
ਤਪੋਬਣ ਢੱਕੀ ਸਾਹਿਬ ਦੇ ਰਮਣੀਕ ਅਸਥਾਨ ਤੇ ਵੈਸਾਖ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਾਇਆ ।
ਗੁਰਬਾਣੀ ਮਨੁੱਖ ਨੂੰ ਪਰਮਾਤਮਾ ਨਾਲ ਮਿਲਾਪ ਕਰਨ ਲਈ ਅਗਵਾਈ ਦਿੰਦੀ ਹੈ- ਸੰਤ ਢੱਕੀ ਸਾਹਿਬ ਵਾਲੇ
ਖੰਨਾ, 28 ਅਪ੍ਰੈਲ (ਰਵਿੰਦਰ ਸਿੰਘ ਢਿੱਲੋਂ) ਪੁਰਾਤਨ ਰੁੱਖ ਢੱਕ ਦੇ ਫੁੱਲਾਂ ਨਾਲ ਸਜੀ ਢੱਕੀ ਸਾਹਿਬ ਦੇ ਰਮਣੀਕ ਅਸਥਾਨ ਤੇ ਵੈਸਾਖ ਦੇ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਖੁੱਲ੍ਹੇ ਜੰਗਲ ਵਿੱਚ ਕੀਰਤਨ ਦੀਵਾਨ ਸਜਾਏ ਗਏ ਜਿਸ ਵਿੱਚ ਤਪੋਬਣ ਦੇ ਹਜੂਰੀ ਜੱਥੇ ਵੱਲੋਂ ਸ਼ਬਦ ਕੀਰਤਨ ਤੇ ਕੁਦਰਤ ਦੀ ਸਿਫਤ ਸਲਾਹ ਦੀਆਂ ਕਵਿਤਾਵਾਂ ਰਾਹੀਂ ਕਾਦਰ ਦਾ ਜਸ ਗਾਇਨ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫੁਰਮਾਇਆ ਕਿ ਗੁਰਬਾਣੀ ਮਨੁੱਖ ਨੂੰ ਪਰਮਾਤਮਾ ਨਾਲ ਮਿਲਾਪ ਕਰਨ ਲਈ ਅਗਵਾਈ ਦਿੰਦੀ ਹੈ, ਉੱਥੇ ਮਨੁੱਖੀ ਸਮਾਜ ਵਿੱਚ ਸਫਲਤਾ ਪੂਰਵਕ ਵਿਚਰਨ ਦੀ ਜੀਵਨ ਜਾਂਚ ਵੀ ਸਿਖਾਉਂਦੀ ਹੈ। ਉਨ੍ਹਾਂ ਗੁਰਬਾਣੀ ਦੇ ਵੱਖ ਵੱਖ ਸ਼ਬਦਾਂ ਅਤੇ ਇਤਿਹਾਸ ਪੱਖਾਂ ਦੇ ਹਵਾਲੇ ਦਿੰਦਿਆਂ ਸਮਝਾਇਆ ਕਿ “ਨਿਮਰਤਾ” ਪ੍ਰਭੂ ਮਿਲਾਪ ਲਈ ਜਰੂਰੀ ਸ਼ਰਤ ਹੈ। ਗੁਰੂ ਸਾਹਿਬਾਨ ਪਰਮਾਤਮਾ ਨੂੰ ਸੱਚ ਦੀ ਸੰਗਿਆ ਦਿੰਦੇ ਹੋਏ ਫਰਮਾਉਂਦੇ ਨੇ ਕਿ ਮਨੁੱਖ ਉਸ ਸੱਚ ਨਾਲ ਜੁੜ ਕੇ ਸਚਿਆਰਾ ਬਣਦਾ ਹੈ। ਪਰ, ਸਚਿਆਰਾ ਬਣਨ ਲਈ ਜਰੂਰੀ ਸ਼ਰਤ ਹੈ ਕਿ ਉਹ ਆਪਣੀ ਹਉਮੈ ਗਵਾਵੇ ਅਤੇ ਹੁਕਮ ਅਨੁਸਾਰ ਆਪਣਾ ਜੀਵਨ ਬਤੀਤ ਕਰੇ। ਹੁਕਮ ਅਨੁਸਾਰ ਚਲਣ ਵਾਲਾ ਮਨੁੱਖ ਹੀ ਤਿਆਰ ਹੋਵੇਗਾ ਜਿਸ ਵਿੱਚ ਨਿਮਰਤਾ ਹੋਵੇਗੀ। ਨਿਮਰਤਾ ਦਾ ਉਲਟ ਭਾਵ ਹਉਮੈ ਹੈ, ਹਉਮੈ ਨੂੰ ਨਾਮ ਭਾਵ ਪਰਮਾਤਮਾ ਦਾ ਵਿਰੋਧੀ ਦੱਸਿਆ ਹੈ। ਉਨ੍ਹਾ ਕਿਹਾ ਕਿ ਰੂਹਾਨੀਅਤ ਦੇ ਮਾਰਗ ਦੇ ਪਾਂਧੀ ਨੂੰ ਹਮੇਸ਼ਾਂ ਆਪਣੇ ਨਿਸ਼ਾਨੇ ਵੱਲ ਅੱਗੇ ਵਧਣਾ ਚਾਹੀਦਾ ਹੈ ਉਸਦੇ ਮਨ ਵਿੱਚ ਉਸਤਤਿ ਦੀ ਇੱਛਾ ਨਹੀਂ ਹੋਣੀ ਚਾਹੀਦੀ ਤੇ ਨਿੰਦਿਆਂ ਸੁਣਕੇ ਘਬਰਾਉਣਾ ਨਹੀਂ ਚਾਹੀਦਾ। ਉਹਨਾ ਕਿਹਾ ਕਿ ਗੁਰਮੁਖ ਨਾਮ ਅਭਿਆਸੀਆਂ ਨੂੰ ਆਪਣੇ ਅੰਦਰ ਹਮੇਸ਼ਾਂ ਝਾਤੀ ਮਾਰਦੇ ਰਹਿਣਾ ਚਾਹੀਦਾ ਹੈ ਤਾਂ ਕਿਤੇ ਜਾ ਕੇ ਉਸਨੂੰ ਕਿਸੇ ਮੰਜਿਲ ਦੀ ਪ੍ਰਾਪਤੀ ਹੁੰਦੀ ਹੈ । ਉਨ੍ਹਾ ਕਿਹਾ ਕਿ ਕਿਰਤ ਵਿਰਤ ਕਰਦੇ ਹੋਏ ਉਸ ਪ੍ਰਮਾਤਮਾਂ ਨੂੰ ਹਮੇਸ਼ਾਂ ਯਾਦ ਰੱਖੋ ਨਾਮ ਬਾਣੀ ਸੇਵਾ ਸਿਮਰਨ ਭਗਤੀ ਨੂੰ ਆਪਣੀ ਜਿੰਦਗੀ ਦਾ ਅਧਾਰ ਬਣਾਉ ਤੇ ਸਰਬੱਤ ਦੇ ਭਲੇ ਦੀ ਸੋਚ ਦੇ ਧਾਰਨੀ ਹੋ ਕੇ ਇਹ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਸੰਸਾਰ ਤੋਂ ਜਾਈਏ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀ ਸੰਗਤ ਤੋਂ ਇਲਾਵਾ ਬਾਬਾ ਜਗਤਾਰ ਦਾਸ ਜੀ ਖਿਆਲੀ ਉਦਾਸੀ ਸੰਪਰਦਾ,ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਵਾਲੇ,ਗਿਆਨੀ ਦਿਲਪ੍ਰੀਤ ਸਿੰਘ ਯੂਰਪ ਵਾਲੇ, ਭਾਈ ਗੁਰਦੀਪ ਸਿੰਘ ਢੱਕੀ ਸਾਹਿਬ, ਭਾਈ ਰਣਬੀਰ ਸਿੰਘ, ਜਸਵਿੰਦਰ ਸਿੰਘ ਗੁੱਜਰਵਾਲ , ਦਿਲਬਾਗ ਸਿੰਘ ਅਨੂਪਗੜ੍ਹ ਰਾਜਸਥਾਨ, ਹਰਪ੍ਰੀਤ ਸਿੰਘ ਯਮੁਨਾਨਗਰ, ਹਰਜੀਤ ਸਿੰਘ ਬਠਿੰਡਾ, ਜਸਵਿੰਦਰ ਸਿੰਘ , ਤੇ ਸੁਖਵੰਤ ਸਿੰਘ ਨੰਬਰਦਾਰ ਬਰਮਾਲੀਪੁਰ ਆਦਿਕ ਵੀ ਹਾਜ਼ਰ ਸਨ।