
ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਪਾਵਰ ਕਾਮ/ਟ੍ਰਾਂਸਕੋ ਮੰਡਲ ਸਮਰਾਲਾ ਦੇ ਚੋਣ ਅਜਲਾਸ ਵਿੱਚ ਸਕਿੰਦਰ ਸਿੰਘ ਮੁੜ ਪ੍ਰਧਾਨ ਚੁਣੇ ਗਏ।
22 ਮਾਰਚ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਅੰਮ੍ਰਿਤਸਰ ਵਿਖੇ ਵਿਸ਼ਾਲ ਧਰਨਾ।
ਸਮਰਾਲਾ, 13 ਮਾਰਚ ( ਵਰਿੰਦਰ ਸਿੰਘ ਹੀਰਾ) ਅੱਜ ਚੋਣ ਨਿਗਰਾਨ ਕਮੇਟੀ ਸਰਕਲ ਰੋਪੜ ਦੀ ਨਿਗਰਾਨੀ ਹੇਠ ਸਮਰਾਲਾ ਮੰਡਲ ਦਾ ਚੋਣ ਅਜਲਾਸ ਅਤੇ ਸਨਮਾਨ ਸਮਾਰੋਹ ਸਕਿੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਘੁਲਾਲ ਦਫਤਰ ਵਿਖੇ ਹੋਇਆ। ਅਜਲਾਸ ਦੇ ਸ਼ੁਰੂ ਵਿੱਚ ਪਿਛਲੇ ਸਮੇਂ ਦੌਰਾਨ ਵਿਛੜੇ ਸਾਥੀਆਂ, ਪਰਿਵਾਰਕ ਮੈਂਬਰਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪਿਛਲੇ ਦਿਨਾਂ ਦੌਰਾਨ ਵਿਛੜ ਗਏ ਸਾਥੀ ਕ੍ਰਿਸ਼ਨ ਸਿੰਘ ਜੇ. ਈ. ਜੋਧਵਾਲ, ਬੰਤ ਸਿੰਘ ਲਾਈਨਮੈਨ ਲੱਲ ਕਲਾਂ, ਜਸਵਿੰਦਰ ਸਿੰਘ ਸੇਵਾਦਾਰ ਮੰਡਲ ਘੁਲਾਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇੰਜ: ਜੁਗਲ ਕਿਸ਼ੋਰ ਸਹਾਇਕ ਸਕੱਤਰ ਨੇ ਜਥੇਬੰਦਕ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਅਤੇ ਵਿੱਤ ਸਕੱਤਰ ਦਰਸ਼ਨ ਸਿੰਘ ਵੱਲੋਂ ਤਿਆਰ ਕੀਤੀ ਵਿੱਤ ਰਿਪੋਰਟ ਅਤੇ ਪਿਛਲੇ ਸਮੇਂ ਦੌਰਾਨ ਦਿੱਤੇ ਗਏ ਧਰਨੇ ਅਤੇ ਮੁਜਾਰਿਆਂ ਸਬੰਧੀ ਇੰਜ: ਪ੍ਰੇਮ ਸਿੰਘ ਸਾਬਕਾ ਐਸ. ਡੀ. ਓ. ਚਾਨਣਾ ਪਾਉਂਦੇ ਹੋਏ ਪੇਸ਼ ਕੀਤੀ। ਹਾਊਸ ਵੱਲੋ ਦੋਵੇਂ ਰਿਪੋਰਟਾਂ ਪਾਸ ਕਰ ਦਿੱਤੀਆਂ। ਇਸੇ ਦੌਰਾਨ ਮੰਡਲ ਪ੍ਰਧਾਨ ਸਕਿੰਦਰ ਸਿੰਘ ਵੱਲੋਂ ਕਰਵਾਏ ਗਏ ਕੰਮਾਂ ਅਤੇ ਸੰਘਰਸ਼ਾਂ ਸਬੰਧੀ ਵਿਸਥਾਰ ਵਿੱਚ ਚਾਨਣਾ ਪਾਇਆ ਗਿਆ। ਸਮਾਗਮ ਵਿੱਚ 75 ਸਾਲ ਦੇ ਪੁਰਸ਼ ਅਤੇ 73 ਸਾਲ ਦੀਆਂ ਭੈਣਾਂ ਨੂੰ ਲੋਈ, ਸ਼ਾਲ, ਹਾਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਧੀਕ ਨਿਗਰਾਨ ਇੰਜੀਨੀਅਰ ਕੰਵਲਪ੍ਰੀਤ ਸਿੰਘ ਸਿੱਧੂ ਨੂੰ ਪੈਨਸ਼ਨਰਜ਼ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਨਿਪਟਾਉਣ ਅਤੇ ਪੈਨਸ਼ਨਰਾਂ ਨਾਲ ਵਧੀਆ ਵਤੀਰੇ ਵਜੋਂ ਸਨਮਾਨਿਤ ਕੀਤਾ ਗਿਆ ਹੈ। ਮੌਜੂਦਾ ਮੰਡਲ ਕਮੇਟੀ ਨੂੰ ਸਿਕੰਦਰ ਸਿੰਘ ਮੰਡਲ ਪ੍ਰਧਾਨ ਵੱਲੋਂ ਭੰਗ ਕਰਦੇ ਹੋਏ ਸਰਕਲ ਤੋਂ ਆਏ ਚੋਣ ਇੰਚਾਰਜ ਭਰਪੂਰ ਸਿੰਘ ਮਾਂਗਟ ਸਰਕਲ ਪ੍ਰਧਾਨ, ਅਵਤਾਰ ਸਿੰਘ ਸਰਕਲ ਮੀਤ ਪ੍ਰਧਾਨ ਅਤੇ ਪ੍ਰੇਮ ਕੁਮਾਰ ਸਰਕਲ ਆਗੂਆਂ ਨੂੰ ਰਜਿਸਟਰ ਸੌਂਪਦੇ ਹੋਏ, ਚੋਣ ਨੇਪਰੇ ਚਾੜਨ ਲਈ ਬੇਨਤੀ ਕੀਤੀ ਗਈ। ਚੋਣ ਕਮੇਟੀ ਵੱਲੋਂ ਨਾਮਜਦਗੀਆਂ ਮੰਗੀਆਂ ਗਈਆਂ। ਮਿੱਥੇ ਸਮੇਂ ਵਿੱਚ ਸਿਰਫ ਇਕੋ ਪੈਨਲ ਆਇਆ। ਹਾਊਸ ਦੀ ਸਰਬਸੰਮਤੀ ਨਾਲ ਚੋਣ ਨਿਗਰਾਨ ਕਮੇਟੀ ਨੇ ਇਸ ਪੈਨਲ ਨੂੰ ਮਨਜੂਰੀ ਦਿੱਤੀ ਗਈ। ਜਿਸ ਵਿੱਚ ਸਕਿੰਦਰ ਸਿੰਘ ਪ੍ਰਧਾਨ, ਇੰਜ: ਪ੍ਰੇਮ ਸਿੰਘ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਕੋਟਾਲਾ ਅਤੇ ਮਹੇਸ਼ ਕੁਮਾਰ ਖਮਾਣੋਂ ਮੀਤ ਪ੍ਰਧਾਨ, ਇੰਜ: ਭਰਪੂਰ ਸਿੰਘ ਮਾਂਗਟ ਸਕੱਤਰ, ਇੰਜ: ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਰਾਜਿੰਦਰਪਾਲ ਵਡੇਰਾ ਸਾਬਕਾ ਡਿਪਟੀ ਸੀ. ਏ. ਓ. ਜਥੇਬੰਦਕ/ਕਾਨੂੰਨੀ ਸਕੱਤਰ, ਇੰਜ: ਦਰਸ਼ਨ ਸਿੰਘ ਗੜ੍ਹੀ ਵਿੱਤ ਸਕੱਤਰ, ਜਗਤਾਰ ਸਿੰਘ ਪ੍ਰੈਸ ਸਕੱਤਰ, ਰਾਕੇਸ਼ ਕੁਮਾਰ ਮਾਛੀਵਾੜਾ ਆਡੀਟਰ, ਕਾਰਜਕਾਰਨੀ ਵਿੱਚ ਅਮਰਜੀਤ ਸਿੰਘ ਮਾਛੀਵਾੜਾ, ਭੁਪਿੰਦਰਪਾਲ ਸਿੰਘ ਚਹਿਲਾਂ, ਜਸਵੰਤ ਸਿੰਘ ਢੰਡਾ, ਗੁਰਦੀਪ ਸਿੰਘ ਕਟਾਣੀ, ਅਮਰੀਕ ਸਿੰਘ ਖਮਾਣੋਂ, ਹਰਪਾਲ ਸਿੰਘ ਸਿਹਾਲਾ ਮੈਂਬਰ ਚੁਣੇ ਗਏ। ਇਸ ਚੋਣ ਅਜਲਾਸ ਨੂੰ ਸਾਥੀ ਮੇਘ ਸਿੰਘ ਜਵੰਦਾ ਪ੍ਰਧਾਨ, ਵਿਜੈ ਕੁਮਾਰ ਸ਼ਰਮਾ ਜਨ: ਸਕੱਤਰ ਪੈਸ਼ਨਰਜ਼ ਕਲਿਆਣ ਸੰਗਠਨ ਸਮਰਾਲਾ, ਪ੍ਰੇਮ ਕੁਮਾਰ ਸਰਕਲ ਆਗੂ, ਅਵਤਾਰ ਸਿੰਘ ਸਰਕਲ ਮੀਤ ਪ੍ਰਧਾਨ, ਭਰਪੂਰ ਸਿੰਘ ਸਰਕਲ ਪ੍ਰਧਾਨ ਨੇ ਆਪਣੇ ਹੱਕਾਂ ਲਈ ਸਾਂਝੇ ਤੇ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਭਰਾਤਰੀ ਜਥੇਬੰਦੀ ਵੱਲੋਂ ਆਏ ਆਗੂਆਂ ਮੇਘ ਸਿੰਘ ਜਵੰਦਾ, ਵਿਜੈ ਕੁਮਾਰ ਸ਼ਰਮਾ, ਅਵਤਾਰ ਸਿੰਘ ਮੀਤ ਪ੍ਰਧਾਨ ਅਤੇ ਇੰਜ: ਭਰਪੂਰ ਸਿੰਘ ਸਰਕਲ ਪ੍ਰਧਾਨ ਨੂੰ ਵੀ ਨਵੀਂ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰਧਾਨ ਸਕਿੰਦਰ ਸਿੰਘ ਨੇ 22 ਮਾਰਚ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਅੰਮ੍ਰਿਤਸਰ ਵਿਖੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ, 21 ਮਾਰਚ ਨੂੰ ਠੇਕਾ ਕਾਮਿਆਂ ਦੀ ਖੰਨਾ ਰੈਲੀ ਦੀ ਹਮਾਇਤ ਕੀਤੀ। ਅਖੀਰ ਉਨ੍ਹਾਂ ਵੱਲੋਂ ਸਰਕਲ ਨਿਗਰਾਨ ਕਮੇਟੀ, ਭਰਾਤਰੀ ਜਥੇਬੰਦੀਆਂ ਅਤੇ ਮੈਂਬਰ ਸਹਿਬਾਨ, ਖਾਸ ਤੌਰ ਤੇ ਪੁੱਜੀਆਂ ਭੈਣਾਂ ਦਾ ਧੰਨਵਾਦ ਕੀਤਾ ਗਿਆ।

ਵਿਧਾਇਕ ਬੱਗਾ ਵੱਲੋਂ ਹਲਕੇ ‘ਚ ‘ਹਾਈ ਮਾਸਟ ਲਾਈਟਜ਼’ ਪ੍ਰੋਜੈਕਟ ਦਾ ਆਗਾਜ਼।
ਬਸਤੀ ਜੋਧੇਵਾਲ ਤੇ ਸ਼ਿਵਪੁਰੀ ਤੋਂ ਕੀਤੀ ਸ਼ੁਰੂਆਤ।
ਜਲਦ ਹਲਕਾ ਉੱਤਰੀ ਦੇ ਸਾਰੇ ਵਾਰਡ ਦੁੱਧੀਆ ਰੌਸ਼ਨੀ ਨਾਲ ਜਗਮਗਾਉਣਗੇ – ਵਿਧਾਇਕ ਮਦਨ ਲਾਲ ਬੱਗਾ।
ਲੁਧਿਆਣਾ, 13 ਮਾਰਚ ( ਵਰਿੰਦਰ ਸਿੰਘ ਹੀਰਾ) ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਹਲਕੇ ਵਿੱਚ ‘ਹਾਈ ਮਾਸਟ ਲਾਈਟਜ਼’ ਪ੍ਰੋਜੈਕਟ ਦਾ ਆਗਾਜ਼ ਕੀਤਾ ਗਿਆ।
ਵਿਧਾਇਕ ਬੱਗਾ ਵੱਲੋਂ ਬਸਤੀ ਜੋਧੇਵਾਲ ਦੇ ਵਾਰਡ ਨੰਬਰ 8 ਅਤੇ ਸ਼ਿਵਪੁਰੀ ਦੇ ਵਾਰਡ ਨੰਬਰ 86 ਵਿਖੇ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕਰਦਿਆਂ ਕਿਹਾ ਕਿ ਆਉਣ ਵਾਲੇ ਵਾਲੇ ਸਮੇਂ ਵਿੱਚ ਹਲਕਾ ਉੱਤਰੀ ਦੇ ਹਰੇਕ ਵਾਰਡ ਦੇ ਪ੍ਰਮੁੱਖ ਚੌਂਕਾਂ ਜਾਂ ਢੁੱਕਵੀਆਂ ਥਾਵਾਂ ‘ਤੇ ਇਹ ਲਾਈਟਾਂ ਸਥਾਪਿਤ ਕੀਤੀਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਕਰੀਬ 3.75 ਲੱਖ ਰੁਪਏ ਦੀ ਲਾਗਤ ਵਾਲੀ ਮਾਸਟ ਲਾਈਟ 40 ਫੁੱਟ ਉੱਚੀ ਹੈ ਅਤੇ 100 ਮੀਟਰ ਤੋਂ ਵੱਧ ਦੇ ਏਰੀਆ ਨੂੰ ਦੁੱਧੀਆ ਰੋਸ਼ਨੀ ਪ੍ਰਦਾਨ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ 16 ਲਾਈਟਾਂ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਜਲਦ ਹੋਰ ਲੋੜੀਦੀਆਂ ਲਾਈਟਾਂ ਵੀ ਮੰਨਜੂਰ ਕਰਵਾ ਲਈਆਂ ਜਾਣਗੀਆਂ।
ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਇਸ ਮੌਕੇ ਕੌਂਸਲਰ ਮਨਜੀਤ ਸਿੰਘ, ਕੌਂਸਲਰ ਅਮਨ ਬੱਗਾ, ਨਗਰ ਨਿਗਮ ਦੇ ਸੀਨੀਅਰ ਅਧਿਕਾਰੀ, ਐਸ.ਐਚ.ਓ. ਸਤਵੰਤ ਸਿੰਘ, ਗੁਰੂ ਰਵਿਦਾਸ ਮੰਦਿਰ ਕਮੇਟੀ ਦੇ ਪ੍ਰਧਾਨ ਜ਼ਿੰਦਰ ਪਾਲ ਦੜੌਚ, ਨਰਿੰਦਰ ਬਿੱਟੂ, ਅਸ਼ੋਕ ਟੰਡਨ, ਚਾਂਦੀ ਵੜੈਚ ਬਿੱਲੂ ਡੰਗ ਤੋਂ ਇਲਾਵਾ ਨਿਵਾਸੀ ਮੌਜੂਦ ਸਨ।
ਬਾਗਬਾਨੀ ਵਿਭਾਗ ਵੱਲੋਂ ਐਨ.ਬੀ.ਐਚ.ਐਮ. ਸਕੀਮ ਤਹਿਤ ਸ਼ਹਿਦ ਮੱਖੀ-ਪਾਲਣ ਸਬੰਧੀ ਸੈਮੀਨਾਰ ਆਯੋਜਿਤ।
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ।
ਲੁਧਿਆਣਾ, 12 ਮਾਰਚ ( ਵਰਿੰਦਰ ਸਿੰਘ ਹੀਰਾ) ਬਾਗਬਾਨੀ ਵਿਭਾਗ, ਲੁਧਿਆਣਾ ਵੱਲੋਂ ਐਨ.ਬੀ.ਐਚ.ਐਮ. ਸਕੀਮ ਤਹਿਤ ਜ਼ਿਲ੍ਹਾ ਪੱਧਰ ‘ਤੇ ਦੋਰਾਹਾ ਵਿਖੇ ਮੱਧੂ-ਮੱਖੀ ਪਾਲਕਾਂ/ਕਿਸਾਨਾ ਦਾ ਸੈਮੀਨਾਰ ਕਰਵਾਇਆ ਗਿਆ ਜਿੱਥੇ ਵਿਧਾਨ ਸਭਾ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਇਸ ਸੈਮੀਨਾਰ ਨੂੰ ਬਾਗਬਾਨੀ ਵਿਭਾਗ ਜ਼ਿਲ੍ਹਾ ਲੁਧਿਆਣਾ ਦੀ ਸਮੁੱਚੀ ਟੀਮ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਕਰਵਾਉਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਮੱਧੂ-ਮੱਖੀ ਪਾਲਕਾਂ/ਕਿਸਾਨਾਂ ਨੂੰ ਸਬੰਧਤ ਕਿੱਤੇ ਵਿੱਚ ਆਊਂਦੀਆਂ ਮੁਸ਼ਕਿਲਾਂ ਸਬੰਧੀ ਸੁਝਾਅ ਅਤੇ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ ਉਹਨਾਂ ਦਾ ਸਰਵਪੱਖੀ ਵਿਕਾਸ ਅਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਹੌਂਸਲਾ ਅਫਜਾਈ ਕਰਨਾ ਸੀ।
ਵਿਧਾਇਕ ਗਿਆਸਪੁਰਾ ਵੱਲੋਂ ਸੈਮੀਨਾਰ ਵਿੱਚ ਆਏ ਅਗਾਂਹ ਵਧੂ ਮੱਧੂ-ਮੱਖੀ ਪਾਲਕਾਂ ਦੇ ਕੰਮਾਂ ਦੀ ਸਲਾਂਘਾ ਕੀਤੀ ਅਤੇ ਵਿਭਾਗੀ ਅਧਿਕਾਰੀਆਂ ਨੂੰ ਕਿਸਾਨਾਂ ਦੇ ਕੰਮਾਂ ਨੂੰ ਪਹਿਲ ਦੇ ਅਧਾਰ ‘ਤੇ ਕਰਨ ਦੀ ਹਦਾਇਤ ਵੀ ਕੀਤੀ। ਉਹਨਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਦ ਮੱਖੀ ਪਾਲਕਾਂ ਅਤੇ ਕਿਸਾਨਾਂ ਨੂੰ ਹਰ ਸੰਭਵ ਸਹਿਯੋਗ ਲਈ ਹਮੇਸ਼ਾਂ ਤੱਤਪਰ ਰਹੀ ਹੈ।
ਮਾਰਕੀਟ ਕਮੇਟੀ ਦੋਰਾਹਾ ਦੇ ਚੇਅਰਮੈਨ ਬੂਟਾ ਸਿੰਘ ਵੱਲੋਂ ਇਸ ਸੈਮੀਨਾਰ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਭਾਗ ਲਿਆ ਗਿਆ। ਉਨ੍ਹਾਂ ਬਤੌਰ ਮੱਧੂ-ਮੱਖੀ ਪਾਲਕ ਵਜੋਂ ਆਪਣੇ ਨਿੱਜੀ ਤਜਰਬੇ ਕਿਸਾਨਾਂ ਨਾਲ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ
ਸੁਦਰਸ਼ਨ ਕੁਮਾਰ ਪੱਪੂ ਪ੍ਰਧਾਨ ਨਗਰ ਕੋਂਸਲ, ਦੋਰਾਹਾ ਵੱਲੋਂ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕੀਤੀ ਗਈ।
ਖੇਤੀਬਾੜੀ ਵਿਭਾਗ ਦੇ ਮਾਹਿਰ ਡਾ. ਰਾਮ ਸਿੰਘ, ਬਲਾਕ ਖੇਤੀਬਾੜੀ ਅਫਸਰ, ਬਲਾਕ ਦੋਰਾਹਾ, ਮੰਡਲ ਭੂਮੀ ਰੱਖਿਆ ਵਿਭਾਗ ਵੱਲੋਂ ਡਾ. ਹਰਵਿੰਦਰ ਸਿੰਘ ਐਸ.ਡੀ.ਐਸ.ਸੀ.ਓ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਦੇ ਡਾ. ਜਗਦੀਪ ਕੌਰ ਕੀਟ ਵਿਗਿਆਨੀ ਵੱਲੋਂ ਮੱਧੂ-ਮੱਖੀ ਪਾਲਕ/ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਨਵੀਨਤਮ ਜਾਣਕਾਰੀ ਪ੍ਰਦਾਨ ਕੀਤੀ ਗਈ।
ਡਾ. ਹਰਦੀਪ ਸਿੰਘ ਬੈਨੀਪਾਲ, ਉੱਪ-ਨਿਰਦੇਸ਼ਕ ਬਾਗਬਾਨੀ, ਲੁਧਿਆਣਾ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ।
ਡਾ. ਵਿਜੈ ਪ੍ਰਤਾਪ ਸਹਾਇਕ ਡਾਇਰੈਕਟਰ ਬਾਗਬਾਨੀ, ਲੁਧਿਆਣਾ ਵੱਲੋਂ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਕਿਸਾਨਾ ਨੂੰ ਦਿੱਤੀਆਂ ਜਾ ਰਹੀ ਵਿੱਤੀ ਸਹਾਇਤਾ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ।
ਡਾ. ਨਿਖਿਲ ਅੰਬਿਸ਼ ਮਹਿਤ ਬਾਗਬਾਨੀ ਵਿਕਾਸ ਅਫਸਰ ਵੱਲੋਂ ਸਟੇਜ਼ ਸਕੱਤਰ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਬਾਗਬਾਨੀ ਵਿਭਾਗ, ਲੁਧਿਆਣਾ ਦੇ ਬਾਗਬਾਨੀ ਵਿਕਾਸ ਅਫਸਰ ਡਾ. ਬਲਜੀਤ ਕੁਮਾਰ, ਡਾ. ਜ਼ਸਪ੍ਰੀਤ ਕੌਰ ਗਿੱਲ, ਡਾ.ਨਵਜੋਤ ਕੌਰ, ਡਾ. ਗੁਰਪ੍ਰੀਤ ਕੌਰ ਅਤੇ ਸਮੁੱਚੀ ਟੀਮ ਮੌਜੂਦ ਸੀ।
ਸੈਮੀਨਾਰ ਵਿੱਚ ਬਾਗਬਾਨੀ ਵਿਭਾਗ, ਟਿਵਾਣਾ ਬੀ.ਫਾਰਮ, ਮਾਘੀ ਰਾਮ ਅਂੈਡ ਸੰਨਜ਼, ਜੰਗਲਾਤ ਵਿਭਾਗ ਵੱਲੋਂ ਪ੍ਰਦਰਸ਼ਨੀ ਲਗਾਈ ਗਈ। ਸੈਮੀਨਾਰ ਤੋਂ ਦੂਸਰੇ ਦਿਨ ਕਿਸਾਨਾਂ ਨੂੰ ਅਗਾਂਹਵਧੂ ਸ਼ਹਿਦ ਮੱਖੀ ਪਾਲਕਾਂ ਦੇ ਫਾਰਮਾਂ ਤੇ ਐਕਸਪੋਜ਼ਰ ਵਿਜ਼ਟ ਕਰਵਾਈ ਗਈ।

ਚੋਣਕਾਰ ਰਜਿਸਟਰੇਸ਼ਨ ਅਫ਼ਸਰ 062-ਆਤਮ ਨਗਰ ਦੀ ਪ੍ਰਧਾਨਗੀ ਹੇਠ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ।
ਵੋਟਰ ਸੂਚੀ, ਚੋਣਾਂ ਦਾ ਕੰਡਕਟ, ਬੀ.ਐਲ.ਏ-1 ਤੇ 2 ਦੀ ਨਿਯੁਕਤੀ ਤੇ ਚੋਣਾਂ ਸਬੰਧੀ ਹੋਰ ਮੁੱਦਿਆਂ ਬਾਰੇ ਕੀਤੇ ਵਿਚਾਰ ਵਟਾਂਦਰੇ
ਲੁਧਿਆਣਾ, 12 ਮਾਰਚ ( ਵਰਿੰਦਰ ਸਿੰਘ ਹੀਰਾ) ਚੋਣਕਾਰ ਰਜਿਸਟਰੇਸ਼ਨ ਅਫ਼ਸਰ 062-ਆਤਮ ਨਗਰ-ਕਮ-ਵਧੀਕ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਪਰਮਦੀਪ ਸਿੰਘ, ਪੀ.ਸੀ.ਐਸ. ਦੀ ਪ੍ਰਧਾਨਗੀ ਹੇਠ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ/ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।
ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣ ਹਲਕਾ -062 ਆਤਮ ਨਗਰ ਵਿੱਚ ਵੋਟਰ ਸੂਚੀ, ਚੋਣਾਂ ਦਾ ਕੰਡਕਟ, ਬੀ.ਐਲ.ਏ-1 ਅਤੇ ਬੀ.ਐਲ.ਏ-2 ਦੀ ਨਿਯੁਕਤੀ, ਸ਼ਿਕਾਇਤਾਂ ਦਾ ਨਿਪਟਾਰਾ ਅਤੇ ਚੋਣਾਂ ਸਬੰਧੀ ਹੋਰ ਮੁੱਦਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ।
ਉਨ੍ਹਾਂ ਅੱਗੇ ਦੱਸਿਆ ਕਿਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀ, ਵੋਟਰ ਸੂਚੀ, ਚੋਣਾਂ ਦਾ ਕੰਡਕਟ, ਬੀ.ਐਲ.ਏ-1 ਅਤੇ 2 ਦੀ ਨਿਯੁਕਤੀ, ਸ਼ਿਕਾਇਤਾਂ ਦਾ ਨਿਪਟਾਰਾ ਅਤੇ ਚੋਣਾਂ ਸਬੰਧੀ ਹੋਰ ਮੁੱਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ।
ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਤਬਦੀਲੀਆਂ ਸਬੰਧੀ ਮੀਟਿੰਗ ਦੋਰਾਨ ਹਾਜ਼ਰ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ/ਨੁਮਾਇੰਦਿਆਂ ਵੱਲੋਂ ਸਹਿਮਤੀ ਪ੍ਰਗਟਾਈ ਗਈ ਅਤੇ ਉਨ੍ਹਾਂ ਵਿਸਵਾਸ਼ ਦਿਵਾਇਆ ਕਿ ਜਲਦ ਹੀ ਬੀ.ਐਲ.ਏ-1 ਅਤੇ ਬੀ.ਐਲ.ਏ-2 ਦੀ ਨਿਯੁਕਤੀ ਵੀ ਕਰਵਾ ਦਿੱਤੀ ਜਾਵੇਗੀ.
ਚੋਣਕਾਰ ਰਜਿਸਟ੍ਰੇਸ਼ਨ ਅਫਸਰ ਪਰਮਦੀਪ ਸਿੰਘ ਵੱਲੋਂ ਅਪੀਲ ਕਰਦਿਆਂ ਕਿਹਾ ਕਿ ਜੇਕਰ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ 20 ਮਾਰਚ ਨੂੰ ।
ਲੁਧਿਆਣਾ, 12 ਮਾਰਚ ( ਵਰਿੰਦਰ ਸਿੰਘ ਹੀਰਾ ) ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ, ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਸਹਿਯੋਗ ਨਾਲ 20 ਮਾਰਚ ਨੂੰ ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ, ਰਿਸ਼ੀ ਨਗਰ, ਲੁਧਿਆਣਾ ਵਿਖੇ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ।
ਉਨ੍ਹਾ ਅੱਗੇ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ 40 ਤੋੋਂ ਵੱਧ ਵੱਖ-ਵੱਖ ਨਾਮੀ ਕੰਪਨੀਆਂ ਭਾਗ ਲੈ ਰਹੀਆਂ ਹਨ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਸੀ.ਈ.ਓ. ਡੀ.ਬੀ.ਈ.ਈ. ਲੁਧਿਆਣਾ ਅਮਰਜੀਤ ਬੈਂਸ ਨੇ ਦੱਸਿਆ ਕਿ ਇਸ ਮੈਗਾ ਰੋੋਜ਼ਗਾਰ ਮੇਲੇ ਵਿੱਚ ਲੜਕੇ ਅਤੇ ਲੜਕੀਆਂ ਦੋਵੇਂ ਭਾਗ ਲੈ ਸਕਦੇ ਹਨ ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਹੋਵੇ ਅਤੇ ਘੱਟ ਤੋਂ ਘੱਟ ਯੋਗਤਾ 10ਵੀ, 12ਵੀ, ਆਈ.ਟੀ.ਆਈ., ਡਿਪਲੋਮਾ ਹੋਲਡਰ ਅਤੇ ਗ੍ਰੈਜੂਏਸ਼ਨ (ਇਸਦੇ ਬਰਾਬਰ ਹੋਰ), ਪੋਸਟ ਗ੍ਰੈਜੂਏਸ਼ਨ (ਇਸਦੇ ਬਰਾਬਰ ਹੋਰ) ਪਾਸ ਕੀਤਾ ਹੋਵੇ।
ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰਧਾਨ ਡਾ. ਸੰਦੀਪ ਸਿੰਘ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਇਹ ਯੂਨੀਵਰਸਿਟੀ ਵੱਲੋ ਆਯੋਜਿਤ 68ਵਾਂ ਨੋਕਰੀ ਮੇਲਾ ਹੈ, ਜੋ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੋਕੇ ਪ੍ਰਦਾਨ ਕਰਨ ਦੀ ਪੁਸ਼ਟੀ ਕਰਦਾ ਹੈ।
ਡੀ.ਬੀ.ਈ.ਈ. ਲੁਧਿਆਣਾ ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੋਰ ਵੱਲੋਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਇਸ ਇੰਟਰਵਿਊ ਲਈ ਆਪਣਾ ਬਾਇਓ ਡਾਟਾ (3 ਫੋਟੋ ਕਾਪੀਆਂ) ਨਾਲ ਲੈ ਕੇ ਰੋਜ਼ਗਾਰ ਮੇਲੇ ‘ਚ ਸ਼ਮੂਲੀਅਤ ਕਰਨ।
ਡੀ.ਬੀ.ਈ.ਈ., ਲੁਧਿਆਣਾ ਦੇ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਜੀਵਨਦੀਪ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਜੇਕਰ ਉਮੀਦਵਾਰ ਆਪਣਾ ਨਾਮ ਮੈਨੁਅਲ ਰਜਿਸਟਰ ਅਤੇ ਐਨ.ਸੀ.ਐਸ.ਪੋਰਟਲ ਉਪਰ ਆਨਲਾਇਨ ਕਰਵਾਉਣਾ ਚਾਹੁੰਦੇ ਹਨ ਤਾਂ ਵਿਦਿਅਕ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਇਹਨਾਂ ਦੀਆਂ ਫੋਟੋ ਕਾਪੀਆਂ ਨਾਲ ਲਿਆਉਣ। ਇਛੁੱਕ ਉਮੀਦਵਾਰ ਆਪਣਾ ਨਾਮ https://forms.gle/MpgwFCHpLCV8V9SV9 ਲਿੰਕ ‘ਤੇ ਭਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਹੈਲਪਲਾਈਨ ਨੰ: 77400-01682 ਅਤੇ 98784-28914 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਕੋਟਲਾ ਸਮਸ਼ਪੁਰ ’ਚ ਹੋਲੇ ਮਹੱਲੇ ਦੀ ਸੰਗਤ ਲਈ ਭਲਕੇ ਤੋਂ ਤਿੰਨ ਦਿਨਾਂ ਲਈ ਲੰਗਰ ਲਗਾਏ ਜਾਣਗੇ।
15 ਮਾਰਚ ਨੂੰ 15 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਕਰਵਾਏ ਜਾਣਗੇ ਦਸਤਾਰ ਮੁਕਾਬਲੇ।
ਸਮਰਾਲਾ, 12 ਮਾਰਚ ( ਵਰਿੰਦਰ ਸਿੰਘ ਹੀਰਾ) ਪਿੰਡ ਕੋਟਲਾ ਸਮਸ਼ਪੁਰ ਵਿਖੇ ਨੌਜਵਾਨ ਸਭਾ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿਛਲੇ 37 ਸਾਲਾਂ ਤੋਂ ਲਗਾਤਾਰ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਆਉਣ ਜਾਣ ਵਾਲੀ ਸੰਗਤ ਲਈ ਤਿੰਨ ਦਿਨ ਲੰਗਰ ਲਗਾਏ ਜਾਂਦੇ ਹਨ। ਇਸ ਵਾਰ ਵੀ ਹੋਲੇ ਮਹੱਲੇ ਮੌਕੇ 14, 15 ਅਤੇ 16 ਮਾਰਚ ਨੂੰ ਲੰਗਰ ਲਗਾਏ ਜਾਣਗੇ। ਇਨ੍ਹਾਂ ਲੰਗਰਾਂ ਦੀਆਂ ਤਿਆਰੀਆਂ ਸਬੰਧੀ ਅਹੁਦੇਦਾਰਾਂ ਦੀ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਸਰਪੰਚ, ਨੰਬਰਦਾਰ ਸੁਖਵੀਰ ਸਿੰਘ, ਰਮਨਦੀਪ ਸਿੰਘ (ਰਮਨਾ), ਰਵਜੋਤ ਸਿੰਘ ਨੇ ਦੱਸਿਆ ਕਿ ਭਲਕੇ ਤੋਂ ਤਿੰਨੋਂ ਦਿਨ ਸੰਗਤ ਲਈ ਪ੍ਰਸ਼ਾਦੇ, ਚਾਹ ਦਾ ਅਤੁੱਟ ਲੰਗਰ ਲਗਾਤਾਰ ਚੱਲੇਗਾ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਜਾਣਗੇ। 15 ਮਾਰਚ ਨੂੰ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਸਵੇਰੇ 10 ਵਜੇ 15 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ 14 ਅਤੇ 15 ਮਾਰਚ ਦੀ ਰਾਤ ਨੂੰ 7 ਵਜੇ ਤੋਂ 10 ਵਜੇ ਤੱਕ ਅਤੇ 16 ਮਾਰਚ ਨੂੰ ਸਵੇਰੇ 10 ਵਜੇ ਤੋਂ 11:30 ਵਜੇ ਤੱਕ ਕੀਰਤਨੀਏ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ। ਮੀਟਿੰਗ ਵਿੱਚ ਉਪਰੋਕਤ ਇਲਾਵਾ ਮਨਜਿੰਦਰ ਸਿੰਘ ਫੌਜੀ, ਦਵਿੰਦਰ ਸਿੰਘ, ਬਲਜਿੰਦਰ ਸਿੰਘ ਬਿੱਲਾ, ਤੇਜਿੰਦਰ ਸਿੰਘ ਮਾਨ, ਭਗਵੰਤ ਸਿੰਘ ਕੰਗ, ਗੁਰਿੰਦਰ ਸਿੰਘ ਮਾਨ, ਪ੍ਰਭਜੋਤ ਸਿੰਘ, ਗੁਰਜੋਤ ਸਿੰਘ, ਬੂਟਾ ਸਿੰਘ, ਰਣਜੀਤ ਸਿੰਘ, ਕਨਵੀਰ ਸਿੰਘ, ਮਨਦੀਪ ਸਿੰਘ, ਪ੍ਰਭਪ੍ਰੀਤ ਸਿੰਘ, ਸੁਖਵਿੰਦਰ ਸਿੰਘ ਸੰਧੂ, ਮੁਖਤਿਆਰ ਸਿੰਘ, ਬਖਤੌਰ ਸਿੰਘ, ਜਤਿੰਦਰ ਸਿੰਘ ਗੋਗਾ, ਹਰਮਨ ਸਿੰਘ ਮਾਨ, ਮਨਜੋਤ ਸਿੰਘ, ਹਰਜੋਤ ਸਿੰਘ, ਗੁਰਮੀਤ ਸਿੰਘ ਬੱਬੂ ਆਦਿ ਹਾਜਰ ਸਨ।

ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋ ਦਿੱਤੇ ਸੱਦੇ ਤਹਿਤ, ਵਿਧਾਇਕ ਹਲਕਾ ਪਾਇਲ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ।
ਪਾਇਲ, 12 ਮਾਰਚ(ਰਵਿੰਦਰ ਸਿੰਘ ਢਿੱਲੋਂ .)- ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋ ਦਿੱਤੇ ਗਏ ਸੱਦੇ ਤਹਿਤ ਅੱਜ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਅੱਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਮੀਟਿੰਗ ‘ਚ ਤਲਖੀ ਨਾਲ ਗੱਲ ਕਰਨ ਤੇ 5 ਮਾਰਚ ਨੂੰ ਚੰਡੀਗੜ੍ਹ ਨਾ ਜਾਣ ਦੇਣ ਲਈ ਕਿਸਾਨਾਂ ਦੀਆ ਗ੍ਰਿਫਤਾਰੀਆਂ ਕਰਕੇ ਜੇਲ੍ਹਾ ਚ ਸੁੱਟਣ ਦੇ ਰੋਸ ਵਜੋ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਵੇਲੇ
ਹਰਮੀਤ ਸਿੰਘ ਕਾਦੀਆਂ ਪੰਜਾਬ ਪ੍ਰਧਾਨ ਨੇ
ਕਿਹਾ ਕਿ ਮਾਨ ਸਰਕਾਰ ਵੀ ਕੇੰਦਰ ਸਰਕਾਰ ਦੇ ਇਸ਼ਾਰਿਆਂ ਤੇ ਚਲ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਵੀ ਐਮ.ਐਸ.ਪੀ. ਦਾ ਕਾਨੂੰਨ ਬਣਾਇਆ ਜਾਏ। ਖੇਤੀ ਨੀਤੀ ਖਰੜੇ ਨੂੰ ਕਿਸਾਨ ਜਥੇਬੰਦੀਆ ਦੇ ਸੁਝਾਅ ਲੈ ਕੇ ਲਾਗੂ ਕਰੇ। ਜੱਦੀ ਪੁਸਤੀ ਮੁਜਾਰੇ ਅਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਕਿਸਾਨਾ ਮਜਦੂਰਾਂ ਦੇ ਕਰਜੇ ਮਾਫ ਕਰਨ ਲਈ ਸੂਬਾ ਤੇ ਕੇਂਦਰ ਸਰਕਾਰ ਤਾਲਮੇਲ ਬਣਾ ਕੇ ਖਤਮ ਕਰੇ। ਸਹਿਕਾਰੀ ਅਦਾਰਿਆਂ ਦੇ ਕਰਜਿਆਂ ਨੂੰ ਵਨ ਟਾਈਮ ਸੈਟਲਮੈੰਟ ਸਕੀਮ ਲਾਗੂ ਕੀਤੀ ਜਾਵੇ। ਬਾਸਮਤੀ, ਸਬਜੀਆਂ, ਮੱਕੀ ਆਦਿ ਤੇ ਐਮ.ਐਸ.ਪੀ. ਮਿੱਥ ਕੇ ਖਰੀਦ ਕੀਤੀ ਜਾਵੇ। ਝੋਨੇ ਦੀ ਕਿਹੜੀ ਕਿਹੜੀ ਕਿਸਮ ਬੀਜਣੀ ਹੈ, ਬੀਜਣ ਤੋਂ ਪਹਿਲਾਂ ਸਪੱਸ਼ਟ ਕੀਤਾ ਜਾਏ। ਪਾਣੀ ਨੂੰ ਦੂਸ਼ਿਤ ਕਰਨ ਵਾਲਿਆ ਤੇ ਸ਼ਿਕੰਜਾ ਕੱਸਿਆ ਜਾਏ। ਡੈਮ ਸੇਫਟੀ ਐਕਟ ਰੱਦ ਕੀਤੇ ਜਾਣ। ਦਿੱਲੀ ਸ਼ੰਘਰਸ਼ ਦੇ ਸ਼ਹੀਦ ਪ੍ਰਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦਿੱਤੀ ਜਾਵੇ। ਕਿਸਾਨਾਂ ਤੇ ਪਾਏ ਕੇਸ ਸਮੇਤ ਪਰਾਲੀ ਸਾੜਨ ਵਾਲ਼ੇ ਕੇਸ ਰੱਦ ਕੀਤੇ ਜਾਣ। ਜਬਰੀ ਜਮੀਨ ਐਕਵਾਇਰ ਨਾ ਕੀਤੀਆ ਜਾਣ। ਗੰਨੇ ਦਾ ਬਕਾਇਆ ਰਕਮ ਦਿੱਤੀ ਜਾਵੇ। ਖਾਦ ਬੀਜਾਂ ਦੀ ਕਾਲਾ ਬਜ਼ਾਰੀ ਤੇ ਨੱਥ ਪਾਈ ਜਾਵੇ ਤੇ ਕੌਮੀ ਸਿਖਿਆ ਨੀਤੀ 2020 ਨੂੰ ਰੱਦ ਕੀਤਾ ਜਾਏ। ਰੋਸ ਪ੍ਰਦਰਸ਼ਨ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਬੀਕਿਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਰਾਜਵੀਰ ਸਿੰਘ ਘੁਡਾਣੀ, ਆਲ ਇੰਡੀਆ ਕਿਸਾਨ ਸਭਾ 1936 ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਝੱਜ, ਬੀ.ਕੇ.ਯੂ. ਕਾਦੀਆਂ ਦੇ ਮਨਜੀਤ ਸਿੰਘ ਕਾਦੀਆ, ਮਨੋਹਰ ਸਿੰਘ ਕਲਾੜ, ਰਾਜਿੰਦਰ ਸਿੰਘ ਸਿਆੜ, ਬਲਜੀਤ ਸਿੰਘ ਦੌਦ, ਦਵਿੰਦਰ ਸਿੰਘ ਸਿਰਥਲਾ, ਹਾਕਮ ਸਿੰਘ ਜਰਗੜੀ, ਮਲਕੀਤ ਸਿੰਘ ਮਜਦੂਰ ਯੂਨੀਅਨ ਖੰਨਾ, ਜਸਵਿੰਦਰ ਸਿੰਘ ਟੀਐਸਯੂ ਦੇ ਪ੍ਰਧਾਨ, ਜਗਦੇਵ ਸਿੰਘ ਖੰਨਾ, ਜੰਗ ਸਿੰਘ ਸਿਰਥਲਾ, ਜਸਵੀਰ ਸਿੰਘ ਅਸਗਰੀਪੁਰ, ਸੁਖਦੇਵ ਸਿੰਘ ਲਹਿਲ, ਤਰਸੇਮ ਲਾਲ ਅਮਨਿੰਦਰ ਸਿੰਘ, ਗਗਨਦੀਪ ਘੁਡਾਣੀ ਨੇ ਵੀ ਸੰਬੋਧਨ ਕੀਤਾ।

ਬੀ. ਕੇ. ਯੂ. (ਲੱਖੋਵਾਲ) ਅਤੇ ਹੋਰ ਯੂਨੀਅਨਾਂ ਦੇ ਕਾਰਕੁੰਨਾਂ ਵੱਲੋਂ ਵਿਧਾਇਕ ਦਿਆਲਪੁਰਾ ਦੀ ਰਿਹਾਇਸ਼ ਦਾ ਕੀਤਾ ਘਿਰਾਓ।
ਮੁੱਖ ਮੰਤਰੀ ਆਮ ਲੋਕਾਂ ਵਿੱਚ ਆ ਕੇ ਦੱਸਣ ਕਿ ਕਿਸਾਨਾਂ ਦੀਆਂ ਕਿਹੜੀਆਂ ਮੰਗਾਂ ਪੰਜਾਬ ਨਾਲ ਸਬੰਧਿਤ ਨਹੀਂ ਹਨ, ਕਿਸਾਨਾਂ ਨਾਲ ਬਹਿਸ ਕਰਨ ਲਈ ਸਮਾਂ ਅਤੇ ਸਥਾਨ ਖੁਦ ਤਹਿ ਕਰ ਲੈਣ – ਲੱਖੋਵਾਲ/ਢੀਂਡਸਾ
ਸਮਰਾਲਾ ,11 ਮਾਰਚ ( ਵਰਿੰਦਰ ਸਿੰਘ ਹੀਰਾ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬੀਤੀ ਕੱਲ ਪੂਰੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦੇ ਘਰਾਂ ਨੂੰ ਘੇਰਿਆ ਗਿਆ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਲੱਖੋਵਾਲ ਯੂਨੀਅਨ ਦੇ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਘਰ ਅੱਗੇ ਘਿਰਾਓ ਕਰਨ ਲਈ ਪੁੱਜੇ। ਇਸ ਘਿਰਾਓ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਪਰਮਿੰਦਰ ਸਿੰਘ ਪਾਲ ਮਾਜਰਾ ਜਨਰਲ ਸਕੱਤਰ ਪੰਜਾਬ ਉਚੇਚੇ ਤੌਰ ਤੇ ਪੁੱਜੇ। ਘਿਰਾਓ ਮੌਕੇ ਭਗਵੰਤ ਸਿੰਘ ਮਾਨ ਸਰਕਾਰ ਨੂੰ ਖੁੱਲੇ ਚੈÇਲੰਜ ਰਾਹੀਂ 15 ਮਾਰਚ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਡਿਵੇਟ ਕਰਨ ਦਾ ਸੱਦਾ ਦਿੱਤਾ ਗਿਆ ਜਾਂ ਮੁੱਖ ਮੰਤਰੀ ਆਪਣੀ ਪਸੰਦ ਦਾ ਸਮਾਂ ਤੇ ਸਥਾਨ ਦੱਸਣ, ਜਿੱਥੇ ਕਿਸਾਨ ਜਥੇਬੰਦੀਆਂ ਨੂੰ ਦੱਸਣ ਕਿ ਕਿਸਾਨਾਂ ਦੀਆਂ ਮੰਗਾਂ ਦਾ ਕਿਹੜਾ ਮੁੱਦਾ ਪੰਜਾਬ ਸਰਕਾਰ ਨਾਲ ਸਬੰਧਿਤ ਨਹੀਂ ਹੈ, ਜੋ ਝੂਠ ਬੋਲ ਕੇ ਕਹਿ ਰਹੇ ਹਨ ਕਿ ਕਿਸਾਨੀ ਮੰਗਾਂ ਕੇਂਦਰ ਸਰਕਾਰ ਨਾਲ ਸਬੰਧਿਤ ਹਨ। ਬੀ. ਕੇ. ਯੂ. (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਅਤੇ ਹਰਦੀਪ ਸਿੰਘ ਭਰਥਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਕਿਸਾਨ ਯੂਨੀਅਨਾਂ ਸਰਕਾਰ ਅਤੇ ਲੋਕਾਂ ਵਿਚਕਾਰ ਕੰਧ ਬਣਕੇ ਕੰਮ ਕਰ ਰਹੇ ਹਾਂ। ਉਨ੍ਹਾਂ ਛੋਟੇ ਦੁਕਾਨਦਾਰਾਂ, ਆੜ੍ਹਤੀਆਂ, ਰੇੜੀ ਫੜ੍ਹੀ ਵਾਲਿਆਂ ਨੂੰ ਇੱਕਜੁੱਟ ਹੋਣ ਲਈ ਕਿਹਾ ਤਾਂ ਜੋ ਸਰਕਾਰ ਵੱਡੇ ਧਨਾਢ ਘਰਾਣਿਆਂ ਨੂੰ ਅੱਗੇ ਲਿਆ ਕੇ ਆਮ ਲੋਕਾਂ ਨੂੰ ਨਪੀੜ ਨਾ ਸਕਣ। ਧਰਨੇ ਵਿੱਚ ਉਪਰੋਕਤ ਤੋਂ ਇਲਾਵਾ ਗੁਰਸੇਵਕ ਸਿੰਘ ਮੰਜਾਲੀਆਂ ਬਲਾਕ ਪ੍ਰਧਾਨ ਸਮਰਾਲਾ, ਰਵਿੰਦਰ ਸਿੰਘ ਅਕਾਲਗੜ੍ਹ ਬਲਾਕ ਪ੍ਰਧਾਨ ਮਾਛੀਵਾੜਾ ਸਾਹਿਬ, ਮੱਘਰ ਸਿੰਘ ਘੁੰਗਰਾਲੀ ਸਿੱਖਾਂ, ਬਲਜਿੰਦਰ ਸਿੰਘ ਹਰਿਓਂ ਜਨਰਲ ਸਕੱਤਰ ਸਮਰਾਲਾ ਬਲਾਕ, ਕੈਪਟਨ ਗੁਰਚਰਨ ਸਿੰਘ ਮੁੱਤੋਂ, ਹਰਪਾਲ ਸਿੰਘ, ਮੇਜਰ ਸਿੰਘ ਬੰਬ, ਸੁਖਦੇਵ ਸਿੰਘ ਸਰਪੰਚ ਰੁਪਾਲੋਂ, ਜਗਤਾਰ ਸਿੰਘ, ਸਿਕੰਦਰ ਸਿੰਘ ਮਾਦਪੁਰ, ਜਸਵੰਤ ਸਿੰਘ, ਕਮਿੱਕਰ ਸਿੰਘ, ਮਲਕੀਤ ਸਿੰਘ ਢੀਂਡਸਾ, ਬਹਾਦਰ ਸਿੰਘ, ਮਲਕੀਤ ਸਿੰਘ ਫੌਜੀ ਪਪੜੌਦੀ, ਸਰਪੰਚ ਬਲਵੰਤ ਸਿੰਘ, ਚਰਨਜੀਤ ਸਿੰਘ ਪਾਲ ਮਾਜਰਾ, ਸਰਪੰਚ ਸਰਬਜੀਤ ਸਿੰਘ ਖੀਰਨੀਆਂ, ਸੁਰਿੰਦਰ ਸਿੰਘ ਭਰਥਲਾ ਮੀਤ ਪ੍ਰਧਾਨ ਲੁਧਿਆਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਨੀਅਨ ਦੇ ਵਰਕਰ ਹਾਜਰ ਸਨ।

ਸੰਜੀਵਨੀ ਗਰੁੱਪ ਆਫ਼ ਨਰਸਿੰਗ ਦਾਊਦਪੁਰ ਵਿਖੇ ਫਰੈਸ਼ਰ ਅਤੇ ਫੇਅਰਵੈੱਲ ਪਾਰਟੀ ਦਾ ਆਯੋਜਨ
ਸਮਰਾਲਾ, 11 ਮਾਰਚ ( ਵਰਿੰਦਰ ਸਿੰਘ ਹੀਰਾ) ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਜੀਵਨੀ ਗਰੁੱਪ ਆਫ਼ ਨਰਸਿੰਗ ਦਾਊਦਪੁਰ ਵਿਖੇ ਫਰੈਸ਼ਰ ਅਤੇ ਫੇਅਰਵੈੱਲ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥਣਾਂ ਨੇ ਵੰਨ ਸੁਵੰਨੀਆਂ ਵੰਨਗੀਆਂ ਪੇਸ਼ ਕੀਤੀਆਂ ਜਿਸ ਵਿੱਚ ਭੰਗੜਾ, ਗਿੱਧਾ, ਸੋਲੋ ਡਾਂਸ, ਗਰੁੱਪ ਡਾਂਸ ਅਤੇ ਮਾਡਲਿੰਗ ਕੀਤੀ ਗਈ। ਇਸ ਸਮਾਗਮ ਦਾ ਥੀਮ ਅਲੱਗ ਪਾਰਟੀ ਰੱਖਿਆ ਗਿਆ, ਜਿਸਦਾ ਉਦਘਾਟਨ ਚੇਅਰਪਰਸਨ ਪ੍ਰੇਮ ਲਾਲ ਬਾਂਸਲ ਅਤੇ ਡਾਇਰੈਕਟਰ ਵਿਸ਼ਾਲ ਬਾਂਸਲ ਨੇ ਕੀਤਾ। ਸਮਾਗਮ ਦੌਰਾਨ ਪ੍ਰੇਮ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਹੱਲਸ਼ੇਰੀ ਦਿੱਤੀ ਅਤੇ ਉਤਸ਼ਾਹਿਤ ਕੀਤਾ ਅਤੇ ਕਿਹਾ ਅੱਜ ਤੋਂ ਤੁਹਾਡੀ ਜ਼ਿੰਦਗੀ ਇੱਕ ਅਹਿਮ ਪੜਾਅ ਵਿੱਚ ਕਦਮ ਰੱਖਣ ਲੱਗੀ ਹੈ, ਜਿੱਥੇ ਤੁਸੀਂ ਸਮਾਜਸੇਵਾ ਨੂੰ ਸਮਰਪਿਤ ਹੋ ਕੇ ਕੰਮ ਕਰਨਾ ਹੈ। ਉਨ੍ਹਾਂ ਸਮੂਹ ਵਿਦਿਆਰਥਣਾਂ ਨੂੰ ਵੋਮੈਨ ਡੇਜ਼ ਦੀਆਂ ਵੀ ਮੁਬਾਰਕਾਂ ਦਿੱਤੀਆਂ। ਸਮਾਗਮ ਵਿੱਚ ਗੁਰਨੂਰ ਕੌਰ ਮਿਸ ਫਰੈਸ਼ਰ ਵਿੱਚ ਪਹਿਲਾ ਸਥਾਨ ਲਈ ਚੁਣੀ ਗਈ ਅਤੇ ਰਨਰਅੱਪ ਸੁਖਮਨਜੀਤ ਕੌਰ ਚੁਣੀ ਗਈ। ਮਿਸਟਰ ਫਰੈਸ਼ਰ ਕਰਨਵੀਰ ਸਿੰਘ ਅਤੇ ਰਨਰਅੱਪ ਖੁਸ਼ਪ੍ਰੀਤ ਸਿੰਘ ਚੁਣੇ ਗਏ। ਇਸ ਤੋਂ ਇਲਾਵਾ ਬੈਸਟ ਸਮਾਇਲ ਮਿਸ ਨੀਤੂ ਅਤੇ ਮਿਸਟਰ ਇਨੋਸੈਂਟ ਹੁਸਨਵੀਰ ਸਿੰਘ ਚੁਣੇ ਗਏ। ਓ. ਟੀ. ਕਲਾਸ ਵਿੱਚੋਂ ਮਿਸ ਫਰੈਸ਼ਰ ਅਮਨਪ੍ਰੀਤ ਕੌਰ ਅਤੇ ਮਿਸਟਰ ਫਰੈਸ਼ਰ ਗੁਰਚਰਨ ਸਿੰਘ ਚੁਣੇ ਗਏ। ਸਮਾਗਮ ਵਿੱਚ ਕਾਲਜ ਦਾ ਸਮੂਹ ਸਟਾਫ ਜਿਸ ਵਿੱਚ ਪ੍ਰਿੰੋਸੀਪਲ ਪ੍ਰੋ. ਡਾ. ਕੁਲਦੀਪ ਕੌਰ, ਗਗਨਦੀਪ ਕੌਰ, ਹਰਵਿੰਦਰ ਕੌਰ, ਜਸਪ੍ਰੀਤ ਕੌਰ, ਲਵਪ੍ਰੀਤ ਕੌਰ ਅਤੇ ਸੁਖਚੈਨ ਸਿੰਘ ਮੌਜੂਦ ਸਨ। ਸਮਾਗਮ ਦੇ ਅਖੀਰ ਵਿੱਚ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ ਜਿਸ ਵਿੱਚ ਡਾ. ਸੁਨੀਤਾ ਬਾਂਸਲ, ਪੰਕਜ ਬਾਂਸਲ, ਗਰੀਸ਼ ਬਾਂਸਲ ਅਤੇ ਮ੍ਰਿਸਜ਼ ਗਰੀਸ਼ ਬਾਂਸਲ ਹਾਜ਼ਰ ਸਨ। ਸਮਾਗਮ ਵਿੱਚ ਸੰਸਥਾ ਦਾ ਦਫਤਰੀ ਅਮਲਾ ਵੀ ਹਾਜਰ ਸੀ। ਅਖੀਰ ਪ੍ਰਿੰਸੀਪਲ ਡਾ. ਕੁਲਦੀਪ ਕੌਰ ਨੇ ਸਮਾਗਮ ਵਿੱਚ ਆਈਆਂ ਸਖਸ਼ੀਅਤਾਂ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ।

ਬੀ. ਕੇ. ਯੂ. (ਦੁਆਬਾ) ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਨੂੰ ਸਮਰਾਲਾ ਪੁਲਿਸ ਨੇ ਕੀਤਾ ਰਿਹਾਅ ।
ਬੀ. ਕੇ. ਯੂ. (ਦੋਆਬਾ) ਕਿਸਾਨੀ ਸੰਘਰਸ਼ ਤੋਂ ਕਦੇ ਪਿੱਛੇ ਨਹੀਂ ਹਟੇਗਾ, ਜਿਸ ਮੋਰਚੇ ਖਿਲਾਫ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ, ਉਸ ਮੋਰਚੇ ਨਾਲ ਯੂਨੀਅਨ ਦਾ ਕੋਈ ਸਬੰਧ ਨਹੀਂ – ਬਲਵੀਰ ਸਿੰਘ ਖੀਰਨੀਆਂ
ਸਮਰਾਲਾ, 05 ਮਾਰਚ ( ਵਰਿੰਦਰ ਸਿੰਘ ਹੀਰਾ) ਸੰਯੁਕਤ ਮੋਰਚੇ ਦੇ ਸੱਦੇ ਤੇ 5 ਮਾਰਚ ਤੋਂ ਚੰਡੀਗੜ੍ਹ ਵਿਖੇ ਲੱਗਣ ਵਾਲੇ ਧਰਨੇ ਦੇ ਮੱਦੇਨਜ਼ਰ ਬੀਤੇ ਦੋ ਦਿਨਾਂ ਤੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਮੁੱਢਲੇ ਆਗੂਆਂ ਦੀ ਪੰਜਾਬ ਪੁਲਿਸ ਵੱਲੋਂ ਲਗਾਤਾਰ ਫੜੋ ਫੜੀ ਚੱਲ ਰਹੀ ਹੈ, ਜਿਸ ਦੇ ਚੱਲਦੇ ਸਮਰਾਲਾ ਇਲਾਕੇ ਵਿੱਚ ਵੱਖ ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਪੁਲਿਸ ਰਾਤੋਂ ਰਾਤ ਘਰਾਂ ਅੰਦਰੋਂ ਚੁੱਕ ਕੇ ਵੱਖ ਥਾਣਿਆਂ ਅੰਦਰ ਡੱਕ ਰਹੀ ਹੈ। ਇਸੇ ਸਬੰਧ ਸਮਰਾਲਾ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਨੂੰ ਵੀ ਘਰੋਂ ਚੁੱਕ ਕੇ ਸਮਰਾਲਾ ਥਾਣੇ ਵਿੱਚ ਬੰਦ ਕਰ ਦਿੱਤਾ ਸੀ। ਜਿਸ ਤੇ ਬੀ. ਕੇ. ਯੂ. (ਦੋਆਬਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਜ਼ਿਲ੍ਹਾ ਲੁਧਿਆਣਾ ਦੇ ਵੱਖ ਵੱਖ ਆਗੂਆਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਅੱਜ ਸ਼ਾਮ ਸਮਰਾਲਾ ਪੁਲਿਸ ਵੱਲੋਂ ਬਲਵੀਰ ਸਿੰਘ ਖੀਰਨੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਉਪਰੰਤ ਜ਼ਿਲ੍ਹਾ ਪ੍ਰਧਾਨ ਖੀਰਨੀਆਂ ਨੇ ਕਿਹਾ ਕਿ ਸੰਯੁਕਤ ਮੋਰਚੇ ਵੱਲੋਂ 5 ਮਾਰਚ ਤੋਂ ਚੰਡੀਗੜ੍ਹ ਵਿਖੇ ਧਰਨੇ ਸਬੰਧੀ ਵੱਖ ਵੱਖ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਮੌਕੇ ਉਨ੍ਹਾਂ ਨੂੰ ਵੀ ਸਮਰਾਲਾ ਪੁਲਿਸ ਵੱਲੋਂ ਘਰੋਂ ਚੁੱਕ ਲਿਆ ਗਿਆ ਸੀ, ਜਦੋਂ ਕਿ ਸੰਯੁਕਤ ਮੋਰਚੇ ਦੇ ਸੱਦੇ ਦਾ ਉਨ੍ਹਾਂ ਦੀ ਯੂਨੀਅਨ ਨਾਲ ਕੋਈ ਵੀ ਸਬੰਧ ਨਹੀਂ ਹੈ, ਕਿਸਾਨੀ ਮੰਗਾਂ ਸਬੰਧੀ ਉਨ੍ਹਾਂ ਦੀ ਯੂਨੀਅਨ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੀ. ਕੇ. ਯੂ. (ਦੋਆਬਾ) ਕਿਸਾਨੀ ਸੰਘਰਸ਼ ਤੋਂ ਕਦੇ ਵੀ ਪਿੱਛੇ ਨਹੀਂ ਹਟੇਗੀ ਅਤੇ ਸੰਘਰਸ਼ ਉਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਪੰਜਾਬ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਕੇਂਦਰ ਸਰਕਾਰ ਨਹੀਂ ਮੰਨ ਲੈਂਦੀ। ਜਦੋਂ ਯੂਨੀਅਨ ਆਗੂਆਂ ਵੱਲੋਂ ਪੁਲਿਸ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦਾ ਚੰਡੀਗੜ੍ਹ ਧਰਨੇ ਨਾਲ ਕੋਈ ਸਬੰਧ ਨਹੀਂ ਹੈ ਤਾਂ ਸਮਰਾਲਾ ਪੁਲਿਸ ਨੇ ਮੈਨੂੰ ਥਾਣੇ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਦੇ ਰਿਹਾਅ ਹੋਣ ਮੌਕੇ ਯੂਨੀਅਨ ਆਗੂਆਂ ਨੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਖੀਰਨੀਆਂ ਤੋਂ ਇਲਾਵਾ ਜਰਨੈਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਰਣਜੀਤ ਸਿੰਘ ਕਟਾਣਾ ਸਾਹਿਬ, ਜਸਵੰਤ ਸਿੰਘ ਕਟਾਣੀ ਕਲਾਂ, ਪਰਮਵੀਰ ਸਿੰਘ ਪੰਮਾ ਖੀਰਨੀਆਂ, ਸੁਖਰਾਜ ਸਿੰਘ ਕਟਾਣਾ ਸਾਹਿਬ ਅਤੇ ਜਸਰਾਜ ਸਿੰਘ ਖਟੜਾ ਹਾਜ਼ਰ ਸਨ।