
ਸਾਹਿਤ ਸਭਾ ਸਮਰਾਲਾ ਦੀ ਮਾਸਿਕ ਮੀਟਿੰਗ ’ਚ ਸੁਣਾਈਆਂ ਰਚਨਾਵਾਂ ਤੇ ਹੋਈ ਖੂਬ ਚਰਚਾ
ਸਮਰਾਲਾ 22 ਸਤੰਬਰ ( ਵਰਿੰਦਰ ਸਿੰਘ ਹੂੰਝਣ ) ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਹੀਨੇਵਾਰ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਕੀਤੀ ਗਈ। ਸੰਸਥਾ ਦੀ ਮੀਤ ਪ੍ਰਧਾਨ ਯਤਿੰਦਰ ਮਾਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਦੀ ਮੀਟਿੰਗ ਵਿੱਚ ਰਚਨਾਵਾਂ ਦਾ ਅਰੰਭ ਪ੍ਰੋ. ਸਤਵੰਤ ਸਿੰਘ ਦੀ ਕਵਿਤਾ ‘ਜਿਸ ਦਾ ਸਿਰ ਨਹੀਂ’ ਅਤੇ ਗਜ਼ਲ਼ ਨਾਲ ਕੀਤਾ ਗਿਆ। ਜਿਸਦੀ ਭਰਪੂਰ ਦਾਦ ਦਿੱਤੀ ਗਈ। ਸੰਤੋਖ ਸਿੰਘ ਕੋਟਾਲਾ ਜੋ ਆਪਣੇ ਪਿੰਡ ਕੋਟਾਲਾ ਅਤੇ ਇਲਾਕੇ ਦੇ ਇਤਿਹਾਸ ਸਬੰਧੀ ਜੋ ਇਤਿਹਾਸਕ ਕਿਤਾਬ ਲਿਖ ਰਹੇ ਹਨ, ਉਸ ਵਿੱਚੋਂ ਲੇਖ ‘ਮੇਰੇ ਪਿੰਡ ਤੇ ਹਮਲਾ’ ਸੁਣਾਇਆ ਜੋ ਭਰਪੂਰ ਜਾਣਕਾਰੀ ਵਾਲਾ ਸੀ।
ਗੁਰਦੀਪ ਮਹੌਣ ਨੇ ਅੱਜ ਦੇ ਸਿਸਟਮ ਤੇ ਤੰਜ ਕਸਦੀ ਮਿੰਨੀ ਕਹਾਣੀ ‘ਸਰਕਾਰ’ ਸੁਣਾਈ। ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਬਾਲ ਕਵਿਤਾਵਾਂ ਪੜ੍ਹੀਆਂ। ਸੁਣਾਈਆਂ ਗਈਆਂ ਰਚਨਾਵਾਂ ਤੇ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਮੁਖਤਿਆਰ ਸਿੰਘ, ਕਹਾਣੀਕਾਰਾ ਯਤਿੰਦਰ ਮਾਹਲ, ਕਹਾਣੀਕਾਰ ਸੰਦੀਪ ਸਮਰਾਲਾ ਅਤੇ ਕਹਾਣੀਕਾਰ ਅਮਨ ਸਮਰਾਲਾ ਨੇ ਚਰਚਾ ਕਰਦਿਆਂ ਕੁਝ ਲੋੜੀਂਦੇ ਨੁਕਤੇ ਉਠਾਏ। ਇਕੱਤਰਤਾ ਦੌਰਾਨ ਸਭਾ ਦੇ ਸਾਥੀਆਂ ਵੱਲੋਂ ਹੋਰ ਸਾਹਿਤਕ ਰਚਨਾਵਾਂ ’ਤੇ ਵੀ ਭਰਵੀਂ ਅਤੇ ਉਸਾਰੂ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਸਦੀਵੀ ਵਿਛੋੜਾ ਦੇ ਗਈਆਂ ਸਖਸ਼ੀਅਤਾਂ ਲੇਖਕ ਅਵਤਾਰ ਸਿੰਘ ਉਟਾਲਾਂ, ਉੱਘੇ ਸਾਹਿਤਕ ਫ਼ੋਟੋਗ੍ਰਾਫਰ ਹਰਭਜਨ ਸਿੰਘ ਬਾਜਵਾ, ਕਵੀ ਪਰਮਿੰਦਰ ਪ੍ਰੇਮ, ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਕੰਗ ਦੇ ਸਹੁਰਾ ਕਸ਼ਮੀਰਾ ਸਿੰਘ ਭੰਗੂ, ਲੇਖਕ ਦਲਜਿੰਦਰ ਰਹਿਲ ਇਟਲੀ ਦੇ ਭਰਾ ਕਮਲਜੀਤ ਸਿੰਘ ਤੇ ਕਹਾਣੀਕਾਰ ਮੁਖਤਿਆਰ ਸਿੰਘ ਦੀ ਕੁੜਮਣੀ ਬੀਬੀ ਅਮਰਜੀਤ ਕੌਰ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੀ ਕਾਰਵਾਈ ਮੀਤ ਸਕੱਤਰ ਗੁਰਦੀਪ ਮਹੌਣ ਵੱਲੋਂ ਚਲਾਈ ਗਈ। ਅਖੀਰ ਵਿੱਚ ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ ਨੇ ਸਾਰਿਆਂ ਦਾ ਧੰਨਵਾਦ ਕੀਤਾ।