ਸਫਾਈ ਮਜ਼ਦੂਰਾਂ ਵੱਲੋਂ ਕੀਤੀ ਹੜਤਾਲ ਦੀ ਹਮਾਇਤ ਵਿੱਚ ਡਟਿਆ ਸ਼੍ਰੋਮਣੀ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਸਰਕਾਰੀ ਮੁਲਾਜਮਾਂ ਦੀ ਗੱਲ ਪਹਿਲ ਦੇ ਅਧਾਰ ਤੇ ਸੁਣੀ ਜਾਂਦੀ ਸੀ, ਅੱਜ ਸਰਕਾਰ ਦੀ ਮਾੜੀ ਸੋਚ ਕਾਰਨ ਪੂਰੇ ਪੰਜਾਬ ਦੇ ਕਰਮਚਾਰੀ ਹੜਤਾਲ ਉੱਤੇ ਬੈਠੇ ਹਨ – ਪਰਮਜੀਤ ਸਿੰਘ ਢਿੱਲੋਂ
ਸਮਰਾਲਾ 9 ਮਈ ( ਵਰਿੰਦਰ ਸਿੰਘ ਹੀਰਾ) ਜਿਵੇਂ ਕਿਹਾ ਜਾਂਦਾ ਹੈ ਕਿ ਕਿਸੇ ਮਜ਼ਦੂਰ ਦੀ ਦਿਹਾੜ੍ਹੀ ਉਸਦਾ ਪਸੀਨਾ ਸੁੱਕਣ ਤੋਂ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ, ਪ੍ਰੰਤੂ ਜਦੋਂ ਦੀ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਮਜ਼ਦੂਰਾਂ ਨੂੰ ਅੱਜ ਦੀ ਮਹਿੰਗਾਈ ਦੇ ਹਿਸਾਬ ਨਾਲ ਬਣਦੇ ਹੱਕ ਤਾਂ ਕੀ ਦੇਣੇ ਸਨ, ਸਗੋਂ ਉਨ੍ਹਾਂ ਨੂੰ ਆਪਣੀ ਮਜ਼ਦੂਰੀ ਲੈਣ ਲਈ ਵੀ ਕਈ ਕਈ ਦਿਨ ਇੰਤਜਾਰ ਕਰਨਾ ਪੈਂਦਾ ਹੈ, ਇਨ੍ਹਾਂ ਸ਼ਬਦਾਂ ਦਾ ਪਗ੍ਰਟਾਵਾ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਅਤੇ ਹਲਕਾ ਇੰਚਾਰਜ ਸਮਰਾਲਾ ਨੇ ਪੂਰੇ ਪੰਜਾਬ ਅੰਦਰ ਚੱਲ ਰਹੀ ਸਫਾਈ ਸੇਵਕਾਂ ਦੀ ਹੜਤਾਲ ਸਬੰਧੀ ਹਾਅ ਦਾ ਨਾਅਰਾ ਮਾਰਦੇ ਹੋਏ ਸਮਰਾਲਾ ਨਗਰ ਕੌਂਸਲ ਅਧੀਨ ਕੰਮ ਕਰਦੇ ਸਫਾਈ ਸੇਵਕਾਂ ਅਤੇ ਹੋਰ ਸਰਕਾਰੀ ਕਰਮਚਾਰੀ ਦੀ ਹੜਤਾਲ ਵਿੱਚ ਖੁਦ ਸ਼ਮੂਲੀਅਤ ਕਰਦੇ ਹੋਏ ਉਨ੍ਹਾਂ ਦੇ ਹੱਕ ਵਿੱਚ ਡਟਣ ਦਾ ਵਾਅਦਾ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਬਾਦਲ ਸਰਕਾਰ ਹੁੰਦੀ ਸੀ, ਤਾਂ ਉਸ ਵੇਲੇ ਮੁਲਾਜਮਾਂ ਦੀ ਭਰਤੀ ਸਿੱਧੀ ਰੈਗੂਲਰ ਕੀਤੀ ਜਾਂਦੀ ਸੀ ਅਤੇ ਕੋਈ ਠੇਕੇ ਤੇ ਮੁਲਾਜਮ ਭਰਤੀ ਨਹੀਂ ਕੀਤਾ ਜਾਂਦਾ ਸੀ, ਇਸ ਤੋਂ ਇਲਾਵਾ ਸਾਰੇ ਮੁਲਾਜਮਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਪੈਨਸ਼ਨ ਵੀ ਦਿੱਤੀ ਜਾਂਦੀ ਸੀ। ਅੱਜ ਪੰਜਾਬ ਅੰਦਰ ਸਮੂਹ ਮੁਲਾਜਮ ਚਾਹੇ ਉਹ ਅਧਿਆਪਕ ਹਨ ਜਾਂ ਸਫਾਈ ਸੇਵਕ ਹਨ ਆਪਣੀ ਪੁਰਾਣੀ ਪੈਨਸ਼ਨ ਦੀ ਮੰਗ ਕਰ ਰਹੇ ਹਨ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਲਈ ਧਰਨੇ ਮੁਜਾਹਰੇ ਦਿੱਤੇ ਜਾ ਰਹੇ ਹਨ। ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਸ ਮੌਕੇ ਲੋਕਾਂ ਨੂੰ ਚੁਟਕਲਿਆਂ ਨਾਲ ਢਿੱਡ ਭਰਨ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਪੰਜਾਬ ਅੰਦਰ ਕੋਈ ਵੀ ਮੁਲਾਜਮ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਸਾਰੇ ਮੁਲਾਜਮਾਂ ਨੂੰ ਉਨ੍ਹਾਂ ਦਾ ਪਿੱਤਰੀ ਹੱਕ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ, ਪ੍ਰੰਤੂ ਹੁਣ ਪੰਜ ਸਾਲ ਬੀਤਣ ਵਾਲੇ ਹਨ, ਇਸ ਪਾਰਟੀ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਜਿਸਦੀ ਵਜਾਹ ਕਰਕੇ ਅੱਜ ਪੰਜਾਬ ਵਿੱਚ ਪੂਰੀ ਤਰ੍ਹਾਂ ਅਸਥਿਰਤਾ ਦਾ ਮਹੌਲ ਬਣਿਆ ਹੋਇਆ ਹੈ, ਪੂਰੇ ਪੰਜਾਬ ਵਿੱਚ ਸਫਾਈ ਸੇਵਕ ਹੜਤਾਲ ਉੱਤੇ ਹਨ, ਬਾਕੀ ਮਹਿਕਮਿਆਂ ਦੇ ਮੁਲਾਜਮ ਵੀ ਰੋਸ ਧਰਨੇ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਠੇਕਾ ਮੁਲਾਜਮਾਂ ਅਤੇ ਪੁਰਾਣੀ ਪੈਨਸ਼ਨ ਮੰਗ ਰਹੇ ਕਰਮਚਾਰੀਆਂ ਦੇ ਹੱਕ ਵਿੱਚ ਪੂਰੀ ਤਰ੍ਹਾਂ ਖੜ੍ਹਾ ਹੈ। ਜੇਕਰ ਇਨ੍ਹਾਂ ਮੁਲਾਜਮਾਂ ਨਾਲ ਰਲ ਕੇ ਪੰਜਾਬ ਸਰਕਾਰ ਵਿਰੁੱਧ ਲੰਬਾ ਸੰਘਰਸ਼ ਵੀ ਲੜ੍ਹਨਾ ਪਿਆ ਤਾਂ ਉਹ ਇਨ੍ਹਾਂ ਮੁਲਾਜਮਾਂ ਨਾਲ ਰਲ ਕੇ ਸੰਘਰਸ਼ ਕਰਨਗੇ। ਇਸ ਮੌਕੇ ਹੜਤਾਲ ਤੇ ਬੈਠੇ ਕਰਮਚਾਰੀਆਂ ਨੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਵੱਲੋਂ ਉਨ੍ਹਾਂ ਦੀ ਹਮਾਇਤ ਕੀਤੇ ਜਾਣ ਦਾ ਧੰਨਵਾਦ ਕੀਤਾ।