ਡਾ. ਭੀਮ ਰਾਓਂ ਅੰਬੇਦਕਰ ਦੀ ਪ੍ਰਤਿਮਾ ਨਾਲ ਛੇੜਛਾੜ ਦੇ ਵਿਰੋਧ ਵਿੱਚ ਕੱਢਿਆ ਗਿਆ ਰੋਸ ਮਾਰਚ। ਰੋਸ ਮਾਰਚ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਨੂੰ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਭੇਜਿਆ ਗਿਆ ਮੰਗ ਪੱਤਰ।



ਮਨਜੀਤ ਸਿੰਘ ਝੱਜ ਬਣੇ ਥਾਣੇਦਾਰ।
ਸਮਰਾਲਾ, 30 ਜਨਵਰੀ ( ਵਰਿੰਦਰ ਸਿੰਘ ਹੀਰਾ) ਐਸ.ਐਸ.ਪੀ ਖੰਨਾ ਨੇ ਡੀ.ਐਸ.ਪੀ (ਐਚ) ਨਾਲ ਮਿਲ ਕੇ ਖੰਨਾ ਪੁਲਿਸ ਦੇ ਨਵੇਂ ਤਰੱਕੀ ਪ੍ਰਾਪਤ ਏ.ਐਸ.ਆਈ ਮਨਜੀਤ ਸਿੰਘ ਝੱਜ ਦਾ ਪਿਪਿੰਗ ਸਮਾਰੋਹ ਕੀਤਾ ਅਤੇ ਇਸ ਮੌਕੇ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜੀਤ ਸਿੰਘ ਨੇ ਕਿਹਾ ਕਿ ਤਰੱਕੀ ਮਿਲਣ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੈ , ਉਹਨਾਂ ਕਿਹਾ ਕਿ ਬਤੌਰ ਥਾਣੇਦਾਰ ਉਹ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ , ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ। ਮਨਜੀਤ ਸਿੰਘ ਨੂੰ ਤਰੱਕੀ ਮਿਲਣ ਤੇ ਖਬਰ ਸੁਣਕੇ ਇਲਾਕਾ ਨਿਵਾਸੀਆਂ ਨੇ ਵੀ ਖੁਸ਼ੀ ਜਾਹਿਰ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ।।

*ਡਿਪਟੀ ਕਮਿਸ਼ਨਰ ਵੱਲੋਂ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਦੀਆਂ ਤਿਆਰੀਆਂ ਦੀ ਸਮੀਖਿਆ*
*- 31 ਜਨਵਰੀ ਤੋਂ 2 ਫਰਵਰੀ ਤੱਕ ਹੋਵੇਗਾ ਖੇਡਾਂ ਦਾ ਆਯੋਜਨ*
*- 3 ਦਿਨਾਂ ਖੇਡ ਮੇਲੇ ਦੌਰਾਨ, ਹਾਕੀ, ਕਬੱਡੀ, ਅਥਲੈਟਿਕਸ ਅਤੇ ਰਵਾਇਤੀ ਖੇਡਾਂ ਦੇ ਮੈਚ ਕਰਵਾਏ ਜਾਣਗੇ*
*- ਤਿੰਨਾਂ ਦਿਨਾਂ ਲਈ ਸ਼ਾਮ ਦੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਵੀ ਉਲੀਕੀ ਗਈ ਯੋਜਨਾ*
*- ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜਨਤਾ ਨੂੰ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਨ ਦੀ ਕੀਤੀ ਅਪੀਲ*
*- ਪੰਜਾਬ ਸਰਕਾਰ ਲਗਾਤਾਰ ਦੂਜੇ ਸਾਲ ਇਨ੍ਹਾਂ ਉੱਘੀਆਂ ਖੇਡਾਂ ਦਾ ਆਯੋਜਨ ਕਰ ਰਹੀ ਹੈ*
ਲੁਧਿਆਣਾ, 29 ਜਨਵਰੀ ( ਵਰਿੰਦਰ ਸਿੰਘ ਹੀਰਾ) – ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਕਿਲ੍ਹਾ ਰਾਏਪੁਰ ਵਿਖੇ ਪੇਂਡੂ ਓਲੰਪਿਕ 2025 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਹ ਖੇਡਾਂ 31 ਜਨਵਰੀ ਤੋਂ 2 ਫਰਵਰੀ ਤੱਕ ਹੋਣਗੀਆਂ, ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਇਸ ਸਮਾਗਮ ਦਾ ਉਦਘਾਟਨ ਕਰਨਗੇ।
ਲਗਾਤਾਰ ਦੂਜੇ ਸਾਲ, ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੇਂਡੂ ਓਲੰਪਿਕ ਦਾ ਆਯੋਜਨ ਕਰ ਰਹੀ ਹੈ।
ਖੇਡਾਂ ਦੇ ਪਹਿਲੇ ਦਿਨ, ਸ਼ਡਿਊਲ ਵਿੱਚ ਮੁੰਡਿਆਂ ਦਾ ਹਾਕੀ ਮੈਚ, ਉਸ ਤੋਂ ਬਾਅਦ ਕੁੜੀਆਂ ਦਾ ਹਾਕੀ ਮੈਚ, ਕੁੜੀਆਂ ਦਾ ਕਬੱਡੀ, ਵਾਲੀਬਾਲ, ਖੋ-ਖੋ, ਅਤੇ ਦੋਵਾਂ ਵਰਗਾਂ ਲਈ 1500 ਮੀਟਰ ਦੌੜ, ਅਤੇ ਨਾਲ ਹੀ ਨੈਸ਼ਨਲ ਸਟਾਈਲ ਕੁੜੀਆਂ ਦਾ ਕਬੱਡੀ ਮੈਚ ਸ਼ਾਮਲ ਹੈ। ਉਦਘਾਟਨੀ ਦਿਨ, 31 ਜਨਵਰੀ ਨੂੰ, ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਦੁਆਰਾ ਆਪਣੀ ਗਾਇਕੀ ਨਾਲ ਹਾਜ਼ਰੀਨ ਦਾ ਮਨੋਰੰਜਣ ਕੀਤਾ ਜਾਵੇਗਾ ਜਦਕਿ 1 ਫਰਵਰੀ ਨੂੰ ਗਾਇਕ ਵਿਰਾਸਤ ਸੰਧੂ ਅਤੇ 2 ਫਰਵਰੀ ਨੂੰ ਕੁਲਵਿੰਦਰ ਬਿੱਲਾ ਵੱਲੋਂ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਅੰਦਰ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ ਅਤੇ ਪੰਜਾਬ ਦੀ ਖੇਡ ਸ਼ਾਨ ਨੂੰ ਮੁੜ ਸੁਰਜੀਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪ੍ਰਤਿਭਾ ਦੋ ਕੋਈ ਘਾਟ ਨਹੀਂ ਪਰ ਹੁਨਰ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਤਰਾਸ਼ਣ ਦੀ ਲੋੜ ਹੈ. ਇਹ ਪੇਂਡੂ ਓਲੰਪਿਕ ਭਵਿੱਖ ਦੇ ਚੈਂਪੀਅਨ ਪੈਦਾ ਕਰਨ ਵਿੱਚ ਸਹਾਈ ਸਿੱਧ ਹੋਵੇਗੀ।
ਡਿਪਟੀ ਕਮਿਸ਼ਨਰ ਜੋਰਵਾਲ ਨੇ ਇਹ ਵੀ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਭਾਗੀਦਾਰਾਂ ਲਈ ਇੱਕ ਸੁਚਾਰੂ ਅਨੁਭਵ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕਰੇਗਾ ਅਤੇ ਕੋਈ ਵੀ ਅਸੁਵਿਧਾ ਨਹੀਂ ਹੋਵੇਗੀ। ਉਨ੍ਹਾਂ ਪੰਜਾਬ ਲਈ ਇਨ੍ਹਾਂ ਖੇਡਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਵੱਖ-ਵੱਖ ਵਿਭਾਗੀ ਮੁਖੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਪ੍ਰਬੰਧ ਯਕੀਨੀ ਬਣਾਏ ਜਾਣ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਖੇਡਾਂ ਦੀ ਪ੍ਰਸਿੱਧੀ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਲਈ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ।

ਗੁਰਦੁਆਰਾ ਸੋਢੀ ਦਰਬਾਰ ਪਿੰਡ ਮੈੜੀ ਸਾਹਿਬ ਵਿਖੇ ਵਿਸ਼ਾਲ ਅੱਖਾਂ ਦਾ ਕੈਂਪ ਲਗਾਇਆ ਗਿਆ।
ਊਨਾ/ ਮੇੜੀ ਸਾਹਿਬ, 29 ਜਨਵਰੀ ( ਵਰਿੰਦਰ ਸਿੰਘ ਹੀਰਾ) ਹਿਮਾਚਲ ਪ੍ਰਦੇਸ਼ ਦੇ ਜਿਲਾ ਊਨਾ ਵਿੱਚ ਸਥਿਤ ਸੋਢੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਦੇ ਤਪ ਅਸਥਾਨ ਪਿੰਡ ਮੇੜੀ ਸਾਹਿਬ ਦੇ ਗੁਰਦੁਆਰਾ ਸੋਢੀ ਦਰਬਾਰ ਵਿਖੇ ਸਵਰਗੀ ਸਰਦਾਰ ਮੇਹਰ ਸਿੰਘ ਯਾਦਗਾਰੀ ਪਹਿਲਾ ਅੱਖਾਂ ਦਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਬਾਬਾ ਜਗਦੇਵ ਸਿੰਘ ਸਿੱਧੂ ਮੁਖੀ ਬਾਬਾ ਵਡਭਾਗ ਸਿੰਘ ਸੇਵਕ ਸੋਸਾਇਟੀ ਮੈੜ੍ਹੀ ਸਾਹਿਬ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਕੈਂਪ ਵਿੱਚ ਭਾਰੀ ਗਿਣਤੀ ਵਿੱਚ ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਚੈੱਕ-ਅੱਪ ਸੇਠ ਆਈ ਹਸਪਤਾਲ ਬੰਗਾ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਡਾਕਟਰ ਦੇਵ ਆਸ਼ੀਸ਼ ਸੇਠ ਦੀ ਨਿਗਰਾਨੀ ਹੇਠ ਕੀਤਾ ਗਿਆ। ਇਸ ਕੈਂਪ ਵਿੱਚ 250 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਚੈਕ -ਅਪ ਕੀਤਾ ਗਿਆ, ਲੋੜਵੰਦਾਂ ਦੇ ਐਨਕਾ ਲਗਾਈਆਂ ਗਈਆਂ ਅਤੇ ਦਵਾਈਆਂ ਫਰੀ ਦਿੱਤੀਆਂ ਗਈਆਂ। ਇਸ ਮੌਕੇ ਤੇ ਬੋਲਦਿਆਂ ਗੁਰਦੁਆਰਾ ਸੋਢੀ ਦਰਬਾਰ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਉੜਾਪੜ ਨੇ ਦੱਸਿਆ ਕਿ ਇਸ ਕੈਂਪ ਵਿੱਚ 35 ਅਜਿਹੇ ਮਰੀਜ਼ ਆਏ ਹਨ ਜਿਨਾਂ ਨੂੰ ਅੱਖਾਂ ਦੇ ਅਪਰੇਸ਼ਨ ਦੀ ਲੋੜ ਹੈ, ਅਤੇ ਇਹਨਾਂ ਦਾ ਆਪਰੇਸ਼ਨ ਸੇਠ ਹਸਪਤਾਲ ਬੰਗਾ ਵਿਖੇ ਮੁਫਤ ਵਿੱਚ ਕਰਵਾਇਆ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਵਡਭਾਗ ਸਿੰਘ ਸੇਵਕ ਸੋਸਾਇਟੀ ਦੇ ਮੁਖੀ ਬਾਬਾ ਜਗਦੇਵ ਸਿੰਘ ਸਿੱਧੂ ਨੇ ਕਿਹਾ ਕਿ ਅੱਖਾਂ ਕੁਦਰਤ ਦਾ ਇੱਕ ਅਨਮੋਲ ਤੋਹਫਾ ਹੈ । ਅੱਖਾਂ ਤੋਂ ਬਗੈਰ ਸਾਰਾ ਜਹਾਨ ਹੀ ਸੁੰਨਾ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਸੋਢੀ ਦਰਬਾਰ ਵੱਲੋਂ ਅੱਖਾਂ ਦਾ ਇਹ ਮੁਫਤ ਕੈਂਪ ਲਗਾ ਕੇ ਬਹੁਤ ਵੱਡਾ ਕਾਰਜ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਇਸ ਖਿੱਤੇ ਵਿੱਚ ਇਸ ਤਰ੍ਹਾਂ ਦੇ ਕੈਂਪ ਦੀ ਬਹੁਤ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਉਨਾਂ ਨੇ ਗੁਰਦੁਆਰਾ ਸੋਢੀ ਦਰਬਾਰ ਦੀ ਮੈਨੇਜਿੰਗ ਟੀਮ ਦਾ ਧੰਨਵਾਦ ਵੀ ਕੀਤਾ ਅਤੇ ਆਸ ਪ੍ਰਗਟ ਕੀਤੀ ਕੀ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਅੱਗੋਂ ਵੀ ਜਾਰੀ ਰੱਖੇ ਜਾਣਗੇ। ਇਸ ਮੌਕੇ ਗੁਰਦੁਆਰਾ ਸੋਢੀ ਦਰਬਾਰ ਮੈਨੇਜਿੰਗ ਕਮੇਟੀ ਪ੍ਰਧਾਨ ਸੁਖਦੇਵ ਸਿੰਘ ਉੜਾਪੜ, ਕੁਲਵਿੰਦਰ ਸਿੰਘ, ਨਿਰਮਲ ਸਿੰਘ, ਕਲ ਕੁਲਵੀਰ ਸਿੰਘ ਟਾਂਕ, ਜੁਝਾਰ ਸਿੰਘ , ਮਾਸਟਰ ਜਸਵਿੰਦਰ ਸਿੰਘ, ਰਘਬੀਰ ਸਿੰਘ, ਮਹਾ ਸਿੰਘ, ਸੰਦੀਪ ਸਿੰਘ ਵਿਰਕ, ਬੀਬੀ ਕਮਲਜੀਤ ਕੌਰ, ਬੀਬੀ ਬਲਜੀਤ ਕੌਰ, ਬੀਬੀ ਜਸਵਿੰਦਰ ਕੌਰ ਉੜਾਪੜ, ਸੋਢੀ ਸਿੰਘ ਬੰਗਾ, ਬਲਬੀਰ ਸਿੰਘ ਬੀਰਾ, ਸੁਖਵਿੰਦਰ ਸਿੰਘ ਢੱਕ ਅਤੇ ਗੁਰਦੁਆਰਾ ਸੋਢੀ ਦਰਬਾਰ ਮੇੜੀ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ, ਅਤੇ ਗੁਰਦੁਆਰਾ ਨਵਾਂ ਦੇਹਰਾ ਸਾਹਿਬ ਪਿੰਡ ਉੜਾਪੜ ਦੀਆਂ ਸਾਰੀਆਂ ਸੰਗਤਾਂ ਨੇ ਇਸ ਕੈਂਪ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਈਆਂ ਸੰਗਤਾਂ ਦੀ ਸੇਵਾ ਕੀਤੀ । ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

ਪੀ.ਐਸ.ਪੀ.ਸੀ.ਐਲ. ਦਾ ਲਾਈਨਮੈਨ ਅਤੇ ਮੀਟਰ ਰੀਡਰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਮੁਲਜ਼ਮਾਂ ਨੇ ਮੀਟਰ ਲਗਾਉਣ ਬਦਲੇ ਪਹਿਲਾਂ ਲਈ ਸੀ 20000 ਰੁਪਏ ਰਿਸ਼ਵਤ
ਲੁਧਿਆਣਾ , 28 ਜਨਵਰੀ ( ਵਰਿੰਦਰ ਸਿੰਘ ਹੀਰਾ)
ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦਫ਼ਤਰ ਫੋਕਲ ਪੁਆਇੰਟ ਲੁਧਿਆਣਾ ਵਿਖੇ ਤਾਇਨਾਤ ਲਾਈਨਮੈਨ ਕਮਲਪ੍ਰੀਤ ਸਿੰਘ ਅਤੇ ਮੀਟਰ ਰੀਡਰ ਕੁਲਦੀਪ ਸਿੰਘ ਨੂੰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਸੰਦੀਪ ਸਿੰਘ ਵਾਸੀ ਜਮਾਲਪੁਰ, ਲੁਧਿਆਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਉਸਦੇ ਸ਼ੋਅਰੂਮ ਵਿੱਚ ਸੜੇ ਹੋਏ ਮੀਟਰ ਨੂੰ ਬਦਲ ਕੇ ਨਵਾਂ ਬਿਜਲੀ ਮੀਟਰ ਲਗਾਉਣ ਬਦਲੇ ਉਕਤ ਮੁਲਜ਼ਮ ਲਾਈਨਮੈਨ ਨੇ 30000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਉਕਤ ਲਾਈਨਮੈਨ ਇਸ ਕੰਮ ਲਈ ਪਹਿਲਾਂ ਹੀ 20000 ਰੁਪਏ ਰਿਸ਼ਵਤ ਲੈ ਚੁੱਕਾ ਹੈ ਅਤੇ ਬਾਕੀ 10000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਉਸਦੀ ਸ਼ਿਕਾਇਤ ‘ਤੇ ਮੁੱਢਲੀ ਜਾਂਚ ਉਪਰੰਤ, ਲੁਧਿਆਣਾ ਯੂਨਿਟ ਦੀ ਵਿਜੀਲੈਂਸ ਬਿਊਰੋ ਟੀਮ ਨੇ ਜਾਲ ਵਿਛਾ ਕੇ ਮੁਲਜ਼ਮ ਲਾਈਨਮੈਨ ਅਤੇ ਮੀਟਰ ਰੀਡਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਕੋਲੋਂ ਉਸਦੇ ਸ਼ੋਅਰੂਮ ਵਿਖੇ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਦੋਵਾਂ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ।

ਬੀ. ਕੇ. ਯੂ. (ਲੱਖੋਵਾਲ) ਦੇ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਟਰੈਕਟਰ ਮਾਰਚ ਵਿੱਚ ਲਿਆ ਹਿੱਸਾ।
ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ਨੂੰ ਲੱਖੋਵਾਲ ਯੂਨੀਅਨ ਪੂਰੀ ਸ਼ਿੱਦਤ ਨਾਲ ਨੇਪਰੇ ਚਾੜਦੀ ਹੈ – ਮਨਜੀਤ ਸਿੰਘ ਢੀਂਡਸਾ
ਸਮਰਾਲਾ 28 ਜਨਵਰੀ ( ਵਰਿੰਦਰ ਸਿੰਘ ਹੀਰਾ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਭਾਰਤ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੇ ਇੱਕਜੁਟਤਾ ਦਾ ਮੁਜਾਹਰਾ ਕਰਦੇ ਹੋਏ ਟਰੈਕਟਰ ਮਾਰਚ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲਿਆ। ਸਮਰਾਲਾ ਵਿੱਚ ਕੱਢੇ ਗਏ ਟਰੈਕਟਰ ਮਾਰਚ ਵਿੱਚ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਟਰੈਕਟਰ ਮਾਰਚ ਵਿੱਚ ਭਾਗ ਲੈਣ ਲਈ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਆਪੋ ਆਪਣੇ ਟਰੈਕਟਰਾਂ ਸਮੇਤ ਮਾਲਵਾ ਕਾਲਜ ਬੌਂਦਲੀ ਦੇ ਸਟੇਡੀਅਮ ਵਿਖੇ ਪੁੱਜੇ। ਇਸ ਮੌਕੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਮਨਜੀਤ ਸਿੰਘ ਢੀਂਡਸਾ ਨੇ ਕਿਹਾ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ‘ ਕੌਮੀ ਖੇਤੀ ਨੀਤੀ ਮੰਡੀਕਰਨ ਫਰੇਮਵਰਕ ਬਿੱਲ’ ਜੋ ਕਿ ਤਿੰਨ ਕਾਲੇ ਕਾਨੂੰਨਾਂ ਦਾ ਹੀ ਰੂਪ ਹੈ, ਨੂੰ ਰੱਦ ਕਰਾਉਣ ਲਈ ਮੁੜ ਕਿਸਾਨਾਂ ਨੂੰ ਹੰਭਲਾ ਮਾਰਨਾ ਪਵੇਗਾ, ਜਿਸ ਲਈ ਸਮੂਹ ਕਿਸਾਨ ਜਥੇਬੰਦੀਆਂ ਨੂੰ ਇੱਕਜੁੱਟ ਹੋ ਕੇ ਇੱਕ ਝੰਡੇ ਹੇਠ ਵੱਡੀ ਲੜਾਈ ਅਰੰਭ ਕਰਨੀ ਪੈਣੀ ਹੈ। ਉਨ੍ਹਾਂ ਆਮ ਲੋਕਾਂ ਅਤੇ ਵਪਾਰੀ ਵਰਗ ਨੂੰ ਵੀ ਅਪੀਲ ਕੀਤੀ ਕਿ ਇਸ ਸੰਘਰਸ਼ ਵਿੱਚ ਉਹ ਕਿਸਾਨਾਂ ਦਾ ਸਾਥ ਦੇਣ ਲਈ ਅੱਗੇ ਆਉਣ, ਕਿਉਂਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਕਿਸਾਨ ਇਸਦੀ ਰੀੜ ਦੀ ਹੱਡੀ ਹਨ। ਦੂਸਰੇ ਪਾਸੇ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਭਾਵ ਅਡਾਨੀਆਂ, ਅੰਬਾਨੀਆਂ ਵੱਲ ਝੁਕਾਅ ਹੈ, ਜੋ ਪੂਰੇ ਦੇਸ਼ ਨੂੰ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਵੇਚਣਾ ਚਾਹੁੰਦਾ ਹੈ। ਇਸ ਲਈ ਉਹ ਦੇਸ਼ ਦੀ ਵੱਡੀ ਤਾਕਤ ਕਿਸਾਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾ ਕੇ ਉਨ੍ਹਾਂ ਨੂੰ ਬੇਜ਼ਮੀਨੇ ਬਣਾ ਕੇ, ਫਸਲਾਂ ਦੀ ਲੁਟਾਈ ਕਰਾ ਕੇ, ਕਰਜਦਾਰ ਬਣਾ ਕੇ ਇਨ੍ਹਾਂ ਕਾਰਪੋਰੇਟਾਂ ਦੇ ਥੱਲੇ ਲੱਗ ਕੇ ਕੰਮ ਕਰਨ ਲਈ ਮਜ਼ਬੂਰ ਕਰ ਰਿਹਾ ਹੈ, ਪ੍ਰੰਤੂ ਦੇਸ਼ ਦਾ ਕਿਸਾਨਾਂ ਇਹ ਸਾਰਾ ਕੁਝ ਕਿਸੇ ਵੀ ਸੂਰਤ ਵਿੱਚ ਨਹੀਂ ਹੋਣ ਦੇਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜਿਸ ਦਿਨ ਪ੍ਰਧਾਨ ਮੰਤਰੀ ਨੇ ਆਪਣੀਆਂ ਚਾਲਾਂ ਨਾਲ ਕਿਸਾਨਾਂ ਨੂੰ ਢਾਹ ਲਿਆ ਤਾਂ ਉਸ ਵੱਲੋਂ ਵਪਾਰੀਆਂ, ਛੋਟੇ ਦੁਕਾਨਦਾਰਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਦਿਨਾਂ ਵਿੱਚ ਹੀ ਢਾਹ ਕੇ ਸੁੱਟ ਲੈਣਾ ਹੈ। ਆਓ ਆਪਾਂ ਸਾਰੇ ਇਕੱਠੇ ਹੋ ਕੇ ਇਸ ਕਾਰਪੋਰੇਟ ਘਰਾਣੇ ਅਤੇ ਇਨ੍ਹਾਂ ਪੱਖੀ ਰਾਜਨੀਤਕ ਲੋਕਾਂ ਵਿਰੁੱਧ ਮੁੜ ਜੰਗ ਲੜੀਏ ਅਤੇ ਆਪਣੇ ਦੇਸ਼ ਦੇ ਕਿਸਾਨ ਅਤੇ ਆਪਣੀਆਂ ਉਪਜਾਊ ਜ਼ਮੀਨਾਂ ਬਚਾਈਏ। ਇਸ ਉਪਰੰਤ ਬੀ. ਕੇ. ਯੂ. (ਲੱਖੋਵਾਲ) ਦੇ ਇਕੱਠੇ ਹੋਏ ਕਿਸਾਨਾਂ ਨੇ ਸਮਰਾਲਾ ਤੱਕ ਕੱਢੇ ਗਏ ਟਰੈਕਟਰ ਮਾਰਚ ਵਿੱਚ ਭਾਗ ਲਿਆ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਆਪਣੀ ਇੱਕਜੁਟਤਾ ਦਾ ਮੁਜਾਹਰਾ ਕੀਤਾ। ਟਰੈਕਟਰ ਮਾਰਚ ਵਿੱਚ ਭਾਗ ਲੈਣ ਲਈ ਬੀ. ਕੇ. ਯੂ. (ਲੱਖੋਵਾਲ) ਦੇ ਅਹੁਦੇਦਾਰ, ਵਰਕਰ ਅਤੇ ਯੂਨੀਅਨ ਨਾਲ ਜੁੜੇ ਹੋਏ ਆਮ ਕਿਸਾਨ ਸ਼ਾਮਲ ਸਨ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਹਰਦੀਪ ਸਿੰਘ, ਹਰਪ੍ਰੀਤ ਸਿੰਘ, ਜਗਜੀਤ ਸਿੰਘ ਤਿੰਨੋ ਜ਼ਿਲ੍ਹਾ ਮੀਤ ਪ੍ਰਧਾਨ, ਗੁਰਸੇਵਕ ਸਿੰਘ ਮੰਜਾਲੀਆਂ, ਰਵਿੰਦਰ ਸਿੰਘ ਅਕਾਲਗੜ੍ਹ ਦੋਨੋਂ ਬਲਾਕ ਪ੍ਰਧਾਨ, ਦਲਜੀਤ ਸਿੰਘ ਊਰਨਾਂ, ਮੱਘਰ ਸਿੰਘ ਘੁੰਗਰਾਲੀ ਸਿੱਖਾਂ, ਬਲਜਿੰਦਰ ਸਿੰਘ ਬਲਾਕ ਜਨਰਲ ਸਕੱਤਰ, ਹਰਚੰਦ ਸਿੰਘ, ਹਜਾਰਾ ਸਿੰਘ, ਰਣਜੀਤ ਸਿੰਘ, ਨਰਿੰਦਰ ਸਿੰਘ, ਭਰਪੂਰ ਸਿੰਘ , ਫੌਜੀ ਮਲਕੀਤ ਸਿੰਘ, ਰਾਮ ਸਿੰਘ ਬੱਬੂ, ਬਹਾਦਰ ਸਿੰਘ, ਕਮਿੱਕਰ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ, ਹਰਪਾਲ ਸਿੰਘ, ਮੇਜਰ ਸਿੰਘ, ਬਲਵੰਤ ਸਿੰਘ, ਡਾ. ਹਰਬੰਸ ਸਿੰਘ, ਦਰਸ਼ਨ ਸਿੰਘ, ਸਮਸ਼ੇਰ ਸਿੰਘ, ਉੱਜਲ ਸਿੰਘ, ਮਿੰਟਾ, ਜੀਤਾ, ਗੁਰਮਨ ਸਿੰਘ, ਧਰਮਿੰਦਰ ਸਿੰਘ, ਜਸਮਾਨਤ ਸਿੰਘ, ਸੁਖਦੀਪ ਸਿੰਘ, ਜਗੀਰ ਸਿੰਘ, ਕਸ਼ਮੀਰਾ ਸਿੰਘ, ਜਗਤਾਰ ਸਿੰਘ, ਸਿਕੰਦਰ ਸਿੰਘ, ਦਰਸ਼ਨ ਸਿੰਘ ਮਾਦਪੁਰ, ਸਰਪੰਚ ਸੁਖਦੇਵ ਸਿੰਘ, ਦਲਜੀਤ ਸਿੰਘ, ਸੁਖਦੀਪ ਸਿੰਘ, ਗੁਰਵੀਰ ਸਿੰਘ, ਗੁਰਜਾਪ ਸਿੰਘ ਪਿੰਡ ਰੁਪਾਲੋਂ ਆਦਿ ਹਾਜਰ ਸਨ। ਟਰੈਕਟਰ ਮਾਰਚ ਦੀ ਸਮਾਪਤੀ ਮੌਕੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਆਏ ਸਾਰੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਧੰਨਵਾਦ ਕੀਤਾ।

ਰਾਜ ਮਿਸਤਰੀ ਮਜ਼ਦੂਰ ਯੂਨੀਅਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਲੇਬਰ ਚੌਂਕ ਵਿਖੇ ਗਣਤੰਤਰ ਦਿਵਸ ਮਨਾਇਆ
ਸਮਰਾਲਾ, 28 ਜਨਵਰੀ ( ਵਰਿੰਦਰ ਸਿੰਘ ਹੀਰਾ.) ਰਾਜ ਮਿਸਤਰੀ ਮਜ਼ਦੂਰ ਯੂਨੀਅਨ ਸਮਰਾਲਾ ਅਤੇ ਸਮਾਜਸੇਵੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ 76ਵਾਂ ਗਣਤੰਤਰ ਦਿਵਸ ਸਥਾਨਕ ਲੇਬਰ ਚੌਂਕ ਵਿਖੇ ਕਾਮਰੇਡ ਭਜਨ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਅਤੇ ਮੈਨੇਜਰ ਕਰਮ ਚੰਦ (ਕਹਾਣੀਕਾਰ) ਦੀ ਅਗਵਾਈ ਹੇਠ ਮਨਾਇਆ ਗਿਆ। ਸਭ ਤੋਂ ਪਹਿਲਾਂ ਤਿਰੰਗਾ ਝੰਡਾ ਲਹਿਰਾ ਕੇ ਸਲਾਮੀ ਦਿੱਤੀ ਗਈ, ਉਪਰੰਤ ਲੇਬਰ ਚੌਂਕ ਵਿੱਚ ਇਕੱਤਰ ਮਜ਼ਦੂਰਾਂ ਨੂੰ ਕਾਮਰੇਡ ਭਜਨ ਸਿੰਘ ਸੰਬੋਧਨ ਕਰਦੇ ਹੋਏ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਅਤੇ ਭਾਰਤੀ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਦਕਰ ਬਾਰੇ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਸੰਵਿਧਾਨ ਦਾ ਫਾਇਦਾ ਕੁਝ ਲੋਕਾਂ ਨੂੰ ਹੀ ਪੁੱਜਾ ਹੈ, ਫਾਇਦਾ ਲੈਣ ਵਾਲੇ ਲੋਕ ਆਪਣੇ ਹੀ ਲੋਕਾਂ ਤੋਂ ਘ੍ਰਿਣਾ ਕਰਨ ਲੱਗ ਪਏ ਹਨ। ਭਾਰਤੀ ਸੰਵਿਧਾਨ ਉੱਤੇ ਹੁਣ ਕਾਰਪੋਰੇਟ ਘਰਾਣਿਆਂ ਦਾ ਰਾਜ ਹੋਣ ਕਾਰਨ, ਉਹ ਇਸ ਦੀ ਵਰਤੋਂ ਆਪਣੇ ਹਿੱਤਾਂ ਅਨੁਸਾਰ ਕਰਕੇ ਗਰੀਬ ਨੂੰ ਹੋਰ ਗਰੀਬ ਬਣਾ ਦਿੱਤਾ ਅਤੇ ਆਪਣੇ ਫਾਇਦੇ ਲਈ ਆਮ ਵਰਤੋਂ ਦੀਆਂ ਚੀਜਾਂ ਮਹਿੰਗੀਆਂ ਕਰ ਦਿੱਤੀਆਂ, ਜੋ ਕਿ ਗਰੀਬ ਲੋਕਾਂ ਦੇ ਵਸੋ ਬਾਹਰ ਹੋ ਗਈਆਂ। ਮੈਨੇਜਰ ਕਰਮ ਚੰਦ ਨੇ ਆਪਣੇ ਸੰਬੋਧਨ ਵਿੱਚ ਸਮਰਾਏਦਾਰ ਅਤੇ ਬ੍ਰਾਹਮਣਵਾਦੀ ਸੋਚ ਰੱਖਣ ਵਾਲੇ ਲੋਕਾਂ ਦੀ ਗੱਲ ਕੀਤੀ, ਜੋ ਅਜੇ ਵੀ ਪੱਛੜੇ ਵਰਗ ਦੇ ਲੋਕਾਂ ਨਾਲ ਧੱਕਾ ਕਰ ਰਹੇ ਹਨ ਅਤੇ ਪੱਛੜੀ ਜਾਤੀ ਦੇ ਲੋਕਾਂ ਨੂੰ ਅੱਗੇ ਨਹੀਂ ਆਉਣ ਦੇ ਰਹੇ, ਆਪ ਖੁਦ ਉੱਚ ਆਹੁਦਿਆਂ ਤੇ ਬਿਰਾਜਮਾਨ ਹਨ, ਜਦੋਂ ਕਿ ਡਾ. ਭੀਮ ਰਾਓ ਅੰਬੇਦਕਰ ਨੇ ਸਾਰੇ ਵਰਗਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਵਾਲੇ ਸੰਵਿਧਾਨ ਦੀ ਰਚਨਾ ਕੀਤੀ ਸੀ। ਇਸ ਮੌਕੇ ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਨੇ ਵੀ ਆਪਣੇ ਸੰਬੋਧਨ ਵਿੱਚ ਗਣਤੰਤਰ ਦਿਵਸ ਦੀ ਮਹੱਤਤਾ ਦੱਸੀ ਅਤੇ ਲੱਡੂ ਵੰਡੇ। ਇਸ ਮੌਕੇ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ਜਿਨ੍ਹਾਂ ਵਿੱਚ ਅਮਰਜੀਤ ਸਿੰਘ ਬਾਲਿਓਂ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ, ਕੇਵਲ ਸਿੰਘ ਆਦਿ ਸ਼ਾਮਲ ਸਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਾ. ਪ੍ਰੇਮ ਨਾਥ, ਸ਼ਵਿੰਦਰ ਸਿੰਘ, ਸਤਿੰਦਰ ਸਿੰਘ ਪਟਵਾਰੀ, ਠੇਕੇਦਾਰ ਲਛਮਣ ਸਿੰਘ, ਮੇਲਾ ਸਿੰਘ, ਪ੍ਰਵੀਨ ਮੱਟੂ, ਫਤਹਿ ਸਿੰਘ, ਛਿੰਦਾ, ਜੱਸੀ, ਕਸ਼ਮੀਰ ਸਿੰਘ, ਗੁਰਮੀਤ ਸਿੰਘ, ਰਾਮ ਸਿੰਘ ਕੁੱਲੇਵਾਲ, ਸੋਹਲ ਇੰਡਸਟਰੀ, ਨੂਰ ਮੁਹੰਮਦ, ਜਸਵੰਤ ਸਿੰਘ ਆਦਿ ਤੋਂ ਇਲਾਵਾ ਰਾਜ ਮਿਸਤਰੀ ਮਜਦੂਰ ਯੂਨੀਅਨ ਦੇ ਸੈਂਕੜੇ ਸਾਥੀ ਹਾਜ਼ਰ ਸਨ।

ਬੀ. ਕੇ. ਯੂ. (ਲੱਖੋਵਾਲ) ਵੱਲੋਂ 26 ਦੇ ਟਰੈਕਟਰ ਮਾਰਚ ਸਬੰਧੀ ਪਿੰਡ ਪਿੰਡ ਜਾ ਕੇ ਕੀਤੀ ਜਾ ਰਹੀ ਹੈ ਲਾਮਬੰਦੀ
ਕੇਂਦਰ ਦੇ ਪੰਜਾਬ ਅਤੇ ਪੰਜਾਬ ਦੀ ਕਿਰਸਾਨੀ ਨੂੰ ਖਤਮ ਦੇ ਮਨਸੂਬੇ ਪੰਜਾਬੀ ਕਦੇ ਪੂਰੇ ਨਹੀਂ ਹੋਣ ਦੇਣਗੇ – ਮਨਜੀਤ ਸਿੰਘ ਢੀਂਡਸਾ
ਸਮਰਾਲਾ 23 ਜਨਵਰੀ ( ਵਰਿੰਦਰ ਸਿੰਘ ਹੀਰਾ.) ਕੇਂਦਰ ਸਰਕਾਰ ਦੁਆਰਾ ‘ਖੇਤੀ ਮੰਡੀਕਰਨ ਨੀਤੀ’ ਰਾਹੀਂ ਖੇਤੀ ਮੰਡੀਕਰਨ ਨੂੰ ਤੋੜਨ ਦੀ ਪਾਲਿਸੀ ਸਬੰਧੀ ਲਿਆਂਦੇ ਖਰੜੇ ਦਾ ਵਿਰੋਧ ਕਰਨ ਲਈ ਸਮਰਾਲਾ ਇਲਾਕੇ ਦੀਆਂ ਸਮੂਹਿਕ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੇਂਦਰ ਖਿਲਾਫ ਕੱਢੇ ਜਾ ਰਹੇ ਟਰੈਕਟਰ ਮਾਰਚ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਬੀ. ਕੇ. ਯੂ. (ਲੱਖੋਵਾਲ) ਇਸ ਟਰੈਕਟਰ ਮਾਰਚ ਵਿੱਚ ਮੋਹਰੀ ਹੋ ਕੇ ਹਿੱਸਾ ਲਵੇਗੀ। ਇਸ ਸਬੰਧੀ ਯੂਨੀਅਨ ਵੱਲੋਂ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਵੱਲੋਂ ਜਾਰੀ ‘ਖੇਤੀ ਮੰਡੀਕਰਨ ਨੀਤੀ’ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੀ. ਕੇ. ਯੂ. (ਲੱਖੋਵਾਲ) ਦੇ ਸਮੂਹ ਵਰਕਰ ਅਤੇ ਅਹੁਦੇਦਾਰ ਸਵੇਰੇ 11 ਵਜੇ ਮਾਲਵਾ ਕਾਲਜ ਬੌਂਦਲੀ ਦੇ ਖੇਡ ਸਟੇਡੀਅਮ ਵਿਖੇ ਇਕੱਤਰ ਹੋਣਗੇ ਅਤੇ ਬਾਕੀਆਂ ਕਿਸਾਨ ਯੂਨੀਅਨਾਂ ਨਾਲ ਸਮੂਹਿਕ ਰੂਪ ਵਿੱਚ ਇਕੱਤਰ ਹੋ ਕੇ ਟਰੈਕਰ ਮਾਰਚ ਦੀ ਸ਼ੁਰੂਆਤ ਕਰਨਗੇ, ਇਹ ਟਰੈਕਟਰ ਮਾਰਚ 12 ਵਜੇ ਸ਼ੁਰੂ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇ ਮਾਰਦਾ ਹੋਇਆ ਸਮਰਾਲਾ ਦੇ ਮੁੱਖ ਬਜਾਰ ਵਿੱਚੀ ਐਸ. ਡੀ. ਐਮ. ਦਫਤਰ ਅੱਗੇ ਸਮਾਪਤ ਹੋਵੇਗਾ। ਜਿੱਥੇ ਕੇਂਦਰ ਸਰਕਾਰ ਦੀ ‘ਖੇਤੀ ਮੰਡੀਕਰਨ ਨੀਤੀ’ ਸਬੰਧੀ ਆਗੂਆਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਮੁੜ ਇੱਕ ਹੋਰ ਵੱਡੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਜਾਵੇਗਾ। ਅਖੀਰ ਉਨ੍ਹਾਂ ਬੀ. ਕੇ. ਯੂ. (ਲੱਖੋਵਾਲ) ਦੇ ਵੱਖ ਵੱਖ ਬਲਾਕਾਂ ਸਮਰਾਲਾ, ਮਾਛੀਵਾੜਾ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਵੱਡੀ ਗਿਣਤੀ ਵਿੱਚ ਪਿੰਡਾਂ ਵਿੱਚੋਂ ਕਿਸਾਨਾਂ ਨੂੰ ਵੱਡੇ ਇਕੱਠ ਦੇ ਰੂਪ ਵਿੱਚ ਲੈ ਕੇ ਪੁੱਜਣ ਅਤੇ ਲੁਧਿਆਣਾ ਜ਼ਿਲ੍ਹੇ ਦੇ ਬਾਕੀ ਬਲਾਕਾਂ ਖੰਨਾ, ਦੋਰਾਹਾ, ਮਾਂਗਟ, ਲੁਧਿਆਣਾ-2 ਦੇ ਅਹੁਦੇਦਾਰ ਅਤੇ ਵਰਕਰ ਆਪੋ ਆਪਣੀਆਂ ਤਹਿਸੀਲਾਂ ਵਿੱਚ ਜਿੱਥੇ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ, ਵੱਡੇ ਕਾਫਲਿਆਂ ਦੇ ਰੂਪ ਵਿੱਚ ਪੁੱਜਣ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਨੂੰ ਕੰਨ ਹੋ ਸਕਣ ਕਿ ਪੰਜਾਬ ਅਤੇ ਪੰਜਾਬ ਦੀ ਕਿਰਸਾਨੀ ਨੂੰ ਬਰਬਾਦ ਕਰਨ ਦੇ ਮਨਸੂਬੇ ਪੰਜਾਬੀ ਕਦੇ ਵੀ ਪੂਰੇ ਨਹੀਂ ਹੋਣ ਦੇਣਗੇ।