
ਸਮਰਾਲਾ, 10 ਅਪ੍ਰੈਲ ( ਰਵਿੰਦਰ ਸਿੰਘ ਢਿੱਲੋਂ )ਗੁਰਦੁਆਰਾ ਸਾਹਿਬ ਪਾਤ:ਛੇਵੀਂ ਅਤੇ ਦਸਵੀਂ ਕਟਾਣਾ ਸਾਹਿਬ ਦੇ ਨਵੇਂ ਮੀਤ ਮੈਨੇਜਰ ਦਾ ਸਰਦਾਰ ਕੇਹਰ ਸਿੰਘ ਮਗਰ ਨੇ ਆਪਣਾ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤ:ਛੇਵੀਂ ਕੋਟਾਂ ਸ੍ਰ. ਕੇਹਰ ਸਿੰਘ ਮਗਰ ਬਤੌਰ ਮੈਨੇਜਰ ਦੀ ਕਰ ਚੁੱਕੇ ਹਨ ਸੇਵਾ। ਨਵੀਂ ਨਿਯੁਕਤੀ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ ਦੇ ਸਪੁੱਤਰ ਨਵਤੇਜ ਸਿੰਘ ਖੱਟੜਾ, ਮੈਨੇਜਰ ਗੁ:ਸਾਹਿਬ ਪਾਤ:ਛੇਵੀਂ ਅਤੇ ਦਸਵੀਂ ਕਟਾਣਾ ਸਾਹਿਬ ਨਰਿੰਦਰਜੀਤ ਸਿੰਘ ਭਵਾਨੀਗੜ੍ਹ, ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਮੈਨੇਜਰ ਗੁਰਚਰਨ ਸਿੰਘ ਨੰਦੀ ਮੰਡਿਆਲਾ ਕਲਾਂ, ਕਥਾ ਵਾਚਕ ਭਾਈ ਸਤਨਾਮ ਸਿੰਘ ਖਾਲਸਾ, ਪ੍ਰਚਾਰਕ ਪਰਮਜੀਤ ਸਿੰਘ, ਭਾਈ ਕਿੰਗੀ ਸਿੰਘ ਕਥਾ ਵਾਚਕ,ਦਰਸ਼ਨ ਸਿੰਘ ਚੀਮਾ,ਸੁਖਵੀਰ ਸਿੰਘ ਸੁੱਖੀ, ਜੁਰਜੋਤ ਸਿੰਘ, ਗੁਰਦੀਪ ਸਿੰਘ, ਪਰਮਜੀਤ ਸਿੰਘ ਆਲਮਗੀਰ, ਪਰਮਜੀਤ ਸਿੰਘ ਪੰਮੀ, ਮਨਪ੍ਰੀਤ ਸਿੰਘ ਚਾਪੜਾ,ਪਰਮਿੰਦਰ ਸਿੰਘ ਪੰਮਾ,ਸਮੇਤ ਹਾਜ਼ਰ ਸਨ।
ਹੈਦਰਾਬਾਦ ਦੇ ਜੰਗਲਾਂ ਦੀ ਕਟਾਈ ਤੇ ਪਸ਼ੂ ਪੰਛੀਆਂ ਦਾ ਉਜਾੜਾ ਹੈਵਾਨੀਅਤ ਵਾਲਾ ਕਾਰਾ —- ਸੰਤ ਢੱਕੀ ਸਾਹਿਬ ਵਾਲੇ
ਸਮਰਾਲਾ, 10 ਅਪ੍ਰੈਲ( ਰਵਿੰਦਰ ਸਿੰਘ ਢਿੱਲੋਂ) ਪਿਛਲੇ ਕਈ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਹੈਦਰਾਬਾਦ ਵਿਖੇ 400 ਏਕੜ ਜੰਗਲ ਜਿਸ ਨੂੰ ਬੇਜ਼ੁਬਾਨ ਪਸ਼ੂ ਪੰਛੀਆਂ ਦਾ ਆਸ਼ਿਆਨਾ ਕਿਹਾ ਜਾਂਦਾ ਹੈ ਵਿਕਾਸ ਦੇ ਨਾਮ ਤੇ ਆਈ ਟੀ ਪਾਰਕ ਬਣਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਨੇ ਰਾਤੋ ਰਾਤ ਜੇ ਸੀ ਬੀ ਮਸ਼ੀਨਾਂ ਤੇ ਬੁਲਡੋਜਰਾਂ ਨਾਲ ਦਰਖਤਾਂ ਨੂੰ ਪੁੱਟ ਸੁੱਟਿਆ ਤੇ ਅੱਗ ਲਗਾ ਦਿੱਤੀ ਜਿਸ ਨਾਲ ਜੰਗਲ ਵਿੱਚ ਰਹਿ ਰਹੇ ਹਾਥੀ ਸ਼ੇਰ ਮਿਰਗ ਹਿਰਨ ਮੋਰ ਤੇ ਹਜਾਰਾਂ ਕਿਸਮ ਦੇ ਜਾਨਵਰ ਕੁਰਲਾ ਉੱਠੇ ਅਣਗਿਣਤ ਪਰਿੰਦੇ ਮਰ ਗਏ ਹਨ। ਇਸ ਸਬੰਧੀ ਵਾਤਾਵਰਣ ਤੇ ਪਸ਼ੂ ਪੰਛੀ ਪਰੇਮੀ ਮਹਾਂਪੁਰਸ਼ ਸੰਤ ਬਾਬਾ ਦਰਸ਼ਨ ਸਿੰਘ ਜੀ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਾਲਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਦੇ ਨਾਮ ਤੇ ਜੰਗਲਾਂ ਦੀ ਕਟਾਈ ਤੇ ਅਣਗਿਣਤ ਪਸ਼ੂ ਪੰਛੀਆਂ ਦਾ ਉਜਾੜਾ ਤੇ ਉਹਨਾ ਦਾ ਮਾਰੇ ਜਾਣਾ ਕਿਸੇ ਇਨਸਾਨੀਅਤ ਦਾ ਨਹੀਂ ਸਗੋਂ ਹੈਵਾਨੀਅਤ ਵਾਲਾ ਕਾਰਾ ਹੈ। ਉਹਨਾ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਇਸ ਸਬੰਧੀ ਵਾਇਰਲ ਹੋ ਰਹੀਆਂ ਵੀਡੀਓਜ ਵਿਚ ਕਿਵੇਂ ਬੇਜ਼ੁਬਾਨ ਪਸ਼ੂ ਪੰਛੀ ਕੁਰਲਾ ਰਹੇ ਹਨ ਤੇ ਰੋ ਰਹੇ ਹਨ ਜਿੰਨਾ ਨੂੰ ਦੇਖਕੇ ਦਿਲ ਨੂੰ ਬਹੁਤ ਪੀੜਾ ਹੋ ਰਹੀ ਹੈ ਕਿ ਅੱਜ ਦਾ ਮਨੁੱਖ ਇਨਾ ਗਿਰ ਚੁੱਕਾ ਹੈ ਕਿ ਉਹ ਸਾਮਣੇ ਮਰ ਰਹੇ ਬੇਜ਼ੁਬਾਨਾਂ ਤੇ ਭੋਰਾ ਵੀ ਤਰਸ ਨੀ ਕਰ ਰਿਹਾ। ਉਹਨਾ ਬੜੇ ਅਫਸੋਸ ਨਾਲ ਕਿਹਾ ਕਿ ਅੱਜ ਦੇ ਨੇਤਾਵਾਂ ਨੂੰ ਇਹਨਾ ਬੇਜੁਬਾਨਾਂ ਦੀਆਂ ਚੀਕਾਂ ਪੁਕਾਰਾਂ ਸੁਣਕੇ ਕਿਉਂ ਨੀ ਤਰਸ ਆ ਰਿਹਾ । ਮਹਾਂਪੁਰਖਾਂ ਨੇ ਵਿਸ਼ਵ ਵਿਦਿਆਲਾ ਦੇ ਵਿਦਿਆਰਥੀਆਂ ਦੀ ਸਲਾਘਾ ਕੀਤੀ ਜਿੰਨਾ ਨੇ ਬੇਜੁਬਾਨਿਆਂ ਦੀ ਖਾਤਰ ਰੋਸ ਮੁਜਾਹਰੇ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਿਸ ਕਰਕੇ ਮਾਨਯੋਗ ਸੁਪਰੀਮ ਕੋਰਟ ਨੇ ਇਸ ਜੰਗਲ ਦੀ ਕਟਾਈ ਤੇ ਰੋਕ ਲਗਾ ਦਿੱਤੀ ਹੈ ਜੋ ਕਿ ਸਲਾਘਾਯੋਗ ਫੈਸਲਾ ਹੈ। ਮਹਾਂਪੁਰਸ਼ਾਂ ਨੇ ਕਿਹਾ ਕਿ ਇਸ ਧਰਤੀ ਤੇ ਇਕੱਲੇ ਮਨੁੱਖ ਨੂੰ ਹੀ ਰਹਿਣ ਦਾ ਹੱਕ ਨਹੀਂ ਸਗੋਂ ਪ੍ਰਮਾਤਮਾਂ ਦੇ ਸਾਜੇ ਹੋਏ ਹਰੇਕ ਜੀਵ ਨੂੰ ਇਸ ਧਰਤੀ ਤੇ ਰਹਿਣ ਦਾ ਅਧਿਕਾਰ ਹੈ। ਉਹਨਾ ਕਿਹਾ ਕੀ ਲੋਕਤੰਤਰ ਵਿੱਚ ਇਨਸਾਨ ਹੀ ਸ਼ਾਮਿਲ ਹੈ ਪਸ਼ੂ ਪੰਛੀ ਨਹੀਂ ? ਉਹਨਾ ਕਿਹਾ ਕਿ ਪਸ਼ੂ ਪੰਛੀਆਂ ਦੀਆਂ ਚੀਕਾਂ ਕੂਕ ਪੁਕਾਰਾਂ ਕੀ ਇਨਸਾਨੀਅਤ ਲਈ ਕੋਈ ਮਾਇਨਾ ਨਹੀ ਰੱਖਦੀਆਂ ? ਕੀ ਵਿਕਾਸ ਦੇ ਨਾਮ ਤੇ ਬੇਜੁਬਾਨਿਆਂ ਨਾਲ ਅਨਿਆਏ ਕਰਨਾਂ ਠੀਕ ਹੈ ਆਦਿਕ ਸਵਾਲ ਇਨਸਾਨ ਤੋਂ ਜਵਾਬ ਮੰਗਦੇ ਹਨ। ਮਹਾਂਪੁਰਸ਼ਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਜੰਗਲਾਂ ਦੀ ਅੰਧਾਧੁੰਦ ਕਟਾਈ ਬੰਦ ਕਰਵਾਉਣ ਲਈ ਤੇ ਬੇਜ਼ੁਬਾਨ ਪਸ਼ੂ ਪੰਛੀਆਂ ਦੇ ਰੱਖ ਰਖਾਬ ਲਈ ਸਾਰਥਿਕ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਪ੍ਰਮਾਤਮਾਂ ਦਾ ਸਾਜਿਆ ਹੋਇਆ ਹਰੇਕ ਜੀਵ ਜੰਤੂ ਇਸ ਧਰਤੀ ਤੇ ਸੁੱਖ ਦਾ ਸਾਹ ਲੈ ਸਕੇ । ਉਹਨਾ ਕਿਹਾ ਕਿ ਜੇ ਜੰਗਲ ਹੀ ਨਾ ਰਹੇ ਤਾਂ ਜੰਗਲੀ ਜੀਵ ਜੰਤੂ ਕਿਵੇਂ ਬਚਣਗੇ । ਜਿਕਰਯੋਗ ਹੈ ਕਿ ਬਾਬਾ ਜੀ ਜੰਗਲੀ ਜੀਵਾਂ,ਪਸ਼ੂ ਪੰਛੀਆਂ ਦੀ ਸੇਵਾ ਸੰਭਾਲ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਹਮੇਸ਼ਾਂ ਚਿੰਤਤ ਰਹਿੰਦੇ ਹਨ ਅਤੇ ਮਹਾਂਪੁਰਸ਼ਾਂ ਦੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਜੰਗਲੀ ਜੀਵਾਂ ਨੂੰ ਸੁਰੱਖਿਅਤ ਅਤੇ ਨਿਰੋਗ ਰੱਖਿਆ ਜਾਵੇ ।

ਖੇਤੀ ਮੰਡੀ ਖਰੜਾ, ਫਸਲਾਂ ਲੁੱਟਣ ਦਾ ਮਸੌਦਾ ਰੋਕਣ ਲਈ ਆਵਾਜ਼ ਉਠਾਉਣ ਦਾ ਸੱਦਾ- ਲੋਕ ਮੋਰਚਾ ਪੰਜਾਬ
ਸਮਰਾਲਾ, 31 ਮਾਰਚ ( ਵਰਿੰਦਰ ਸਿੰਘ ਹੀਰਾ) ਲੋਕ ਮੋਰਚਾ ਪੰਜਾਬ ਵੱਲੋਂ ਕਸਬਾ ਡੇਹਲੋਂ (ਲੁਧਿਆਣਾ) ਵਿਖੇ ਸੰਘਰਸ਼ਸ਼ੀਲ ਕਿਸਾਨਾਂ, ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ, ਅਧਿਆਪਕਾਂ, ਨੌਜਵਾਨਾਂ ਨਾਲ ਮੀਟਿੰਗ ਕੀਤੀ ਗਈ ਅਤੇ ਬਜ਼ਾਰ ਤੋਂ ਬੱਸ ਅੱਡੇ ਤੱਕ ਮਾਰਚ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਲੋਕ ਮੋਰਚਾ ਪੰਜਾਬ (ਸਮਰਾਲਾ) ਦੇ ਆਗੂ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਹਕੂਮਤ ਦੁਆਰਾ ਭੇਜੇ ਖੇਤੀ ਮੰਡੀਕਰਨ ਦੇ ਖਰੜੇ ਦੀ ਲੋਕ ਦੋਖੀ ਖ਼ਸਲਤ ਉਭਾਰੀ ਗਈ ਤੇ ਖਰੜਾ ਰੱਦ ਕਰਨ ਦੀ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਗਿਆ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਇਹ ਖਰੜਾ ਭਾਵੇਂ ਪੰਜਾਬ ਵਿਧਾਨ ਸਭਾ ਨੇ ਰੱਦ ਕਰ ਦਿੱਤਾ ਹੈ ਪਰ ਇਹ ਕੇਂਦਰ ਦਾ ਹੈ ਤੇ ਉਹ ਇਸ ਨੂੰ ਲਾਗੂ ਕਰਨ ਲਈ ਕਾਹਲੀ ਵਿੱਚ ਹੈ। ਇਹ ਖਰੜਾ ਸਰਕਾਰੀ ਮੰਡੀਆਂ ਦੀ ਥਾਂ ਦੇਸੀ ਵਿਦੇਸ਼ੀ ਕੰਪਨੀਆਂ ਦੇ ਸਾਇਲੋ ਤੇ ਕੋਲਡ ਸਟੋਰਾਂ ਨੂੰ ਹੀ ਮੰਡੀਆਂ ਬਣਾਉਣ ਅਤੇ ਕੰਪਨੀਆਂ ਨੂੰ ਖੇਤ ’ਚੋਂ ਸਿੱਧੀ ਖ਼ਰੀਦ ਕਰਨ ਦੀ ਖੁੱਲ੍ਹ ਦੇਣ ਦਾ ਹੁਕਮਨਾਮਾ ਹੈ ਜੋ ਸਟੋਰ ਕਰਨ ਤੇ ਵੇਚਣ ਦੇ ਅਧਿਕਾਰ ਦਿੰਦਾ ਹੈ। ਅੰਬਾਨੀਆਂ, ਅਡਾਨੀਆਂ ਤੋਂ ਬੇਹੱਦ ਵੱਡੀਆਂ ਵਿਦੇਸ਼ੀ ਕੰਪਨੀਆਂ ਦਾ ਦੁਨੀਆਂ ’ਚ ਅਨਾਜ ਵਪਾਰ ਦੇ 70 ਪ੍ਰਤੀਸ਼ਤ ਉੱਤੇ ਕਬਜ਼ਾ ਹੈ। ਇਹਨਾਂ ਕੋਲ ਆਪਣੇ ਹੀ ਜਹਾਜ਼, ਸ਼ਿੱਪ, ਰੇਲਾਂ ਤੇ ਟਰੱਕ ਹਨ। ਨੋਟਾਂ ਦੇ ਢੇਰ ਹਨ।
ਸੂਬਾ ਸਕੱਤਰ ਨੇ ਅੱਗੇ ਕਿਹਾ ਕਿ ਖਰੜੇ ਦੇ ਲਾਗੂ ਹੋਣ ਦਾ ਮਤਲਬ ਕਿਸਾਨਾਂ ਦੀ ਫਸਲ ਦੀ ਲੁੱਟ ਤੇ ਮੰਡੀਆਂ ਵਿੱਚੋਂ ਮੁਲਾਜ਼ਮਾਂ ਤੇ ਮਜ਼ਦੂਰਾਂ ਦੀ ਛਾਂਟੀ ਹੋਵੇਗੀ। ਖੇਤੀ ਪੈਦਾਵਾਰ ਕੌਡੀਆਂ ਦੇ ਭਾਅ ਲੁੱਟੀ ਜਾਣੀ ਹੈ। ਖੁੰਘਲ ਹੋਈ ਕਿਸਾਨੀ ਸੂਦਖੋਰੀ ਕਰਜ਼ੇ ਦੇ ਤੰਦੂਏ ਜਾਲ ਵਿੱਚ ਫਸ ਜਾਣ ਦੇ ਹਾਲਤ ਬਣੇਗੀ। ਗਰੀਬੀ ਮਾਰੀ ਕਿਸਾਨੀ ਜ਼ਮੀਨਾਂ ਵੇਚਣ ਲਈ ਸਰਾਪੀ ਜਾਵੇਗੀ। ਜਨਤਕ ਵੰਡ ਪ੍ਰਣਾਲੀ ਦਾ ਪੂਰੀ ਤਰ੍ਹਾਂ ਗਲ਼ ਘੁੱਟਿਆ ਜਾਵੇਗਾ। ਮੰਡੀਆਂ ਵਿੱਚ ਕੰਮ ਕਰਦੇ ਪੱਲੇਦਾਰ ਮਜ਼ਦੂਰ ਬੇਰੁਜ਼ਗਾਰੀ ਮੂੰਹ ਧੱਕੇ ਜਾਣਗੇ। ਖਰੀਦ ਏਜੰਸੀਆਂ ਦੀ ਸਫ ਲਪੇਟੀ ਜਾਵੇਗੀ। ਨੌਜਵਾਨਾਂ ਵਿਚ ਬੇਰੁਜ਼ਗਾਰਾਂ ਦੀ ਨਫ਼ਰੀ ਵਧੇਗੀ। ਖੇਤੀ ਪੈਦਾਵਾਰ ਨਾਲ ਜੁੜੇ ਕਰੋੜਾਂ ਕਾਰੋਬਾਰੀਆਂ ਦੇ ਕਾਰੋਬਾਰ ਉਖੜਨਗੇ। ਟਰੱਕਾਂ ਵਾਲਿਆਂ ਦੇ ਕਿੱਤੇ ’ਤੇ ਵੀ ਮਾੜਾ ਅਸਰ ਪਵੇਗਾ। ਘੱਟ ਤਨਖਾਹਾਂ ਵਾਲੇ ਠੇਕਾ ਮੁਲਾਜ਼ਮ ਹੋਰ ਵਧੇਰੇ ਗਰੀਬੀ ਮੂੰਹ ਧੱਕੇ ਜਾਣਗੇ। ਪ੍ਰਚੂਨ ਖੇਤਰ ਵਿੱਚ ਇਹਨਾਂ ਦੇ ਆਉਣ ਨਾਲ ਅਨੇਕਾਂ ਦੁਕਾਨਾਂ ਨੂੰ ਤਾਲੇ ਲੱਗ ਜਾਣ ਦੀ ਨੌਬਤ ਆ ਜਾਣੀ ਹੈ। ਪਹਿਲਾਂ ਖੁੱਲੇ ਮਾਲਾਂ ਨੇ ਬਥੇਰੀ ਮਾਰ ਮਾਰੀ ਹੈ। ਦੂਜੇ ਪਾਸੇ ਕੰਪਨੀਆਂ ਖੇਤੀ ਪੈਦਾਵਾਰ ਨੂੰ ਮਨ ਆਏ ਭਾਅ ਖਰੀਦ ਕਰਨਗੀਆਂ ਤੇ ਮਨ ਚਾਹੇ ਭਾਅ ਵੇਚਣਗੀਆਂ। ਮਾਇਆ ਦੇ ਢੇਰ ਹੋਰ ਵੱਡੇ ਕਰ ਲੈਣਗੀਆਂ।
ਇਕੱਤਰਤਾ ਦੇ ਅੰਤ ’ਤੇ ਸਕੱਤਰ ਨੇ ਇਕੱਤਰ ਹੋਏ ਲੋਕਾਂ ਨੂੰ ਇਸ ਖਰੜੇ ਨੂੰ ਰੱਦ ਕਰਾਉਣ ਤੇ ਮੰਡੀਆਂ ’ਚ ਲੋਕ ਪੱਖੀ ਸੁਧਾਰ ਕਰਵਾਉਣ ਲਈ ਵਿਸ਼ਾਲ ਏਕਾ ਤੇ ਮਜ਼ਬੂਤ ਸੰਘਰਸ਼ ਦੇ ਅਖਾੜੇ ਭਖਾਉਣ ਦੀ ਲੋੜ ਨੂੰ ਭਰਵਾਂ ਹੁੰਗਾਰਾ ਭਰਨ ਦਾ ਸੱਦਾ ਦਿੱਤਾ ਹੈ। ਖੇਤੀ ਦੀ ਤਰੱਕੀ ਵਾਸਤੇ ਵੱਡੇ ਜਗੀਰਦਾਰਾਂ ਤੇ ਕਾਰਪੋਰੇਟਾਂ ਨੂੰ ਸਿੱਧੇ ਮੋਟੇ ਟੈਕਸ ਲਾਏ ਜਾਣੇ ਚਾਹੀਦੇ ਹਨ। ਬਜ਼ਟਾਂ ਦਾ ਵੱਡਾ ਹਿੱਸਾ ਖੇਤੀ ਤੇ ਲੋਕ ਭਲਾਈ ’ਤੇ ਲਾਇਆ ਜਾਣਾ ਚਾਹੀਦਾ ਹੈ। ਦੇਸ਼ ਲਈ ਮਿਹਨਤ ਮਜ਼ਦੂਰੀ ਕਰਦੇ ਕਿਸਾਨਾਂ ਤੇ ਕਿਰਤੀਆਂ ਨੂੰ ਬੱਝਵੀਂ ਤਨਖ਼ਾਹ ਮਿਲਣੀ ਚਾਹੀਦੀ ਹੈ। ਇਨਕਲਾਬੀ ਜ਼ਮੀਨੀ ਸੁਧਾਰ ਹੋਣੇ ਚਾਹੀਦੇ ਹਨ। ਜ਼ਮੀਨਾਂ ਨੂੰ ਜੋਕ ਬਣ ਚਿੰਬੜੇ ਜਾਗੀਰਦਾਰਾਂ ਦੀ ਜ਼ਮੀਨ ਤੇ ਸੰਦ ਸਾਧਨ ਸਾਰੇ ਖੇਤ ਮਜ਼ਦੂਰ ਪਰਿਵਾਰਾਂ, ਬੇਜ਼ਮੀਨੇ ਤੇ ਥੁੜ-ਜ਼ਮੀਨੇ ਕਿਸਾਨਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ। ਸਾਮਰਾਜੀ ਕੰਪਨੀਆਂ ਦੀਆਂ ਜਾਇਦਾਦਾਂ ਤੇ ਪੂੰਜੀ ਜ਼ਬਤ ਕਰਕੇ ਖੇਤੀ ਵਿਕਾਸ ਵਿੱਚ ਤੇ ਲੋਕ ਭਲਾਈ ਲਈ ਖਰਚੇ ਜਾਣ ਦੀ ਜ਼ਰੂਰਤ ਹੈ। ਮਾਈਕਰੋ ਫਾਈਨਾਂਸ ਕੰਪਨੀਆਂ ਤੇ ਸੂਦਖੋਰਾਂ ਦੇ ਕਰਜ਼ਿਆਂ ’ਤੇ ਕਾਟਾ ਮਾਰਿਆ ਜਾਣਾ ਚਾਹੀਦਾ ਹੈ। ਜ਼ਿੰਦਗੀ ਦੇ ਹਰੇਕ ਖੇਤਰ ਵਿੱਚੋਂ ਜਗੀਰਦਾਰੀ ਅਤੇ ਸਾਮਰਾਜੀ ਲੁੱਟ ਦੇ ਮੁਕੰਮਲ ਖਾਤਮੇ ਦੀ ਆਵਾਜ਼ ਉਠਾਉਣ ਦੀ ਲੋੜ ਹੈ। ਇਸ ਮੌਕੇ ਅੰਦੋਲਨਕਾਰੀ ਕਿਸਾਨਾਂ, ਆਦਿਵਾਸੀਆਂ ’ਤੇ ਜਾਬਰ ਪੁਲੀਸ/ਫੌਜੀ ਹਮਲਿਆਂ ਤੇ ਕਾਲ਼ੇ ਕਾਨੂੰਨਾਂ ਖਿਲਾਫ਼ ਮਤੇ ਪਾਸ ਕੀਤੇ ਗਏ। ਇਸ ਇਕੱਤਰਤਾ ਵਿੱਚ ਹਰਜਿੰਦਰ ਸਿੰਘ, ਕਸਤੂਰੀ ਲਾਲ, ਤਰਸੇਮ ਲਾਲ, ਚਰਨ ਸਿੰਘ ਨੂਰਪੁਰਾ, ਭਰਪੂਰ ਸਿੰਘ, ਮੇਜਰ ਸਿੰਘ, ਸੁਰਜੀਤ ਸਿੰਘ, ਸੁਦਾਗਰ ਸਿੰਘ ਘੁਡਾਣੀ ਕਲਾਂ, ਹਿੰਮਤ ਸਿੰਘ, ਸੁਰਿੰਦਰ ਸਿੰਘ ਧਾਂਦਰਾ, ਬਲਵੰਤ ਸਿੰਘ, ਜਗਤਾਰ ਸਿੰਘ ਜੱਸੋਵਾਲ ਸ਼ੂਦਾਂ, ਜਗਦੀਸ਼ ਕੁਮਾਰ, ਸ਼ੈਰੀ ਸਿਹੋੜਾ, ਗੁਰਮੀਤ ਸਿੰਘ ਕਿਲ੍ਹਾ ਰਾਏਪੁਰ ਆਦਿ ਨੇ ਸਰਗਰਮੀ ਨਾਲ ਹਿੱਸਾ ਲਿਆ। ਸਟੇਜ ਦੀ ਕਾਰਵਾਈ ਕੁਲਵੰਤ ਸਿੰਘ ਤਰਕ ਸਮਰਾਲਾ ਨੇ ਨਿਭਾਈ। ਅਖੀਰ ਉਨ੍ਹਾਂ ਇਕੱਤਰਤਾ ਵਿੱਚ ਸ਼ਾਮਲ ਸਾਥੀਆਂ ਦਾ ਧੰਨਵਾਦ ਕੀਤਾ।

ਮੁਲਾਜਮ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਲੋਕ ਵਿਰੋਧੀ ਬਜਟ ਦੀਆਂ ਕਾਪੀਆਂ ਫੂਕੀਆਂ ।
ਸਮਰਾਲਾ, 28 ਮਾਰਚ ( ਵਰਿੰਦਰ ਸਿੰਘ ਹੀਰਾ) ਅੱਜ ਮੁਲਾਜ਼ਮ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਮੇਨ ਚੌਂਕ ਸਮਰਾਲਾ ਵਿਖੇ ਲੋਕ ਵਿਰੋਧੀ ਬਜਟ ਦੀਆਂ ਕਾਪੀਆਂ ਫੂਕੀਆਂ ਗਈਆਂ। ਵੱਖ ਵੱਖ ਜਥੇਬੰਦੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਦੇ ਮੰਡਲ ਪ੍ਰਧਾਨ ਸਿਕੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਧਾਨ ਸਭਾ ਵਿੱਚ ਭਗਵੰਤ ਮਾਨ ਸਰਕਾਰ ਨੇ ਲੋਕ ਵਿਰੋਧੀ ਬਜਟ ਪੇਸ਼ ਕਰਕੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਧੋਖਾ ਕੀਤਾ ਹੈ। ਮੌਜੂਦਾ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਠੰਡੇ ਬਸਤੇ ਪਾਇਆ ਹੋਇਆ ਹੈ। ਜਿਸ ਦਾ ਖਮਿਆਜਾ ਭੁਗਤਨ ਲਈ ਪੰਜਾਬ ਸਰਕਾਰ ਤਿਆਰ ਰਹੇ। ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਸਮਰਾਲਾ ਦੇ ਪ੍ਰਧਾਨ ਮੇਘ ਸਿੰਘ ਜਵੰਦਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਔਰਤਾਂ ਲਈ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ ਆਪਣੇ ਚੌਥੇ ਬਜਟ ਵਿੱਚ ਵੀ ਪੂਰਾ ਨਹੀਂ ਕੀਤਾ। ਮਾਨ ਸਰਕਾਰ ਆਮ ਲੋਕਾਂ ਲਈ ਲਾਰਿਆਂ ਵਾਲੀ ਸਰਕਾਰ ਸਾਬਤ ਹੋਈ ਹੈ। ਪੰਜਾਬ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਸ ਪਾਸੇ ਮੁਲਾਜ਼ਮ ਤੇ ਪੈਨਸ਼ਨਰਜ਼ ਹੋ ਜਾਂਦੇ ਹਨ, ਪੰਜਾਬ ਅੰਦਰ ਵੀ ਉਹੀ ਸਿਆਸੀ ਪਾਰਟੀ ਰਾਜਸੱਤਾ ਦਾ ਸੁੱਖ ਮਾਣਦੀ ਹੈ, ਪ੍ਰੰਤੂ ਭਗਵੰਤ ਮਾਨ ਸਰਕਾਰ ਇਹ ਗੱਲ ਦੀ ਸ਼ਾਇਦ ਸਮਝ ਨਹੀਂ ਪੈ ਰਹੀ। ਡੀ.ਟੀ.ਐਫ. ਜਿਲਾ ਲੁਧਿਆਣਾ ਦੇ ਜਨਰਲ ਸਕੱਤਰ ਰੁਪਿੰਦਰ ਗਿੱਲ ਨੇ ਕਿਹਾ ਕਿ ਸਰਕਾਰ ਨੇ ਬਜਟ ਸੈਸ਼ਨ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਕੋਈ ਦਾ ਕੋਈ ਐਲਾਨ ਨਹੀਂ ਕੀਤਾ। ਪੈਨਸ਼ਨਰ ਮਹਾਂ ਸੰਘ ਦੇ ਸਰਪ੍ਰਸਤ ਕੁਲਵੰਤ ਤਰਕ ਨੇ ਕਿਹਾ ਕਿ ਇਹ ਬਜਟ ਕਾਰਪੋਰੇਟ ਪੱਖੀ ਹੈ ਜੋ ਕਿ ਇਹ ਸਿੱਧ ਕਰਦਾ ਹੈ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਵਾਂਗ ਕਾਰਪੋਰੇਟ ਘਰਾਣਿਆਂ ਦਾ ਹੱਥ ਠੋਕਾ ਬਣ ਚੁੱਕੀ ਹੈ। ਇਸ ਨੂੰ ਆਮ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੈ। ਇਸ ਲਈ ਆਮ ਲੋਕਾਂ ਨੂੰ ਆਪਣੇ ਹੱਕ ਲੈਣ ਲਈ ਇਨ੍ਹਾਂ ਵਿਰੁੱਧ ਲਾਮਵੰਦ ਹੋਣਾ ਹੀ ਪੈਣਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਵਰਕਾਮ ਪੈਨਸ਼ਨਰ ਐਸੋ: ਦੇ ਸਕੱਤਰ ਜੁਗਲ ਕਿਸ਼ੋਰ ਸਾਹਨੀ, ਪਿੰਦਰਪਾਲ ਸਿੰਘ, ਦਰਸ਼ਨ ਸਿੰਘ ਗੜ੍ਹੀ, ਦਰਸ਼ਨ ਸਿੰਘ ਕੋਟਾਲਾ, ਪ੍ਰੇਮ ਕੁਮਾਰ, ਜਗਤਾਰ ਸਿੰਘ ਪ੍ਰੈਸ ਸਕੱਤਰ, ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਦੇ ਜਨਰਲ ਸਕੱਤਰ ਰਿਟਾ: ਲੈਕ: ਵਿਜੇ ਕੁਮਾਰ ਸ਼ਰਮਾ, ਚਰਨਜੀਤ ਸਿੰਘ ਸੀਨੀਅਰ ਵਾਈਸ ਪ੍ਰਧਾਨ, ਜੈ ਰਾਮ, ਬਲਵਿੰਦਰ ਸਿੰਘ, ਮੇਲਾ ਸਿੰਘ, ਗੁਰਚਰਨ ਸਿੰਘ, ਹਿੰਮਤ ਸਿੰਘ, ਸੁਨੀਲ ਕੁਮਾਰ, ਅਸ਼ੋਕ ਕੁਮਾਰ, ਮਹਾਂਸੰਘ ਸਮਰਾਲਾ ਦੇ ਜਨਰਲ ਸਕੱਤਰ ਜਗਤਾਰ ਸਿੰਘ ਆਦਿ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਨਾਲ ਸਬੰਧਿਤ ਮੁਲਾਜ਼ਮ ਅਤੇ ਪੈਨਸ਼ਨਰਜ਼ ਅਤੇ ਅਧਿਆਪਕ ਹਾਜ਼ਰ ਸਨ।

ਬੀ. ਕੇ. ਯੂ. (ਲੱਖੋਵਾਲ) ਦੀ 28 ਮਾਰਚ ਨੂੰ ਡੀ. ਸੀ. ਲੁਧਿਆਣਾ ਨੂੰ ਮੰਗ ਪੱਤਰ ਸੌਂਪਣ ਸਬੰਧੀ ਮੀਟਿੰਗ।
ਖਨੌਰੀ ਅਤੇ ਸ਼ੰਭੂ ਬਾਰਡਰ ਮੋਰਚੇ ਨੂੰ ਖੰਡਾਉਣਾ ਪੰਜਾਬ ਅਤੇ ਕੇਂਦਰ ਸਰਕਾਰਾਂ ਦੀ ਆਪਸੀ ਮਿਲੀ ਭੁਗਤ – ਮੇਹਲੋਂ/ਪਾਲਮਾਜਰਾ/ਢੀਂਡਸਾ
ਸਮਰਾਲਾ, 25 ਮਾਰਚ ( ਵਰਿੰਦਰ ਸਿੰਘ ਹੀਰਾ) ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ 28 ਮਾਰਚ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ਦੀ ਲਾਮਬੰਦੀ ਸਬੰਧੀ ਜਰੂਰੀ ਮੀਟਿੰਗ ਯੂਨੀਅਨ ਦੇ ਸਰਪ੍ਰਸਤ ਅਵਤਾਰ ਸਿੰਘ ਮੇਹਲੋਂ, ਪਰਮਿੰਦਰ ਸਿੰਘ ਪਾਲਮਾਜਰਾ ਸੂਬਾ ਜਨਰਲ ਸਕੱਤਰ ਅਤੇ ਮਨਜੀਤ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਰਪ੍ਰਸਤ ਮੇਹਲੋਂ ਅਤੇ ਸੂਬਾ ਜਨਰਲ ਸਕੱਤਰ ਪਾਲਮਾਜਰਾ ਨੇ ਕਿਹਾ ਕਿ 19 ਮਾਰਚ ਨੂੰ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਆਗੂਆਂ ਨੂੰ ਮੀਟਿੰਗ ਦਾ ਸੱਦਾ ਦੇ ਕੇ ਗਲਤ ਤਰੀਕੇ ਨਾਲ ਗ੍ਰਿਫਤਾਰ ਕਰਨਾ, ਖਨੌਰੀ ਅਤੇ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਪੁਲਿਸ ਫੋਰਸ ਦੀ ਮੱਦਦ ਨਾਲ ਉਠਾਉਣਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਮਿਲੀਭੁਗਤ ਨੇ ਸਾਬਤ ਕਰ ਦਿੱਤਾ ਹੈ ਕਿ ‘ਆਪ’ ਬੀ. ਜੇ. ਪੀ. ਦੀ ‘ਬੀ’ ਟੀਮ ਹੈ। ਮਨਜੀਤ ਸਿੰਘ ਢੀਂਡਸਾ ਪ੍ਰਧਾਨ, ਅੰਮ੍ਰਿਤ ਸਿੰਘ ਰਾਜੇਵਾਲ ਅਤੇ ਹਰਦੀਪ ਸਿੰਘ ਭਰਥਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਲੋਕਾਂ ਨੇ 2022 ਵਿੱਚ ਆਮ ਆਦਮੀ ਪਾਰਟੀ ਨੂੰ ਦੂਜੀਆਂ ਰਿਵਾਇਤੀ ਪਾਰਟੀਆਂ ਦੇ ਵਿਰੋਧ ਵਿੱਚ ਜਿਤਾ ਕੇ ਭੇਜਿਆ ਸੀ, ਪ੍ਰੰਤੂ ਇਨ੍ਹਾਂ ਨੂੰ ਘੁਮੰਡ ਹੋ ਗਿਆ ਕਿ ਅਸੀਂ ਆਪਣੀ ਕਾਬਲੀਅਤ ਨਾਲ ਜਿੱਤੇ ਹਾਂ, ਦੂਸਰਾ ਇਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸਬਜਬਾਗ ਦਿਖਾ ਕੇ ਲੁੱਟ ਲਿਆ। ਇਸ ਮੌਕੇ ਪੰਜਾਬ ਦੇ ਨੌਜਵਾਨਾਂ ਨੂੰ ਪਿੱਛੇ ਧੱਕ ਕੇ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਗੁਰਸੇਵਕ ਸਿੰਘ ਪ੍ਰਧਾਨ ਬਲਾਕ ਸਮਰਾਲਾ, ਰਵਿੰਦਰ ਸਿੰਘ ਅਕਾਲਗੜ੍ਹ ਪ੍ਰਧਾਨ ਬਲਾਕ ਮਾਛੀਵਾੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿਸ ਤਰ੍ਹਾਂ ਦੇ ਕੰਮ ਮੰਤਰੀ ਅਤੇ ਮੁੱਖ ਮੰਤਰੀ ਕਰ ਰਹੇ ਹਨ, ਉਨ੍ਹਾਂ ਨੂੰ ਆਖਰ ਜੇਲ੍ਹਾਂ ਅੰਦਰ ਜਾਣਾ ਹੀ ਪੈਣਾ ਹੈ। ਅਸੀਂ ਕਿਸਾਨ, ਮਜ਼ਦੂਰ ਜੇਲ੍ਹਾਂ ਤੋਂ ਨਹੀਂ ਡਰਦੇ, 28 ਮਾਰਚ ਨੂੰ ਸੰਯੁਕਤ ਮੋਰਚੇ ਦੇ ਸੱਦੇ ਉੱਤੇ ਡੀ. ਸੀ. ਦਫਤਰ ਲੁਧਿਆਣਾ ਦਾ ਘਿਰਾਓ ਕਰਨ ਲਈ ਭਾਕਿਯੂ (ਲੱਖੋਵਾਲ) ਦੇ ਕਿਸਾਨਾਂ ਤੇ ਮਜ਼ਦੂਰਾਂ ਅੰਦਰ ਭਾਰੀ ਉਤਸ਼ਾਹ ਹੈ ਅਤੇ ਵੱਡੀ ਗਿਣਤੀ ਵਿੱਚ ਯੂਨੀਅਨ ਵੱਲੋਂ ਕਿਸਾਨ ਤੇ ਮਜ਼ਦੂਰ ਲੁਧਿਆਣਾ ਪੁੱਜਣਗੇ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੁਰਿੰਦਰ ਸਿੰਘ ਭਰਥਲਾ ਮੀਤ ਪ੍ਰਧਾਨ ਲੁਧਿਆਣਾ, ਹਰਪ੍ਰੀਤ ਸਿੰਘ, ਪਮਨਦੀਪ ਸਿੰਘ ਮੀਤ ਪ੍ਰਧਾਨ ਜ਼ਿਲ੍ਹਾ ਲੁਧਿਆਣਾ, ਹਰਗੁਰਮੁੱਖ ਸਿੰਘ ਜਨਰਲ ਸਕੱਤਰ ਲੁਧਿਆਣਾ, ਬੇਅੰਤ ਸਿੰਘ ਤੁਰਮਰੀ ਬਲਾਕ ਪ੍ਰਧਾਨ ਖੰਨਾ, ਕੁਲਵਿੰਦਰ ਸਿੰਘ ਸਰਵਰਪੁਰ ਪ੍ਰਧਾਨ ਤਹਿਸੀਲ ਸਮਰਾਲਾ, ਸਮਸ਼ੇਰ ਸਿੰਘ, ਉੱਜਲ ਸਿੰਘ ਮੱਲ ਮਾਜਰਾ, ਹਜਾਰਾ ਸਿੰਘ ਸਰਪੰਚ ਅਕਾਲਗੜ੍ਹ, ਡਾ. ਹਰਬੰਸ ਸਿੰਘ, ਸਰਪੰਚ ਸੁਖਦੇਵ ਸਿੰਘ ਰੁਪਾਲੋਂ, ਕੈਪਟਨ ਗੁਰਚਰਨ ਸਿੰਘ ਮੁਤੋਂ, ਜਗਤਾਰ ਸਿੰਘ, ਸਿਕੰਦਰ ਸਿੰਘ ਮਾਦਪੁਰ, ਬਹਾਦਰ ਸਿੰਘ, ਰਣਜੀਤ ਸਿੰਘ ਫੌਜੀ, ਮਲਕੀਤ ਸਿੰਘ ਪਪੜੌਦੀ, ਕਮਿੱਕਰ ਸਿੰਘ, ਮਲਕੀਤ ਸਿੰਘ, ਜਸਵੰਤ ਸਿੰਘ ਢੀਂਡਸਾ, ਬਲਜਿੰਦਰ ਸਿੰਘ ਹਰਿਓਂਂ, ਗੁਰਮਨ ਸਿੰਘ ਰੋਹਣੋਂ, ਹਰਪਾਲ ਸਿੰਘ, ਮੇਜਰ ਸਿੰਘ ਬੰਬਾਂ, ਸਰਪੰਚ ਚਰਨਜੀਤ ਸਿੰਘ, ਸਤਵੰਤ ਸਿੰਘ, ਅਮਰੀਕ ਸਿੰਘ ਪਾਲ ਮਾਜਰਾ, ਕੁਲਵਿੰਦਰਜੀਤ ਸਿੰਘ, ਜਸਵਿੰਦਰ ਸਿੰਘ ਇਕਾਈ ਪ੍ਰਧਾਨ ਸਲੌਦੀ ਆਦਿ ਤੋਂ ਇਲਾਵਾ ਯੂਨੀਅਨ ਦੇ ਹੋਰ ਵਰਕਰ ਹਾਜਰ ਸਨ।

ਪ੍ਰਸਿੱਧ ਕਵਯਿਤ੍ਰੀ ਡਾ. ਜਸਪ੍ਰੀਤ ਕੌਰ ਫਲਕ “ਬ੍ਰਿਜ ਸ਼ਿਰੋਮਣੀ ਐਵਾਰਡ-2025” ਨਾਲ ਸਨਮਾਨਿਤ
ਲੁਧਿਆਣਾ, 25 ਮਾਰਚ ( ਰਵਿੰਦਰ ਸਿੰਘ ਢਿੱਲੋਂ ) ਭਾਰਤ ਅਤੇ ਨੇਪਾਲ ਵਿਚਕਾਰ ਸੱਭਿਆਚਾਰਕ ਸਾਂਝ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਭਾਰਤ-ਨੇਪਾਲ ਸਾਹਿਤ-ਸੰਸਕ੍ਰਿਤਿਕ ਮੇਲੇ ਦਾ ਆਯੋਜਨ ਵ੍ਰਿੰਦਾਵਨ (ਯੂ ਪੀ) ਦੇ ਗੀਤਾ ਖੋਜ ਸੰਸਥਾਨ ਵਿੱਚ ਕਰਵਾਇਆ ਗਿਆ। ਤਿੰਨ ਦਿਨਾਂ ਤਕ ਚੱਲੇ ਇਸ ਸੱਭਿਆਚਾਰਕ ਪਰੋਗਰਾਮ, ਜੋ ਸਾਂਝੀ ਵਿਰਾਸਤ, ਰਿਵਾਜਾਂ ਅਤੇ ਸਮਾਜਿਕ ਸਮਰੱਸਤਾ ਨੂੰ ਸਮਰਪਿਤ ਸੀ, ਦੌਰਾਨ ਪ੍ਰਸਿੱਧ ਕਵਯਿਤ੍ਰੀ ਡਾ. ਜਸਪ੍ਰੀਤ ਕੌਰ ਫਲਕ ਨੂੰ ਮਾਣਮੱਤੇ “ਬ੍ਰਿਜ ਸ਼ਿਰੋਮਣੀ ਐਵਾਰਡ-2025” ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਸਾਹਿਤ ਅਤੇ ਸੱਭਿਆਚਾਰ ਬਾਰੇ ਕੀਤੇ ਗਏ ਵਿਲੱਖਣ ਯੋਗਦਾਨ ਲਈ ਦਿੱਤਾ ਗਿਆ।
ਪੰਜਾਬ ਦੀ ਨੁਮਾਇੰਦਗੀ ਕਰਦਿਆਂ, ਡਾ. ਫਲਕ ਨੇ ਆਪਣੇ ਰੂਹਾਨੀ ਤੇ ਭਾਵਪੂਰਣ ਕਵਿਤਾ-ਪਾਠ ਰਾਹੀਂ ਦਰਸ਼ਕਾਂ ਨੂੰ ਕੀਲ ਲਿਆ। ਉਨ੍ਹਾਂ ਦੀ ਕਵਿਤਾ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਦੀ ਭਾਵਨਾ ਵਿੱਚ ਰੰਗੀ ਹੋਈ ਸੀ, ਜੋ ਦਰਸ਼ਕਾਂ ਦੇ ਦਿਲਾਂ ਵਿਚ ਗੂੰਜਣ ਲੱਗ ਪਈ:
“ਕ੍ਰਿਸ਼ਨਾ, ਤੇਰੀ ਪਵਿੱਤਰ ਧਰਤੀ ‘ਤੇ, ਮੈਂ ਆਈ ਹਾਂ ਪਹਿਲੀ ਵਾਰ,
ਪ੍ਰੇਮ ਭਰੇ, ਸ਼ਰਧਾ ਭਰੇ, ਪ੍ਰਣਾਮ ਕਰੋ ਕਬੂਲ ਹਜ਼ਾਰ।”
ਇਹ ਗਹਿਰੀ ਭਾਵਨਾ ਭਰਪੂਰ ਕਵਿਤਾ ਸੁਣਕੇ ਹਾਲ ਚ ਮੌਜੂਦ ਦਰਸ਼ਕ ਮੰਤਰਮੁਗਧ ਹੋ ਗਏ। ਡਾ. ਫਲਕ ਨੇ ਕਿਹਾ ਕਿ ਕ੍ਰਿਸ਼ਨ ਜੀ ਪ੍ਰਤੀ ਲੋਕਾਂ ਦੀ ਅਟੱਲ ਸ਼ਰਧਾ ਦੇਖਕੇ ਉਨ੍ਹਾਂ ਦਾ ਅੰਤਰਮਨ ਪ੍ਰਫੁੱਲਤ ਹੋ ਗਿਆ। ਉਨ੍ਹਾਂ ਨੇ ਇਸ ਤਜੁਰਬੇ ਨੂੰ ਇਕ ਅਵਿਸਮਰਨੀਅ ਯਾਦ ਦੱਸਦੇ ਹੋਏ, ਆਯੋਜਕਾਂ ਦੀ ਟੀਮ, ਵਿਸ਼ੇਸ਼ ਤੌਰ ‘ਤੇ ਡਾ. ਉਮੇਸ਼ ਸ਼ਰਮਾ, ਡਾ. ਵਿਜੈ ਪੰਡਿਤ, ਡਾ. ਹਰੇਂਦਰ ਹਰਸ਼, ਅਤੇ ਡਾ. ਦੇਵੀ ਪੰਥੀ ਵਲੋਂ ਕੀਤੇ ਉੱਦਮਾਂ ਲਈ ਧੰਨਵਾਦ ਪ੍ਰਗਟਾਇਆ।
ਇਸ ਸਮਾਰੋਹ ਦੀ ਸ਼ਾਨ ਨੂੰ ਵਧਾਉਂਦੇ ਹੋਏ, ਭਾਰਤ ਅਤੇ ਵਿਦੇਸ਼ ਤੋਂ ਆਏ ਪ੍ਰਸਿੱਧ ਸਾਹਿਤਕਾਰਾਂ ਤੇ ਕਵੀਆਂ ਨੇ ਹਿੱਸਾ ਲਿਆ। ਡਾ. ਪਦਮਨੀ (ਚੇਨਈ), ਸ਼ੀਤਲ ਦਿਵਯਾਨੀ (ਇੰਦੌਰ), ਪੱਲਵੀ ਰਾਮਪਾਲ (ਚੰਡੀਗੜ੍ਹ), ਅਤੇ ਡਾ. ਪੁਸ਼ਪਾ ਕਲਾਲ (ਉਦੈਪੁਰ) ਵਾਂਗੂ ਪੑਸਿੱਧ ਕਵਿਤ੍ਰੀਆਂ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਰਾਹੀਂ ਹਾਜ਼ਰੀਨ ਨੂੰ ਮੋਹ ਲਿਆ।
ਇਸ ਸਾਹਿਤ ਮੇਲੇ ਦੀ ਵਿਸ਼ੇਸ਼ ਖਿੱਚ ਮਸ਼ਹੂਰ ਫ਼ਿਲਮੀ ਅਦਾਕਾਰਾ ਅਤੇ ਸੰਸਦ ਮੈਂਬਰ ਸ੍ਰੀਮਤੀ ਹੇਮਾ ਮਾਲਿਨੀ ਦੀ ਹਾਜ਼ਰੀ ਰਹੀ। ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਭਾਰਤ ਅਤੇ ਨੇਪਾਲ ਵਿਚਕਾਰ ਡੂੰਘੀ ਸੱਭਿਆਚਾਰਕ ਅਤੇ ਇਤਿਹਾਸਕ ਨੇੜਤਾ ਉੱਤੇ ਜ਼ੋਰ ਦਿੰਦਿਆਂ, ਦੋਹਾਂ ਦੇਸ਼ਾਂ ਵਿੱਚ ਔਰਤਾਂ ਵਲੋਂ ਸਾਹਿਤਕ ਅਤੇ ਸੱਭਿਆਚਾਰਕ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਪਾਇਆ ਵਧੀਆ ਯੋਗਦਾਨ ਮੰਨਿਆ। ਉਨ੍ਹਾਂ ਨੇ ਇਹ ਵੀ ਆਖਿਆ ਕਿ ਅਜਿਹੇ ਸਾਹਿਤਕ ਅਤੇ ਸੱਭਿਆਚਾਰਕ ਸਮਾਗਮਾਂ ਨਾਲ ਭਾਈਚਾਰੇ ਅਤੇ ਏਕਤਾ ਦੇ ਨਾਤੇ ਹੋਰ ਪਕੇਰੇ ਹੁੰਦੇ ਹਨ।
ਆਯੋਜਕ ਸੰਸਥਾ ਨੇ ਭਵਿੱਖ ‘ਚ ਵੀ ਅਜਿਹੇ ਸਮਾਰੋਹ ਕਰਕੇ ਸਾਂਝੀ ਧਰੋਹਰ ਅਤੇ ਰਾਸ਼ਟਰੀ ਏਕਤਾ ਵਲੋਂ ਆਪਣਾ ਯੋਗਦਾਨ ਦੇਣ ਦੀ ਪ੍ਰਤੀਬੱਧਤਾ ਜ਼ਾਹਰ ਕੀਤੀ।

ਭਾਕਿਯੂ (ਲੱਖੋਵਾਲ) ਦੇ ਕਿਸਾਨ ਆਗੂਆਂ ਵੱਲੋਂ ਖਨੌਰੀ, ਸ਼ੰਭੂ ਮੋਰਚੇ ਉੱਪਰ ਸਰਕਾਰ ਦੀ ਜਾਲਮਾਨਾ ਢੰਗ ਨਾਲ ਕਾਰਵਾਈ ਦੀ ਨਿਖੇਧੀ।
ਪੰਜਾਬ ਸਰਕਾਰ ਕੇਂਦਰ ਦੇ ਇਸ਼ਾਰਿਆਂ ਦੇ ਚੱਲ ਕੇ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਦਬਾ ਸਕਦੀ – ਪਾਲਮਾਜਰਾ/ਢੀਂਡਸਾ/ਭਰਥਲਾ
ਸਮਰਾਲਾ, 20 ਮਾਰਚ ( ਸ ਨ ਬਿਊਰੋ.) ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ, ਮਨਜੀਤ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਅਤੇ ਹਰਦੀਪ ਸਿੰਘ ਭਰਥਲਾ ਮੀਤ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਨੇ ਗੈਰ ਰਾਜਨੀਤਿਕ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ, ਸ਼ੰਭੂ ਅਤੇ ਖਨੋਰੀ ਬਾਰਡਰਾਂ ਨੂੰ ਖਾਲੀ ਕਰਾਉਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾ ਰਹੀ ਹੈ। ਸਰਕਾਰ ਨੇ ਕਿਸਾਨ ਆਗੂਆਂ ਨੂੰ ਗੱਲਬਾਤ ਦੇ ਬਹਾਨੇ ਸੱਦ ਕੇ ਵਿਸ਼ਵਾਸ਼ਘਾਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਤਰੁਣਪ੍ਰੀਤ ਸਿੰਘ ਸੌਧ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਿਸਾਨ ਹਾਈਵੇ ਬੰਦ ਕਰਕੇ ਲੋਕਾਂ ਲਈ ਮੁਸ਼ਕਿਲ ਅਤੇ ਪੰਜਾਬ ਦੇ ਵਿਕਾਸ ਵਿੱਚ ਵਿਘਨ ਪਾ ਰਹੇ ਹਨ। ਇਹ ਗੱਲ ਕਿਸੇ ਅਨਪੜ੍ਹ ਨੂੰ ਤਾਂ ਕਹੀ ਜਾ ਸਕਦੀ ਹੈ ਜਦ ਕਿ ਸੜਕਾਂ ਉੱਪਰ ਪੱਥਰ, ਵੱਡੇ ਵੱਡੇ ਲੋਹੇ ਅਤੇ ਸੀਮਿੰਟ ਦੇ ਬੈਰੀਕੇਡ ਆਦਿ ਹਰਿਆਣਾ ਸਰਕਾਰ ਅਤੇ ਸੈਂਟਰ ਸਰਕਾਰ ਨੇ ਲਾਏ ਹਨ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ। ਫਿਰ ਮੁੱਖ ਮੰਤਰੀ ਕਿਉਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਕਿ ਕਿਸਾਨ ਆਪਣੀਆਂ ਮੰਗਾਂ ਵਾਸਤੇ ਦਿੱਲੀ ਜਾ ਕੇ ਗੱਲ ਕਰਨ। ਸਾਰੀ ਲੋਕਾਂ ਨੂੰ ਪਤਾ ਹੈ ਕਿ ਜੇ ਸੜਕਾਂ ਖੁੱਲੀਆ ਹੁੰਦੀਆਂ ਤਾਂ ਕਿਸਾਨਾਂ ਨੇ ਮੋਦੀ ਸਰਕਾਰ ਕੋਲ ਜਾ ਕੇ ਦਿੱਲੀ ਕਿਸੇ ਗਰਾਉਂਡ ਦੀ ਮੰਗ ਕੀਤੀ ਸੀ। ਸਰਕਾਰਾਂ ਕਿਸਾਨਾਂ ਨੂੰ ਕੁਟਦੀਆਂ ਵੀ ਹਨ ਅਤੇ ਰੋਣ ਨਹੀਂ ਦਿੰਦੀਆਂ। ਉਨ੍ਹਾਂ ਅੱਗੇ ਕਿਹਾ ਕਿ ਇਹ ਗੱਲ ਮਾਨਯੋਗ ਹਾਈ ਕੋਰਟ ਨੇ ਵੀ ਸਾਬਤ ਕੀਤੀ ਸੀ ਕਿ ਰਸਤਾ ਬੰਦ ਸਰਕਾਰ ਨੇ ਕੀਤਾ ਹੈ। ਇਸ ਨੂੰ ਖੋਲਣ ਦਾ ਆਦੇਸ਼ ਵੀ ਦਿੱਤਾ ਸੀ, ਨਾ ਕਿ ਕਿਸਾਨ ਉਪਰ ਜਬਰ ਜ਼ੁਲਮ ਢਾਹੁਣ ਲਈ ਕਿਹਾ ਸੀ। ਪੰਜਾਬ ਸਰਕਾਰ ਜੋ ਕੇਂਦਰ ਦੇ ਇਸ਼ਾਰਿਆਂ ਉੱਤੇ ਕੰਮ ਕਰਨ ਲੱਗੀ ਹੋਈ ਹੈ, ਕਿੰਨੇ ਕੁ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਡੱਕ ਦੇਵੇਗੀ, ਪੰਜਾਬ ਦੇ ਕਿਸਾਨ ਸਰਕਾਰ ਦੇ ਜਬਰ ਅੱਗੇ ਨਹੀਂ ਝੁਕਣਗੇ, ਸਗੋਂ ਹੋਰ ਬੁਲੰਦ ਹੋ ਕੇ ਆਪਣੀ ਹੱਕਾਂ ਲਈ ਸੰਘਰਸ਼ ਕਰਨਗੇ।

ਬਲਾਕ ਕਾਂਗਰਸ ਕਮੇਟੀ-ਸ਼ਹਿਰੀ ਸਮਰਾਲਾ ਦੀ ਮਹੀਨੇਵਾਰ ਮੀਟਿੰਗ ਪ੍ਰਧਾਨ ਸਨੀ ਦੂਆ ਦੀ ਅਗਵਾਈ ਵਿੱਚ ਹੋਈ ।
ਸਮਰਾਲਾ, 19 ਮਾਰਚ ( ਸ ਨ ਬਿਊਰੋ) ਬਲਾਕ ਕਾਂਗਰਸ ਕਮੇਟੀ ਸ਼ਹਿਰੀ ਸਮਰਾਲਾ ਦੀ 31 ਮੈਂਬਰੀ ਮੀਟਿੰਗ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ ਅਤੇ ਕੌਂਸਲਰ ਸੰਨੀ ਦੂਆ ਦੀ ਅਗਵਾਈ ਵਿੱਚ ਹੋਈ। ਸ਼ਹਿਰੀ ਪ੍ਰਧਾਨ ਕੌਂਸਲਰ ਸੰਨੀ ਦੂਆ ਨੇ ਦੱਸਿਆ ਕਿ ਪਿਛਲੇ ਦਿਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਜੁੜੇਗਾ ਬਲਾਕ ਜਿੱਤੇਗੀ ਕਾਂਗਰਸ’ ਜੋ ਪ੍ਰੋਗਰਾਮ ਕਾਂਗਰਸ ਪਾਰਟੀ ਵੱਲੋਂ ਹਲਕਾ ਸਮਰਾਲਾ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ‘ਚ ਸਮਰਾਲਾ ਵਿਖੇ ਹੋਇਆ ਸੀ ਉਸ ਵਿੱਚ ਬਲਾਕ ਸ਼ਹਿਰੀ ਕਾਂਗਰਸ ਨੇ 100% ਹਾਜ਼ਰੀ ਲਵਾਈ ਸੀ ,ਉਹਨਾਂ ਦਾ ਧੰਨਵਾਦ ਕੀਤਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਨੀ ਦੁਆ ਨੇ ਦਸਿਆ ਕਿ ਸ਼ਹਿਰੀ ਕਮੇਟੀ ਦੇ ਵਿੱਚ ਹੋਰ ਮੈਂਬਰਾਂ ਦਾ ਵਾਧਾ ਕੀਤਾ ਜਾਵੇਗਾ। ਅਤੇ ਬੂਥ ਲੇਵਲ ਤੇ ਕਾਂਗਰਸ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਮੰਡਲ ਪ੍ਰਧਾਨ ਤਰਸੇਮ ਸ਼ਰਮਾ, ਗਰੀਵੀਐਨਸ ਸੈੱਲ ਦੇ ਵਾਈਸ ਚੇਅਰਮੈਨ ਪੰਜਾਬ ਕਾਂਗਰਸ ਸ੍ਰੀ ਅਮਰਨਾਥ ਤਾਗਰਾ, ਮਿੱਤਰਪਾਲ ਸਿੰਘ, ਮਨਦੀਪ ਖੁਲਰ, ਵਿਸ਼ਾਲ ਭਾਰਤੀ, ਜੁਗਲ ਕਿਸ਼ੋਰ ਸਾਹਨੀ, ਨਵਰੂਪ ਧਾਲੀਵਾਲ, ਰਿੰਕੂ ਥਾਪਰ, ਡਾਕਟਰ ਸੁਸ਼ੀਲ ਕੁਮਾਰ, ਮੋਹਿਤ ਦੂਆ, ਹਰਮਿੰਦਰ ਸਿੰਘ ਕਾਕਾ, ਰਾਕੇਸ਼ ਕਲਿਆਣ, ਰਜਿੰਦਰ ਮੱਟੂ, ਸੁਰੇਸ਼ ਕੁਮਾਰ, ਰਵੀ ਕਲਿਆਣ, ਸੁਵਿੰਦਰ ਸਿੰਘ, ਮਨਦੀਪ ਸਿੰਘ ਮਨੀ, ਅਜਮੇਰ ਸਿੰਘ, ਪਵਨਦੀਪ ਸਿੰਘ, ਆਸ਼ੂ ਵਰਮਾ, ਗਰੀਸ਼ ਦੂਆ, ਨਿਤਿਨ ਸੋਰੀ, ਵਿਪਨ ਵਡੇਰਾ, ਆਦੀ ਸ਼ਾਮਿਲ ਸਨ।

ਵਿਧਾਇਕ ਬੱਗਾ, ਵਿਧਾਇਕ ਗਰੇਵਾਲ ਅਤੇ ਮੇਅਰ ਨੇ ਮੁੱਖ ਸਬਜ਼ੀ ਮੰਡੀ ਵਿੱਚ ਸਟੈਟਿਕ ਕੰਪੈਕਟਰਾਂ ਦਾ ਕੀਤਾ ਉਦਘਾਟਨ।
ਲੁਧਿਆਣਾ, 17 ਮਾਰਚ ( ਸ.ਨ ਬਿਊਰੋ)
ਸਫਾਈ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਹੋਰ ਕਦਮ ਵਧਾਉਂਦੇ ਹੋਏ, ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਐਤਵਾਰ ਨੂੰ ਬਹਾਦਰਕੇ ਰੋਡ ‘ਤੇ ਮੁੱਖ ਸਬਜ਼ੀ ਮੰਡੀ ਵਿੱਚ ਲਗਾਏ ਗਏ ਸਟੈਟਿਕ ਕੰਪੈਕਟਰਾਂ ਦਾ ਉਦਘਾਟਨ ਕੀਤਾ।
ਇਸ ਪ੍ਰੋਜੈਕਟ ਵਿੱਚ ਲਗਭਗ 3.70 ਕਰੋੜ ਰੁਪਏ ਦੀ ਲਾਗਤ (ਸਿਵਲ ਲਾਗਤ, ਕੰਪੈਕਟਰਾਂ ਅਤੇ ਹੁੱਕਲੋਡਰਾਂ ਦੀ ਲਾਗਤ ਸਮੇਤ) ਨਾਲ ਸਥਾਪਤ ਦੋ ਕੰਪੈਕਟਰ ਸਾਈਟਾਂ ਸ਼ਾਮਲ ਹਨ। ਸਟੈਟਿਕ ਕੰਪੈਕਟਰਾਂ ਦੀ ਸਥਾਪਨਾ ਨਾਲ ਨੇੜਲੇ ਇਲਾਕਿਆਂ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਇਸ ਨਾਲ ਕੂੜੇ ਦੀ ਖੁੱਲ੍ਹੀ ਡੰਪਿੰਗ ਨੂੰ ਰੋਕਿਆ ਜਾ ਸਕੇਗਾ। ਇਹ ਮੁੱਖ ਸਬਜ਼ੀ ਮੰਡੀ ਵਿੱਚ ਸਫਾਈ ਨੂੰ ਵੀ ਯਕੀਨੀ ਬਣਾਏਗਾ।
ਹਾਲ ਹੀ ਵਿੱਚ, ਨਗਰ ਨਿਗਮ ਨੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਨਿਰਦੇਸ਼ਾਂ ਹੇਠ ਸਬਜ਼ੀ ਮੰਡੀ ਵਿੱਚ ਇੱਕ ਵੱਡੀ ਸਫਾਈ ਮੁਹਿੰਮ ਵੀ ਸ਼ੁਰੂ ਕੀਤੀ ਸੀ।
ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਕੂੜੇ ਦੀ ਖੁੱਲ੍ਹੀ ਡੰਪਿੰਗ ਨੂੰ ਰੋਕਣ ਲਈ ਸ਼ਹਿਰ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਸਟੈਟਿਕ ਕੰਪੈਕਟਰ ਲਗਾਏ ਗਏ ਹਨ ਅਤੇ ਇਹ ਸਫਾਈ ਨੂੰ ਯਕੀਨੀ ਬਣਾਉਣ ਵੱਲ ਇੱਕ ਵੱਡਾ ਕਦਮ ਹੈ।
ਸਬੰਧਤ ਅਧਿਕਾਰੀਆਂ ਨੂੰ ਕੰਪੈਕਟਰ ਸਾਈਟਾਂ ਦੇ ਸਹੀ ਕੰਮਕਾਜ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਉਹ ਇਸਦੀ ਜਾਂਚ ਲਈ ਨਿਰੀਖਣ ਵੀ ਕਰ ਰਹੇ ਹਨ।
ਵਿਧਾਇਕ ਗਰੇਵਾਲ, ਵਿਧਾਇਕ ਬੱਗਾ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ। ਸ਼ਹਿਰ ਵਿੱਚ ਕੂੜਾ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ। ਇਸ ਦੌਰਾਨ, ਮੇਅਰ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਲੁਧਿਆਣਾ ਨੂੰ ਨੰਬਰ 1 ਸ਼ਹਿਰ ਬਣਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਨਗਰ ਨਿਗਮ ਦਾ ਸਮਰਥਨ ਕਰਨ।

ਸਿਹਤ ਮੰਤਰੀ ਵੱਲੋਂ ਨਸ਼ਾ ਛੁਡਾਊ ਕੇਂਦਰ ਦਾ ਦੌਰਾ, ਯੁੱਧ ਨਸ਼ਿਆ ਵਿਰੁਧ ਪ੍ਰੋਗਰਾਮ ਦੀ ਕੀਤੀ ਸਮੀਖਿਆ।
ਪਿੰਡ ਪੱਧਰ ‘ਤੇ ਇਲਾਜ ਕੀਤੇ ਗਏ ਵਿਅਕਤੀਆਂ ਦੀ ਸਹਾਇਤਾ ਲਈ ਨਾਰਕੋਟਿਕਸ ਸਪੋਰਟ ਗਰੁੱਪ।
ਪੰਜਾਬ ਜਲਦ ਹੀ 1000 ਬੈਡ ਵਾਲਾ ਨਵਾਂ ਸੁਪਰ-ਸਪੈਸ਼ਲਿਟੀ ਹਸਪਤਾਲ ਕਰੇਗਾ ਸਥਾਪਿਤ।
ਲੁਧਿਆਣਾ, 17 ਮਾਰਚ ( ਸ .ਨ ਬਿਊਰੋ) ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਦਾ ਦੌਰਾ ਕੀਤਾ ਗਿਆ।
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਨਾਲ ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੇ ਗਏ ‘ਯੁੱਧ ਨਸ਼ਿਆ ਵਿਰੁੱਧ’ ਪ੍ਰੋਗਰਾਮ ਬਾਰੇ ਚਾਨਣਾ ਪਾਇਆ। ਇਸ ਪਹਿਲਕਦਮੀ ਤਹਿਤ ਸਿਹਤ ਵਿਭਾਗ ਨਸ਼ਿਆਂ ਨਾਲ ਜੂਝ ਰਹੇ ਵਿਅਕਤੀਆਂ ਲਈ ਇਲਾਜ ਦੀਆਂ ਸਹੂਲਤਾਂ ਵਿੱਚ ਵਾਧਾ ਕਰ ਰਿਹਾ ਹੈ।
ਡਾ. ਬਲਬੀਰ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਸਰਕਾਰ ਇਲਾਜ ਅਧੀਨ ਵਿਅਕਤੀਆਂ ਦਾ ਮੁੜ-ਵਸੇਬਾ ਕਰਨ ਲਈ ਵਚਨਬੱਧ ਹੈ ਜਿਸਦੇ ਤਹਿਤ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਉਨ੍ਹਾਂ ਨੂੰ ਨਸਿਆਂ ਦੀ ਅਲਾਮਤ ਤੋਂ ਬਾਹਰ ਕੱਢ ਕੇ ਰੋ}ਗਾਰ ਵਿੱਚ ਸਹਾਇਤਾ ਲਈ ਕਿੱਤਾਮੁਖੀ ਸਿਖਲਾਈ ਵੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾਣ ਲਈ ਸੂਬੇ ਭਰ ਵਿੱਚ ਖੇਡ ਮੈਦਾਨਾਂ ਅਤੇ ਲਾਇਬ੍ਰੇਰੀਆਂ ਵਰਗੀਆਂ ਸਹੂਲਤਾਂ ਨੂੰ ਵੀ ਵਧਾਇਆ ਜਾਵੇਗਾ।
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਵਾਰਡ ਅਤੇ ਪਿੰਡ ਪੱਧਰ ‘ਤੇ ਨਾਰਕੋਟਿਕਸ ਸਪੋਰਟ ਗਰੁੱਪਾਂ ਨੂੰ ਲਾਗੂ ਕਰਨ ਦੀ ਯੋਜਨਾ ਹੈ। ਇਹ ਸਮੂਹ ਉਹਨਾਂ ਵਿਅਕਤੀਆਂ ਦਾ ਸਮਰਥਨ ਕਰਨਗੇ ਜਿਨ੍ਹਾਂ ਨੇ ਸਫਲਤਾਪੂਰਵਕ ਨਸ਼ੇ ‘ਤੇ ਕਾਬੂ ਪਾ ਲਿਆ ਹੈ ਤਾਂ ਜੋ ਉਹ ਮੁੜ ਇਸ ਰਸਤੇ ਨਾ ਪੈਣ। ਸਿਹਤ ਵਿਭਾਗ ਮੌਜੂਦਾ ਸਟਾਫ ਦੀ ਘਾਟ ਨੂੰ ਪੂਰਾ ਕਰਦੇ ਹੋਏ ਡਾਕਟਰਾਂ ਅਤੇ ਪੈਰਾਮੈਡਿਕਸ ਦੀ ਵੱਡੀ ਗਿਣਤੀ ਵਿੱਚ ਭਰਤੀ ਕਰਨ ਦੀ ਪ੍ਰਕਿਰਿਆ ਵਿੱਚ ਹੈ।
ਆਪਣੀ ਫੇਰੀ ਦੌਰਾਨ, ਡਾ. ਬਲਬੀਰ ਸਿੰਘ ਨੇ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਕਰਵਾ ਰਹੇ ਲੋਕਾਂ ਨਾਲ ਵੀ ਗੱਲਬਾਤ ਕੀਤੀ, ਉਹਨਾਂ ਨੂੰ ਆਪਣਾ ਇਲਾਜ ਪੂਰਾ ਕਰਨ ਤੋਂ ਬਾਅਦ ਨਸ਼ੇ ਦੀ ਵਰਤੋਂ ਤੋਂ ਬਚਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇੱਕ ਨਵੇਂ 1000 ਬੈਡ ਵਾਲੇ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਯੋਜਨਾ ਦਾ ਵੀ ਜ਼ਿਕਰ ਕੀਤਾ। ਇਹ ਹਸਪਤਾਲ ਹਾਈਬ੍ਰਿਡ ਮਾਡਲ ‘ਤੇ ਕੰਮ ਕਰੇਗਾ, ਜੋ ਕਿ ਲੋੜਵੰਦ ਮਰੀਜ਼ਾਂ ਲਈ 500 ਬੈਡ ਮੁਫ਼ਤ ਪ੍ਰਦਾਨ ਕਰੇਗਾ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਥਾਨਕ ਮੈਡੀਕਲ ਸਹੂਲਤਾਂ ਨੂੰ ਹੋਰ ਵਧਾਉਣ ਲਈ ਲੁਧਿਆਣਾ ਵਿੱਚ ਦੋ ਨਵੇਂ ਮੈਡੀਕਲ ਕਾਲਜ ਵੀ ਸਥਾਪਿਤ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਮੁਹੱਲਾ ਕਲੀਨਿਕਾਂ ਦੀ ਸਫਲਤਾ ਬਾਰੇ ਵੀ ਗੱਲ ਕੀਤੀ, ਜਿਨ੍ਹਾਂ ਰਾਹੀਂ ਤਿੰਨ ਕਰੋੜ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਹੈ।
ਡਾ. ਸਿੰਘ ਨੇ ਸਿਵਲ ਹਸਪਤਾਲ ਵਿਖੇ ਸਿਹਤ ਢਾਂਚੇ ਨੂੰ ਬਿਹਤਰ ਬਣਾਉਣ ਲਈ ਸੰਸਦ ਮੈਂਬਰ ਸੰਜੀਵ ਅਰੋੜਾ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਐਸ.ਡੀ.ਐਮ. ਜਸਲੀਨ ਕੌਰ ਭੁੱਲਰ, ਸਿਹਤ ਨਿਰਦੇਸ਼ਕ ਡਾ. ਹਿਤਿੰਦਰ ਕੌਰ, ਸਿਵਲ ਸਰਜਨ ਡਾ. ਰਮਨਦੀਪ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।