ਬਾਬਾ ਸਾਹਿਬ ਬੀ. ਆਰ. ਅੰਬੇਦਕਰ ਮਿਸ਼ਨਰੀ ਸਭਾ ਵੱਲੋਂ ਪਹਿਲਗਾਮ ’ਚ ਮਾਰੇ ਗਏ ਸੈਲਾਨੀਆਂ ਨੂੰ ਦਿੱਤੀ ਸ਼ਰਧਾਂਜਲੀ
ਪਾਕਿਸਤਾਨ ਦੀ ਗੰਦੀ ਸੋਚ ਭਾਰਤ ਦੀ ਅਖੰਡਤਾ ਨੂੰ ਕਦੇ ਵੀ ਖੰਡਿਤ ਨਹੀਂ ਕਰ ਸਕਦੀ – ਬਲੱਗਣ/ਕਾਮਰੇਡ ਭਜਨ ਸਿੰਘ/ਮੈਨੇਜਰ
ਸਮਰਾਲਾ, 28 ਅਪ੍ਰੈਲ ( ਵਰਿੰਦਰ ਸਿੰਘ ਹੀਰਾ ) ਬਾਬਾ ਸਾਹਿਬ ਬੀ. ਆਰ. ਅੰਬੇਦਕਰ ਮਿਸ਼ਨਰੀ ਸਭਾ ਸਮਰਾਲਾ ਦੀ ਇੱਕ ਅਹਿਮ ਮੀਟਿੰਗ ਸਥਾਨਕ ਵਾਲਮੀਕ ਮੰਦਿਰ ਵਿਖੇ ਸਭਾ ਦੇ ਪ੍ਰਧਾਨ ਕਾਮਰੇਡ ਭਜਨ ਸਿੰਘ (ਸਾਬਕਾ ਪ੍ਰਧਾਨ ਨਗਰ ਕੌਂਸਲ), ਡਾ. ਸੋਹਣ ਲਾਲ ਬਲੱਗਣ ਸਰਪ੍ਰਸਤ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਵਿੱਚ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਦੁਆਰਾ ਗੋਲੀਆਂ ਚਲਾ ਕੇ 28 ਦੇ ਕਰੀਬ ਬੇਦੋਸ਼ੇ ਨਿਹੱਥੇ ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਦਰਜਨਾਂ ਦੀ ਗਿਣਤੀ ਵਿੱਚ ਸੈਲਾਨੀਆਂ ਨੂੰ ਜਖਮੀ ਕਰ ਦਿੱਤਾ ਗਿਆ ਸੀ। ਮਾਰੇ ਗਏ ਸੈਲਾਨੀਆਂ ਦੀ ਵਿਛੜੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਉਪਰੰਤ ਡਾ. ਸੋਹਣ ਲਾਲ ਬਲੱਗਣ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਘਟਨਾ ਕਾਰਨ ਪਾਕਿਸਤਾਨ ਦੀ ਪੂਰੀ ਦੁਨੀਆਂ ਵਿੱਚ ਵਿਰੋਧਤਾ ਹੋਈ ਹੈ, ਜਿਸ ਕਾਰਨ ਪਾਕਿਸਤਾਨ ਵਾਰ ਵਾਰ ਇਸ ਦੀ ਨਿਰਪੱਖ ਜਾਂਚ ਵਿੱਚ ਸਾਥ ਦੇਣ ਬਾਰੇ ਬਿਆਨ ਦੇ ਕੇ ਸੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ, ਪ੍ਰੰਤੂ ਜੋ ਨਿਰਦੋਸ਼ ਸੈਲਾਨੀ ਇਸ ਹਮਲੇ ਵਿੱਚ ਮਾਰੇ ਗਏ ਹਨ, ਉਨ੍ਹਾਂ ਦੇ ਪਰਿਵਾਰ ਕਦੇ ਵੀ ਇਸ ਸਦਮੇ ਵਿੱਚੋਂ ਨਹੀਂ ਨਿਕਲ ਸਕਣਗੇ। ਇਸ ਹਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ। ਪ੍ਰਧਾਨ ਕਾਮਰੇਡ ਭਜਨ ਸਿੰਘ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਸਿੱਧੀ ਜੰਗ ਲੜਨ ਦੀ ਥਾਂ ਉਸ ਵਿਰੁੱਧ ਕੌਮਾਂਤਰੀ ਵਿੱਤੀ ਸੰਸਥਾਵਾਂ ਰਾਹੀਂ ਆਰਥਿਕ ਤੌਰ ਪਾਬੰਦੀ ਲਗਾਉਣੀ ਚਾਹੀਦੀ ਹੈ, ਜਿਸ ਨਾਲ ਪਾਕਿਸਤਾਨ ਨੂੰ ਸਹੀ ਰਾਸਤੇ ਤੇ ਲਿਆਂਦਾ ਜਾ ਸਕੇ। ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਛਿੜਦੀ ਹੈ, ਇਸਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੀ ਸਹਿਣਾ ਪਵੇਗਾ ਜੋ ਪੰਜਾਬ ਲਈ ਆਰਥਿਕ ਤੌਰ ਤੇ ਬਹੁਤ ਘਾਤਕ ਹੋਵੇਗਾ। ਮੈਨੇਜਰ ਕਰਮਚੰਦ ਸਰਪ੍ਰਸਤ ਨੇ ਕਿਹਾ ਕਿ ਪਹਿਲਗਾਮ ਦੇ ਨਸਲੀ ਹਮਲੇ ਨਾਲ ਹਿੰਦੂ, ਮੁਸਲਮਾਨ ਅਤੇ ਸਿੱਖਾਂ ਵਿਚਕਾਰ ਆਪਸੀ ਭਾਈਚਾਰੇ ਦੀ ਤੰਦ ਹੋਰ ਪੀਡੀ ਹੋਈ ਹੈ। ਅੱਤਵਾਦੀ ਭਾਰਤ ਦੀ ਅਖੰਡਤਾ ਨੂੰ ਕਦੇ ਵੀ ਖੰਡਿਤ ਨਹੀਂ ਕਰ ਸਕਦੇ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਬੂਟਾ ਸਿੰਘ ਜਨਰਲ ਸਕੱਤਰ, ਰਾਮਜੀ ਦਾਸ ਮੱਟੂ ਮੀਤ ਪ੍ਰਧਾਨ, ਨਰਿੰਦਰ ਮਣਕੂ ਸੀਨੀਅਰ ਮੈਂਬਰ, ਅਸ਼ੋਕ ਕੁਮਾਰ ਕਲਿਆਣ, ਰਾਜਿੰਦਰਪਾਲ ਮੱਟੂ ਕੈਸ਼ੀਅਰ, ਗੁਰਮੀਤ ਸਿੰਘ ਮੈਂਬਰ, ਕਸ਼ਮੀਰਾ ਸਿੰਘ ਮੈਂਬਰ, ਮਨਵੀਰ ਕੌਰ ਮੈਂਬਰ, ਬਲਦੇਵ ਸਿੰਘ ਤੂਰ ਪ੍ਰਪੇਗੰਡਾ ਸੈਕਟਰੀ ਆਦਿ ਤੋਂ ਇਲਾਵਾ ਸਭਾ ਦੇ ਹੋਰ ਮੈਂਬਰ ਅਤੇ ਮੁਹੱਲਾ ਨਿਵਾਸੀ ਹਾਜਰ ਸਨ।