ਬੀ. ਕੇ. ਯੂ. (ਲੱਖੋਵਾਲ) ਵੱਲੋਂ 26 ਦੇ ਟਰੈਕਟਰ ਮਾਰਚ ਸਬੰਧੀ ਪਿੰਡ ਪਿੰਡ ਜਾ ਕੇ ਕੀਤੀ ਜਾ ਰਹੀ ਹੈ ਲਾਮਬੰਦੀ ਕੇਂਦਰ ਦੇ ਪੰਜਾਬ ਅਤੇ ਪੰਜਾਬ ਦੀ ਕਿਰਸਾਨੀ ਨੂੰ ਖਤਮ ਦੇ ਮਨਸੂਬੇ ਪੰਜਾਬੀ ਕਦੇ ਪੂਰੇ ਨਹੀਂ ਹੋਣ ਦੇਣਗੇ – ਮਨਜੀਤ ਸਿੰਘ ਢੀਂਡਸਾ।
ਬੀ. ਕੇ. ਯੂ. (ਲੱਖੋਵਾਲ) ਵੱਲੋਂ 26 ਦੇ ਟਰੈਕਟਰ ਮਾਰਚ ਸਬੰਧੀ ਪਿੰਡ ਪਿੰਡ ਜਾ ਕੇ ਕੀਤੀ ਜਾ ਰਹੀ ਹੈ ਲਾਮਬੰਦੀ
ਕੇਂਦਰ ਦੇ ਪੰਜਾਬ ਅਤੇ ਪੰਜਾਬ ਦੀ ਕਿਰਸਾਨੀ ਨੂੰ ਖਤਮ ਦੇ ਮਨਸੂਬੇ ਪੰਜਾਬੀ ਕਦੇ ਪੂਰੇ ਨਹੀਂ ਹੋਣ ਦੇਣਗੇ – ਮਨਜੀਤ ਸਿੰਘ ਢੀਂਡਸਾ
ਸਮਰਾਲਾ 23 ਜਨਵਰੀ ( ਵਰਿੰਦਰ ਸਿੰਘ ਹੀਰਾ.) ਕੇਂਦਰ ਸਰਕਾਰ ਦੁਆਰਾ ‘ਖੇਤੀ ਮੰਡੀਕਰਨ ਨੀਤੀ’ ਰਾਹੀਂ ਖੇਤੀ ਮੰਡੀਕਰਨ ਨੂੰ ਤੋੜਨ ਦੀ ਪਾਲਿਸੀ ਸਬੰਧੀ ਲਿਆਂਦੇ ਖਰੜੇ ਦਾ ਵਿਰੋਧ ਕਰਨ ਲਈ ਸਮਰਾਲਾ ਇਲਾਕੇ ਦੀਆਂ ਸਮੂਹਿਕ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੇਂਦਰ ਖਿਲਾਫ ਕੱਢੇ ਜਾ ਰਹੇ ਟਰੈਕਟਰ ਮਾਰਚ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਬੀ. ਕੇ. ਯੂ. (ਲੱਖੋਵਾਲ) ਇਸ ਟਰੈਕਟਰ ਮਾਰਚ ਵਿੱਚ ਮੋਹਰੀ ਹੋ ਕੇ ਹਿੱਸਾ ਲਵੇਗੀ। ਇਸ ਸਬੰਧੀ ਯੂਨੀਅਨ ਵੱਲੋਂ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਵੱਲੋਂ ਜਾਰੀ ‘ਖੇਤੀ ਮੰਡੀਕਰਨ ਨੀਤੀ’ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੀ. ਕੇ. ਯੂ. (ਲੱਖੋਵਾਲ) ਦੇ ਸਮੂਹ ਵਰਕਰ ਅਤੇ ਅਹੁਦੇਦਾਰ ਸਵੇਰੇ 11 ਵਜੇ ਮਾਲਵਾ ਕਾਲਜ ਬੌਂਦਲੀ ਦੇ ਖੇਡ ਸਟੇਡੀਅਮ ਵਿਖੇ ਇਕੱਤਰ ਹੋਣਗੇ ਅਤੇ ਬਾਕੀਆਂ ਕਿਸਾਨ ਯੂਨੀਅਨਾਂ ਨਾਲ ਸਮੂਹਿਕ ਰੂਪ ਵਿੱਚ ਇਕੱਤਰ ਹੋ ਕੇ ਟਰੈਕਰ ਮਾਰਚ ਦੀ ਸ਼ੁਰੂਆਤ ਕਰਨਗੇ, ਇਹ ਟਰੈਕਟਰ ਮਾਰਚ 12 ਵਜੇ ਸ਼ੁਰੂ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇ ਮਾਰਦਾ ਹੋਇਆ ਸਮਰਾਲਾ ਦੇ ਮੁੱਖ ਬਜਾਰ ਵਿੱਚੀ ਐਸ. ਡੀ. ਐਮ. ਦਫਤਰ ਅੱਗੇ ਸਮਾਪਤ ਹੋਵੇਗਾ। ਜਿੱਥੇ ਕੇਂਦਰ ਸਰਕਾਰ ਦੀ ‘ਖੇਤੀ ਮੰਡੀਕਰਨ ਨੀਤੀ’ ਸਬੰਧੀ ਆਗੂਆਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਮੁੜ ਇੱਕ ਹੋਰ ਵੱਡੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਜਾਵੇਗਾ। ਅਖੀਰ ਉਨ੍ਹਾਂ ਬੀ. ਕੇ. ਯੂ. (ਲੱਖੋਵਾਲ) ਦੇ ਵੱਖ ਵੱਖ ਬਲਾਕਾਂ ਸਮਰਾਲਾ, ਮਾਛੀਵਾੜਾ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਵੱਡੀ ਗਿਣਤੀ ਵਿੱਚ ਪਿੰਡਾਂ ਵਿੱਚੋਂ ਕਿਸਾਨਾਂ ਨੂੰ ਵੱਡੇ ਇਕੱਠ ਦੇ ਰੂਪ ਵਿੱਚ ਲੈ ਕੇ ਪੁੱਜਣ ਅਤੇ ਲੁਧਿਆਣਾ ਜ਼ਿਲ੍ਹੇ ਦੇ ਬਾਕੀ ਬਲਾਕਾਂ ਖੰਨਾ, ਦੋਰਾਹਾ, ਮਾਂਗਟ, ਲੁਧਿਆਣਾ-2 ਦੇ ਅਹੁਦੇਦਾਰ ਅਤੇ ਵਰਕਰ ਆਪੋ ਆਪਣੀਆਂ ਤਹਿਸੀਲਾਂ ਵਿੱਚ ਜਿੱਥੇ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ, ਵੱਡੇ ਕਾਫਲਿਆਂ ਦੇ ਰੂਪ ਵਿੱਚ ਪੁੱਜਣ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਨੂੰ ਕੰਨ ਹੋ ਸਕਣ ਕਿ ਪੰਜਾਬ ਅਤੇ ਪੰਜਾਬ ਦੀ ਕਿਰਸਾਨੀ ਨੂੰ ਬਰਬਾਦ ਕਰਨ ਦੇ ਮਨਸੂਬੇ ਪੰਜਾਬੀ ਕਦੇ ਵੀ ਪੂਰੇ ਨਹੀਂ ਹੋਣ ਦੇਣਗੇ।
ਸ੍ਰੀ ਰਾਮ ਲੱਲਾ ਦੀ ਸਥਾਪਨਾ ਦੀ ਵਰ੍ਹੇਗੰਢ ਮੌਕੇ ਲੰਗਰ ਦਾ ਆਯੋਜਨ ।
ਸ੍ਰੀ ਰਾਮ ਲੱਲਾ ਦੀ ਸਥਾਪਨਾ ਦੀ ਵਰ੍ਹੇਗੰਢ ਮੌਕੇ ਲੰਗਰ ਦਾ ਆਯੋਜਨ
ਸਮਰਾਲਾ 22 ਜਨਵਰੀ ( ਵਰਿੰਦਰ ਸਿੰਘ ਹੀਰਾ ) ਅਯੁਧਿਆ ਵਿੱਚ ਨਵ ਨਿਰਮਾਣ ਹੋਏ ਮੰਦਿਰ ਵਿੱਚ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਮੂਰਤੀ ਸਥਾਪਨਾ ਦੀ ਵਰੇ੍ਹਗੰਢ ਮੌਕੇ ਭਾਰਤੀ ਜਨਤਾ ਪਾਰਟੀ ਸਮਰਾਲਾ ਵੱਲੋਂ ਅੱਜ ਮੇਨ ਚੌਂਕ ਨਜਦੀਕ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਰੇ ਸ਼ਹਿਰ ਨੂੰ ਪ੍ਰਭੁ ਸ੍ਰੀ ਰਾਮ ਦੇ ਝੰਡਿਆਂ ਨਾਲ ਸਜਾਇਆ ਗਿਆ ਅਤੇ ਸ੍ਰੀ ਰਾਮ ਜੀ ਦੇ ਭਜਨਾ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਛੋਲੇ ਕੁਲਚਿਆਂ ਦਾ ਲੰਗਰ ਲਗਾਇਆ ਗਿਆ, ਜਿਸ ਨੂੰ ਰਾਮ ਭਗਤਾਂ ਅਤੇ ਆਮ ਰਾਹਗੀਰਾਂ ਨੇ ਬੜੀ ਸ਼ਰਧਾ ਨਾਲ ਛਕਿਆ। ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਰਾਮ ਚੰਦਰ ਦੀ ਪੂਜਾ ਅਰਚਣਾ ਕੀਤੀ ਗਈ ਅਤੇ ਸਮੁੱਚੇ ਵਿਸ਼ਵ ਵਿੱਚ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ। ਇਸ ਲੰਗਰ ਦਾ ਆਯੋਜਨ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਅਜੀਤ ਗੁਪਤਾ, ਬਲਰਾਮ ਸ਼ਰਮਾ, ਡਾ. ਅਸ਼ੋਕ ਸ਼ਰਮਾ, ਮਨੋਜ ਤਿਵਾੜੀ, ਸੰਦੀਪ ਭਾਰਤੀ, ਰਮਨ ਖੁੱਲਰ, ਅੰਬਰੇਸ਼ ਵਰਮਾ, ਰਜਿਤ ਖੁੱਲਰ, ਸੰਦੀਪ ਤਿਵਾੜੀ, ਯਸ਼ਪਾਲ ਮਿੰਟਾ, ਬੌਬੀ ਮਝੈਲ, ਹਰਸ਼ ਕੁਮਾਰ, ਸਿਕੰਦਰ ਸਿੰਘ, ਪਵਨ ਮਾਨ, ਹਰਦੀਪ ਸਿੰਘ, ਕੁਲਦੀਪ ਚੋਪੜਾ, ਨਵੀਨ ਤਿਵਾੜੀ, ਰਵੀ ਖੁੱਲਰ, ਲੱਕੀ ਤਿਵਾੜੀ, ਅਸ਼ੋਕ ਸ਼ਰਮਾ, ਪੱਪੂ ਖੁੱਲਰ, ਡਾ. ਜਸਮੇਲ ਸਿੰਘ ਢੀਂਡਸਾ, ਸਿਮਰਜੀਤ ਸਿੰਘ, ਹਿਮਾਸ਼ੂ ਤਿਵਾੜੀ, ਸਕਸ਼ਮ ਮਰਵਾਹਾ, ਮਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਾਮ ਭਗਤਾਂ ਨੇ ਭਰਪੂਰ ਯੋਗਦਾਨ ਪਾਇਆ।
26 ਜਨਵਰੀ ਦੇ ਟਰੈਕਟਰ ਰੋਸ ਮਾਰਚ ਵਿੱਚ ਬੀ. ਕੇ. ਯੂ. (ਕਾਦੀਆਂ) ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ 26 ਜਨਵਰੀ ਨੂੰ ਸਵੇਰੇ ਬੀ. ਕੇ. ਯੂ. (ਕਾਦੀਆਂ) ਦੇ ਕਿਸਾਨ ਆਪੋ ਆਪਣੇ ਟਰੈਕਟਰ ਲੈ ਕੇ ਮਾਲਵਾ ਕਾਲਜ ਦੇ ਸਟੇਡੀਅਮ ਵਿਖੇ ਪੁੱਜਣ – ਗਿਆਸਪੁਰਾ।
26 ਜਨਵਰੀ ਦੇ ਟਰੈਕਟਰ ਰੋਸ ਮਾਰਚ ਵਿੱਚ ਬੀ. ਕੇ. ਯੂ. (ਕਾਦੀਆਂ) ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ
26 ਜਨਵਰੀ ਨੂੰ ਸਵੇਰੇ ਬੀ. ਕੇ. ਯੂ. (ਕਾਦੀਆਂ) ਦੇ ਕਿਸਾਨ ਆਪੋ ਆਪਣੇ ਟਰੈਕਟਰ ਲੈ ਕੇ ਮਾਲਵਾ ਕਾਲਜ ਦੇ ਸਟੇਡੀਅਮ ਵਿਖੇ ਪੁੱਜਣ – ਗਿਆਸਪੁਰਾ
ਸਮਰਾਲਾ 22 ਜਨਵਰੀ ( ਵਰਿੰਦਰ ਸਿੰਘ ਹੀਰਾ)
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਬਲਾਕ ਮਾਛੀਵਾੜਾ ਅਤੇ ਸਮਰਾਲਾ ਦੀ ਇੱਕ ਸਾਂਝੀ ਮੀਟਿੰਗ ਦਰਸ਼ਨ ਸਿੰਘ ਰੋਹਲੇ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਪਿੰਡ ਰੋਹਲੇ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਮੀਟਿੰਗ ਵਿੱਚ ਕਿਸਾਨੀ ਮਸਲਿਆਂ ਸਬੰਧੀ ਗੰਭੀਰਤਾ ਨਾਲ ਚਰਚਾ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਹਰਦੀਪ ਸਿੰਘ ਗਿਆਸਪੁਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 26 ਜਨਵਰੀ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ‘ਖੇਤੀ ਮੰਡੀਕਰਨ ਨੀਤੀ’ ਦਾ ਵਿਰੋਧ ਪ੍ਰਗਟ ਕਰਨ ਲਈ ਦੇਸ਼ ਵਿੱਚ ਕਿਸਾਨ ਅਤੇ ਮਜ਼ਦੂਰ ਆਪਣੇ ਟਰੈਕਟਰਾਂ ਨੂੰ ਸੜਕਾਂ ਤੇ ਲਿਆ ਕੇ ਰੋਸ ਪ੍ਰਗਟ ਕਰਨਗੇ। ਕੇਂਦਰ ਸਰਕਾਰ ਆਪਣੀ ਖੇਤੀ ਮੰਡੀਕਰਨ ਨੀਤੀ ਰਾਹੀਂ ਉਨ੍ਹਾਂ ਕਾਲੇ ਕਾਨੂੰਨਾਂ ਨੂੰ ਮੁੜ ਕਿਸਾਨਾਂ ਸਿਰ ਥੋਪਣ ਲਈ ਟੇਢੇ ਢੰਗ ਨਾਲ ਤਿਆਰੀ ਕਰੀ ਬੈਠੀ ਹੈ, ਜੋ ਕਿ ਕਿਸਾਨਾਂ ਲਈ ਬਹੁਤ ਹੀ ਘਾਤਕ ਹੋਵੇਗੀ। ਇਸ ਤੋਂ ਪਹਿਲਾਂ ਦੇਸ਼ ਦੇ ਕਿਸਾਨਾਂ ਨੇ ਕੇਂਦਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਨੂੰ ਇੱਕ ਵੱਡੇ ਸੰਘਰਸ਼ ਰਾਹੀਂ ਵਾਪਸ ਕਰਵਾਇਆ ਸੀ, ਕਾਲੇ ਕਾਨੂੰਨ ਵਾਪਸ ਲੈਣ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ, ਪ੍ਰੰਤੂ ਪ੍ਰਧਾਨ ਮੰਤਰੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਉੱਤੇ ਚੜ੍ਹ ਮੁੜ ਇਸ ‘ਖੇਤੀ ਮੰਡੀਕਰਨ ਨੀਤੀ’ ਰਾਹੀਂ ਕਿਸਾਨਾਂ ਨੂੰ ਮਾਰਨ ਤੇ ਤੁਲ ਗਿਆ ਹੈ। ਜਿਸਨੂੰ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ। ਇਸ ਮੌਕੇ ਮੋਹਣ ਸਿੰਘ ਬਾਲਿਓਂ ਅਤੇ ਦਰਸ਼ਨ ਸਿੰਘ ਰੋਹਲੇ ਨੇ ਕਿਹਾ ਕਿ 26 ਜਨਵਰੀ ਨੂੰ ਬੀ. ਕੇ. ਯੂ. (ਕਾਦੀਆਂ) ਦੇ ਬਲਾਕ ਸਮਰਾਲਾ ਅਤੇ ਮਾਛੀਵਾੜਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਮਾਲਵਾ ਕਾਲਜ ਦੇ ਖੇਡ ਸਟੇਡੀਅਮ ਵਿਖੇ ਸਵੇਰੇ 9 ਵਜੇ ਆਪੋ ਆਪਣੇ ਟਰੈਕਟਰ ਲੈ ਕੇ ਪੁੱਜਣ ਤਾਂ ਜੋ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਉੱਥੋਂ ਇਕੱਠੇ ਹੋ ਕੇ ਟਰੈਕਟਰਾਂ ਰਾਹੀਂ ਆਪਣਾ ਰੋਸ ਪ੍ਰਗਟ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਅਜੇ ਵੀ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਕਿਸਾਨਾਂ ਨੂੰ ਮੁੜ ਇਂੱਕ ਵੱਡਾ ਸੰਘਰਸ਼ ਉਲੀਕਣ ਲਈ ਇੱਕਠੇ ਹੋਣਾ ਪੈਣਾ ਹੈ। ਅੱਜ ਦੀ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਮਨਪ੍ਰੀਤ ਸਿੰਘ ਘੁਲਾਲ ਜ਼ਿਲ੍ਹਾ ਜਨਰਲ ਸਕੱਤਰ, ਗੁਰਜੀਤ ਸਿੰਘ ਗੜ੍ਹੀ ਜ਼ਿਲ੍ਹਾ ਸੈਕਟਰੀ, ਬਲਵਿੰਦਰ ਸਿੰਘ ਮੁਸ਼ਕਾਬਾਦ, ਕੁਲਦੀਪ ਸਿੰਘ ਗੜ੍ਹੀ, ਬਹਾਦਰ ਸਿੰਘ ਰੋਹਲੇ, ਸਤਵੀਰ ਸਿੰਘ ਸਰਵਰਪੁਰ, ਹਰਬੰਸ ਸਿੰਘ ਖੀਰਨੀਆਂ, ਲਵਪ੍ਰੀਤ ਸਿੰਘ ਬਾਲਿਓਂ, ਸੁਖਵਿੰਦਰ ਸਿੰਘ ਖੀਰਨੀਆਂ, ਰਜਿੰਦਰ ਸਿੰਘ ਕਕਰਾਲਾ, ਨੇਤਰ ਸਿੰਘ ਉਟਾਲਾਂ, ਰਮਨਜੀਤ ਸਿੰਘ ਘੁਲਾਲ, ਗੁਰਮੀਤ ਸਿੰਘ ਗੜ੍ਹੀ, ਹਰਦੀਪ ਸਿੰਘ ਰੋਹਲੇ, ਕਰਮਜੀਤ ਸਿੰਘ ਬੌਂਦਲੀ, ਤੇਜਿੰਦਰ ਸਿੰਘ ਗੋਗੀ ਘੁਲਾਲ, ਸੁਖਵਿੰਦਰ ਸਿੰਘ ਜਲਾਹਮਾਜਰਾ, ਕੁਲਵੀਰ ਸਿੰਘ ਘੁਲਾਲ, ਸ਼ਾਨ ਘੁਲਾਲ, ਅੰਮ੍ਰਿਤ ਘੁਲਾਲ, ਜਗਜੀਵਨ ਸਿੰਘ ਰੋਹਲੇ, ਜਿੰਦਰੀ ਘੁਲਾਲ, ਅਮਨਦੀਪ ਸਿੰਘ ਬੌਂਦਲੀ, ਜੱਸੂ ਨਾਗਰਾ, ਗੱਗੀ ਘੁਲਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਨੀਅਨ ਦੇ ਵਰਕਰ ਹਾਜਰ ਸਨ।
ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਕੇ ਕੀਤਾ ਜਾਵੇਗਾ ਰੋਸ ਪ੍ਰਗਟ ਕੇਂਦਰ ਸਰਕਾਰ ਵੱਲੋਂ ਜਾਰੀ ‘ਖੇਤੀ ਮੰਡੀਕਰਨ ਨੀਤੀ’ ਰਾਹੀਂ ਕਾਲੇ ਕਾਨੂੰਨਾਂ ਨੂੰ ਮੁੜ ਕਿਸਾਨਾਂ ਸਿਰ ਥੋਪਿਆ ਜਾਵੇਗਾ – ਭੱਟੀਆਂ/ ਢੀਂਡਸਾ/ਬਾਲਿਓਂ।
ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਕੇ ਕੀਤਾ ਜਾਵੇਗਾ ਰੋਸ ਪ੍ਰਗਟ
ਕੇਂਦਰ ਸਰਕਾਰ ਵੱਲੋਂ ਜਾਰੀ ‘ਖੇਤੀ ਮੰਡੀਕਰਨ ਨੀਤੀ’ ਰਾਹੀਂ ਕਾਲੇ ਕਾਨੂੰਨਾਂ ਨੂੰ ਮੁੜ ਕਿਸਾਨਾਂ ਸਿਰ ਥੋਪਿਆ ਜਾਵੇਗਾ – ਭੱਟੀਆਂ/ ਢੀਂਡਸਾ/ਬਾਲਿਓਂ
ਸਮਰਾਲਾ 22 ਜਨਵਰੀ ( ਵਰਿੰਦਰ ਸਿੰਘ ਹੀਰਾ)
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 26 ਜਨਵਰੀ ਨੂੰ ਸਮੁੱਚੇ ਦੇਸ਼ ਵਿੱਚ ਗਣਤੰਤਰ ਦਿਵਸ ਮੌਕੇ ਪੂਰੇ ਦੇਸ਼ ਦੇ ਕਿਸਾਨ ਕੇਂਦਰ ਸਰਕਾਰ ਵੱਲੋਂ ਕਿਸਾਨੀ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿੱਚ ਰੋਸ ਵਜੋਂ ਟਰੈਕਟਰ ਮਾਰਚ ਕੱਢੇ ਜਾਣਗੇ। ਇਸ ਸਬੰਧ ਵਿੱਚ ਅੱਜ ਸਮਰਾਲਾ ਵਿਖੇ ਵੱਖ ਵੱਖ ਕਿਸਾਨ ਜਥੇਬੰਦੀਆਂ ਬੀ. ਕੇ. ਯੂ. (ਕਾਦੀਆਂ), ਬੀ. ਕੇ. ਯੂ. (ਰਾਜੇਵਾਲ) ਅਤੇ ਬੀ. ਕੇ. ਯੂ. (ਲੱਖੋਵਾਲ) ਦੀ ਸੁਖਵਿੰਦਰ ਸਿੰਘ ਭੱਟੀਆਂ ਸੂਬਾ ਮੀਤ ਪ੍ਰਧਾਨ, ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਅਤੇ ਮੋਹਣ ਸਿੰਘ ਬਾਲਿਓਂ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਤਿੰਨਾਂ ਯੂਨੀਅਨਾਂ ਨੇ ਮਤਾ ਪਾਸ ਕੀਤਾ ਗਿਆ ਸਮਰਾਲਾ ਹਲਕੇ ਦੇ ਸਮੂਹ ਕਿਸਾਨ ਅਤੇ ਮਜ਼ਦੂਰ ਆਪਣਾ ਰੋਸ ਪ੍ਰਗਟ ਕਰਨ ਲਈ ਮਾਲਵਾ ਕਾਲਜ ਬੌਂਦਲੀ ਦੇ ਸਟੇਡੀਅਮ ਤੋਂ ਟਰੈਕਟਰਾਂ ਰਾਹੀਂ ਆਪਣਾ ਰੋਸ ਮਾਰਚ ਅਰੰਭ ਕਰਨਗੇ ਅਤੇ ਇਹ ਰੋਸ ਮਾਰਚ ਸਮਰਾਲਾ ਦੇ ਮੁੱਖ ਬਜਾਰ ਰਾਹੀਂ ਹੁੰਦਾ ਹੋਇਆ ਐਸ. ਡੀ. ਐਮ. ਦਫਤਰ ਅੱਗੇ ਖਤਮ ਹੋਵੇਗਾ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ‘ਖੇਤੀ ਮੰਡੀਕਰਨ ਨੀਤੀ’ ਨੂੰ ਸਰਕਾਰ ਦੀ ਗੁੱਝੀ ਚਾਲ ਦੱਸਦੇ ਹੋਏ ਕਿਸਾਨ ਵਿਰੋਧੀ ਦੱਸਿਆ ਕਿ ਕਿਸ ਤਰ੍ਹਾਂ ਇਸ ਨੀਤੀ ਰਾਹੀਂ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਮੁੜ ਕਿਸਾਨਾਂ ਸਿਰ ਥੋਪਣ ਜਾ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਲੋਕਤੰਤਰੀ ਦੇਸ਼ਾਂ ਵਿੱਚ ਭਾਰਤ ਪਹਿਲਾ ਦੇਸ਼ ਹੋਵੇਗਾ ਜਿੱਥੇ ਅਜ਼ਾਦੀ ਤੋਂ ਬਾਅਦ ਵੀ ਇੱਥੋਂ ਦੇ ਬਸ਼ਿੰਦਿਆਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਮੋਰਚੇ ਲਾਉਣੇ ਪੈ ਰਹੇ ਹਨ, ਦੂਸਰੀ ਗੱਲ ਇਹ ਕਿ ਭਾਰਤੀ ਦੀ ਸਮੁੱਚੀ ਆਰਥਿਕਤਾ ਖੇਤੀ ਉੱਤੇ ਨਿਰਭਰ ਹੈ, ਜਿਸ ਕਾਰਨ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹਨ, ਹੁਣ ਕੇਂਦਰ ਦੀ ਮੋਦੀ ਸਰਕਾਰ ਆਪਣੇ ਦੇਸ਼ ਦੀ ਰੀੜ ਦੀ ਹੱਡੀ ਹੀ ਤੋੜਨ ਤੇ ਤੁਲੇ ਹੋਏ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੀ ਵਾਂਗਡੋਰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲੱਗੇ ਹੋਏ ਹਨ। ਦੇਸ਼ ਦਾ ਕਿਸਾਨ ਆਪਣੀ ਬੀਜੀ ਹੋਈ ਫਸਲ ਦਾ ਮੁੱਲ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਿਹਾ ਹੈ, ਕਿਸਾਨ ਨੂੰ ਏਨਾ ਵੀ ਅਧਿਕਾਰ ਨਹੀਂ ਕਿ ਉਹ ਆਪਣੀ ਬੀਜੀ ਹੋਈ ਫਸਲ ਦਾ ਕੋਈ ਮੁੱਲ ਤਹਿ ਕਰ ਸਕੇ, ਜਦੋਂ ਕਿ ਕਾਰਪੋਰੇਟ ਘਰਾਣੇ ਆਪਣੀ ਬਣਾਈ ਹੋਈ ਚੀਜ ਦਾ ਮੁੱਲ ਆਪ ਤਹਿ ਕਰਕੇ ਬਜਾਰ ਵਿੱਚ ਵੇਚਦੇ ਹਨ। ਪਿਛਲੇ ਇੱਕ ਸਾਲ ਤੋਂ ਆਪਣੇ ਹੱਕਾਂ ਲਈ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਮੋਰਚੇ ਉੱਤੇ ਬੈਠੇ ਹਨ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠੇ ਹਨ। ਇਸ ਲਈ ਦੇਸ਼ ਦੇ ਸਮੁੱਚੇ ਕਿਸਾਨ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ, ‘ਖੇਤੀ ਮੰਡੀਕਰਨ ਨੀਤੀ’ ਦੀ ਵਿਰੋਧ ਕਰਨ ਲਈ ਖੇਤੀ ਕਰਨ ਵਾਲੇ ਟਰੈਕਟਰਾਂ ਨੂੰ ਸੜਕਾਂ ਤੇ ਲਿਆ ਕੇ ਰੋਸ ਪ੍ਰਗਟ ਕਰਨਗੇ। ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਦਰਸ਼ਨ ਸਿੰਘ ਰੋਹਲੇ ਬਲਾਕ ਪ੍ਰਧਾਨ, ਗੁਰਸੇਵਕ ਸਿੰਘ ਮੰਜਾਲੀਆਂ ਬਲਾਕ ਪ੍ਰਧਾਨ, ਮੁਖਤਿਆਰ ਸਿੰਘ ਸਰਵਰਪੁਰ, ਜਗਤਾਰ ਸਿੰਘ ਮਾਦਪੁਰ, ਸਿਕੰਦਰ ਸਿੰਘ ਮਾਦਪੁਰ, ਲਵਪ੍ਰੀਤ ਸਿੰਘ ਬਾਲਿਓਂ, ਮੁਖਤਿਆਰ ਸਿੰਘ ਸੰਗਤਪੁਰਾ, ਸੁੱਖਾ ਬਾਬਾ ਸਰਵਰਪੁਰ, ਦਲਜੀਤ ਸਿੰਘ ਊਰਨਾਂ, ਖੁਸ਼ਵਿੰਦਰ ਸਿੰਘ ਦਿਆਲਪੁਰਾ, ਚੇਤੰਨ ਸਿੰਘ ਸੰਗਤਪੁਰਾ, ਹਰਪ੍ਰੀਤ ਸਿੰਘ ਗੜ੍ਹੀ ਮੀਤ ਪ੍ਰਧਾਨ, ਨੇਤਰ ਸਿੰਘ ਉਟਾਲਾਂ, ਸੁਖਵਿੰਦਰ ਸਿੰਘ ਜਲਾਹ ਮਾਜਰਾ, ਬਹਾਦਰ ਸਿੰਘ ਰੋਹਲੇ ਆਦਿ ਤੋਂ ਇਲਾਵਾ ਵੱਖ ਵੱਖ ਯੂਨੀਅਨਾਂ ਦੇ ਆਗੂ ਤੇ ਵਰਕਰ ਹਾਜਰ ਸਨ।
ਪੈਨਸ਼ਰਜ਼ ਐਸੋਸੀਏਸ਼ਨ ਸਰਕਲ ਰੋਪੜ ਵੱਲੋਂ ਮੰਗਾਂ ਸਬੰਧੀ ਮੈਨੇਜਮੈਂਟ ਤੇ ਸਰਕਾਰ ਖਿਲਾਫ ਧਰਨਾ ਦਿੱਤਾ ।
ਪੈਨਸ਼ਰਜ਼ ਐਸੋਸੀਏਸ਼ਨ ਸਰਕਲ ਰੋਪੜ ਵੱਲੋਂ ਮੰਗਾਂ ਸਬੰਧੀ ਮੈਨੇਜਮੈਂਟ ਤੇ ਸਰਕਾਰ ਖਿਲਾਫ ਧਰਨਾ ਦਿੱਤਾ ।
ਸਮਰਾਲਾ, ਕੋਹਾੜਾ ਅਤੇ ਮਾਛੀਵਾੜਾ ਸਰਕਲ ਤੋਂ ਵੱਡੀ ਗਿਣਤੀ ਵਿੱਚ ਪੈਨਸ਼ਨਰਜ਼ ਹੋਏ ਸ਼ਾਮਲ
ਫਰਵਰੀ ਮਹੀਨੇ ਬਿਜਲੀ ਮੰਤਰੀ ਦੀ ਕੋਠੀ ਦੇ ਘਿਰਾਓ ਮੌਕੇ ਸਰਕਲ ਰੋਪੜ ਤੋਂ ਵੱਡੀ ਗਿਣਤੀ ਵਿੱਚ ਪੈਨਸ਼ਨਰ ਸ਼ਾਮਲ ਹੋਣਗੇ – ਸਿਕੰਦਰ ਸਿੰਘ
ਸਮਰਾਲਾ 16 ਜਨਵਰੀ ( ਵਰਿੰਦਰ ਸਿੰਘ ਹੀਰਾ)
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਅਧੀਨ ਪੈਨਸ਼ਨਰਜ਼ ਜਥੇਬੰਦੀਆਂ ਵੱਲੋਂ ਸੂਬਾਈ ਫੈਸਲੇ ਅਨੁਸਾਰ ਸਰਕਲ ਪ੍ਰਧਾਨ ਭਰਪੂਰ ਸਿੰਘ ਦੀ ਪ੍ਰਧਾਨਗੀ ਹੇਠ ਸਰਕਲ ਦਫਤਰ ਰੋਪੜ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ, ਮਾਛੀਵਾੜਾ, ਕੋਹਾੜਾ ਅਤੇ ਖਮਾਣੋਂ ਤੋਂ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਦੇ ਵੱਡੇ ਜਥੇ ਸਕਿੰਦਰ ਸਿੰਘ ਮੰਡਲ ਪ੍ਰਧਾਨ ਦੀ ਅਗਵਾਈ ਹੇਠ ਰੋਪੜ ਲਈ ਰਵਾਨਾ ਹੋਏ। ਸਰਕਲ ਪੱਧਰੀ ਧਰਨੇ ਵਿੱਚ ਸਮਰਾਲਾ, ਰੋਪੜ, ਮੋਰਿੰਡਾ, ਅਨੰਦਪੁਰ ਸਾਹਿਬ ਮੰਡਲ ਤੋਂ ਮੰਡਲ ਪ੍ਰਧਾਨਾਂ ਨੇ ਵੱਡੇ ਰੂਪ ਵਿੱਚ ਸ਼ਿਰਕਤ ਕੀਤੀ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੈਨੇਜਮੈਂਟ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੀ ਪੈਨਸ਼ਨ 01- 01-2016 ਤੋਂ ਪਹਿਲਾਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 2.44 ਦੀ ਥਾਂ 2.59 ਗੁਣਾਂਕ ਨਾਲ ਸੋਧੀਆਂ ਜਾਣ, ਪੇ ਸਕੇਲਾਂ ਦਾ 01-01-2016 ਤੋਂ 30-06-2021 ਤੱਕ ਬਕਾਇਆ ਦਿੱਤਾ ਜਾਵੇ। ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਸਮੇਤ ਵਿਆਜ ਤੁਰੰਤ ਦਿੱਤਾ ਜਾਵੇ, ਸਾਰੇ ਸਾਥੀਆਂ ਨੂੰ ਬਿਨਾਂ ਸ਼ਰਤ 23 ਸਾਲਾਂ ਸਕੇਲ ਲਾਗੂ ਕੀਤਾ ਜਾਵੇ, ਮੈਡੀਕਲ ਕੈਸ਼ਲੈਸ ਸਕੀਮ ਲਾਗੂ ਕੀਤੀ ਜਾਵੇ। ਬਿਜਲੀ ਅਦਾਰੇ ਅੰਦਰ ਕੰਮ ਕਰਦੇ ਕੱਚੇ ਕਾਮੇ ਪੱਕੇ ਕੀਤੇ ਜਾਣ, ਕੱਚੇ ਕਾਮਿਆਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਖਾਲੀ ਪੋਸਟਾਂ ਪੱਕੀ ਭਰਤੀ ਰਾਹੀਂ ਭਰੀਆਂ ਜਾਣ। । ਇਸ ਧਰਨੇ ਨੂੰ ਡਵੀਜਨ ਆਗੂਆਂ ਸਕਿੰਦਰ ਸਿੰਘ ਪ੍ਰਧਾਨ, ਇੰਜ: ਪ੍ਰੇਮ ਸਿੰਘ ਰਿਟਾ: ਐਸ. ਡੀ. ਓ., ਕਿਸ਼ਨ ਕੁਮਾਰ ਮੋਰਿੰਡਾ, ਸ਼ਾਮ ਲਾਲ ਅਨੰਦਪੁਰ ਸਾਹਿਬ, ਜਗਤਾਰ ਸਿੰਘ ਸਮਰਾਲਾ, ਹਰਇੰਦਰ ਸਿੰਘ ਰੋਪੜ, ਬਰਜਿੰਦਰ ਪੰਡਿਤ ਅਨੰਦਪੁਰ ਸਾਹਿਬ, ਹਰਭਜਨ ਸਿੰਘ ਮੋਰਿੰਡਾ, ਸਰਕਲ ਆਗੂਆਂ ਵਿੱਚ ਅਵਤਾਰ ਸਿੰਘ ਅਨੰਦਪੁਰ ਸਾਹਿਬ, ਪ੍ਰੇਮ ਕੁਮਾਰ ਸਮਰਾਲਾ, ਹਰਬੰਸ ਸਿੰਘ ਰੋਪੜ, ਅਵਤਾਰ ਸਿੰਘ ਮੋਰਿੰਡਾ, ਦਲਜੀਤ ਸਿੰਘ ਅਨੰਦਪੁਰ ਸਾਹਿਬ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਸੂਬਾ ਕਮੇਟੀ ਨੂੰ ਅਪੀਲ ਕੀਤੀ ਗਈ ਕਿ ਪੈਨਸ਼ਨਰਾਂ ਦੀਆਂ ਮੰਗਾਂ ਲਈ ਸੰਘਰਸ਼ ਨੂੰ ਸਾਂਝੇ ਤੌਰ ਤੇ ਹੋਰ ਤੇਜ ਕੀਤਾ ਜਾਵੇ। ਇਹ ਵੀ ਫੈਸਲਾ ਕੀਤਾ ਗਿਆ ਕਿ ਫਰਵਰੀ ਮਹੀਨੇ ਵਿੱਚ ਬਿਜਲੀ ਮੰਤਰੀ ਦੀ ਕੋਠੀ ਦਾ ਘਿਰਾਓ ਵਿੱਚ ਸਰਕਲ ਰੋਪੜ ਦੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਜਗਦੀਸ਼ ਕੁਮਾਰ ਮੋਰਿੰਡਾ ਦੁਆਰਾ ਬਾਖੂਬੀ ਨਿਭਾਈ ਗਈ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਮਰਾਲਾ ’ਚ ਸਾੜੀਆਂ ਗਈਆਂ ‘ਖੇਤੀ ਮੰਡੀਕਰਨ ਨੀਤੀ’ ਦੀਆਂ ਕਾਪੀਆਂ
ਪੰਜਾਬ ਦੇ ਕਿਸਾਨ ‘ਖੇਤੀ ਮੰਡੀਕਰਨ ਨੀਤੀ’ ਨੂੰ ਹਰਗਿਜ਼ ਲਾਗੂ ਨਹੀਂ ਹੋਣ ਦੇਣਗੇ -ਕਿਸਾਨ ਆਗੂ
ਸਮਰਾਲਾ 13 ਜਨਵਰੀ ( ਵਰਿੰਦਰ ਸਿੰਘ ਹੀਰਾ) ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਤੇ ਅੱਜ ਸਮਰਾਲਾ ਵਿਖੇ ਐਸ. ਡੀ. ਐਮ. ਦਫਤਰ ਸਾਹਮਣੇ ਵੱਖ ਵੱਖ ਕਿਸਾਨ ਜਥੇਬੰਦੀਆਂ ਬੀ. ਕੇ. ਯੂ. (ਕਾਦੀਆਂ), ਬੀ. ਕੇ. ਯੂ. (ਰਾਜੇਵਾਲ), ਬੀ. ਕੇ. ਯੂ. (ਲੱਖੋਵਾਲ) ਅਤੇ ਮਜ਼ਦੂਰ ਸਭਾਵਾਂ ਵੱਲੋਂ ‘ਖੇਤੀ ਮੰਡੀਕਰਨ ਨੀਤੀ’ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਗਈਆਂ। ਵੱਡੀ ਗਿਣਤੀ ਵਿੱਚ ਇਕੱਤਰ ਕਿਸਾਨਾਂ ਅਤੇ ਮਜ਼ਦੂਰਾਂ ਨੇ ਕੇਂਦਰ ਸਰਕਾਰ ਖਿਲਾਫ ਵਿਸ਼ਾਲ ਰੋਸ ਧਰਨਾ ਦਿੱਤਾ ਅਤੇ ਨਾਅਰੇ ਲਗਾਏ। ਵੱਖ ਵੱਖ ਕਿਸਾਨ ਆਗੂਆਂ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਬੀ. ਕੇ. ਯੂ. (ਕਾਦੀਆਂ), ਕੁਲਵਿੰਦਰ ਸਿੰਘ ਪੂਰਬਾ ਬਲਾਕ ਪ੍ਰਧਾਨ ਬੀ. ਕੇ. ਯੂ. (ਰਾਜੇਵਾਲ), ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਬੀ. ਕੇ. ਯੂ. (ਲੱਖੋਵਾਲ) ਨੇ ਆਪਣੇ ਸੰਬੋਧਨ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਆੜੇ ਹੱਥੀਂ ਲੈਦਿਆਂ ਕਿਹਾ ਕਿ ਇਹ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਦੋਨੋਂ ਹੀ ਕਿਸਾਨਾਂ ਦੇ ਹਿੱਤਾਂ ਨੂੰ ਇੱਕ ਪਾਸੇ ਰੱਖ ਕੇ ਕਿਸਾਨ ਮਾਰੂ ਨੀਤੀਆਂ ਉੱਤੇ ਉਤਰ ਆਏ ਹਨ। ਕੇਂਦਰ ਸਰਕਾਰ ਪਹਿਲਾਂ ਹੀ ਆਰਥਿਕ ਮੰਦਹਾਲੀ ਨਾਲ ਜੂਝ ਰਹੀ ਕਿਰਸਾਨੀ ਨੂੰ ਹੋਰ ਆਰਥਿਕ ਮੰਦਹਾਲੀ ਵੱਲ ਧੱਕਣ ਲਈ ਹੁਣ ਕੇਂਦਰੀ ਮੰਡੀਕਰਨ ਡਰਾਫਟ ਰਾਹੀਂ ਕੇਂਦਰ ਸਰਕਾਰ ਦੁਬਾਰਾ ਉਹੀ ਕਾਨੂੰਨ ਟੇਡੇ ਢੰਗ ਨਾਲ ਲਾਗੂ ਕਰਨ ਲਈ ਉਤਾਵਲੀ ਹੈ। ਬੀਤੇ ਅਰਸੇ ਦੌਰਾਨ ਦੁਨੀਆਂ ਭਰ ਵਿੱਚ ਸਭ ਤੋਂ ਵੱਡੇ ਕਿਸਾਨੀ ਸੰਘਰਸ਼ ਵਜੋਂ ਜਾਣੇ ਜਾਂਦੇ ਸੰਘਰਸ਼ ਰਾਹੀਂ ਡੇਢ ਸਾਲ ਦਿੱਲੀ ਦੀਆਂ ਬਹੂਰਾਂ ਤੇ ਬੈਠ ਕੇ ਜੋ ਕਾਲੇ ਕਾਨੂੰਨ ਕੇਂਦਰ ਸਰਕਾਰ ਤੋਂ ਰੱਦ ਕਰਵਾਏ ਸਨ, ਹੁਣ ਮੁੜ ਕੇਂਦਰ ਸਰਕਾਰ ਆਪਣੀ ਟੇਡੀ ਚਾਲ ਰਾਹੀਂ ਉਨ੍ਹਾਂ ਕਾਨੂੰਨਾਂ ਨੂੰ ਖੇਤੀ ਮੰਡੀਕਰਨ ਨੀਤੀ ਰਾਹੀਂ ਲਾਗੂ ਕਰਨ ਲੱਗੀ ਹੈ, ਕੇਂਦਰ ਦੀ ਇਹ ਕਿਸਾਨ ਮਾਰੂ ਨੀਤੀ ਨੂੰ ਪੰਜਾਬ ਦੇ ਕਿਸਾਨ ਲਾਗੂ ਨਹੀਂ ਹੋਣ ਦੇਣਗੇ। ਜਿਸਦਾ ਵਿਰੋਧ ਅੱਜ ‘ਖੇਤੀ ਮੰਡੀਕਰਨ ਨੀਤੀ’ ਖਰੜਾ ਜਲਾ ਕੇ ਕਿਸਾਨਾਂ ਨੇ ਇਹ ਸੰਘਰਸ਼ ਨੂੰ ਹੋਰ ਬੁਲੰਦ ਕਰਨ ਦਾ ਨਾਅਰਾ ਬੁਲੰਦ ਕਰ ਦਿੱਤਾ ਹੈ। ਖੇਤੀ ਮੰਡੀਕਰਨ ਨੀਤੀ ਦਾ ਖਰੜਾ ਸਾੜਨ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਮਨਪ੍ਰੀਤ ਸਿੰਘ ਘੁਲਾਲ ਜਨਰਲ ਸਕੱਤਰ, ਜਗਦੇਵ ਸਿੰਘ ਮੁਤਿਓਂ ਜਨਰਲ ਸਕੱਤਰ, ਪਵਨਦੀਪ ਸਿੰਘ ਮੀਤ ਪ੍ਰਧਾਨ, ਮੋਹਣ ਸਿੰਘ ਬਾਲਿਓਂ ਬਲਾਕ ਪ੍ਰਧਾਨ, ਮਨਜੀਤ ਸਿੰਘ ਸ਼ੇਰੀਆਂ, ਹਰਪ੍ਰੀਤ ਸਿੰਘ ਗੜ੍ਹੀ, ਦਰਸ਼ਨ ਸਿੰਘ ਰੋਹਲੇ ਬਲਾਕ ਪ੍ਰਧਾਨ, ਮਨਜੀਤ ਸਿੰਘ ਮੁਤਿਓਂ, ਇੰਦਰ ਸਿੰਘ, ਕੁਲਦੀਪ ਸਿੰਘ ਗੜ੍ਹੀ, ਸੁੱਖਾ ਸਿੰਘ ਸੰਗਤਪੁਰਾ, ਬਲਰਾਜ ਸਿੰਘ, ਬਹਾਦਰ ਸਿੰਘ ਰੋਹਲੇ, ਸ਼ੇਰਾ ਟੋਡਰਪੁਰ, ਗੁਰਸੇਵਕ ਸਿੰਘ, ਗੁਰਜੀਤ ਸਿੰਘ ਗੜ੍ਹੀ, ਕੁਸ਼ਮਿੰਦਰ ਸਿੰਘ ਦਿਆਲਪੁਰਾ, ਰਵਿੰਦਰ ਸਿੰਘ ਮਾਛੀਵਾੜਾ, ਹਰਬੰਸ ਸਿੰਘ ਖੀਰਨੀਆਂ, ਬੂਟਾ ਸਿੰਘ ਬਗਲੀ, ਦਲਜੀਤ ਸਿੰਘ ਊਰਨਾਂ, ਤਮਨ ਮਾਛੀਵਾੜਾ, ਸਤਨਾਮ ਸਿੰਘ ਪੂਰਬਾ, ਰਮਨਜੀਤ ਸਿੰਘ ਘੁਲਾਲ, ਜਗਤਾਰ ਸਿੰਘ ਰੋਹਲੇ, ਮਨਪ੍ਰੀਤ ਸਿੰਘ ਗੜ੍ਹੀ, ਬਲਿਹਾਰ ਸਿੰਘ ਘੋਲੀ ਦੀਵਾਲਾ, ਸੁਖਵਿੰਦਰ ਸਿੰਘ ਜਲਾਹ ਮਾਜਰਾ, ਕਰਮਜੀਤ ਸਿੰਘ ਮਾਛੀਵਾੜਾ, ਰਜਿੰਦਰ ਸਿੰਘ ਕਕਰਾਲਾ, ਗੁਰਪ੍ਰੀਤ ਸਿੰਘ ਊਰਨਾਂ, ਲਵਪ੍ਰੀਤ ਸਿੰਘ ਬਾਲਿਓਂ, ਬੰਤ ਬਾਬਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ।
ਪੈਨਸ਼ਨਰਾਂ ਦੀਆਂ ਜਾਇਜ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਜੋਰਦਾਰ ਸੰਘਰਸ਼ ਦੀ ਚਿਤਾਵਨੀ ।
ਪੈਨਸ਼ਨਰਾਂ ਦੀਆਂ ਜਾਇਜ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਜੋਰਦਾਰ ਸੰਘਰਸ਼ ਦੀ ਚਿਤਾਵਨੀ
16 ਜਨਵਰੀ ਨੂੰ ਰੋਪੜ ਧਰਨੇ ’ਚ ਪੈਨਸ਼ਨਰ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ – ਸਿਕੰਦਰ ਸਿੰਘ ਪ੍ਰਧਾਨ
ਸਮਰਾਲਾ, 10 ਜਨਵਰੀ ( ਵਰਿੰਦਰ ਸਿੰਘ ਹੀਰਾ ) ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸਕਿੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਮੇਨ ਚੌਂਕ ਸਮਰਾਲਾ ਵਿਖੇ ਹੋਈ। ਜਿਸ ਵਿੱਚ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਮਸਲਿਆਂ ਤੇ ਆਉਣ ਵਾਲੇ ਸੰਘਰਸ਼ਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ। ਮੀਟਿੰਗ ਦੇ ਸ਼ੁਰੂ ਹੋਣ ਤੇ ਵਿਛੜ ਗਏ ਸਾਥੀਆਂ/ਪਰਿਵਾਰਕ ਮੈਂਬਰਾਂ ਵਿੱਚ ਸੁਖਦਰਸ਼ਨ ਸਿੰਘ ਸਕੱਤਰ ਦੇ ਭਰਜਾਈ ਸੁਰਜੀਤ ਕੌਰ ਅਤੇ ਬਲਵੰਤ ਸਿੰਘ ਸਾਬਕਾ ਟੀ. ਐਸ. ਯੂ. ਸਰਕਲ ਆਗੂ ਮੋਗਾ ਦੀ ਬੇਵਕਤੀ ਮੌਤ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਵਿੱਚ ਦਰਸ਼ਨ ਸਿੰਘ ਵਿੱਤ ਸਕੱਤਰ ਵੱਲੋਂ ਤਿਆਰ ਕੀਤੀ ਗਈ ਪਿਛਲੇ ਸਾਲ ਦੇ ਇਕੱਤਰ ਹੋਏ ਫੰਡ/ਖਰਚਿਆਂ ਦੀ ਰਿਪੋਰਟ ਇੰਜ: ਪ੍ਰੇਮ ਸਿੰਘ ਸਾਬਕਾ ਐਸ.ਡੀ. ਓ. ਵੱਲੋਂ ਪੇਸ਼ ਕੀਤੀ ਗਈ। ਇਸ ਉਪਰੰਤ ਸਕਿੰਦਰ ਸਿੰਘ ਪ੍ਰਧਾਨ ਨੇ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜੋ ਵਾਰ ਵਾਰ ਪੈਨਸ਼ਨਰਾਂ ਨੂੰ ਮੀਟਿੰਗਾਂ ਲਈ ਸਮਾਂ ਦੇ ਕੇ ਮੁਕਰ ਰਹੇ ਹਨ ਅਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਜਿਨ੍ਹਾਂ ਵਿੱਚ ਪੇ ਕਮਿਸ਼ਨ ਦੀ ਸਿਫਾਰਸ਼ ਅਨੁਸਾਰ 31- 12-2015 ਤੋਂ ਪਹਿਲਾਂ ਦੇ ਰਿਟਾਇਰ ਹੋਏ ਪੈਨਸ਼ਨਰਾਂ ਨੂੰ 2.59 ਦੇ ਫਾਰਮੂਲੇ ਅਨੁਸਾਰ ਪੈਨਸ਼ਨ ਦੀ ਸੁਧਾਈ ਕਰਨਾ, ਮੈਡੀਕਲ ਕੈਸ਼ਲੈਸ ਸਕੀਮ ਚਾਲੂ ਕਰਨਾ, ਪੇ ਸਕੇਲ ਦੇ ਬਕਾਏ ਦੇਣੇ, ਮੈਡੀਕਲ ਭੱਤਾ 2000 ਕਰਨਾ, ਡੀ. ਏ. ਦੀਆਂ ਪੈਡਿੰਗ ਕਿਸਤਾਂ ਜਾਰੀ ਕਰਨਾ ਅਤੇ ਏਰੀਅਰ ਦੇਣਾ, ਬਿਜਲੀ ਵਰਤੋਂ ਵਿੱਚ ਰਿਆਇਤ ਦੇਣ ਸਬੰਧੀ ਆਦਿ ਮੰਗਾਂ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਰਕਾਰ ਦਾ ਇਹੀ ਵਤੀਰਾ ਜਾਰੀ ਰਿਹਾ ਤਾਂ ਭਵਿੱਖ ਵਿੱਚ ਪੰਜਾਬ ਬਾਡੀ ਵੱਲੋਂ ਉਲੀਕੇ ਗਏ ਸੰਘਰਸ਼ਾਂ ਦੇ ਰੂਪ ਵਿੱਚ 16 ਜਨਵਰੀ ਨੂੰ ਰੋਪੜ ਸਰਕਲ ਵਿਖੇ ਵਿਸ਼ਾਲ ਕਨਵੈਂਸ਼ਨ ਅਤੇ ਧਰਨਾ ਦਿੱਤਾ ਜਾਵੇਗਾ। ਇਸ ਉਪਰੰਤ ਫਰਵਰੀ ਮਹੀਨੇ ਦੌਰਾਨ ਬਿਜਲੀ ਮੰਤਰੀ ਦੀ ਅੰਮ੍ਰਿਤਸਰ ਵਿਖੇ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਅਤੇ ਮਾਰਚ ਵਿੱਚ ਹੈੱਡ ਆਫਿਸ ਪਟਿਆਲਾ ਵਿਖੇ ਰਾਜ ਪੱਧਰੀ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਫਰਵਰੀ/ ਮਾਰਚ ਵਿੱਚ ਮੰਡਲ ਅਤੇ ਸਰਕਲ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਖਨੌਰੀ ਬਾਰਡਰ ਵਿਖੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਕੀਮਤੀ ਜਾਨ ਬਚਾਈ ਜਾਵੇ ਅਤੇ ਉਨ੍ਹਾਂ ਦੀਆਂ ਜਾਇਜ ਮੰਗਾਂ ਪ੍ਰਤੀ ਯੋਗ ਵਸੀਲੇ ਵਰਤੇ ਜਾਣ। ਕਿਸਾਨੀ ਸੰਘਰਸ਼ ਦੀ ਪੁਰਜੋਰ ਹਮਾਇਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਪ੍ਰਮੁੱਖ ਤੌਰ ਤੇ ਭਰਪੂਰ ਸਿੰਘ ਮਾਂਗਟ ਸਰਕਲ ਪ੍ਰਧਾਨ, ਇੰਜ: ਪ੍ਰੇਮ ਸਿੰਘ ਸਾਬਕਾ ਐਸ. ਡੀ. ਓ., ਰਜਿੰਦਰ ਪਾਲ ਵਡੇਰਾ ਸਾਬਕਾ ਡਿਪਟੀ ਸੀ. ਏ. ਓ., ਇੰਜ: ਦਰਸ਼ਨ ਸਿੰਘ ਖਜਾਨਚੀ, ਜਗਤਾਰ ਸਿੰਘ ਪ੍ਰੈਸ ਸਕੱਤਰ, ਪ੍ਰੇਮ ਕੁਮਾਰ ਸਰਕਲ ਆਗੂ, ਜਸਵੰਤ ਸਿੰਘ ਢੰਡਾ, ਦਰਸ਼ਨ ਸਿੰਘ ਕੋਟਾਲਾ, ਭੁਪਿੰਦਰਪਾਲ ਸਿੰਘ ਚਹਿਲਾਂ, ਸੁਰਜੀਤ ਵਿਸ਼ਾਦ, ਜਗਤਾਰ ਸਿੰਘ ਹਰਿਓਂ, ਹਰਪਾਲ ਸਿੰਘ ਸਿਹਾਲਾ, ਪ੍ਰੇਮ ਚੰਦ ਭਲਾ ਲੋਕ ਆਦਿ ਨੇ ਵੀ ਸੰਬੋਧਨ ਕੀਤਾ। ਜਥੇਦਾਰ ਕੁਲਵੰਤ ਸਿੰਘ ਜੱਗੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਯੋਗ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਇੰਜ: ਪ੍ਰੇਮ ਸਿੰਘ ਸਾਬਕਾ ਐਸ. ਡੀ. ਓ. ਵੱਲੋਂ ਬਾਖੂਬੀ ਨਿਭਾਈ ਗਈ। ਅਖੀਰ ਵਿੱਚ ਸਿਕੰਦਰ ਸਿੰਘ ਮੰਡਲ ਪ੍ਰਧਾਨ ਨੇ ਮੀਟਿੰਗ ਵਿੱਚ ਆਏ ਪੈਨਸ਼ਨਰਜ਼ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ ਗਈ। 16 ਜਨਵਰੀ ਰੋਪੜ ਧਰਨੇ ਲਈ ਇੱਕ ਬੱਸ ਕਟਾਣੀ ਕਲਾਂ ਅਤੇ ਦੂਸਰੀ ਮਾਛੀਵਾੜਾ ਸਾਹਿਬ ਤੋਂ ਸਵੇਰੇ 8:30 ਵਜੇ ਰਵਾਨਾ ਹੋਣਗੀਆਂ। ਉਨ੍ਹਾਂ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਸਮੇਂ ਸਿਰ ਦਰਸਾਏ ਸਥਾਨਾਂ ਤੇ ਪਹੁੰਚ ਕੇ ਧਰਨੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਜੇਕਰ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਦੀਆਂ ਜਾਇਜ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਉਪਰ ਦੱਸੇ ਅਨੁਸਾਰ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਸਰਕਾਰ ਨੂੰ ਮੰਗਾਂ ਮੰਨਣ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ।
ਮੋਗਾ ਦੀ ਮਹਾ ਪੰਚਾਇਤ ਵਿੱਚ ਬੀਕੇਯੂ ( ਕਾਦੀਆਂ) ਦਾ ਵੱਡੀ ਗਿਣਤੀ ਵਿੱਚ ਜਥਾ ਹੋਇਆ ਰਵਾਨਾ ।
ਮੋਗੇ ਦੀ ਮਹਾਂ ਪੰਚਾਇਤ ਵਿੱਚ ਸ਼ਾਮਲ ਹੋਣ ਲਈ ਬੀ. ਕੇ. ਯੂ. (ਕਾਦੀਆਂ) ਦਾ ਵੱਡੀ ਗਿਣਤੀ ਵਿੱਚ ਜਥਾ ਹੋਇਆ ਰਵਾਨਾ
ਹੁਣ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਹੱਕ ਲੈਣ ਮੁੜ ਇਕੱਠੇ ਹੋਣਾ ਹੀ ਪੈਣਾ – ਹਰਦੀਪ ਸਿੰਘ ਗਿਆਸਪੁਰਾ
ਸਮਰਾਲਾ 09 ਜਨਵਰੀ ( ਵਰਿੰਦਰ ਸਿੰਘ ਹੀਰਾ) ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਅਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਘੁਲਾਲ ਦੀ ਅਗਵਾਈ ਹੇਠ ਸਮਰਾਲਾ ਤੋਂ ਕਿਸਾਨਾਂ, ਮਜ਼ਦੂਰਾਂ ਦਾ ਵੱਡਾ ਜਥਾ ਮੋਗਾ ਵਿਖੇ ਹੋ ਰਹੀ ਮਹਾਂ ਪੰਚਾਇਤ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਰਵਾਨਾ ਹੋਣ ਤੋਂ ਪਹਿਲਾ ਜ਼ਿਲ੍ਹਾ ਪ੍ਰਧਾਨ ਗਿਆਸਪੁਰਾ ਨੇ ਕਾਫਲੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡਾ ਹੁਣ ਸਭ ਦਾ ਫਰਜ ਬਣਦਾ ਹੈ ਕਿ ਹੁਣ ਮੁੜ ਕਿਸਾਨੀ ਮਸਲਿਆਂ ਸਬੰਧੀ ਮੁੜ ਇਕੱਠੇ ਹੋਈਏ ਤਾਂ ਜੋ ਕੇਂਦਰ ਵਿੱਚ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਤਾ ਲੱਗ ਸਕੇ ਕਿ ਭਾਰਤ ਜੋ ਕਿ ਖੇਤੀ ਪ੍ਰਧਾਨ ਦੇਸ਼ ਹੈ, ਜੇਕਰ ਉਨ੍ਹਾਂ ਦੀ ਕ੍ਰਿਪਾ ਕਾਰਪੋਰੇਟ ਘਰਾਣਿਆਂ ਉੱਤੇ ਇਸੇ ਤਰ੍ਹਾਂ ਬਣੀ ਰਹੀ ਤਾਂ ਦੇਸ਼ ਲਈ ਅੰਨ ਪੈਦਾ ਕਰਨ ਵਾਲਾ ਕਿਸਾਨ ਮਰ ਜਾਵੇਗਾ, ਜੇਕਰ ਕਿਸਾਨ ਮਰ ਗਿਆ ਤਾਂ ਸਮਝੋ ਪੂਰਾ ਭਾਰਤ ਮਰ ਜਾਵੇਗਾ, ਕਿਉਂਕਿ ਕਾਰਪੋਰੇਟ ਘਰਾਣਿਆਂ ਨੂੰ ਵੀ ਕੱਚਾ ਮਾਲ ਖੇਤਾਂ ਵਿੱਚੋਂ ਹੀ ਮਿਲਣਾ ਹੈ। ਦੂਸਰੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਪਿਛਲੇ 47 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਹਨ, ਕੇਂਦਰ ਸਰਕਾਰ ਉਸ ਕਿਸਾਨ ਆਗੂ ਦਾ ਤਮਾਸ਼ਾ ਬਣਾ ਰਹੀ ਹੈ। ਜਦੋਂ ਕਿ ਕਿਸਾਨਾਂ ਨਾਲ ਵਾਅਦਾ ਮੋਦੀ ਨੇ ਕੀਤਾ ਸੀ ਜਿਸ ਤੋਂ ਉਹ ਮੁਕਰ ਰਹੇ ਹਨ, ਜੇਕਰ ਮੋਦੀ ਨੇ ਅਜੇ ਵੀ ਕਿਸਾਨਾਂ ਨਾਲ ਗੱਲਬਾਤ ਨਾ ਕੀਤੀ ਤਾਂ ਇਸ ਦੀ ਭਾਰੀ ਕੀਮਤ ਅਦਾ ਕਰਨੀ ਪਵੇਗੀ। ਜਨਰਲ ਸਕੱਤਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੀ ਮੋਗਾ ਮਹਾਂ ਪੰਚਾਇਤ ਇੱਕ ਨਵਾਂ ਇਤਿਹਾਸ ਸਿਰਜੇਗੀ, ਅੱਜ ਦੀ ਪੰਚਾਇਤ ਆਰ ਜਾਂ ਪਾਰ ਦੀ ਲੜਾਈ ਦਾ ਫੈਸਲਾ ਕਰੇਗੀ ਅਤੇ ਪੰਜਾਬ ਦੇ ਕਿਸਾਨਾਂ ਨੂੰ ਉਸ ਉੱਤੇ ਅਮਲ ਕਰਕੇ ਇੱਕਜੁੱਟ ਹੋ ਕੇ ਕੇਂਦਰ ਵਿਰੁੱਧ ਮੁੜ ਲੜਾਈ ਵਿੱਢਣੀ ਪਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਦੀਆਂ ਚਣੌਤੀਆਂ ਬਹੁਤ ਹਨ, ਇੱਕ ਪਾਸੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਵਾਅਦਾ ਕਰਕੇ ਮੁਕਰ ਚੁੱਕੀ ਹੈ, ਦੂਸਰੇ ਪਾਸੇ ਪੰਜਾਬ ਨੂੰ ਬੰਜਰ ਬਣਾਉਣ ਲਈ ਹੱਥਕੰਡੇ ਅਪਣਾ ਕੇ ਪੰਜਾਬ ਦੀ ਵੱਡੀ ਸਰਹਿੰਦ ਨਹਿਰ ਨੂੰ ਪੱਕੇ ਕਰਕੇ ਪੰਜਾਬ ਦੀ ਉਪਜਾਊ ਮਿੱਟੀ ਨੂੰ ਬੰਜਰ ਬਣਾ ਕੇ ਇੱਥੇ ਕਾਰਪੋਰੇਟਕ ਘਰਾਣਿਆਂ ਦਾ ਕਬਜਾ ਕਰਾਉਣ ਦੀ ਤਾਕ ਵਿੱਚ, ਜੋ ਕਦੇ ਵੀ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਦਰਸ਼ਨ ਸਿੰਘ ਰੋਹਲਾ ਬਲਾਕ ਪ੍ਰਧਾਨ ਸਮਰਾਲਾ, ਕੁਲਦੀਪ ਸਿੰਘ ਗੜ੍ਹੀ ਜ਼ਿਲ੍ਹਾ ਮੀਤ ਪ੍ਰਧਾਨ, ਨੇਤਰ ਸਿੰਘ, ਗੁਰਜੀਤ ਸਿੰਘ ਗੜ੍ਹੀ, ਸੋਹਣਜੀਤ ਸਿੰਘ, ਤੇਜਿੰਦਰ ਸਿੰਘ ਸਹਿਜੋਮਾਜਰਾ, ਬਹਾਦਰ ਸਿੰਘ ਰੋਹਲਾ ਨੇ ਵੀ ਕਿਸਾਨਾਂ ਨੂੰ ਮੁੜ ਇਕੱਠੇ ਹੋਣ ਲਈ ਸੰਬੋਧਨ ਕੀਤਾ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀ. ਕੇ. ਯੂ. (ਕਾਦੀਆਂ) ਦੇ ਅਹੁਦੇਦਾਰ ਅਤੇ ਵਰਕਰ ਮੋਗੇ ਲਈ ਰਵਾਨਾ ਹੋਏ।
ਪਿੰਡ ਬਚਾਓ- ਪੰਜਾਬ ਬਚਾਓ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਰਾਲਾ ’ਚ ਸੈਮੀਨਾਰ 10 ਨੂੰ
ਸਮਰਾਲਾ 07 ਜਨਵਰੀ ( ਵਰਿੰਦਰ ਸਿੰਘ ਹੀਰਾ) ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਵੱਲੋਂ ਪਿੰਡ ਬਚਾਓ- ਪੰਜਾਬ ਬਚਾਓ ਮੁਹਿੰਮ ਤਹਿਤ ਪਿੰਡਾਂ ਦੀਆਂ ਗਰਾਮ ਪੰਚਾਇਤਾਂ ਦੇ ਅਧਿਕਾਰ, ਜਿੰਮੇਵਾਰੀਆਂ ਅਤੇ ਚਣੌਤੀਆਂ ਦੇ ਵਿਸ਼ੇ ਤਹਿਤ Çਂੲੱਕ ਵਿਸ਼ਾਲ ਸੈਮੀਨਾਰ 10 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਫਰੰਟ ਦੇ ਦਫਤਰ ‘ਬਾਗੀ ਭਵਨ’ ਭਗਵਾਨਪੁਰਾ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਰੰਟ ਦੇ ਸਰਪ੍ਰਸਤ ਕਮਾਂਡੈਂਟ ਰਸਪਾਲ ਸਿੰਘ ਅਤੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਹਮੀਰ ਸਿੰਘ ਹੋਣਗੇ, ਜੋ ਇਸ ਵਿਸ਼ੇ ਤੇ ਪੂਰੀ ਵਿਸਥਾਰਤ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਪਾਣੀ ਬਚਾਓ- ਵਾਤਾਵਰਨ ਬਚਾਓ ਵਿਸ਼ੇ ਤੇ ਹੋਰ ਵਿਦਵਾਨ ਆਪਣੇ ਵਿਚਾਰ ਸਾਂਝੇ ਕਰਨਗੇ। ਉਨ੍ਹਾਂ ਇਲਾਕੇ ਦੀਆਂ ਸਮੂਹ ਗਰਾਮ ਪੰਚਾਇਤਾਂ, ਕਿਸਾਨ ਜਥੇਬੰਦੀਆਂ, ਕਾਰੋਬਾਰੀਆਂ, ਸਮਾਜਸੇਵੀ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਇਸ ਸੈਮੀਨਾਰ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ, ਤਾਂ ਜੋ ਅੱਜ ਦੇ ਇਨ੍ਹਾਂ ਗੰਭੀਰ ਮਸਲਿਆਂ ਸਬੰਧੀ ਵਿਦਵਾਨਾਂ ਦੀਆਂ ਗੱਲਾਂ ਸੁਣੀਆਂ ਜਾਣ ਅਤੇ ਉਨ੍ਹਾਂ ਤੇ ਅਮਲ ਕਰਕੇ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋ ਸਕੀਏ ਅਤੇ ਆਪਣੇ ਆਲੇ ਦੁਆਲੇ ਦੀ ਸਹੀ ਸੰਭਾਲ ਕਰ ਸਕੀਏ।