ਖੰਨਾ ਪੁਲਿਸ ਵੱਲੋਂ ਚਾਈਨਾ ਡੋਰ ਦੇ ਵਿਕਰੇਤਾ ਗ੍ਰਿਫਤਾਰ। 448 ਗੱਟੂ ਕੀਤੇ ਬਰਾਮਦ।
ਸਮਰਾਲਾ, 1 ਫਰਵਰੀ ( ਵਰਿੰਦਰ ਸਿੰਘ ਹੀਰਾ) ਖੰਨਾ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲਿਆਂ ਤੇ ਸ਼ਿਕੰਜਾ ਕੱਸਿਆ ਹੋਇਆ ਹੈ। ਇਸ ਮੁਹਿਮ ਅਧੀਨ ਅੰਮ੍ਰਿਤਪਾਲ ਸਿੰਘ ਪੀ ਪੀਐਸ ਉਪ ਪੁਲਿਸ ਕਪਤਾਨ, ਸ਼੍ਰੀਮਤੀ ਹਰਪਿੰਦਰ ਕੌਰ ਗਿੱਲ ਪੀਪੀਐਸ, ਡੀਐਸਪੀ ਖੰਨਾ ਅਤੇ ਥਾਣੇਦਾਰ ਜਰਨੈਲ ਸਿੰਘ ਇੰਚਾਰਜ ਸਪੈਸ਼ਲ ਬਰਾਂਚ ਖੰਨਾ ਸਮੇਤ ਪੁਲਿਸ ਪਾਰਟੀ ਨੇ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 448 ਗੱਟੂ ਚਾਈਨਾ ਡੋਰ ਬਰਾਮਦ ਕੀਤੀ ਹੈ।
ਖੰਨਾ ਪੁਲਿਸ ਵੱਲੋਂ ਪ੍ਰੈਸ ਨੂੰ ਜਾਰੀ ਕੀਤੀ ਜਾਣਕਾਰੀ ਦੇ ਅਨੁਸਾਰ ਪੁਲਿਸ ਪਾਰਟੀ ਨੂੰ ਇਤਲਾਅ ਮਿਲੀ ਸੀ ਕਿ ਤਿੰਨ ਵਿਅਕਤੀ ਲੁਧਿਆਣਾ ਤੋਂ ਈ-ਰਿਕਸ਼ਾ ਵਿੱਚ ਸਵਾਰ ਹੋ ਕੇ ਖੰਨਾ ਵੱਲ ਨੂੰ ਆ ਰਹੇ ਹਨ ਜਿਨਾਂ ਦੇ ਕੋਲ ਪਾਬੰਦੀ ਸ਼ੁਦਾ ਚਾਈਨਾ ਡੋਰ ਹੈ, ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹਨਾਂ ਪਾਸੋਂ ਪਾਬੰਦੀ ਸ਼ੁਦਾ ਚਾਈਨਾ ਡੋਰ ਬਰਾਮਦ ਕੀਤੀ। ਪੁਲਿਸ ਨੇ ਇਹਨਾਂ ਵਿਅਕਤੀਆਂ ਖਿਲਾਫ ਮੁਕਦਮਾ ਨੰਬਰ 12 ਮਿਤੀ 31 ਜਨਵਰੀ 2025 ਅਧੀਨ 223, 125, 110 ਬੀ ਐਨਐਸ ਥਾਣਾ ਸਦਰ ਖੰਨਾ ਵਿਖੇ ਦਰਜ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਇਹਨਾਂ ਵਿਅਕਤੀਆਂ ਤੋਂ 400 ਗੱਟੂ ਬਰਾਮਦ ਕੀਤੇ ਗਏ ਹਨ ਅਤੇ ਇਹਨਾਂ ਤੋਂ ਅਗਲੇਰੀ ਪੁੱਚਗਿਛ ਜਾਰੀ ਹੈ।
ਇਸੇ ਦੌਰਾਨ ਮਿਤੀ 31 ਜਨਵਰੀ 2025 ਦੀ ਦਰਮਿਆਨੀ ਰਾਤ ਨੂੰ ਖੰਨਾ ਪੁਲਿਸ ਦੀ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੇ ਤਕਰੀਬਨ 10 ਵਜੇ ਰਾਤ ਇੱਕ ਸ਼ੱਕੀ ਵਿਅਕਤੀ ਜੋ ਕਿ ਲੁਧਿਆਣਾ ਸਾਈਡ ਤੋਂ ਐਕਟਿਵ ਆ ਸਕੂਟਰ ਤੇ ਆ ਰਿਹਾ ਸੀ , ਉਸ ਨੂੰ ਪੁਲਿਸ ਚੌਂਕੀ ਕੋਟ ਦੇ ਅੱਗੇ ਰੋਕਿਆ ਗਿਆ, ਤਾਂ ਉਸ ਪਾਸੋਂ ਇੱਕ ਪਲਾਸਟਿਕ ਦੇ ਥੈਲੇ ਵਿੱਚ 48 ਗੱਟੂ ਚਾਈਨਾ ਡੋਰ ਬਰਾਮਦ ਹੋਏ। ਉਸਨੇ ਪੁੱਛਗਿੱਛ ਦੌਰਾਨ ਕਬੂਲਿਆ ਕਿ ਉਸਨੇ ਇਹ ਡੋਰ ਖੰਨਾ ਸ਼ਹਿਰ ਵਿੱਚ ਫਿਰ ਤੁਰ ਕੇ ਪਤੰਗ ਉਡਾਉਣ ਵਾਲਿਆਂ ਨੂੰ ਵੇਚਣੀ ਸੀ। ਜ਼ਿਕਰ ਯੋਗ ਹੈ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਚਾਈਨਾ ਡੋਰ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੋਈ ਹੈ। ਕਿਉਂਕਿ ਚਾਈਨਾ ਡੋਰ ਰਾਹਗੀਰਾਂ ਦੇ ਸਰੀਰਕ ਅੰਗਾਂ ਨੂੰ ਕੱਟਣ ਅਤੇ ਪੰਛੀਆਂ ਦੀ ਜਾਨ ਨੂੰ ਵੀ ਖਤਰਾ ਰਹਿੰਦਾ ਹੈ। ਚਾਈਨਾ ਡੋਰ ਨਾਲ ਹਰ ਰੋਜ਼ ਕੋਈ ਨਾ ਕੋਈ ਹਾਦਸਾ ਹੁੰਦਾ ਹੀ ਰਹਿੰਦਾ ਹੈ । ਖੰਨਾ ਪੁਲਿਸ ਦੇ ਇਸ ਕਦਮ ਦੀ ਇਲਾਕੇ ਵਿੱਚ ਹਰ ਜਗ੍ਹਾ ਸ਼ਲਾਘਾ ਕੀਤੀ ਜਾ ਰਹੀ ਹੈ।