
ਮਿੱਡ-ਡੇ-ਮੀਲ ਕੁੱਕ ਇੱਕ ਮਈ ਤੋਂ ਆਪਣੇ ਹੱਕਾਂ ਲਈ ਜਾਣਗੇ ਹੜਤਾਲ ’ਤੇ, ਪੰਜਾਬ ਭਰ ਦੇ ਸਕੂਲਾਂ ਵਿੱਚ ਚੁੱਲੇ ਰਹਿਣਗੇ ਠੰਡੇ
ਇੱਕ ਮਈ ਤੋਂ ਪੰਜਾਬ ਭਰ ਵਿੱਚ ਕੁੱਕ ਖਾਣਾ ਸਕੂਲਾਂ ਵਿੱਚ ਖਾਣਾ ਨਹੀਂ ਬਣਾਉਣਗੇ, ਜੇਕਰ ਸਰਕਾਰ ਨੇ ਤਨਖਾਹ ਨਾ ਵਧਾਈ ਤਾਂ ਭੁੱਖ ਹੜਤਾਲ ਵੀ ਕਰਨਗੇ –ਚਿੰਡਾਲੀਆ
ਸਮਰਾਲਾ, 29 ਅਪ੍ਰੈਲ (ਵਰਿੰਦਰ ਸਿੰਘ ਹੀਰਾ ) ਮਿੱਡ-ਡੇ-ਮੀਲ ਕੁੱਕ ਯੂਨੀਅਨ ਬੀ.ਐਮ.ਐਸ. ਬਲਾਕ ਸਮਰਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਰਾਣੀ ਕੌਰ ਦੀ ਪ੍ਰਧਾਨਗੀ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ, ਕਾਰਜਕਾਰੀ ਪ੍ਰਧਾਨ ਕਮਲਜੀਤ ਕੌਰ, ਇੰਚਾਰਜ ਸੰਦੀਪ ਕੌਰ, ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਹਰਪ੍ਰੀਤ ਕੌਰ, ਸੁੱਖੀ, ਕੁਲਵਿੰਦਰ ਕੌਰ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਰਮਚੰਦ ਚਿੰਡਾਲੀਆ ਨੇ ਦੱਸਿਆ ਕਿ ਸੁੱਤੀ ਹੋਈ ਪੰਜਾਬ ਸਰਕਾਰ ਜੋ ਮਿੱਡ-ਡੇ-ਮੀਲ ਕੁੱਕਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕਰਕੇ ਕੁੰਭਕਰਨ ਦੀ ਨੀਂਦ ਵਿੱਚ ਸੁੱਤੀ ਪਈ ਹੈ। ਪੰਜਾਬ ਸਰਕਾਰ ਵੱਲੋਂ ਕੁੱਕਾਂ ਦੀਆਂ ਮੰਗਾਂ ਨੂੰ ਸੁਣਨ ਲਈ ਭਲਕੇ ਤੱਕ ਭਾਵ 30 ਅਪ੍ਰੈਲ ਦਾ ਸਮਾਂ ਦਿੱਤਾ ਗਿਆ ਹੈ ਜੇਕਰ 30 ਅਪ੍ਰੈਲ ਤੱਕ ਮਿੱਡ-ਡੇ-ਮੀਲ ਕੁੱਕਾਂ, ਸਫ਼ਾਈ ਸੇਵਕਾਂ, ਚੌਕੀਦਾਰਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਪਹਿਲਾਂ ਉਲੀਕਿਆ ਗਿਆ ਤਿੱਖਾ ਸੰਘਰਸ਼ ਵਿੱਢ ਦੇਣਗੇ। ਸਬੰਧਿਤ ਮੰਗਾਂ ਸਬੰਧੀ ਮੰਗ ਪੱਤਰ ਪਹਿਲਾਂ ਹੀ ਪੰਜਾਬ ਸਰਕਾਰ ਅਤੇ ਸਬੰਧਿਤ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਭੇਜ ਦਿੱਤੇ ਗਏ ਹਨ। ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਲੁਧਿਆਣਾ ਜਿਮਨੀ ਚੋਣ ਦੌਰਾਨ ਪੰਜਾਬ ਭਰ ਦੇ 44500 ਕੁੱਕਾਂ ਵੱਲੋਂ ਸਰਕਾਰ ਖਿਲਾਫ ਵੱਡੀ ਰੈਲੀ ਕੱਢੀ ਜਾਵੇਗੀ। ਚਿੰਡਾਲੀਆ ਨੇ ਅੱਗੇ ਕਿਹਾ ਕਿ ਪੰਜਾਬ ਭਰ ਦੇ ਸਕੂਲਾਂ ਵਿੱਚ ਕੁੱਕ ਲਗਭਗ 16 ਲੱਖ ਬੱਚਿਆਂ ਦਾ ਦੁਪਹਿਰ ਦਾ ਖਾਣਾ ਹਰ ਰੋਜ਼ ਬਣਾਉਂਦੇ ਹਨ। ਸਕੂਲਾਂ ਪੜ੍ਹਦੇ ਕੁਝ ਇਸ ਤਰ੍ਹਾਂ ਦੇ ਵੀ ਬੱਚੇ ਹਨ ਜੋ ਕਿ ਗਰੀਬੀ ਰੇਖਾ ਹੇਠਾਂ ਰਹਿੰਦੇ ਹਨ, ਜੋ ਮਿੱਡ-ਡੇ-ਮੀਲ ਖਾਣਾ ਸਕੂਲ ਵਿੱਚ ਹੀ ਰੱਜ ਕੇ ਖਾਂਦੇ ਹਨ। ਇੱਕ ਮਈ ਤੋਂ ਪੰਜਾਬ ਭਰ ਦੇ ਕੁੱਕ ਹੜਤਾਲ ਤੇ ਜਾ ਰਹੇ ਹਨ, ਪ੍ਰੰਤੂ ਸਮੂਹ ਕੁੱਕ ਇਸ ਪਾਪ ਦੇ ਭਾਗੀ ਨਹੀਂ ਬਣਨਾ ਚਾਹੁੰਦੇ ਪਰ ਉਨ੍ਹਾਂ ਦੀ ਮਜ਼ਬੂਰੀ ਹੈ ਕਿ ਖਾਣਾ ਨਾ ਬਣਾਉਣ ਤੋਂ ਸਿਵਾਏ ਉਨ੍ਹਾਂ ਕੋਲ ਕੋਈ ਹਥਿਆਰ ਨਹੀਂ ਹੈ। ਚਿੰਡਾਲੀਆਂ ਨੇ ਇਹ ਵੀ ਦੱਸਿਆ ਕਿ ਇਸ ਸੰਘਰਸ਼ ਵਿੱਚ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ, ਸਕੂਲ ਅਧਿਆਪਕ ਜਥੇਬੰਦੀ ਦਾ ਪੂਰਾ ਸਾਥ ਦੇਣ। ਜੇਕਰ ਪੰਜਾਬ ਸਰਕਾਰ ਨੇ ਤਨਖਾਹ ਵਿੱਚ ਕੋਈ ਵਾਧਾ ਨਾ ਕੀਤਾ ਤਾਂ ਭੁੱਖ ਹੜਤਾਲ ਵੀ ਕਰਾਂਗੇ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੰਦੀਪ ਕੌਰ, ਰਾਣੀ, ਹਰਪਾਲ ਕੌਰ, ਮਨਦੀਪ ਕੌਰ, ਸੀਮਾ ਰਾਣੀ, ਜਤਿੰਦਰ ਕੌਰ, ਬਲਜੀਤ ਕੌਰ, ਜਸਪਾਲ ਕੌਰ, ਜਸਵਿੰਦਰ ਕੌਰ, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਹਰਪੀ੍ਰਤ ਕੌਰ ਆਦਿ ਤੋਂ ਇਲਾਵਾ ਸਮਰਾਲਾ ਤਹਿਸੀਲ ਦੀਆਂ ਹੋਰ ਵੀ ਮਿੱਡ-ਡੇ- ਮੀਲ ਵਰਕਰਜ਼ ਹਾਜਰ ਸਨ। ਅਖੀਰ ਰਾਣੀ ਕੌਰ ਨੇ ਮੀਟਿੰਗ ਵਿੱਚ ਸ਼ਾਮਲ ਮਿੱਡ-ਡੇ-ਮੀਲ ਕੁੱਕਜ਼ ਦਾ ਧੰਨਵਾਦ ਕੀਤਾ।