ਹਿਮਾਚਲ ਵਿੱਚ ਲਗਾਤਾਰ ਪੰਜਾਬੀਆਂ ਤੇ ਹੋ ਰਹੇ ਹਮਲੇ ਚਿੰਤਾਜਨਕ ਵਿਸ਼ਾ ।
ਹਿਮਾਚਲ ਸਰਕਾਰ ਫੌਰਨ ਸਖਤ ਕਦਮ ਚੁੱਕੇ ।
ਉਨਾ, 20 ਜੂਨ ( ਵਰਿੰਦਰ ਸਿੰਘ ਹੀਰਾ) ਹਿਮਾਚਲ ਤੋਂ ਨਵੀਂ ਚੁਣੀ ਗਈ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਨਾਲ ਚੰਡੀਗੜ੍ਹ ਏਅਰਪੋਰਟ ਤੇ ਹੋਈ ਘਟਨਾ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬੀਆਂ ਤੇ ਹੋ ਰਹੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਹਿਮਾਚਲ ਵਾਸੀਆਂ ਵੱਲੋਂ ਕਿਸੇ ਨਾ ਕਿਸੇ ਗੱਲ ਦਾ ਬਹਾਨਾ ਲੈ ਕੇ ਵੱਡੀ ਗਿਣਤੀ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਘੁੰਮਣ ਗਏ ਪੰਜਾਬੀਆਂ ਪੰਜਾਬੀ ਡਰਾਈਵਰਾਂ ਨੂੰ ਜਗ੍ਹਾ ਜਗ੍ਹਾ ਬੇਇੱਜ਼ਤ ਅਤੇ ਜਲੀਲ ਕੀਤਾ ਜਾ ਰਿਹਾ ਹੈ। ਹਾਲਾਂਕਿ ਉਹਨਾਂ ਦਾ ਕੋਈ ਵੀ ਕਸੂਰ ਨਹੀਂ ਹੁੰਦਾ।
ਗਰਮੀਆਂ ਦੇ ਮੌਸਮ ਵਿੱਚ ਅਕਸਰ ਪੰਜਾਬੀ ਗੁਆਂਡੀ ਰਾਜ ਹਿਮਾਚਲ ਪ੍ਰਦੇਸ਼ ਵਿਖੇ ਛੁੱਟੀਆਂ ਮਨਾਉਣ ਜਾਂਦੇ ਹਨ, ਤਾਂ ਕਿ ਗਰਮੀਆਂ ਤੋਂ ਵੀ ਕੁਝ ਰਾਹਤ ਮਿਲ ਸਕੇ। ਇਹਨਾਂ ਯਾਤਰੀਆਂ ਦੇ ਹਿਮਾਚਲ ਪ੍ਰਦੇਸ਼ ਵਿੱਚ ਆਮਦ ਦੇ ਨਾਲ ਪ੍ਰਦੇਸ਼ ਦੇ ਹੋਟਲ ਅਤੇ ਟੂਰਿਜ਼ਮ ਦਾ ਕੰਮ ਕਾਰ ਚੱਲਦਾ ਹੈ। ਹਿਮਾਚਲ ਪ੍ਰਦੇਸ਼ ਦੇ ਕੁਝ ਧਾਰਮਿਕ ਸਥਾਨਾਂ ਜਿਵੇਂ ਕਿ ਬਾਬਾ ਵਡਭਾਗ ਸਿੰਘ ਜੀ ਦਾ ਡੇਰਾ ਪਿੰਡ ਮੈੜੀ ਜਿਲਾ ਉਨਾ ਜਿੱਥੇ ਕਿ ਕੁਝ ਪੰਜਾਬੀ ਸ਼ਰਧਾਲੂ ਆਪਣਾ ਮਕਾਨ ਬਣਾਕੇ ਅਤੇ ਗੁਰਦੁਆਰਾ ਸਾਹਿਬ ਬਣਾ ਕੇ ਰਹਿੰਦੇ ਹਨ ਉਹਨਾਂ ਨੂੰ ਵੀ ਪਿਛਲੇ ਸਮੇਂ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਧਮਕਾਇਆ ਗਿਆ ਹੈ , ਜੋ ਕਿ ਬਹੁਤ ਮੰਦਭਾਗੀ ਗੱਲ ਹੈ , ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੋਰਨ ਜਿੱਥੇ ਜਿੱਥੇ ਵੀ ਪੰਜਾਬੀ ਸ਼ਰਧਾਲੂ ਰਹਿੰਦੇ ਹਨ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ । ਪਿਛਲੇ ਥੋੜੇ ਸਮੇਂ ਤੋਂ ਜੋ ਘਟਨਾਵਾਂ ਹੋ ਰਹੀਆਂ ਹਨ, ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬੀ ਆਉਣ ਵਾਲੇ ਸਮੇਂ ਵਿੱਚ ਹਿਮਾਚਲ ਵੱਲ ਰੁੱਖ ਕਰਨਾ ਘੱਟ ਕਰ ਦੇਣਗੇ। ਅਤੇ ਟੂਰਿਸਟ ਜਿਆਦਾ ਜੰਮੂ , ਕਸ਼ਮੀਰ ਅਤੇ ਉੱਤਰਾਖੰਡ ਨੂੰ ਤਰਜੀਹ ਦੇਣਗੇ। ਇਨਾ ਹੋ ਰਹੀਆਂ ਘਟਨਾਵਾਂ ਨਾਲ ਜਿੱਥੇ ਹਿਮਾਚਲ ਪ੍ਰਦੇਸ਼ ਦੀ ਆਮਦਨੀ ਨੂੰ ਫਰਕ ਪਵੇਗਾ ਉੱਥੇ ਹੀ ਭਾਈਚਾਰਕ ਸਾਂਝ ਵਿੱਚ ਵੀ ਦਰਾੜ ਪੈਣੀ ਸੰਭਵ ਹੈ। ਹਿਮਾਚਲੀਆਂ ਵੱਲੋਂ ਪੰਜਾਬੀਆਂ ਨੂੰ ਤੰਗ ਕਰਨ ਦੀਆਂ ਘਟਨਾਵਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਉਨਾ, ਅੰਬ ਵਿਚ ਵੀ ਦੇਖੀਆਂ ਗਈਆਂ ਹਨ। ਹਿਮਾਚਲ ਸਰਕਾਰ ਨੂੰ ਚਾਹੀਦਾ ਹੈ ਕੀ ਅਜਿਹੇ ਅਨਸਰਾਂ ਨੂੰ ਨੱਥ ਪਾਈ ਜਾਵੇ ਜੋ ਪੰਜਾਬੀ ਟੂਰਿਸਟਾਂ ਨੂੰ ਜਾਣ ਬੁੱਝ ਕੇ ਤੰਗ ਕਰਦੇ ਹਨ, ਉਹਨਾਂ ਦੀਆਂ ਕਾਰਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਸ ਸਬੰਧੀ ਸਰਕਾਰ ਨੂੰ ਹਿਮਾਚਲ ਪੁਲਿਸ ਨੂੰ ਸਖਤ ਦਿਸ਼ਾ ਨਿਰਦੇਸ਼ ਦੇਣੇ ਚਾਹੀਦੇ ਹਨ ਕਿ ਜਿੱਥੇ ਵੀ ਪੰਜਾਬੀਆਂ ਤੇ ਕੋਈ ਹਮਲਾ ਹੋਵੇ ਉੱਥੇ ਸ਼ਰਾਰਤੀ ਅਨਸਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਤਾਂ ਕਿ ਹਿਮਾਚਲ ਆਉਣ ਵਾਲੇ ਯਾਤਰੀਆਂ ਦਾ ਮੰਨੋ ਬਲ ਬਣਿਆ ਰਹੇ। ਇੱਥੇ ਇਹ ਵੀ ਗੱਲ ਵੇਖਣ ਵਾਲੀ ਹੈ ਕਿ ਪੰਜਾਬ ਵਿੱਚ ਵੀ ਹਿਮਾਚਲ ਪ੍ਰਦੇਸ਼ ਤੋਂ ਕਾਫੀ ਲੋਕ ਆਪਣੀ ਰੋਜ਼ੀ ਰੋਟੀ ਕਮਾਉਣ ਜਾਂਦੇ ਹਨ । ਭਾਈਚਾਰਕ ਸਾਂਝ ਖਰਾਬ ਹੋਣ ਦੇ ਨਾਲ ਉਹਨਾਂ ਦੀ ਸੁਰੱਖਿਆ ਵੀ ਚਿੰਤਾਜਨਕ ਵਿਸ਼ਾ ਹੈ। ਜੇਕਰ ਹਿਮਾਚਲ ਸਰਕਾਰ ਵੱਲੋਂ ਛੇਤੀ ਕੋਈ ਜਰੂਰੀ ਕਦਮ ਨਾ ਉਠਾਏ ਗਏ ਤਾਂ ਇਸ ਸਮੱਸਿਆ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ ਜੋ ਕਿ ਦੋਨਾਂ ਰਾਜਾਂ ਲਈ ਠੀਕ ਨਹੀਂ ਹੋਵੇਗਾ।