ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਦਾ ਸ਼ਾਨਦਾਰ ਆਗਾਜ਼ ।ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੇਂਡੂ ਓਲੰਪਿਕ ਦਾ ਕੀਤਾ ਉਦਘਾਟਨ।
ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਦਾ ਸ਼ਾਨਦਾਰ ਆਗਾਜ਼
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੇਂਡੂ ਓਲੰਪਿਕ ਦਾ ਕੀਤਾ ਉਦਘਾਟਨ
ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਲਈ 75 ਲੱਖ ਰੁਪਏ ਦਾ ਬਜਟ ਰੱਖਿਆ, ਖੇਡਾਂ ਦੀ ਸ਼ਾਨ ਨੂੰ ਮੁੜ ਬਹਾਲ ਕਰਨਾ ਸਰਕਾਰ ਦੀ ਪ੍ਰਮੁੱਖ ਤਰਜੀਹ: ਸੌਂਦ
ਪੰਜਾਬ ਸਰਕਾਰ ਵੱਲੋਂ ਕਿਲ੍ਹਾ ਰਾਏਪੁਰ ਪੇਂਡੂ ਖੇਡਾਂ ਵਿੱਚ ਬੈਲ ਗੱਡੀਆਂ ਦੀ ਦੌੜ ਮੁੜ ਸ਼ੁਰੂ ਕਰਨ ਦਾ ਭਰੋਸਾ
ਚੰਡੀਗੜ੍ਹ/ਕਿਲ੍ਹਾ ਰਾਏਪੁਰ ( ਵਰਿੰਦਰ ਸਿੰਘ ਹੀਰਾ ), 31 ਜਨਵਰੀ:
ਪੰਜਾਬ ਦੇ ਪ੍ਰਮੁੱਖ ਖੇਡ ਮੁਕਾਬਲਿਆਂ ਵਿੱਚੋਂ ਇੱਕ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ 2025 ਦਾ ਉਦਘਾਟਨ ਕਰਦਿਆਂ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਸਥਾਨਕ ਸਟੇਡੀਅਮ ਵਿਖੇ ਇਨ੍ਹਾਂ ਖੇਡਾਂ ਦਾ ਸ਼ਾਨਦਾਰ ਆਗਾਜ਼ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਤਾਂ ਜੋ ਪੰਜਾਬ ਨੂੰ ਦੇਸ਼ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਲਈ ਢੁੱਕਵਾਂ ਮਾਹੌਲ ਸਿਰਜਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ ਅਤੇ ਪੰਜਾਬ ਵਿੱਚ ਖੇਡਾਂ ਦੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਨਾ ਸਰਕਾਰ ਦੀ ਪ੍ਰਮੁੱਖ ਤਰਜੀਹ ਰਹੀ ਹੈ।
ਮੰਤਰੀ ਸੌਂਦ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਇਹ ਇਤਿਹਾਸਕ ਖੇਡਾਂ ਕਰਵਾਉਣ ਲਈ 75 ਲੱਖ ਰੁਪਏ ਦਾ ਬਜਟ ਰੱਖਿਆ ਹੈ, ਜਿਸ ਨਾਲ ਸੂਬੇ ਵਿੱਚ ਖੇਡਾਂ ਅਤੇ ਖਿਡਾਰੀਆਂ ਨੂੰ ਕਾਫ਼ੀ ਲਾਭ ਮਿਲੇਗਾ।
ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਮਾਗਮ ਸੂਬੇ ਭਰ ਵਿੱਚ ਖੇਡ ਸੱਭਿਆਚਾਰ ਸਥਾਪਤ ਕਰਨ ਵਿੱਚ ਸਕਾਰਾਤਮਕ ਯੋਗਦਾਨ ਪਾਵੇਗਾ, ਜਿਸ ਨਾਲ ਸੂਬੇ ਦੇ ਹਰ ਕੋਨੇ ਤੋਂ ਪ੍ਰਤਿਭਾ ਉਭਰ ਕੇ ਸਾਹਮਣੇ ਆਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ ਓਲੰਪਿਕ ਅਤੇ ਹੋਰ ਕੌਮਾਂਤਰੀ ਮੁਕਾਬਲਿਆਂ ਵਿੱਚ ਤਗਮੇ ਹਾਸਲ ਕਰਨ ਵਾਲੇ ਐਥਲੀਟਾਂ ਨੂੰ ਦਿੱਤੇ ਜਾਂਦੇ ਨਕਦ ਇਨਾਮਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ।
ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕਰਵਾਈਆਂ ਜਾ ਰਹੀਆਂ “ਖੇਡਾ ਵਤਨ ਪੰਜਾਬ ਦੀਆਂ” ਦੇ ਸਲਾਨਾ ਸਮਾਗਮ ਨੂੰ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਜਲਦ ਹੀ ਪ੍ਰਸਿੱਧ ਪੇਂਡੂ ਓਲੰਪਿਕ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਦੌੜਾਂ ਇੱਕ ਮਸ਼ਹੂਰ ਖੇਡ ਰਹੀ ਹੈ ਅਤੇ ਇਹਨਾਂ ਖੇਡਾਂ ਵਿੱਚ ਇਹ ਦੌੜ ਖਿੱਚ ਦਾ ਕੇਂਦਰ ਰਹੀ ਹੈ। ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਮੰਤਵ ਲਈ ਮੁੱਖ ਮੰਤਰੀ ਤੋਂ ਸਮਰਥਨ ਦੀ ਬੇਨਤੀ ਵੀ ਕੀਤੀ ਹੈ।
ਸੌਂਦ ਨੇ ਖੇਡ ਪ੍ਰੇਮੀਆਂ ਨੂੰ ਇਸ ਸ਼ਾਨਦਾਰ ਸਮਾਗਮ ਦਾ ਆਨੰਦ ਲੈਣ ਲਈ ਸਟੇਡੀਅਮ ਵਿੱਚ ਇਕੱਠੇ ਹੋਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਪੇਂਡੂ ਓਲੰਪਿਕ ਖੇਡਾਂ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਅਤੇ ਹਰ ਵਰਗ ਨੂੰ ਵੱਖ-ਵੱਖ ਖੇਡਾਂ ਵਿੱਚ ਆਪਣੀ ਹੁਨਰ ਦਿਖਾਉਣ ਲਈ ਇੱਕ ਮੰਚ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਸਮਾਗਮ ਅਤੇ ਇਸ ਦੇ ਭਾਗੀਦਾਰਾਂ ਲਈ ਢੁਕਵੇਂ ਪ੍ਰਬੰਧ ਕਰਨ ਵਾਸਤੇ ਸ਼ਲਾਘਾ ਕੀਤੀ।
ਇਹਨਾਂ ਖੇਡਾਂ ਦੇ ਪਹਿਲੇ ਦਿਨ ਹਰ ਉਮਰ ਵਰਗ ਦੇ ਐਥਲੀਟਾਂ ਨੇ ਦਸ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਪੁਰਸ਼ਾਂ ਅਤੇ ਔਰਤਾਂ ਦੇ ਹਾਕੀ ਮੈਚ, 14 ਸਾਲ ਵਰਗ ਅਤੇ 17 ਸਾਲ ਵਰਗ ਦੀਆਂ ਲੜਕੀਆਂ ਲਈ ਕਬੱਡੀ (ਨੈਸ਼ਨਲ ਸਟਾਇਲ) ਈਵੈਂਟ, ਲੜਕੇ ਅਤੇ ਲੜਕੀਆਂ ਲਈ 60 ਮੀਟਰ ਅਤੇ 100 ਮੀਟਰ ਦੌੜ, ਪੁਰਸ਼ਾਂ ਅਤੇ ਔਰਤਾਂ ਲਈ 1500 ਮੀਟਰ ਦੌੜ, 400 ਮੀਟਰ ਦੌੜ ਹੀਟ ਅਤੇ ਫਾਈਨਲ, ਖੋ-ਖੋ ਮੈਚ, ਪੁਰਸ਼ਾਂ ਲਈ ਵਾਲੀਬਾਲ, ਸ਼ੂਟਿੰਗ ਈਵੈਂਟ ਅਤੇ ਹੋਰ ਵੱਖ-ਵੱਖ ਰਵਾਇਤੀ ਪੇਂਡੂ ਖੇਡਾਂ ਸ਼ਾਮਲ ਸਨ।
ਇਸ ਤੋਂ ਪਹਿਲਾਂ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਹੋਰ ਸਿਵਲ ਅਧਿਕਾਰੀਆਂ ਨੇ ਸਟੇਡੀਅਮ ਵਿੱਚ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ।
ਇਸ ਸਮਾਗਮ ਵਿੱਚ ਪਹਿਲੀ ਸ਼ਾਮ ਨੂੰ ਉੱਘੇ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਰੰਗ ਬੰਨ੍ਹਿਆ। ਇਸ ਤੋਂ ਬਾਅਦ 1 ਫਰਵਰੀ ਨੂੰ ਗਾਇਕ ਵਿਰਾਸਤ ਸੰਧੂ ਅਤੇ 2 ਫਰਵਰੀ ਨੂੰ ਕੁਲਵਿੰਦਰ ਬਿੱਲਾ ਵੱਲੋਂ ਸੰਗੀਤਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ।
—-
ਡਾ. ਭੀਮ ਰਾਓਂ ਅੰਬੇਦਕਰ ਦੀ ਪ੍ਰਤਿਮਾ ਨਾਲ ਛੇੜਛਾੜ ਦੇ ਵਿਰੋਧ ਵਿੱਚ ਕੱਢਿਆ ਗਿਆ ਰੋਸ ਮਾਰਚ। ਰੋਸ ਮਾਰਚ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਨੂੰ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਭੇਜਿਆ ਗਿਆ ਮੰਗ ਪੱਤਰ।
ਡਾ. ਭੀਮ ਰਾਓਂ ਅੰਬੇਦਕਰ ਦੀ ਪ੍ਰਤਿਮਾ ਨਾਲ ਛੇੜਛਾੜ ਦੇ ਵਿਰੋਧ ਵਿੱਚ ਕੱਢਿਆ ਗਿਆ ਰੋਸ ਮਾਰਚ
ਰੋਸ ਮਾਰਚ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਨੂੰ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਭੇਜਿਆ ਗਿਆ ਮੰਗ ਪੱਤਰ
ਸਮਰਾਲਾ, 30 ਜਨਵਰੀ ( ਵਰਿੰਦਰ ਸਿੰਘ ਹੀਰਾ)
ਬੀਤੇ ਦਿਨੀਂ ਅੰਮ੍ਰਿਤਸਰ ਸਾਹਿਬ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ ਪ੍ਰਤਿਮਾ ਨਾਲ ਛੇੜਛਾੜ ਕਰਕੇ ਉਸਦੀ ਬੇਅਦਬੀ ਕਰਨ ਦੇ ਵਿਰੋਧ ਵਿੱਚ ਅੱਜ ਸਮਰਾਲਾ ਵਿਖੇ ਵੱਖ ਵੱਖ ਸਮਾਜਸੇਵੀ, ਰਾਜਨੀਤਕ, ਧਾਰਮਿਕ ਅਤੇ ਆਮ ਲੋਕਾਂ ਵੱਲੋਂ ਕਾਮਰੇਡ ਭਜਨ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ, ਐਡਵੋਕੇਟ ਸ਼ਿਵ ਕਲਿਆਣ, ਡਾ. ਸੋਹਣ ਲਾਲ ਬਲੱਗਣ ਅਤੇ ਮੈਨੇਜਰ ਕਰਮ ਚੰਦ ਦੀ ਅਗਵਾਈ ਹੇਠ ਬਜ਼ਾਰ ਵਿੱਚ ਰੋਸ ਮੁਜਾਹਰਾ ਕੱਢਿਆ ਗਿਆ ਅਤੇ ਮੇਨ ਚੌਂਕ ਵਿੱਚ ਇਕੱਤਰ ਹੋ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਕਾਮਰੇਡ ਭਜਨ ਸਿੰਘ ਅਤੇ ਡਾ. ਸੋਹਣ ਲਾਲ ਬਲੱਗਣ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆ ਕੇ ਸਖਤ ਤੋਂ ਸਖਤ ਸਜਾ ਦੇਵੇ ਤਾਂ ਜੋ ਭਵਿੱਖ ਵਿੱਚ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਨਾਲ ਕੋਈ ਅਜਿਹੀ ਘਿਨੌਣੀ ਹਰਕਤ ਨਾ ਕਰ ਸਕੇ। ਅਜਿਹੀ ਹਰਕਤ ਉਹੀ ਲੋਕ ਕਰਦੇ ਹਨ, ਜੋ ਆਮ ਲੋਕਾਂ ਵਿੱਚ ਅਸ਼ਾਂਤੀ ਫੈਲਾ ਕੇ ਲੋਕਾਂ ਦੇ ਆਪਸੀ ਭਾਈਚਾਰੇ ਨੂੰ ਖਰਾਬ ਕਰਨਾ ਚਾਹੁੰਦੇ ਹਨ। ਐਡਵੋਕੇਟ ਸ਼ਿਵ ਕਲਿਆਣ ਅਤੇ ਮੈਨੇਜਰ ਕਰਮ ਚੰਦ ਨੇ ਕਿਹਾ ਕਿ ਇਹ ਸਮਾਜ ਵਿਰੋਧੀ ਆਂਨਸਰਾਂ ਦੀ ਕੋਝੀ ਚਾਲ ਹੈ, ਜੋ ਗਣਤੰਤਰ ਵਾਲੇ ਦਿਨ ਸੰਵਿਧਾਨ ਦੇ ਨਿਰਮਾਤਾ ਦਾ ਅਪਮਾਨ ਕਰਨਾ ਇਹ ਦਰਸਾਉਂਦਾ ਹੈ ਕਿ ਲੋਕਾਂ ਦੀ ਆਪਸੀ ਸਾਂਝ ਤਾਰਪੀਡੋ ਕਰਕੇ, ਪੰਜਾਬ ਨੂੰ ਮੁੜ ਅੱਤਵਾਦ ਦੀ ਅੱਗ ਵਿੱਚ ਸੁੱਟਣਾ ਚਾਹੁੰਦੇ ਹਨ। ਇਨ੍ਹਾਂ ਦੇਸ਼ ਵਿਰੋਧੀ ਤਾਕਤਾਂ ਦੀ ਇਹ ਮਨਸਾ ਕਦੇ ਵੀ ਪੂਰੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ। ਇਸ ਮੌਕੇ ਅਮਰਜੀਤ ਸਿੰਘ ਬਾਲਿਓਂ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਫਰੰਟ, ਬਿਹਾਰੀ ਲਾਲ ਸੱਦੀ ਸਰਪ੍ਰਸਤ ਪੰਜਾਬੀ ਸਾਹਿਤ ਸਭਾ, ਬਲਵੀਰ ਸਿੰਘ ਮੰਡਿਆਲਾ, ਆਦਿ ਨੇ ਵੀ ਸੰਬੋਧਨ ਕੀਤਾ ਅਤੇ ਇਹ ਘਿਣੌਤੀ ਹਰਕਤ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ ਅਤੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਗਈ। ਇਸ ਉਪਰੰਤ ਆਗੂਆਂ ਨੇ ਐਸ. ਡੀ. ਐਮ. ਦਫਤਰ ਪੁੱਜ ਕੇ ਐਸ. ਡੀ. ਐਮ. ਸਮਰਾਲਾ ਰਾਹੀਂ ਪੰਜਾਬ ਸਰਕਾਰ ਨੂੰ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਲਈ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕਾਮਰੇਡ ਰਣਜੀਤ ਸਿੰਘ ਮਾਛੀਵਾੜਾ, ਮੇਲਾ ਸਿੰਘ, ਹਰਪਾਲ ਸਿੰਘ, ਮਨਜੀਤ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਟੈਂਪੂ ਯੂਨੀਅਨ ਸਮਰਾਲਾ, ਬਲਦੇਵ ਸਿੰਘ ਤੂਰ, ਬੇਬੀ ਰਣਵੀਰ ਕੌਰ, ਕਸ਼ਮੀਰਾ ਸਿੰਘ, ਰਾਮ ਲੋਕ, ਹਰਨੇਕ ਸਿੰਘ, ਸੁਖਵਿੰਦਰ ਸਿੰਘ ਆਟੋ ਯੂਨੀਅਨ, ਜਰਨੈਲ ਸਿੰਘ ਘੁਲਾਲ, ਬਲਦੇਵ ਸਿੰਘ ਆਦਿ ਤੋਂ ਇਲਾਵਾ ਵੱਖ ਵੱਖ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ, ਵਰਕਰ ਅਤੇ ਆਮ ਸ਼ਹਿਰ ਵਾਸੀ ਹਾਜਰ ਸਨ।
ਮਨਜੀਤ ਸਿੰਘ ਝੱਜ ਬਣੇ ਥਾਣੇਦਾਰ।
ਮਨਜੀਤ ਸਿੰਘ ਝੱਜ ਬਣੇ ਥਾਣੇਦਾਰ।
ਸਮਰਾਲਾ, 30 ਜਨਵਰੀ ( ਵਰਿੰਦਰ ਸਿੰਘ ਹੀਰਾ) ਐਸ.ਐਸ.ਪੀ ਖੰਨਾ ਨੇ ਡੀ.ਐਸ.ਪੀ (ਐਚ) ਨਾਲ ਮਿਲ ਕੇ ਖੰਨਾ ਪੁਲਿਸ ਦੇ ਨਵੇਂ ਤਰੱਕੀ ਪ੍ਰਾਪਤ ਏ.ਐਸ.ਆਈ ਮਨਜੀਤ ਸਿੰਘ ਝੱਜ ਦਾ ਪਿਪਿੰਗ ਸਮਾਰੋਹ ਕੀਤਾ ਅਤੇ ਇਸ ਮੌਕੇ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜੀਤ ਸਿੰਘ ਨੇ ਕਿਹਾ ਕਿ ਤਰੱਕੀ ਮਿਲਣ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੈ , ਉਹਨਾਂ ਕਿਹਾ ਕਿ ਬਤੌਰ ਥਾਣੇਦਾਰ ਉਹ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ , ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ। ਮਨਜੀਤ ਸਿੰਘ ਨੂੰ ਤਰੱਕੀ ਮਿਲਣ ਤੇ ਖਬਰ ਸੁਣਕੇ ਇਲਾਕਾ ਨਿਵਾਸੀਆਂ ਨੇ ਵੀ ਖੁਸ਼ੀ ਜਾਹਿਰ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ।।
ਡਿਪਟੀ ਕਮਿਸ਼ਨਰ ਵੱਲੋਂ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਦੀਆਂ ਤਿਆਰੀਆਂ ਦੀ ਸਮੀਖਿਆ।
*ਡਿਪਟੀ ਕਮਿਸ਼ਨਰ ਵੱਲੋਂ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਦੀਆਂ ਤਿਆਰੀਆਂ ਦੀ ਸਮੀਖਿਆ*
*- 31 ਜਨਵਰੀ ਤੋਂ 2 ਫਰਵਰੀ ਤੱਕ ਹੋਵੇਗਾ ਖੇਡਾਂ ਦਾ ਆਯੋਜਨ*
*- 3 ਦਿਨਾਂ ਖੇਡ ਮੇਲੇ ਦੌਰਾਨ, ਹਾਕੀ, ਕਬੱਡੀ, ਅਥਲੈਟਿਕਸ ਅਤੇ ਰਵਾਇਤੀ ਖੇਡਾਂ ਦੇ ਮੈਚ ਕਰਵਾਏ ਜਾਣਗੇ*
*- ਤਿੰਨਾਂ ਦਿਨਾਂ ਲਈ ਸ਼ਾਮ ਦੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਵੀ ਉਲੀਕੀ ਗਈ ਯੋਜਨਾ*
*- ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜਨਤਾ ਨੂੰ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਨ ਦੀ ਕੀਤੀ ਅਪੀਲ*
*- ਪੰਜਾਬ ਸਰਕਾਰ ਲਗਾਤਾਰ ਦੂਜੇ ਸਾਲ ਇਨ੍ਹਾਂ ਉੱਘੀਆਂ ਖੇਡਾਂ ਦਾ ਆਯੋਜਨ ਕਰ ਰਹੀ ਹੈ*
ਲੁਧਿਆਣਾ, 29 ਜਨਵਰੀ ( ਵਰਿੰਦਰ ਸਿੰਘ ਹੀਰਾ) – ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਕਿਲ੍ਹਾ ਰਾਏਪੁਰ ਵਿਖੇ ਪੇਂਡੂ ਓਲੰਪਿਕ 2025 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਹ ਖੇਡਾਂ 31 ਜਨਵਰੀ ਤੋਂ 2 ਫਰਵਰੀ ਤੱਕ ਹੋਣਗੀਆਂ, ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਇਸ ਸਮਾਗਮ ਦਾ ਉਦਘਾਟਨ ਕਰਨਗੇ।
ਲਗਾਤਾਰ ਦੂਜੇ ਸਾਲ, ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੇਂਡੂ ਓਲੰਪਿਕ ਦਾ ਆਯੋਜਨ ਕਰ ਰਹੀ ਹੈ।
ਖੇਡਾਂ ਦੇ ਪਹਿਲੇ ਦਿਨ, ਸ਼ਡਿਊਲ ਵਿੱਚ ਮੁੰਡਿਆਂ ਦਾ ਹਾਕੀ ਮੈਚ, ਉਸ ਤੋਂ ਬਾਅਦ ਕੁੜੀਆਂ ਦਾ ਹਾਕੀ ਮੈਚ, ਕੁੜੀਆਂ ਦਾ ਕਬੱਡੀ, ਵਾਲੀਬਾਲ, ਖੋ-ਖੋ, ਅਤੇ ਦੋਵਾਂ ਵਰਗਾਂ ਲਈ 1500 ਮੀਟਰ ਦੌੜ, ਅਤੇ ਨਾਲ ਹੀ ਨੈਸ਼ਨਲ ਸਟਾਈਲ ਕੁੜੀਆਂ ਦਾ ਕਬੱਡੀ ਮੈਚ ਸ਼ਾਮਲ ਹੈ। ਉਦਘਾਟਨੀ ਦਿਨ, 31 ਜਨਵਰੀ ਨੂੰ, ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਦੁਆਰਾ ਆਪਣੀ ਗਾਇਕੀ ਨਾਲ ਹਾਜ਼ਰੀਨ ਦਾ ਮਨੋਰੰਜਣ ਕੀਤਾ ਜਾਵੇਗਾ ਜਦਕਿ 1 ਫਰਵਰੀ ਨੂੰ ਗਾਇਕ ਵਿਰਾਸਤ ਸੰਧੂ ਅਤੇ 2 ਫਰਵਰੀ ਨੂੰ ਕੁਲਵਿੰਦਰ ਬਿੱਲਾ ਵੱਲੋਂ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਅੰਦਰ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ ਅਤੇ ਪੰਜਾਬ ਦੀ ਖੇਡ ਸ਼ਾਨ ਨੂੰ ਮੁੜ ਸੁਰਜੀਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪ੍ਰਤਿਭਾ ਦੋ ਕੋਈ ਘਾਟ ਨਹੀਂ ਪਰ ਹੁਨਰ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਤਰਾਸ਼ਣ ਦੀ ਲੋੜ ਹੈ. ਇਹ ਪੇਂਡੂ ਓਲੰਪਿਕ ਭਵਿੱਖ ਦੇ ਚੈਂਪੀਅਨ ਪੈਦਾ ਕਰਨ ਵਿੱਚ ਸਹਾਈ ਸਿੱਧ ਹੋਵੇਗੀ।
ਡਿਪਟੀ ਕਮਿਸ਼ਨਰ ਜੋਰਵਾਲ ਨੇ ਇਹ ਵੀ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਭਾਗੀਦਾਰਾਂ ਲਈ ਇੱਕ ਸੁਚਾਰੂ ਅਨੁਭਵ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕਰੇਗਾ ਅਤੇ ਕੋਈ ਵੀ ਅਸੁਵਿਧਾ ਨਹੀਂ ਹੋਵੇਗੀ। ਉਨ੍ਹਾਂ ਪੰਜਾਬ ਲਈ ਇਨ੍ਹਾਂ ਖੇਡਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਵੱਖ-ਵੱਖ ਵਿਭਾਗੀ ਮੁਖੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਪ੍ਰਬੰਧ ਯਕੀਨੀ ਬਣਾਏ ਜਾਣ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਖੇਡਾਂ ਦੀ ਪ੍ਰਸਿੱਧੀ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਲਈ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ।
ਗੁਰਦੁਆਰਾ ਸੋਢੀ ਦਰਬਾਰ ਪਿੰਡ ਮੈੜੀ ਸਾਹਿਬ ਵਿਖੇ ਵਿਸ਼ਾਲ ਅੱਖਾਂ ਦਾ ਕੈਂਪ ਲਗਾਇਆ ਗਿਆ।
ਗੁਰਦੁਆਰਾ ਸੋਢੀ ਦਰਬਾਰ ਪਿੰਡ ਮੈੜੀ ਸਾਹਿਬ ਵਿਖੇ ਵਿਸ਼ਾਲ ਅੱਖਾਂ ਦਾ ਕੈਂਪ ਲਗਾਇਆ ਗਿਆ।
ਊਨਾ/ ਮੇੜੀ ਸਾਹਿਬ, 29 ਜਨਵਰੀ ( ਵਰਿੰਦਰ ਸਿੰਘ ਹੀਰਾ) ਹਿਮਾਚਲ ਪ੍ਰਦੇਸ਼ ਦੇ ਜਿਲਾ ਊਨਾ ਵਿੱਚ ਸਥਿਤ ਸੋਢੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਦੇ ਤਪ ਅਸਥਾਨ ਪਿੰਡ ਮੇੜੀ ਸਾਹਿਬ ਦੇ ਗੁਰਦੁਆਰਾ ਸੋਢੀ ਦਰਬਾਰ ਵਿਖੇ ਸਵਰਗੀ ਸਰਦਾਰ ਮੇਹਰ ਸਿੰਘ ਯਾਦਗਾਰੀ ਪਹਿਲਾ ਅੱਖਾਂ ਦਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਬਾਬਾ ਜਗਦੇਵ ਸਿੰਘ ਸਿੱਧੂ ਮੁਖੀ ਬਾਬਾ ਵਡਭਾਗ ਸਿੰਘ ਸੇਵਕ ਸੋਸਾਇਟੀ ਮੈੜ੍ਹੀ ਸਾਹਿਬ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਕੈਂਪ ਵਿੱਚ ਭਾਰੀ ਗਿਣਤੀ ਵਿੱਚ ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਚੈੱਕ-ਅੱਪ ਸੇਠ ਆਈ ਹਸਪਤਾਲ ਬੰਗਾ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਡਾਕਟਰ ਦੇਵ ਆਸ਼ੀਸ਼ ਸੇਠ ਦੀ ਨਿਗਰਾਨੀ ਹੇਠ ਕੀਤਾ ਗਿਆ। ਇਸ ਕੈਂਪ ਵਿੱਚ 250 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਚੈਕ -ਅਪ ਕੀਤਾ ਗਿਆ, ਲੋੜਵੰਦਾਂ ਦੇ ਐਨਕਾ ਲਗਾਈਆਂ ਗਈਆਂ ਅਤੇ ਦਵਾਈਆਂ ਫਰੀ ਦਿੱਤੀਆਂ ਗਈਆਂ। ਇਸ ਮੌਕੇ ਤੇ ਬੋਲਦਿਆਂ ਗੁਰਦੁਆਰਾ ਸੋਢੀ ਦਰਬਾਰ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਉੜਾਪੜ ਨੇ ਦੱਸਿਆ ਕਿ ਇਸ ਕੈਂਪ ਵਿੱਚ 35 ਅਜਿਹੇ ਮਰੀਜ਼ ਆਏ ਹਨ ਜਿਨਾਂ ਨੂੰ ਅੱਖਾਂ ਦੇ ਅਪਰੇਸ਼ਨ ਦੀ ਲੋੜ ਹੈ, ਅਤੇ ਇਹਨਾਂ ਦਾ ਆਪਰੇਸ਼ਨ ਸੇਠ ਹਸਪਤਾਲ ਬੰਗਾ ਵਿਖੇ ਮੁਫਤ ਵਿੱਚ ਕਰਵਾਇਆ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਵਡਭਾਗ ਸਿੰਘ ਸੇਵਕ ਸੋਸਾਇਟੀ ਦੇ ਮੁਖੀ ਬਾਬਾ ਜਗਦੇਵ ਸਿੰਘ ਸਿੱਧੂ ਨੇ ਕਿਹਾ ਕਿ ਅੱਖਾਂ ਕੁਦਰਤ ਦਾ ਇੱਕ ਅਨਮੋਲ ਤੋਹਫਾ ਹੈ । ਅੱਖਾਂ ਤੋਂ ਬਗੈਰ ਸਾਰਾ ਜਹਾਨ ਹੀ ਸੁੰਨਾ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਸੋਢੀ ਦਰਬਾਰ ਵੱਲੋਂ ਅੱਖਾਂ ਦਾ ਇਹ ਮੁਫਤ ਕੈਂਪ ਲਗਾ ਕੇ ਬਹੁਤ ਵੱਡਾ ਕਾਰਜ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਇਸ ਖਿੱਤੇ ਵਿੱਚ ਇਸ ਤਰ੍ਹਾਂ ਦੇ ਕੈਂਪ ਦੀ ਬਹੁਤ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਉਨਾਂ ਨੇ ਗੁਰਦੁਆਰਾ ਸੋਢੀ ਦਰਬਾਰ ਦੀ ਮੈਨੇਜਿੰਗ ਟੀਮ ਦਾ ਧੰਨਵਾਦ ਵੀ ਕੀਤਾ ਅਤੇ ਆਸ ਪ੍ਰਗਟ ਕੀਤੀ ਕੀ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਅੱਗੋਂ ਵੀ ਜਾਰੀ ਰੱਖੇ ਜਾਣਗੇ। ਇਸ ਮੌਕੇ ਗੁਰਦੁਆਰਾ ਸੋਢੀ ਦਰਬਾਰ ਮੈਨੇਜਿੰਗ ਕਮੇਟੀ ਪ੍ਰਧਾਨ ਸੁਖਦੇਵ ਸਿੰਘ ਉੜਾਪੜ, ਕੁਲਵਿੰਦਰ ਸਿੰਘ, ਨਿਰਮਲ ਸਿੰਘ, ਕਲ ਕੁਲਵੀਰ ਸਿੰਘ ਟਾਂਕ, ਜੁਝਾਰ ਸਿੰਘ , ਮਾਸਟਰ ਜਸਵਿੰਦਰ ਸਿੰਘ, ਰਘਬੀਰ ਸਿੰਘ, ਮਹਾ ਸਿੰਘ, ਸੰਦੀਪ ਸਿੰਘ ਵਿਰਕ, ਬੀਬੀ ਕਮਲਜੀਤ ਕੌਰ, ਬੀਬੀ ਬਲਜੀਤ ਕੌਰ, ਬੀਬੀ ਜਸਵਿੰਦਰ ਕੌਰ ਉੜਾਪੜ, ਸੋਢੀ ਸਿੰਘ ਬੰਗਾ, ਬਲਬੀਰ ਸਿੰਘ ਬੀਰਾ, ਸੁਖਵਿੰਦਰ ਸਿੰਘ ਢੱਕ ਅਤੇ ਗੁਰਦੁਆਰਾ ਸੋਢੀ ਦਰਬਾਰ ਮੇੜੀ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ, ਅਤੇ ਗੁਰਦੁਆਰਾ ਨਵਾਂ ਦੇਹਰਾ ਸਾਹਿਬ ਪਿੰਡ ਉੜਾਪੜ ਦੀਆਂ ਸਾਰੀਆਂ ਸੰਗਤਾਂ ਨੇ ਇਸ ਕੈਂਪ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਈਆਂ ਸੰਗਤਾਂ ਦੀ ਸੇਵਾ ਕੀਤੀ । ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਪੀ.ਐਸ.ਪੀ.ਸੀ.ਐਲ. ਦਾ ਲਾਈਨਮੈਨ ਅਤੇ ਮੀਟਰ ਰੀਡਰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੁਲਜ਼ਮਾਂ ਨੇ ਮੀਟਰ ਲਗਾਉਣ ਬਦਲੇ ਪਹਿਲਾਂ ਲਈ ਸੀ 20000 ਰੁਪਏ ਰਿਸ਼ਵਤ।
ਪੀ.ਐਸ.ਪੀ.ਸੀ.ਐਲ. ਦਾ ਲਾਈਨਮੈਨ ਅਤੇ ਮੀਟਰ ਰੀਡਰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਮੁਲਜ਼ਮਾਂ ਨੇ ਮੀਟਰ ਲਗਾਉਣ ਬਦਲੇ ਪਹਿਲਾਂ ਲਈ ਸੀ 20000 ਰੁਪਏ ਰਿਸ਼ਵਤ
ਲੁਧਿਆਣਾ , 28 ਜਨਵਰੀ ( ਵਰਿੰਦਰ ਸਿੰਘ ਹੀਰਾ)
ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦਫ਼ਤਰ ਫੋਕਲ ਪੁਆਇੰਟ ਲੁਧਿਆਣਾ ਵਿਖੇ ਤਾਇਨਾਤ ਲਾਈਨਮੈਨ ਕਮਲਪ੍ਰੀਤ ਸਿੰਘ ਅਤੇ ਮੀਟਰ ਰੀਡਰ ਕੁਲਦੀਪ ਸਿੰਘ ਨੂੰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਸੰਦੀਪ ਸਿੰਘ ਵਾਸੀ ਜਮਾਲਪੁਰ, ਲੁਧਿਆਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਉਸਦੇ ਸ਼ੋਅਰੂਮ ਵਿੱਚ ਸੜੇ ਹੋਏ ਮੀਟਰ ਨੂੰ ਬਦਲ ਕੇ ਨਵਾਂ ਬਿਜਲੀ ਮੀਟਰ ਲਗਾਉਣ ਬਦਲੇ ਉਕਤ ਮੁਲਜ਼ਮ ਲਾਈਨਮੈਨ ਨੇ 30000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਉਕਤ ਲਾਈਨਮੈਨ ਇਸ ਕੰਮ ਲਈ ਪਹਿਲਾਂ ਹੀ 20000 ਰੁਪਏ ਰਿਸ਼ਵਤ ਲੈ ਚੁੱਕਾ ਹੈ ਅਤੇ ਬਾਕੀ 10000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਉਸਦੀ ਸ਼ਿਕਾਇਤ ‘ਤੇ ਮੁੱਢਲੀ ਜਾਂਚ ਉਪਰੰਤ, ਲੁਧਿਆਣਾ ਯੂਨਿਟ ਦੀ ਵਿਜੀਲੈਂਸ ਬਿਊਰੋ ਟੀਮ ਨੇ ਜਾਲ ਵਿਛਾ ਕੇ ਮੁਲਜ਼ਮ ਲਾਈਨਮੈਨ ਅਤੇ ਮੀਟਰ ਰੀਡਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਕੋਲੋਂ ਉਸਦੇ ਸ਼ੋਅਰੂਮ ਵਿਖੇ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਦੋਵਾਂ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ।
ਬੀ. ਕੇ. ਯੂ. (ਲੱਖੋਵਾਲ) ਦੇ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਟਰੈਕਟਰ ਮਾਰਚ ਵਿੱਚ ਲਿਆ ਹਿੱਸਾ। ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ਨੂੰ ਲੱਖੋਵਾਲ ਯੂਨੀਅਨ ਪੂਰੀ ਸ਼ਿੱਦਤ ਨਾਲ ਨੇਪਰੇ ਚਾੜਦੀ ਹੈ – ਮਨਜੀਤ ਸਿੰਘ ਢੀਂਡਸਾ।
ਬੀ. ਕੇ. ਯੂ. (ਲੱਖੋਵਾਲ) ਦੇ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਟਰੈਕਟਰ ਮਾਰਚ ਵਿੱਚ ਲਿਆ ਹਿੱਸਾ।
ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ਨੂੰ ਲੱਖੋਵਾਲ ਯੂਨੀਅਨ ਪੂਰੀ ਸ਼ਿੱਦਤ ਨਾਲ ਨੇਪਰੇ ਚਾੜਦੀ ਹੈ – ਮਨਜੀਤ ਸਿੰਘ ਢੀਂਡਸਾ
ਸਮਰਾਲਾ 28 ਜਨਵਰੀ ( ਵਰਿੰਦਰ ਸਿੰਘ ਹੀਰਾ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਭਾਰਤ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੇ ਇੱਕਜੁਟਤਾ ਦਾ ਮੁਜਾਹਰਾ ਕਰਦੇ ਹੋਏ ਟਰੈਕਟਰ ਮਾਰਚ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲਿਆ। ਸਮਰਾਲਾ ਵਿੱਚ ਕੱਢੇ ਗਏ ਟਰੈਕਟਰ ਮਾਰਚ ਵਿੱਚ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਟਰੈਕਟਰ ਮਾਰਚ ਵਿੱਚ ਭਾਗ ਲੈਣ ਲਈ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਆਪੋ ਆਪਣੇ ਟਰੈਕਟਰਾਂ ਸਮੇਤ ਮਾਲਵਾ ਕਾਲਜ ਬੌਂਦਲੀ ਦੇ ਸਟੇਡੀਅਮ ਵਿਖੇ ਪੁੱਜੇ। ਇਸ ਮੌਕੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਮਨਜੀਤ ਸਿੰਘ ਢੀਂਡਸਾ ਨੇ ਕਿਹਾ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ‘ ਕੌਮੀ ਖੇਤੀ ਨੀਤੀ ਮੰਡੀਕਰਨ ਫਰੇਮਵਰਕ ਬਿੱਲ’ ਜੋ ਕਿ ਤਿੰਨ ਕਾਲੇ ਕਾਨੂੰਨਾਂ ਦਾ ਹੀ ਰੂਪ ਹੈ, ਨੂੰ ਰੱਦ ਕਰਾਉਣ ਲਈ ਮੁੜ ਕਿਸਾਨਾਂ ਨੂੰ ਹੰਭਲਾ ਮਾਰਨਾ ਪਵੇਗਾ, ਜਿਸ ਲਈ ਸਮੂਹ ਕਿਸਾਨ ਜਥੇਬੰਦੀਆਂ ਨੂੰ ਇੱਕਜੁੱਟ ਹੋ ਕੇ ਇੱਕ ਝੰਡੇ ਹੇਠ ਵੱਡੀ ਲੜਾਈ ਅਰੰਭ ਕਰਨੀ ਪੈਣੀ ਹੈ। ਉਨ੍ਹਾਂ ਆਮ ਲੋਕਾਂ ਅਤੇ ਵਪਾਰੀ ਵਰਗ ਨੂੰ ਵੀ ਅਪੀਲ ਕੀਤੀ ਕਿ ਇਸ ਸੰਘਰਸ਼ ਵਿੱਚ ਉਹ ਕਿਸਾਨਾਂ ਦਾ ਸਾਥ ਦੇਣ ਲਈ ਅੱਗੇ ਆਉਣ, ਕਿਉਂਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਕਿਸਾਨ ਇਸਦੀ ਰੀੜ ਦੀ ਹੱਡੀ ਹਨ। ਦੂਸਰੇ ਪਾਸੇ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਭਾਵ ਅਡਾਨੀਆਂ, ਅੰਬਾਨੀਆਂ ਵੱਲ ਝੁਕਾਅ ਹੈ, ਜੋ ਪੂਰੇ ਦੇਸ਼ ਨੂੰ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਵੇਚਣਾ ਚਾਹੁੰਦਾ ਹੈ। ਇਸ ਲਈ ਉਹ ਦੇਸ਼ ਦੀ ਵੱਡੀ ਤਾਕਤ ਕਿਸਾਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾ ਕੇ ਉਨ੍ਹਾਂ ਨੂੰ ਬੇਜ਼ਮੀਨੇ ਬਣਾ ਕੇ, ਫਸਲਾਂ ਦੀ ਲੁਟਾਈ ਕਰਾ ਕੇ, ਕਰਜਦਾਰ ਬਣਾ ਕੇ ਇਨ੍ਹਾਂ ਕਾਰਪੋਰੇਟਾਂ ਦੇ ਥੱਲੇ ਲੱਗ ਕੇ ਕੰਮ ਕਰਨ ਲਈ ਮਜ਼ਬੂਰ ਕਰ ਰਿਹਾ ਹੈ, ਪ੍ਰੰਤੂ ਦੇਸ਼ ਦਾ ਕਿਸਾਨਾਂ ਇਹ ਸਾਰਾ ਕੁਝ ਕਿਸੇ ਵੀ ਸੂਰਤ ਵਿੱਚ ਨਹੀਂ ਹੋਣ ਦੇਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜਿਸ ਦਿਨ ਪ੍ਰਧਾਨ ਮੰਤਰੀ ਨੇ ਆਪਣੀਆਂ ਚਾਲਾਂ ਨਾਲ ਕਿਸਾਨਾਂ ਨੂੰ ਢਾਹ ਲਿਆ ਤਾਂ ਉਸ ਵੱਲੋਂ ਵਪਾਰੀਆਂ, ਛੋਟੇ ਦੁਕਾਨਦਾਰਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਦਿਨਾਂ ਵਿੱਚ ਹੀ ਢਾਹ ਕੇ ਸੁੱਟ ਲੈਣਾ ਹੈ। ਆਓ ਆਪਾਂ ਸਾਰੇ ਇਕੱਠੇ ਹੋ ਕੇ ਇਸ ਕਾਰਪੋਰੇਟ ਘਰਾਣੇ ਅਤੇ ਇਨ੍ਹਾਂ ਪੱਖੀ ਰਾਜਨੀਤਕ ਲੋਕਾਂ ਵਿਰੁੱਧ ਮੁੜ ਜੰਗ ਲੜੀਏ ਅਤੇ ਆਪਣੇ ਦੇਸ਼ ਦੇ ਕਿਸਾਨ ਅਤੇ ਆਪਣੀਆਂ ਉਪਜਾਊ ਜ਼ਮੀਨਾਂ ਬਚਾਈਏ। ਇਸ ਉਪਰੰਤ ਬੀ. ਕੇ. ਯੂ. (ਲੱਖੋਵਾਲ) ਦੇ ਇਕੱਠੇ ਹੋਏ ਕਿਸਾਨਾਂ ਨੇ ਸਮਰਾਲਾ ਤੱਕ ਕੱਢੇ ਗਏ ਟਰੈਕਟਰ ਮਾਰਚ ਵਿੱਚ ਭਾਗ ਲਿਆ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਆਪਣੀ ਇੱਕਜੁਟਤਾ ਦਾ ਮੁਜਾਹਰਾ ਕੀਤਾ। ਟਰੈਕਟਰ ਮਾਰਚ ਵਿੱਚ ਭਾਗ ਲੈਣ ਲਈ ਬੀ. ਕੇ. ਯੂ. (ਲੱਖੋਵਾਲ) ਦੇ ਅਹੁਦੇਦਾਰ, ਵਰਕਰ ਅਤੇ ਯੂਨੀਅਨ ਨਾਲ ਜੁੜੇ ਹੋਏ ਆਮ ਕਿਸਾਨ ਸ਼ਾਮਲ ਸਨ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਹਰਦੀਪ ਸਿੰਘ, ਹਰਪ੍ਰੀਤ ਸਿੰਘ, ਜਗਜੀਤ ਸਿੰਘ ਤਿੰਨੋ ਜ਼ਿਲ੍ਹਾ ਮੀਤ ਪ੍ਰਧਾਨ, ਗੁਰਸੇਵਕ ਸਿੰਘ ਮੰਜਾਲੀਆਂ, ਰਵਿੰਦਰ ਸਿੰਘ ਅਕਾਲਗੜ੍ਹ ਦੋਨੋਂ ਬਲਾਕ ਪ੍ਰਧਾਨ, ਦਲਜੀਤ ਸਿੰਘ ਊਰਨਾਂ, ਮੱਘਰ ਸਿੰਘ ਘੁੰਗਰਾਲੀ ਸਿੱਖਾਂ, ਬਲਜਿੰਦਰ ਸਿੰਘ ਬਲਾਕ ਜਨਰਲ ਸਕੱਤਰ, ਹਰਚੰਦ ਸਿੰਘ, ਹਜਾਰਾ ਸਿੰਘ, ਰਣਜੀਤ ਸਿੰਘ, ਨਰਿੰਦਰ ਸਿੰਘ, ਭਰਪੂਰ ਸਿੰਘ , ਫੌਜੀ ਮਲਕੀਤ ਸਿੰਘ, ਰਾਮ ਸਿੰਘ ਬੱਬੂ, ਬਹਾਦਰ ਸਿੰਘ, ਕਮਿੱਕਰ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ, ਹਰਪਾਲ ਸਿੰਘ, ਮੇਜਰ ਸਿੰਘ, ਬਲਵੰਤ ਸਿੰਘ, ਡਾ. ਹਰਬੰਸ ਸਿੰਘ, ਦਰਸ਼ਨ ਸਿੰਘ, ਸਮਸ਼ੇਰ ਸਿੰਘ, ਉੱਜਲ ਸਿੰਘ, ਮਿੰਟਾ, ਜੀਤਾ, ਗੁਰਮਨ ਸਿੰਘ, ਧਰਮਿੰਦਰ ਸਿੰਘ, ਜਸਮਾਨਤ ਸਿੰਘ, ਸੁਖਦੀਪ ਸਿੰਘ, ਜਗੀਰ ਸਿੰਘ, ਕਸ਼ਮੀਰਾ ਸਿੰਘ, ਜਗਤਾਰ ਸਿੰਘ, ਸਿਕੰਦਰ ਸਿੰਘ, ਦਰਸ਼ਨ ਸਿੰਘ ਮਾਦਪੁਰ, ਸਰਪੰਚ ਸੁਖਦੇਵ ਸਿੰਘ, ਦਲਜੀਤ ਸਿੰਘ, ਸੁਖਦੀਪ ਸਿੰਘ, ਗੁਰਵੀਰ ਸਿੰਘ, ਗੁਰਜਾਪ ਸਿੰਘ ਪਿੰਡ ਰੁਪਾਲੋਂ ਆਦਿ ਹਾਜਰ ਸਨ। ਟਰੈਕਟਰ ਮਾਰਚ ਦੀ ਸਮਾਪਤੀ ਮੌਕੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਆਏ ਸਾਰੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਧੰਨਵਾਦ ਕੀਤਾ।
ਰਾਜ ਮਿਸਤਰੀ ਮਜ਼ਦੂਰ ਯੂਨੀਅਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਲੇਬਰ ਚੌਂਕ ਵਿਖੇ ਗਣਤੰਤਰ ਦਿਵਸ ਮਨਾਇਆ।
ਰਾਜ ਮਿਸਤਰੀ ਮਜ਼ਦੂਰ ਯੂਨੀਅਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਲੇਬਰ ਚੌਂਕ ਵਿਖੇ ਗਣਤੰਤਰ ਦਿਵਸ ਮਨਾਇਆ
ਸਮਰਾਲਾ, 28 ਜਨਵਰੀ ( ਵਰਿੰਦਰ ਸਿੰਘ ਹੀਰਾ.) ਰਾਜ ਮਿਸਤਰੀ ਮਜ਼ਦੂਰ ਯੂਨੀਅਨ ਸਮਰਾਲਾ ਅਤੇ ਸਮਾਜਸੇਵੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ 76ਵਾਂ ਗਣਤੰਤਰ ਦਿਵਸ ਸਥਾਨਕ ਲੇਬਰ ਚੌਂਕ ਵਿਖੇ ਕਾਮਰੇਡ ਭਜਨ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਅਤੇ ਮੈਨੇਜਰ ਕਰਮ ਚੰਦ (ਕਹਾਣੀਕਾਰ) ਦੀ ਅਗਵਾਈ ਹੇਠ ਮਨਾਇਆ ਗਿਆ। ਸਭ ਤੋਂ ਪਹਿਲਾਂ ਤਿਰੰਗਾ ਝੰਡਾ ਲਹਿਰਾ ਕੇ ਸਲਾਮੀ ਦਿੱਤੀ ਗਈ, ਉਪਰੰਤ ਲੇਬਰ ਚੌਂਕ ਵਿੱਚ ਇਕੱਤਰ ਮਜ਼ਦੂਰਾਂ ਨੂੰ ਕਾਮਰੇਡ ਭਜਨ ਸਿੰਘ ਸੰਬੋਧਨ ਕਰਦੇ ਹੋਏ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਅਤੇ ਭਾਰਤੀ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਦਕਰ ਬਾਰੇ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਸੰਵਿਧਾਨ ਦਾ ਫਾਇਦਾ ਕੁਝ ਲੋਕਾਂ ਨੂੰ ਹੀ ਪੁੱਜਾ ਹੈ, ਫਾਇਦਾ ਲੈਣ ਵਾਲੇ ਲੋਕ ਆਪਣੇ ਹੀ ਲੋਕਾਂ ਤੋਂ ਘ੍ਰਿਣਾ ਕਰਨ ਲੱਗ ਪਏ ਹਨ। ਭਾਰਤੀ ਸੰਵਿਧਾਨ ਉੱਤੇ ਹੁਣ ਕਾਰਪੋਰੇਟ ਘਰਾਣਿਆਂ ਦਾ ਰਾਜ ਹੋਣ ਕਾਰਨ, ਉਹ ਇਸ ਦੀ ਵਰਤੋਂ ਆਪਣੇ ਹਿੱਤਾਂ ਅਨੁਸਾਰ ਕਰਕੇ ਗਰੀਬ ਨੂੰ ਹੋਰ ਗਰੀਬ ਬਣਾ ਦਿੱਤਾ ਅਤੇ ਆਪਣੇ ਫਾਇਦੇ ਲਈ ਆਮ ਵਰਤੋਂ ਦੀਆਂ ਚੀਜਾਂ ਮਹਿੰਗੀਆਂ ਕਰ ਦਿੱਤੀਆਂ, ਜੋ ਕਿ ਗਰੀਬ ਲੋਕਾਂ ਦੇ ਵਸੋ ਬਾਹਰ ਹੋ ਗਈਆਂ। ਮੈਨੇਜਰ ਕਰਮ ਚੰਦ ਨੇ ਆਪਣੇ ਸੰਬੋਧਨ ਵਿੱਚ ਸਮਰਾਏਦਾਰ ਅਤੇ ਬ੍ਰਾਹਮਣਵਾਦੀ ਸੋਚ ਰੱਖਣ ਵਾਲੇ ਲੋਕਾਂ ਦੀ ਗੱਲ ਕੀਤੀ, ਜੋ ਅਜੇ ਵੀ ਪੱਛੜੇ ਵਰਗ ਦੇ ਲੋਕਾਂ ਨਾਲ ਧੱਕਾ ਕਰ ਰਹੇ ਹਨ ਅਤੇ ਪੱਛੜੀ ਜਾਤੀ ਦੇ ਲੋਕਾਂ ਨੂੰ ਅੱਗੇ ਨਹੀਂ ਆਉਣ ਦੇ ਰਹੇ, ਆਪ ਖੁਦ ਉੱਚ ਆਹੁਦਿਆਂ ਤੇ ਬਿਰਾਜਮਾਨ ਹਨ, ਜਦੋਂ ਕਿ ਡਾ. ਭੀਮ ਰਾਓ ਅੰਬੇਦਕਰ ਨੇ ਸਾਰੇ ਵਰਗਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਵਾਲੇ ਸੰਵਿਧਾਨ ਦੀ ਰਚਨਾ ਕੀਤੀ ਸੀ। ਇਸ ਮੌਕੇ ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਨੇ ਵੀ ਆਪਣੇ ਸੰਬੋਧਨ ਵਿੱਚ ਗਣਤੰਤਰ ਦਿਵਸ ਦੀ ਮਹੱਤਤਾ ਦੱਸੀ ਅਤੇ ਲੱਡੂ ਵੰਡੇ। ਇਸ ਮੌਕੇ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ਜਿਨ੍ਹਾਂ ਵਿੱਚ ਅਮਰਜੀਤ ਸਿੰਘ ਬਾਲਿਓਂ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ, ਕੇਵਲ ਸਿੰਘ ਆਦਿ ਸ਼ਾਮਲ ਸਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਾ. ਪ੍ਰੇਮ ਨਾਥ, ਸ਼ਵਿੰਦਰ ਸਿੰਘ, ਸਤਿੰਦਰ ਸਿੰਘ ਪਟਵਾਰੀ, ਠੇਕੇਦਾਰ ਲਛਮਣ ਸਿੰਘ, ਮੇਲਾ ਸਿੰਘ, ਪ੍ਰਵੀਨ ਮੱਟੂ, ਫਤਹਿ ਸਿੰਘ, ਛਿੰਦਾ, ਜੱਸੀ, ਕਸ਼ਮੀਰ ਸਿੰਘ, ਗੁਰਮੀਤ ਸਿੰਘ, ਰਾਮ ਸਿੰਘ ਕੁੱਲੇਵਾਲ, ਸੋਹਲ ਇੰਡਸਟਰੀ, ਨੂਰ ਮੁਹੰਮਦ, ਜਸਵੰਤ ਸਿੰਘ ਆਦਿ ਤੋਂ ਇਲਾਵਾ ਰਾਜ ਮਿਸਤਰੀ ਮਜਦੂਰ ਯੂਨੀਅਨ ਦੇ ਸੈਂਕੜੇ ਸਾਥੀ ਹਾਜ਼ਰ ਸਨ।