ ਦੇ ਪ੍ਰਧਾਨ ਜਗਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਪਿੰਡ ਦੀਆਂ ਮਨਰੇਗਾ ਮਜ਼ਦੂਰ ਔਰਤਾਂ ਸਮਸ਼ਾਨਘਾਟ ਨੇੜੇ ਸਫ਼ਾਈ ਕਰ ਰਹੀਆਂ ਸਨ। ਉਨ੍ਹਾਂ ਦੱਸਿਆ ਕਿ 2 ਮੁਲਜ਼ਮ ਪੰਜ ਪੀਰਾਂ ਦੀ ਜਗ੍ਹਾ ‘ਤੇ ਲੱਗਾ ਲੋਹੇ ਦਾ ਗੇਟ ਤੇ ਸਟੈਂਡ ਚੋਰੀ ਕਰ ਕੇ ਲੈ ਗਏ ਹਨ। ਉਹ ਤੇ ਉਸ ਦਾ ਦੋਸਤ ਲਵਜੀਤ ਸਿੰਘ ਜਦੋਂ ਇਨ੍ਹਾਂ ਚੋਰਾਂ ਦੀ ਭਾਲ ਕਰਨ ਲੱਗੇ ਤਾਂ ਪਤਾ ਲੱਗਾ ਕਿ ਚੋਰੀ ਧਰਮਪਾਲ ਉਰਫ਼ ਗੁੱਦੂ, ਦਵਿੰਦਰ ਸਿੰਘ ਉਰਫ਼ ਗੁਗਲਾ ਵਾਸੀ ਮਾਣੇਵਾਲ ਨੇ ਕੀਤੀ ਹੈ। ਮਾਛੀਵਾੜਾ ਪੁਲਸ ਨੇ ਇਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਥਾਣਾ
ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਦਾ ਪਰਚਾ ਦਰਜ ਕਰ ਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਚੋਰੀ ਕੀਤਾ ਗੇਟ ਅਤੇ ਇਕ ਲੋਹੇ ਦਾ ਸਟੈਂਡ ਬਰਾਮਦ ਕਰ ਲਿਆ ਹੈ । ਉਥੇ ਹੀ ਗੁਰੂਗੜ੍ਹ ਪਿੰਡ ਦੇ ਹੀ ਦੂਜੇ ਮਾਮਲੇ’ਚ ਸਮਸ਼ਾਨ ਘਾਟ ‘ਚੋਂ ਲੋਹੇ ਦੀ ਅਰਥੀ ਵੀ ਚੋਰੀ ਹੋ ਚੁੱਕੀ ਹੈ। ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਨਸ਼ਿਆਂ ਦੀ ਪੂਰਤੀ ਲਈ ਚੋਰ ਨਾ ਧਾਰਮਿਕ ਸਥਾਨਾਂ ਨੂੰ ਬਖ਼ਸ਼ਦੇ ਹਨ ਅਤੇ ਨਾ ਹੀ ਸਮਸ਼ਾਨਘਾਟਾਂ ‘ਚ ਪਏ ਕਿਸੇ ਸਾਮਾਨ ਨੂੰ ਇਸ ਲਈ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।