
ਬੀ. ਕੇ. ਯੂ. (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਅਤੇ ਬਲਾਕ ਪ੍ਰਧਾਨਾਂ ਨੂੰ ਅੱਧੀ ਰਾਤੀਂ ਪੁਲਿਸ ਨੇ ਚੁੱਕ ਥਾਣੇ ਡੱਕਿਆ
ਸੰਯੁਕਤ ਕਿਸਾਨ ਮੋਰਚੇ ਦੁਆਲੇ ਐਲਾਨੇ ਪ੍ਰੋਗਰਾਮ ਅਨੁਸਾਰ ਚੰਡੀਗੜ੍ਹ ਧਰਨਾ ਹਰ ਹਾਲਤ ਵਿੱਚ ਲੱਗੇਗਾ- ਮਨਪ੍ਰੀਤ ਸਿੰਘ ਘੁਲਾਲ ਜ਼ਿਲ੍ਹਾ ਜਨ: ਸਕੱਤਰ
ਸਮਰਾਲਾ,04 ਮਾਰਚ ( ਵਰਿੰਦਰ ਸਿੰਘ ਹੀਰਾ)
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਲਕੇ ਤੋਂ ਚੰਡੀਗੜ੍ਹ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਲੱਗਣ ਵਾਲੇ ਧਰਨੇ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਮਨੋਬਲ ਸੁੱਟਣ ਦੀ ਮਨਸਾ ਨਾਲ ਕਿਸਾਨ ਆਗੂਆਂ ਦੀ ਫੜੋ ਫੜੀ ਸ਼ੁਰੂ ਕਰਕੇ ਬੀਤੀ ਅੱਧੀ ਰਾਤ ਤੋਂ ਉਨ੍ਹਾਂ ਨੂੰ ਵੱਖ ਵੱਖ ਪੁਲਿਸ ਥਾਣਿਆਂ ਵਿੱਚ ਲਿਆ ਕੇ ਡੱਕ ਦਿੱਤਾ ਹੈ, ਪ੍ਰੰਤੂ ਇਸ ਨਾਲ ਪੰਜਾਬ ਦੇ ਕਿਸਾਨਾਂ ਦਾ ਹੌਸਲਾ ਪਸਤ ਨਹੀਂ ਹੋ ਸਕਦਾ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਘੁਲਾਲ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਬੀਤੀ ਸ਼ਾਮ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂਆਂ ਅਤੇ ਮੁੱਖ ਮੰਤਰੀ ਪੰਜਾਬ ਦਰਮਿਆਨ ਕਿਸਾਨੀ ਮੰਗਾਂ ਸਬੰਧੀ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ ਸੀ, ਪ੍ਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਆਪਣੇ ਆਪ ਨੂੰ ਕਿਸਾਨ ਅਤੇ ਮਜ਼ਦੂਰ ਹਿਤੈਸ਼ੀ ਅਖਵਾਉਂਦੇ ਹਨ, ਮੀਟਿੰਗ ਨੂੰ ਅੱਧ ਵਿਚਕਾਰੋਂ ਛੱਡ ਕੇ ਭੱਜ ਗਏ, ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੋਈ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਕਿਸਾਨ ਪੁੱਤਰਾਂ ਤੋਂ ਇਸ ਤਰ੍ਹਾਂ ਭੱਜਿਆ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਮੋਦੀ ਦੀਆਂ ਲੀਹਾਂ ਤੇ ਤੁਰਦੇ ਹੋਏ ਕਿਸਾਨੀ ਸੰਘਰਸ਼ ਤੋਂ ਘਬਰਾ ਕੇ ਧਰਨੇ ਤੋਂ ਪਹਿਲਾਂ ਕਿਸਾਨ ਆਗੂਆਂ ਦੀ ਫੜੋ ਫੜੀ ਆਰੰਭ ਕਰਵਾ ਦਿੱਤੀ। ਬੀ. ਕੇ. ਯੂ. (ਕਾਦੀਆਂ) ਦੇ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੂੰ ਮਾਛੀਵਾੜਾ ਪੁਲਿਸ ਵੱਲੋਂ ਅੱਧੀ ਰਾਤ ਨੂੰ ਗ੍ਰਿਫਤਾਰ ਕਰਕੇ ਥਾਣੇ ਅੰਦਰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਲਾਕ ਮਾਛੀਵਾੜਾ ਦੇ ਪ੍ਰਧਾਨ ਮੋਹਣ ਸਿੰਘ ਬਾਲਿਓਂ ਨੂੰ ਸਮਰਾਲਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਯੂਨੀਅਨ ਦੇ ਹੋਰ ਆਗੂਆਂ ਨੂੰ ਫੜਨ ਲਈ ਪੁਲਿਸ ਅਜੇ ਵੀ ਛਾਪੇਮਾਰੀ ਕਰ ਰਹੀ ਹੈ, ਸਰਕਾਰ ਦੀ ਅਜਿਹੀ ਹੋਛੀ ਹਰਕਤ ਨਾਲ ਕਿਸਾਨੀ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ, 5 ਮਾਰਚ ਤੋਂ ਚੰਡੀਗੜ੍ਹ ਲੱਗਣ ਵਾਲਾ ਧਰਨਾ ਪਹਿਲਾਂ ਦਿੱਤੇ ਪ੍ਰੋਗਰਾਮ ਅਨੁਸਾਰ ਹਰ ਹਾਲਤ ਵਿੱਚ ਲੱਗੇਗਾ, ਸਰਕਾਰ ਜਿਹੇ ਜਿਹੇ ਮਰਜੀ ਹੱਥਕੰਡੇ ਅਪਣਾ ਲਵੇ। ਪੰਜਾਬ ਦੇ ਕਿਸਾਨ ਨਹੀਂ ਝੁਕਣਗੇ। ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਤਿਆਰ ਬਰ ਤਿਆਰ ਖੜ੍ਹੀਆਂ ਹਨ, ਜੋ ਭਲਕੇ ਚੰਡੀਗੜ੍ਹ ਲਈ ਕੂਚ ਕਰਨਗੀਆਂ। ਇਸ ਧਰਨੇ ਲਈ ਕਿਸਾਨਾਂ ਅੰਦਰ ਬਹੁਤ ਉਤਸ਼ਾਹ ਹੈ ਅਤੇ ਸਰਕਾਰ ਨੂੰ ਕਿਸਾਨੀ ਮੰਗਾਂ ਮੰਨਣੀਆਂ ਹੀ ਪੈਣਗੀਆਂ, ਨਹੀਂ ਮੁੜ ਇੱਕ ਅੰਦੋਲਨ ਖੜ੍ਹਾ ਹੋ ਜਾਵੇਗਾ।