ਬੀ. ਕੇ. ਯੂ. (ਲੱਖੋਵਾਲ) ਵੱਲੋਂ 26 ਦੇ ਟਰੈਕਟਰ ਮਾਰਚ ਸਬੰਧੀ ਪਿੰਡ ਪਿੰਡ ਜਾ ਕੇ ਕੀਤੀ ਜਾ ਰਹੀ ਹੈ ਲਾਮਬੰਦੀ

ਕੇਂਦਰ ਦੇ ਪੰਜਾਬ ਅਤੇ ਪੰਜਾਬ ਦੀ ਕਿਰਸਾਨੀ ਨੂੰ ਖਤਮ ਦੇ ਮਨਸੂਬੇ ਪੰਜਾਬੀ ਕਦੇ ਪੂਰੇ ਨਹੀਂ ਹੋਣ ਦੇਣਗੇ – ਮਨਜੀਤ ਸਿੰਘ ਢੀਂਡਸਾ

ਸਮਰਾਲਾ 23 ਜਨਵਰੀ ( ਵਰਿੰਦਰ ਸਿੰਘ ਹੀਰਾ.)  ਕੇਂਦਰ ਸਰਕਾਰ ਦੁਆਰਾ ‘ਖੇਤੀ ਮੰਡੀਕਰਨ ਨੀਤੀ’ ਰਾਹੀਂ ਖੇਤੀ ਮੰਡੀਕਰਨ ਨੂੰ ਤੋੜਨ ਦੀ ਪਾਲਿਸੀ ਸਬੰਧੀ ਲਿਆਂਦੇ ਖਰੜੇ ਦਾ ਵਿਰੋਧ ਕਰਨ ਲਈ ਸਮਰਾਲਾ ਇਲਾਕੇ ਦੀਆਂ ਸਮੂਹਿਕ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੇਂਦਰ ਖਿਲਾਫ ਕੱਢੇ ਜਾ ਰਹੇ ਟਰੈਕਟਰ ਮਾਰਚ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਬੀ. ਕੇ. ਯੂ. (ਲੱਖੋਵਾਲ) ਇਸ ਟਰੈਕਟਰ ਮਾਰਚ ਵਿੱਚ ਮੋਹਰੀ ਹੋ ਕੇ ਹਿੱਸਾ ਲਵੇਗੀ। ਇਸ ਸਬੰਧੀ ਯੂਨੀਅਨ ਵੱਲੋਂ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਵੱਲੋਂ ਜਾਰੀ ‘ਖੇਤੀ ਮੰਡੀਕਰਨ ਨੀਤੀ’ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੀ. ਕੇ. ਯੂ. (ਲੱਖੋਵਾਲ) ਦੇ ਸਮੂਹ ਵਰਕਰ ਅਤੇ ਅਹੁਦੇਦਾਰ ਸਵੇਰੇ 11 ਵਜੇ ਮਾਲਵਾ ਕਾਲਜ ਬੌਂਦਲੀ ਦੇ ਖੇਡ ਸਟੇਡੀਅਮ ਵਿਖੇ ਇਕੱਤਰ ਹੋਣਗੇ ਅਤੇ ਬਾਕੀਆਂ ਕਿਸਾਨ ਯੂਨੀਅਨਾਂ ਨਾਲ ਸਮੂਹਿਕ ਰੂਪ ਵਿੱਚ ਇਕੱਤਰ ਹੋ ਕੇ ਟਰੈਕਰ ਮਾਰਚ ਦੀ ਸ਼ੁਰੂਆਤ ਕਰਨਗੇ, ਇਹ ਟਰੈਕਟਰ ਮਾਰਚ 12 ਵਜੇ ਸ਼ੁਰੂ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇ ਮਾਰਦਾ ਹੋਇਆ ਸਮਰਾਲਾ ਦੇ ਮੁੱਖ ਬਜਾਰ ਵਿੱਚੀ ਐਸ. ਡੀ. ਐਮ. ਦਫਤਰ ਅੱਗੇ ਸਮਾਪਤ ਹੋਵੇਗਾ। ਜਿੱਥੇ ਕੇਂਦਰ ਸਰਕਾਰ ਦੀ ‘ਖੇਤੀ ਮੰਡੀਕਰਨ ਨੀਤੀ’ ਸਬੰਧੀ ਆਗੂਆਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਮੁੜ ਇੱਕ ਹੋਰ ਵੱਡੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਜਾਵੇਗਾ। ਅਖੀਰ ਉਨ੍ਹਾਂ ਬੀ. ਕੇ. ਯੂ. (ਲੱਖੋਵਾਲ) ਦੇ ਵੱਖ ਵੱਖ ਬਲਾਕਾਂ ਸਮਰਾਲਾ, ਮਾਛੀਵਾੜਾ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਵੱਡੀ ਗਿਣਤੀ ਵਿੱਚ ਪਿੰਡਾਂ ਵਿੱਚੋਂ ਕਿਸਾਨਾਂ ਨੂੰ ਵੱਡੇ ਇਕੱਠ ਦੇ ਰੂਪ ਵਿੱਚ ਲੈ ਕੇ ਪੁੱਜਣ ਅਤੇ ਲੁਧਿਆਣਾ ਜ਼ਿਲ੍ਹੇ ਦੇ ਬਾਕੀ ਬਲਾਕਾਂ ਖੰਨਾ, ਦੋਰਾਹਾ, ਮਾਂਗਟ, ਲੁਧਿਆਣਾ-2 ਦੇ ਅਹੁਦੇਦਾਰ ਅਤੇ ਵਰਕਰ ਆਪੋ ਆਪਣੀਆਂ ਤਹਿਸੀਲਾਂ ਵਿੱਚ ਜਿੱਥੇ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ, ਵੱਡੇ ਕਾਫਲਿਆਂ ਦੇ ਰੂਪ ਵਿੱਚ ਪੁੱਜਣ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਨੂੰ ਕੰਨ ਹੋ ਸਕਣ ਕਿ ਪੰਜਾਬ ਅਤੇ ਪੰਜਾਬ ਦੀ ਕਿਰਸਾਨੀ ਨੂੰ ਬਰਬਾਦ ਕਰਨ ਦੇ ਮਨਸੂਬੇ ਪੰਜਾਬੀ ਕਦੇ ਵੀ ਪੂਰੇ ਨਹੀਂ ਹੋਣ ਦੇਣਗੇ।

 

Previous articleਸ੍ਰੀ ਰਾਮ ਲੱਲਾ ਦੀ ਸਥਾਪਨਾ ਦੀ ਵਰ੍ਹੇਗੰਢ ਮੌਕੇ ਲੰਗਰ ਦਾ ਆਯੋਜਨ ।
Next articleਨਹਿਰੂ ਯੁਵਾ ਕੇਂਦਰ ਵੱਲੋਂ ਸਰਕਾਰੀ ਸਕੂਲ ਕੋਟਾਲਾ ਵਿਖੇ ਰੋਡ ਟਰੈਫਿਕ ਜਾਗਰੂਕਤਾ ਕੈਂਪ ਲਗਾਇਆ ਗਿਆ।

LEAVE A REPLY

Please enter your comment!
Please enter your name here