Home Blog Page 12

ਸਮਰਾਲਾ ਵਿਖੇ ‘ ਉੜਾਨ ‘ ਇਲੈਕਟਰਿਕ ਥਰੀ ਵੀਲਰ ਦਾ ਨਵਾਂ ਸ਼ੋਰੂਮ ਖੁੱਲਿਆ

0

ਸਮਰਾਲਾ, 4 ਫਰਵਰੀ ( ਵਰਿੰਦਰ ਸਿੰਘ ਹੀਰਾ)  ਸਮਰਾਲਾ ਇਲਾਕੇ ਦੇ ਉੱਘੇ ਸਮਾਜ ਸੇਵਕ ਅਤੇ ਰਿਟਾਇਰਡ ਫੌਜੀ ਅਫਸਰ ਮੇਜਰ ਚਰਨ ਸਿੰਘ ਸਾਗੀ ਵੱਲੋਂ ਅੱਜ ਸਮਰਾਲਾ ਸ਼ਹਿਰ ਵਿਖੇ ਚੰਡੀਗੜ੍ਹ ਰੋਡ ਤੇ ਸਥਿਤ ਹੀਰੋ ਹਾਂਡਾ ਸ਼ੋਰੂਮ ਦੇ ਸਾਹਮਣੇ ਮੇਜਰ ਚਰਨ ਸਿੰਘ ਇੰਟਰਪ੍ਰਾਈਜਜ ਦੇ ਨਾਮ ਦੇ ਨਾਲ ਇਲਾਕਾ ਨਿਵਾਸੀਆਂ ਦੀ ਸੁਵਿਧਾ ਲਈ ‘ ਉੜਾਨ ‘ ਇਲੈਕਟਰਿਕ ਥਰੀ ਵੀਲਰ ਦਾ ਸ਼ੋਰੂਮ ਖੋਲ ਦਿੱਤਾ ਗਿਆ ਹੈ।
ਇਸ ਮੌਕੇ ਮੇਜਰ ਚਰਨ ਸਿੰਘ ਸਾਗੀ ਦੇ ਪਰਿਵਾਰ ਵੱਲੋਂ ਸਭ ਤੋਂ ਪਹਿਲਾਂ ਸ਼ੋਰੂਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਗਏ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ, ਉਪਰੰਤ ਰਾਗੀ ਸਾਹਿਬਾਨ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਇਸ ਸ਼ੋਰੂਮ ਦੀ ਕਾਮਯਾਬੀ ਲਈ ਅਰਦਾਸ ਕੀਤੀ।
ਇਸ ਮੌਕੇ ਐਮ ਐਲ ਏ ਹਲਕਾ ਸਮਰਾਲਾ ਜਗਤਾਰ ਸਿੰਘ ਦਿਆਲਪੁਰਾ, ਸ਼੍ਰੋਮਣੀ ਅਕਾਲੀ ਦਲ ਹਲਕਾ ਸਮਰਾਲਾ ਇੰਚਾਰਜ ਪਰਮਜੀਤ ਸਿੰਘ ਢਿੱਲੋ, ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਜੀਵਨ ਸਿੰਘ ਖੀਰਨੀਆਂ ਨੇ ਵੀ ਸ਼ਿਰਕਤ ਕੀਤੀ ਅਤੇ ਸਾਗੀ ਪਰਿਵਾਰ ਨੂੰ ਨਵਾਂ ਸ਼ੋਰੂਮ ਖੋਲਣ ਤੇ ਵਧਾਈ ਦਿੱਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਜਰ ਚਰਨ ਸਿੰਘ ਸਾਗੀ ਨੇ ਦੱਸਿਆ ਕਿ ਆਉਣ ਵਾਲਾ ਸਮਾਂ ਇਲੈਕਟ੍ਰਿਕ ਗੱਡੀਆਂ ਦਾ ਹੀ ਹੈ। ਉਹਨਾਂ ਦੱਸਿਆ ਕਿ ‘ ਉੜਾਨ , ਇਲੈਕਟ੍ਰਿਕ ਥਰੀ ਵੀਲਰ ਦਾ ਰੱਖ ਰਖਾਓ ਅਤੇ ਚਲਾਉਣ ਦਾ ਖਰਚਾ ਵੀ ਬਹੁਤ ਘੱਟ ਹੈ ਅਤੇ ਇਹ ਗੱਡੀਆਂ ਸ਼ੋਰ ਮੁਕਤ ਅਤੇ ਪ੍ਰਦੂਸ਼ਣ ਮੁਕਤ ਹਨ। ਉਹਨਾਂ ਦੱਸਿਆ ਕਿ ਸਮਰਾਲਾ ਇਲਾਕੇ ਵਿੱਚ ਉਹਨਾਂ ਨੇ ਇਹ ਸ਼ੋਰੂਮ ਖੋਲ ਕੇ ਇਲਾਕਾ ਨਿਵਾਸੀਆਂ ਨੂੰ ਸੁਵਿਧਾ ਦਿੱਤੀ ਹੈ ਕਿ ਉਹ ਸਮਰਾਲਾ ਤੋਂ ਹੀ ਇਲੈਕਟ੍ਰਿਕ ਗੱਡੀਆਂ ਖਰੀਦ ਸਕਦੇ ਹਨ। ਉਹਨਾਂ ਦੱਸਿਆ ਕਿ ਕਮਾਈ ਦਾ ਸਾਧਨ ਲੱਭ ਰਹੇ ਲੋਕਾਂ ਲਈ ਉੜਾਨ ਇਲੈਕਟਰਿਕ ਥਰੀ ਵੀਲਰ ਇੱਕ ਵਧੀਆ ਵਿਕਲਪ ਸਾਬਿਤ ਹੋਵੇਗਾ। ਉਹਨਾਂ ਦੱਸਿਆ ਕਿ ਉੜਾਨ ਇਲੈਕਟਰਿਕ ਥਰੀ ਵੀਲਰ ਹੁਣ ਉਹਨਾਂ ਦੇ ਸ਼ੋਰੂਮ ਤੇ ਆਸਾਨ ਕਿਸ਼ਤਾਂ ਤੇ ਵੀ ਮਿਲੇਗਾ, ਅਤੇ ਚਾਹਵਾਨ ਸੱਜਣ ਸ਼ੋਰੂਮ ਵਿੱਚ ਆ ਕੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸਾਗੀ ਪਰਿਵਾਰ ਵੱਲੋਂ ਸ਼ੋਰੂਮ ਖੋਲਣ ਦੀ ਖੁਸ਼ੀ ਵਿੱਚ ਯੂਥ ਸੇਵਾਵਾਂ ਕਲੱਬ ਸਮਰਾਲਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਵੀ ਲਗਵਾਇਆ ਗਿਆ, ਜਿਸ ਵਿੱਚ ਦਾਨੀ ਸੱਜਣਾਂ ਨੇ ਮਾਨਵਤਾ ਦੇ ਭਲੇ ਲਈ ਖੂਨ ਦਾਨ ਕੀਤਾ।
ਇਸ ਮੌਕੇ ਭਾਰੀ ਗਿਣਤੀ ਵਿੱਚ ਦੋਸਤਾਂ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੇ ਸਾਗੀ ਪਰਿਵਾਰ ਨੂੰ ਨਵਾਂ ਸ਼ੋਰੂਮ ਖੋਲਣ ਤੇ ਵਧਾਈ ਦਿੱਤੀ। ਇਸ ਮੌਕੇ ਸਾਗੀ ਪਰਿਵਾਰ ਵੱਲੋਂ ਚਾਹ ਪਕੌੜੇ ਅਤੇ ਮਿਠਾਈ ਦਾ ਲੰਗਰ ਅਤੁੱਟ ਵਰਤਾਇਆ ਗਿਆ।

ਭਾਕਿਯੂ (ਲੱਖੋਵਾਲ) ਵੱਲੋਂ ਭਾਰੀ ਗੜ੍ਹੇਮਾਰੀ ਕਾਰਨ ਕਿਸਾਨਾਂ ਦੇ ਹੋਏ ਆਰਥਿਕ ਨੁਕਸਾਨ ਦੀ ਸਰਕਾਰ ਤੋਂ ਭਰਪਾਈ ਦੀ ਮੰਗ ਪੰਜਾਬ ਸਰਕਾਰ ਗੜ੍ਹੇਮਾਰੀ ਦਾ ਸ਼ਿਕਾਰ ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕਰੇ – ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ

0

 

 

ਸਮਰਾਲਾ,  1 ਫਰਵਰੀ ( ਵਰਿੰਦਰ ਸਿੰਘ ਹੀਰਾ ) ਸਮਰਾਲਾ  ਇਲਾਕੇ ਵਿਚ ਗੜ੍ਹਿਆਂ ਦੀ ਹੋਈ ਭਾਰੀ ਬਾਰਸ਼ ਨੇ ਕਿਸਾਨਾਂ ਨੂੰ ਮੁੜ ਆਰਥਿਕ ਮੰਦਹਾਲੀ ਵੱਲ ਫਿਰ ਤੋਂ ਧੱਕ ਦਿੱਤਾ ਹੈ। ਬੇਸ਼ੱਕ ਅੱਜ ਦੇ ਸਮੇਂ ਵਿੱਚ ਫਸਲਾਂ ਲਈ ਮੀਂਹ ਦੀ ਸਖਤ ਜਰੂਰਤ ਸੀ, ਪ੍ਰੰਤੂ ਭਾਰੀ ਗੜ੍ਹੇਮਾਰੀ ਇੰਨੀ ਜਿਆਦਾ ਤੇਜ਼ ਸੀ ਕਿ ਖੇਤਾਂ ਵਿੱਚ ਬਰਫ ਦੀ ਚਿੱਟੀ ਚਾਦਰ ਵਿਛ ਗਈ ਅਤੇ ਫਸਲਾਂ ਅਤੇ ਸਬਜੀਆਂ ਦਾ ਡਾਲ ਡਾਲ ਧਰਤੀ ਤੇ ਟੁੱਟ ਕੇ ਗਿਰ ਗਿਆ। ਇਨ੍ਹਾਂ ਸ਼ਬਦਾਂ ਦਾ ਪਗ੍ਰਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਅੱਜ ਸਮਰਾਲਾ ਇਲਾਕੇ ਦੇ ਵੱਖ ਵੱਖ ਪਿੰਡਾਂ ਜਿਨ੍ਹਾਂ ਵਿੱਚ ਨਾਗਰਾ, ਢੀਂਡਸਾ, ਸਮਸ਼ਪੁਰ, ਭਗਵਾਨਪੁਰਾ, ਦੀਵਾਲਾ, ਉਟਾਲਾਂ, ਘਰਖਣਾ, ਸਰਵਰਪੁਰ, ਭੰਗਲਾਂ, ਮੱਲ ਮਾਜਰਾ, ਘੁੰਗਰਾਲੀ, ਕੋਟਲਾ ਸਮਸ਼ਪੁਰ, ਕੋਟਾਲਾ, ਹੇਡੋਂ, ਖੀਰਨੀਆਂ, ਮੁਸ਼ਕਾਬਾਦ, ਟੱਪਰੀਆਂ, ਸਿਹਾਲਾ, ਗਹਿਲੇਵਾਲ, ਬਾਲਿਓਂ, ਊਰਨਾਂ ਆਦਿ ਪਿੰਡਾਂ ਵਿੱਚ ਹੋਈ ਭਾਰੀ ਗੜ੍ਹੇਮਾਰੀ ਕਾਰਨ ਖੜ੍ਹੀ ਕਣਕ ਦੀ ਫਸਲ, ਫਲਾਂ ਦੇ ਦਰੱਖਤਾਂ, ਸਬਜੀਆਂ ਅਤੇ ਆਲੂ ਦੀ ਫਸਲ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਇਸ ਗੜ੍ਹੇਮਾਰੀ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਚਿੰਤਾਂ ਦੀਆਂ ਰੇਖਾਵਾਂ ਉਭਾਰ ਦਿੱਤੀਆਂ ਹਨ। ਬੀਤੇ ਦਿਨਾਂ ਵਿੱਚ ਠੰਡ ਜਿਆਦਾ ਪੈਣ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਆਈ ਸੀ ਕਿ ਇਸ ਵਾਰ ਠੰਡ ਕਾਰਨ ਕਣਕ ਦਾ ਵਧੀਆਂ ਦਾਣਾ ਬਣੇਗਾ ਅਤੇ ਝਾੜ ਵੀ ਵਧੀਆ ਨਿਕਲੇਗਾ। ਪ੍ਰੰਤੂ ਇਸ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਸਾਰੀਆਂ ਸੱਧਰਾਂ ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਇਹ ਭਾਰੀ ਗੜ੍ਹੇਮਾਰੀ ਕਿਸਾਨਾਂ ਨੂੰ ਮੁੜ ਆਰਥਿਕ ਤੰਗੀ ਵੱਲ ਧੱਕ ਦੇਵੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਕਿਸਾਨ ਜੋ ਪਹਿਲਾਂ ਹੀ ਆਰਥਿਕ ਤੰਗੀ ਨੇ ਝੰਬੇ ਪਏ ਹਨ, ਮੁੜ ਆਪਣੇ ਪੈਰਾਂ ਸਿਰ ਹੋਣ ਲਈ ਸਮਾਂ ਲੱਗੇਗਾ, ਇਸ ਲਈ ਪੰਜਾਬ ਸਰਕਾਰ ਗੜ੍ਹੇਮਾਰੀ ਦਾ ਸ਼ਿਕਾਰ ਹੋਏ ਇਲਾਕਿਆਂ ਵਿੱਚ ਮਾਲ ਮਹਿਕਮੇਂ ਰਾਹੀਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਯੋਗ ਮੁਆਵਜਾ ਦੇਵੇ ਤਾਂ ਜੋ ਗੜ੍ਹੇਮਾਰੀ ਨੇ ਮਾਰ ਤੋਂ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਚਾਹੇ ਤਾਂ ਇਸ ਲਈ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਦੀ ਸਮੀਖਿਆ ਕਰਨ ਲਈ ਸਾਡੀ ਯੂਨੀਅਨ ਦੀ ਮੱਦਦ ਵੀ ਲੈ ਸਕਦੀ ਹੈ। ਸਾਡੀ ਯੂਨੀਅਨ ਦੇ ਅਹੁਦੇਦਾਰ ਕਿਸਾਨਾਂ ਦੀ ਮੱਦਦ ਲਈ ਪੰਜਾਬ ਸਰਕਾਰ ਦੁਆਰਾ ਕੀਤੀ ਜਾਣ ਵਾਲੀ ਗਿਰਦਾਵਰੀ ਵਿੱਚ ਪੂਰੀ ਤਰ੍ਹਾਂ ਸਹਾਇਤਾ ਕਰਨ ਲਈ ਤਿਆਰ ਹਨ।

13 ਫਰਵਰੀ ਨੂੰ ਦਿੱਲੀ ਕੂਚ ਕਰਨ ਦੇ ਸਬੰਧ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ । ਕਿਸਾਨਾਂ ਅਤੇ ਮਜ਼ਦੂਰਾਂ ਦੀ ਹੱਕੀ ਮੰਗਾਂ ਕੇਂਦਰ ਕੋਲੋਂ ਪੂਰੀਆਂ ਕਰਵਾ ਕੇ ਵਾਪਸ ਘਰਾਂ ਨੂੰ ਮੋੜਾ ਪਾਵਾਂਗੇ-ਨਾਗਰਾ/ ਬੱਗਾ/

0

 

ਸਮਰਾਲਾ,30 ਜਨਵਰੀ ( ਵਰਿੰਦਰ ਸਿੰਘ ਹੀਰਾ )  13 ਫਰਵਰੀ ਨੂੰ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਮੰਗਾਂ ਦੇ ਸਬੰਧ ਵਿੱਚ ਦਿੱਲੀ ਕੂਚ ਕਰਨ ਲਈ ਸਮਰਾਲਾ ਵਿੱਚ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੰਤੋਖ ਸਿੰਘ ਨਾਗਰਾ, ਬੀ. ਕੇ. ਯੂ. (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਅਤੇ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬੌਂਦਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਜਿਨ੍ਹਾਂ ਨੂੰ ਕੇਂਦਰ ਸਰਕਾਰ ਪਿਛਲੇ ਕਾਫੀ ਸਮੇਂ ਤੋਂ ਲੰਬਤ ਅਵਸਥਾ ਵਿੱਚ ਰੱਖ ਰਹੀ ਹੈ, ਨੂੰ ਪੂਰਾ ਕਰਾਉਣ ਲਈ ਹੁਣ 13 ਫਰਵਰੀ ਨੂੰ ਦਿੱਲੀ ਮੁੜ ਘੇਰੀ ਜਾ ਰਹੀ ਹੈ, ਜਿਸ ਸਬੰਧੀ ਵੱਖ ਵੱਖ ਯੂਨੀਅਨਾਂ ਦੇ ਨੁਮਾਇੰਦੇ ਪਿੰਡ ਪਿੰਡ ਜਾ ਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਤ ਕਰ ਰਹੇ ਹਨ ਅਤੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੀਆਂ ਉਕਤ ਜਥੇਬੰਦੀਆਂ ਨਿਰੋਲ ਗੈਰ ਰਾਜਨੀਤਕ ਹਨ, ਇਨ੍ਹਾਂ ਵੱਲੋਂ ਸਿਰਫ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਸਬੰਧੀ ਗੱਲਬਾਤ ਕੀਤੀ ਜਾਂਦੀ ਹੈ। ਕੇਂਦਰ ਦੀ ਮੋਦੀ ਸਰਕਾਰ ਜੋ ਆਪਣੀਆਂ ਰਾਜਨੀਤਕ ਘੁਣਤਰਾਂ ਕਾਰਨ ਕਈ ਕਿਸਾਨ ਜਥੇਬੰਦੀਆਂ ਨਾਲ ਸੌਦੇ ਕਰਕੇ, ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ, ਉਸਦਾ ਜਾਦੂ ਹੁਣ ਨਹੀਂ ਚੱਲੇਗਾ। ਇਸ ਲਈ ਹੁਣ ਕਿਸਾਨ ਅਤੇ ਮਜ਼ਦੂਰ ਮੁੜ ਦਿੱਲੀ ਘੇਰ ਕੇ ਇਨਸਾਫ ਲੈ ਕੇ ਵਾਪਸ ਘਰਾਂ ਨੂੰ ਮੁੜਨਗੇ। ਬੀ. ਕੇ. ਯੂ. (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਸੁਪਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਜੋ ਹਮੇਸ਼ਾ ਆਪ ਅੱਧੀ ਖਾ ਕੇ ਪੂਰੇ ਦੇਸ਼ ਦਾ ਢਿੱਡ ਭਰਦਾ ਰਿਹਾ ਹੈ ਪ੍ਰੰਤੂ ਕੇਂਦਰ ਦੀਆਂ ਵੱਖ ਵੱਖ ਸਮੇਂ ਦੀਆਂ ਸਰਕਾਰਾਂ ਨੇ ਕਦੇ ਵੀ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤਾਂ ਵਿੱਚ ਨਹੀਂ ਸੋਚਿਆ ਹਮੇਸ਼ਾਂ ਕਿਸਾਨਾਂ ਦਾ ਸੋਸ਼ਣ ਕੀਤਾ ਹੈ। ਕਦੇ ਵੀ ਕਿਸਾਨੀ ਲਾਗਤ ਦਾ ਵਾਜਵ ਮੁੱਲ ਨਹੀਂ ਮੋੜਿਆ। ਪਹਿਲਾਂ ਚੱਲੇ ਕਿਸਾਨੀ ਸੰਘਰਸ਼ ਵਿੱਚ ਪਾੜ ਪਾ ਕੇ ਕੇਂਦਰ ਸਰਕਾਰ ਨੇ ਆਪਣੀ ਚਾਲ ਨਾਲ ਕਿਸਾਨਾਂ ਨੂੰ ਵਾਪਸ ਘਰਾਂ ਨੂੰ ਮੋੜ ਦਿੱਤਾ ਸੀ, ਪ੍ਰੰਤੂ ਹੁਣ ਕਿਸਾਨ ਆਪਣੇ ਹੱਕ ਲਏ ਬਿਨਾਂ ਵਾਪਸ ਨਹੀਂ ਮੁੜਨਗੇ। ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬੌਂਦਲੀ ਨੇ ਕਿਹਾ ਕਿ 13 ਫਰਵਰੀ ਦਾ ਦਿਨ ਦੇਸ਼ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ, ਜਦੋਂ ਕਿਸਾਨ ਅਤੇ ਮਜ਼ਦੂਰ ਆਪਣੇ ਘਰਾਂ ਤੋਂ ਆਪਣੇ ਹੱਕ ਲੈਣ ਲਈ ਆਪਣੇ ਘਰਾਂ ਤੋਂ ਤੁਰਨਗੇ। ਉਨ੍ਹਾਂ ਅੱਗੇ ਕਿਹਾ ਕਿਸਾਨ ਅਤੇ ਮਜ਼ਦੂਰ ਹਮੇਸ਼ਾਂ ਆਪਣੀ ਮਿਹਨਤ ਨਾਲ ਪੂਰੇ ਦੇਸ਼ ਦਾ ਢਿੱਡ ਭਰਦੇ ਹਨ, ਪ੍ਰੰਤੂ ਇਹ ਕਾਰਪੋਰੇਟ ਘਰਾਣੇ ਆਪਣੀ ਨਿੱਜੀ ਮੁਫਾਦਾਂ ਲਈ ਕਿਸਾਨਾਂ ਅਤੇ ਮਜ਼ਦੂਰਾਂ ਦਾ ਬੁਰੀ ਤਰ੍ਹਾਂ ਸੋਸ਼ਣ ਕਰਦੇ ਹਨ। ਇਸ ਲਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਲਾਮਵੰਦ ਕਰਨ ਲਈ ਸਾਰੀਆਂ ਯੂਨੀਅਨਾਂ ਦੇ ਨੁਮਾਇੰਦਿਆਂ ਦਾ ਡਿਊਟੀਆਂ ਲਗਾ ਦਿੱਤੀਆਂ ਹਨ, ਜੋ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਦੇ ਸਬੰਧ ਵਿੱਚ ਜਾਗਰੂਕ ਕਰਨਗੇ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਹਰਮੀਤ ਸਿੰਘ, ਰੁਲਦਾ ਸਿੰਘ, ਪਿਆਰਾ ਸਿੰਘ, ਸਵਰਨਜੀਤ ਸਿੰਘ ਘੁਲਾਲ, ਕੁਲਦੀਪ ਸਿੰਘ ਸੇਖੋਂ, ਹਰਜੀਤ ਸਿੰਘ ਲੋਪੋਂ, ਬਲਰਾਜ ਸਿੰਘ ਰਾਮਪੁਰ, ਮਲਕੀਤ ਸਿੰਘ ਘੁਲਾਲ, ਹਰਦੀਪ ਸਿੰਘ, ਗੁਰਬਿੰਦਰ ਸਿੰਘ ਭਰਥਲਾ ਬਲਾਕ ਮਾਛੀਵਾੜਾ ਪ੍ਰਧਾਨ ਕਿਸਾਨ ਯੂਨੀਅਨ ਸ਼ੇਰੇ ਪੰਜਾਬ, ਕਰਨਬੀਰ ਸਿੰਘ, ਗਗਨਦੀਪ ਸਿੰਘ, ਅਮਰਜੀਤ ਸਿੰਘ ਆਦਿ ਤੋਂ ਇਲਾਵਾ ਤਿੰਨਾਂ ਯੂਨੀਅਨ ਦੇ ਵੱਖ ਵੱਖ ਬਲਾਕਾਂ ਦੇ ਅਹੁਦੇਦਾਰ ਅਤੇ ਵਰਕਰ ਹਾਜਰ ਸਨ।

ਸੰਯੁਕਤ ਕਿਸਾਨ ਮੋਰਚੇ ਕੱਢੀ ਟਰੈਕਟਰ ਪਰੇਡ ਵਿੱਚ ਪੁੱਜੇ ਕਿਸਾਨਾਂ, ਮਜ਼ਦੂਰਾਂ ਦਾ ਧੰਨਵਾਦ –ਮਨਜੀਤ ਸਿੰਘ ਢੀਂਡਸਾ। 16 ਫਰਵਰੀ ਦਾ ਗ੍ਰਾਮੀਣ ਭਾਰਤ ਬੰਦ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਹੋਇਆ ਸ਼ੁਰੂ

0

ਸਮਰਾਲਾ , 29 ਜਨਵਰੀ ( ਵਰਿੰਦਰ ਸਿੰਘ ਹੀਰਾ )ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਨੂੰ ਮੁੱਖ ਰੱਖਦੇ ਹੋਏ 26 ਜਨਵਰੀ ਨੂੰ ਜ਼ਿਲ੍ਹਾ ਲੁਧਿਆਣਾ ਅੰਦਰ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਹਲੂਣਾ ਦੇਣ ਦੇ ਮਕਸਦ ਨਾਲ ਕੀਤੀ ਗਈ ਟਰੈਕਟਰ ਪਰੇਡ ਵਿੱਚ ਕਿਸਾਨਾਂ ਨੇ ਜਿਸ ਉਤਸ਼ਾਹ ਨਾਲ ਭਾਗ ਲਿਆ ਉਸ ਪ੍ਰਤੀ ਧੰਨਵਾਦ ਸ਼ਬਦ ਵੀ ਛੋਟਾ ਪੈ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ (ਪੂਰਬੀ) ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਮਰਾਲਾ ਤਹਿਸੀਲ ਅੰਦਰ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੀਤੀ ਟਰੈਕਟਰ ਪ੍ਰੇਡ ਵਿੱਚ ਪੁੱਜੇ ਹਜਾਰਾਂ ਕਿਸਾਨਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਇਸ ਪਰੇਡ ਨੇ ਕੇਂਦਰ ਸਰਕਾਰ ਨੂੰ ਮੁੜ ਸੋਚੀ ਪਾ ਦਿੱਤਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਮੁੜ ਕਾਰਜਸ਼ੀਲ ਹੋ ਗਿਆ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇੱਕ ਵਾਰ ਫਿਰ ਦਿਖਾ ਦਿੱਤਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀ ਤਾਕਤ ਵਿੱਚ ਅਜੇ ਕੋਈ ਕਮੀ ਨਹੀਂ ਆਈ, ਸਗੋਂ ਜੇਕਰ ਭਵਿੱਖ ਵਿੱਚ ਸੰਘਰਸ਼ ਦੀ ਮੁੜ ਲੋੜ ਪਈ ਤਾਂ ਕਿਸਾਨ ਅਤੇ ਮਜ਼ਦੂਰ ਪਹਿਲਾਂ ਨਾਲੋਂ ਵੀ ਦੁੱਗਣੀ ਤਾਕਤ ਨਾਲ ਉੱਠ ਖੜ੍ਹੇ ਹੋਣਗੇ, ਜਿਸਦਾ ਭਾਰ ਪੰਜਾਬ ਸਰਕਾਰ ਤਾਂ ਕੀ ਮੋਦੀ ਦੀ ਕੇਂਦਰ ਸਰਕਾਰ ਵੀ ਨਹੀਂ ਝੱਲ ਸਕੇਗੀ। ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਠੰਡੇ ਬਸਤੇ ਵਿੱਚ ਪਾ ਕੇ ਇਹ ਭਰਮ ਪਾਲ ਲਿਆ ਸੀ, ਭਾਜਪਾ ਜਿਸ ਤਰ੍ਹਾਂ ਆਪਣੇ ਸਿਆਸੀ ਦਾਅ ਪੇਚ ਖੇਡ ਕੇ ਵੱਖ ਵੱਖ ਪਾਰਟੀਆਂ ਦੇ ਸਿਆਸੀ ਲੋਕਾਂ ਨੂੰ ਆਪਣੇ ਭਰਮ ਜਾਲ ਵਿੱਚ ਫਸਾ ਕੇ ਕੂਟਨੀਤੀ ਖੇਡ ਸਕਦੀ ਹੈ, ਉਸੇ ਤਰ੍ਹਾਂ ਉਹ ਕਿਸਾਨਾਂ ਨੂੰ ਵੀ ਬੁੱਧੂ ਬਣਾ ਕੇ ਆਪਣੇ ਮਗਰ ਲਗਾ ਕੇ ਆਪਣੇ ਕੀਤੇ ਵਾਅਦੇ ਤੋਂ ਮੁਕਰ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਮੋਰਚਾ ਪੂਰੀ ਤਰ੍ਹਾਂ ਇੱਕਜੁਟਤ ਹੈ ਅਤੇ ਪਹਿਲਾਂ ਨਾਲੋਂ ਵੀ ਵੱਧ ਤਾਕਤਵਰ ਹੋ ਗਿਆ ਹੈ। ੳਨ੍ਹਾਂ ਅੱਗੇ ਕਿਹਾ ਕਿ ਹੁਣ 16 ਫਰਵਰੀ ਦੇ ਗ੍ਰਾਮੀਣ ਭਾਰਤ ਬੰਦ ਨੂੰ ਪੂਰੀ ਤਰ੍ਹਾਂ ਸਫਲ ਕਰਨ ਲਈ ਪੂਰੇ ਦੇਸ਼ ਅੰਦਰ ਆਮ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਪਿੰਡ ਪੱਧਰ ਤੱਕ ਆਮ ਲੋਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। 16 ਫਰਵਰੀ ਦਾ ਗ੍ਰਾਮੀਣ ਭਾਰਤ ਬੰਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਿਸਾਨ ਵਿਰੋਧੀ ਚਿਹਰੇ ਨੂੰ ਪੂਰੀ ਦੁਨੀਆਂ ਵਿੱਚ ਉਜਾਗਰ ਕਰ ਦੇਵੇਗਾ।

 

ਜ਼ਿਲ੍ਹਾ ਸਕੱਤਰ ਲਖਬੀਰ ਸਿੰਘ ਘਰਖਣਾ ਨੇ ਘਰੇਲੂ ਮਜਬੂਰੀ ਕਾਰਨ ‘ ਬਸਪਾ ‘ ਨੂੰ ਕਿਹਾ ਅਲਵਿਦਾ

0

 

ਸਮਰਾਲਾ , 29 ਜਨਵਰੀ ( ਵਰਿੰਦਰ ਸਿੰਘ ਹੀਰਾ )ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਸਕੱਤਰ ਲਖਵੀਰ ਸਿੰਘ ਘਰਖਣਾ ਨੇ ਆਪਣੀਆਂ ਘਰੇਲੂ ਮਜ਼ਬੂਰੀਆਂ ਕਾਰਨ ਪਾਰਟੀ ਨੂੰ ਅਲਵਿਦਾ ਕਹਿ, ਘਰੇ ਬੈਠਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਉਨ੍ਹਾਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੁਆਰਾ ਸਾਲ 2013 ਬਹੁਜਨ ਸਮਾਜ ਪਾਰਟੀਆਂ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਬਤੌਰ ਵਰਕਰ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ। ਇਸ ਕਾਰਜਕਾਲ ਦੌਰਾਨ ਉਨ੍ਹਾਂ ਦੁਆਰਾ ਸਮਰਾਲਾ ਤਹਿਸੀਲ ਦੇ ਜਨਰਲ ਸਕੱਤਰ ਵਜੋਂ ਸੇਵਾਵਾਂ ਦਿੱਤੀਆਂ, ਉਨ੍ਹਾਂ ਦੁਆਰਾ ਕੀਤੇ ਕਾਰਜਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਕੁਝ ਸਮੇਂ ਬਾਅਦ ਤਹਿਸੀਲ ਸਮਰਾਲਾ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਇਸ ਅਰਸੇ ਦੌਰਾਨ ਉਨ੍ਹਾਂ ਨੇ ਲੋਕ ਭਲਾਈ ਦੇ ਕਾਫੀ ਕੰਮ ਕੀਤੇ, ਹਮੇਸ਼ਾ ਸੱਚਾਈ ਦਾ ਸਾਥ ਦਿੱਤਾ। ਪਾਰਟੀ ਦੁਆਰਾ ਉਨ੍ਹਾਂ ਦੀਆਂ ਕੀਤੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦਾ ਸਕੱਤਰ ਬਣਾ ਦਿੱਤਾ ਗਿਆ, ਇਸ ਅਹੁਦੇ ਤੇ ਉਹ ਪਿਛਲੇ ਦੋ ਸਾਲਾਂ ਤੋਂ ਆਪਣੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਹੁਣ ਕੁਝ ਘਰੇਲੂ ਮਜ਼ਬੂਰੀਆਂ ਕਾਰਨ ਉਨ੍ਹਾਂ ਵੱਲੋਂ ਪਾਰਟੀ ਦੁਆਰਾ ਕੀਤੇ ਜਾਂਦੇ ਕਾਰਜਾਂ ਵਿੱਚ ਪੂਰਾ ਸਮਾਂ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਹ ਆਪਣੇ ਜ਼ਿਲ੍ਹਾ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਨਾਲ ਨਾਲ ਬਹੁਜਨ ਸਮਾਜ ਪਾਰਟੀ ਨੂੰ ਵੀ ਛੱਡਣ ਦਾ ਐਲਾਨ ਕਰਦੇ ਹਨ। ਇਸ ਸਬੰਧੀ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਤੇ ਪਾਰਟੀ ਛੱਡਣ ਸਬੰਧੀ ਅਸਤੀਫਾ ‘ਬਸਪਾ’ ਦੀ ਹਾਈਕਮਾਨ ਨੂੰ ਭੇਜ ਦਿੱਤਾ ਹੈ।

ਸਮਰਾਲਾ ‘ ਚ 17 ਦਸੰਬਰ ਨੂੰ ਪੈਨਸ਼ਨਰ ਦਿਵਸ ਮਨਾਇਆ ਜਾਵੇਗਾ – ਕੁਲਵੰਤ ਰਾਏ

0

ਸਮਰਾਲਾ, 13 ਦਸੰਬਰ (  ਵਰਿੰਦਰ ਸਿੰਘ ਹੀਰਾ)   ਸਰਕਾਰੀ ਮੁਲਾਜਮ ਸਰਕਾਰ ਕੋਲੋਂ ਪੈਨਸ਼ਨ ਖੈਰਾਤ ਵਿੱਚ ਨਹੀਂ ਬਲਕਿ ਉਨ੍ਹਾਂ ਦੁਆਰਾ ਕੀਤੀ ਸੇਵਾ ਦੌਰਾਨ ਉਨ੍ਹਾਂ ਦੀ ਤਨਖਾਹ ਵਿੱਚੋਂ ਕੱਟੀ ਰਾਸ਼ੀ ਹੈ, ਇਸ ਲਈ ਸੇਵਾ ਮੁਕਤੀ ਉਪਰੰਤ ਪੈਨਸ਼ਨ ਪ੍ਰਾਪਤ ਕਰਨਾ ਹਰੇਕ ਪੈਨਸ਼ਨਰ ਦਾ ਸੰਵਿਧਾਨਕ ਹੱਕ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਸਮਰਾਲਾ ਦੇ ਖਜਾਨਚੀ ਕੁਲਵੰਤ ਰਾਏ ਨੇ ਪੈ੍ਰਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਜਥੇਬੰਦੀ ਦੇ ਫੈਸਲੇ ਅਨੁਸਾਰ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ 17 ਦਸੰਬਰ ਦਿਨ ਐਤਵਾਰ ਨੂੰ ਸਵੇਰੇ 11:00 ਵਜੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਦੇ ਨਵੇਂ ਬਣੇ ਦਫਤਰ ‘ਬਾਗੀ ਭਵਨ’, ਪਿੱਛੇ ਡੀ. ਐਸ. ਪੀ. ਦਫਤਰ ਭਗਵਾਨਪੁਰਾ ਰੋਡ ਸਮਰਾਲਾ ਵਿਖੇ ‘ਪੈਨਸ਼ਨਰਜ਼ ਦਿਵਸ’ ਮਨਾਇਆ ਜਾਵੇਗਾ। ਜਿਸ ਵਿੱਚ ਸਮਰਾਲਾ, ਖੰਨਾ, ਖਮਾਣੋਂ ਅਤੇ ਮਾਛੀਵਾੜਾ ਸਾਹਿਬ ਦੇ ਪੈਨਸ਼ਨਰਜ਼ ਅਤੇ ਫੈਮਲੀ ਪੈਨਸ਼ਨਰਜ਼ ਵੱਧ ਚੜ੍ਹ ਕੇ ਭਾਗ ਲੈਣਗੇ। ਕੁਝ ਮਹੀਨੇ ਪਹਿਲਾਂ ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਸਮਰਾਲਾ ਦੇ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਦੀ ਮੌਤ ਉਪਰੰਤ ਉਨ੍ਹਾਂ ਦਾ ਅਹੁਦਾ ਖਾਲੀ ਪਿਆ ਹੈ, ਇਸ ਮੌਕੇ ਪ੍ਰਧਾਨ ਦੇ ਅਹੁਦੇ ਲਈ ਵੀ ਚੋਣ ਕੀਤੀ ਜਾਵੇਗੀ। ਉਨ੍ਹਾਂ ਸਮਰਾਲਾ ਹਲਕੇ ਦੇ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨੂੰ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ।

ਸਮਰਾਲਾ ਦੇ ਮਸ਼ਹੂਰ ਪ੍ਰੀ ਸਕੂਲ ਪਲੇਅ ਵੇ ਕਿਡਜ਼ ਕੈਂਪਸ ਵਿਖੇ ਹੈਲੋਵੀਨ ਦਿਵਸ ਤੇ ਛੋਟੇ ਬੱਚੇ ਭੂਤ ਬਣਕੇ ਆਏ

0

  ਸਮਰਾਲਾ, 31 ਅਕਤੂਬਰ ( ਵਰਿੰਦਰ ਸਿੰਘ ਹੀਰਾ ) ਸਮਰਾਲਾ ਦੇ ਮਸੰਦ ਮੁਹੱਲੇ ‘ਚ ਸਥਿਤ ਕਿਡਜ਼ ਕੈਂਪਸ ਪ੍ਰੀ ਸਕੂਲ ਪਲੇਵੇ ਵਿਚ ਹੈਲੋਵੀਨ ਦਿਵਸ ਮਨਾਇਆ ਗਿਆ, ਜਿਸ ਦੌਰਾਨ ਛੋਟੇ-ਛੋਟੇ ਬੱਚੇ ਭੂਤ-ਪ੍ਰੇਤ ਬਣ ਕੇ ਆਏ ਅਤੇ ਖੂਬ ਮਸਤੀ ਕੀਤੀ। ਇਸ ਦੌਰਾਨ ਸਕੂਲ ਦੇ ਮੈਡਮ ਅਮਨ ਨੇ ਦੱਸਿਆ ਕਿ ਹੈਲੋਵੀਨ ਦਾ ਇਤਿਹਾਸ ਪੁਰਾਤਨ ਕੈਲਟਿਕ ਅਤੇ ਰੋਮਨ ਪਰੰਪਰਾਵਾਂ ਨਾਲ ਜੁੜਿਆ ਹੋਇਆ ਹੈ। ਪੁਰਾਣੇ ਸਮਿਆਂ ਵਿੱਚ, ਸੇਲਟਸ ਗਰਮੀਆਂ ਦੇ ਅੰਤ ਅਤੇ ਸਰਦੀਆਂ ਦੀ ਸ਼ੁਰੂਆਤ ਦਾ ਜਸ਼ਨ ਮਨਾਉਣ ਲਈ 31 ਅਕਤੂਬਰ ਦੀ ਰਾਤ ਨੂੰ ਸੈਮਹੈਨ ਦਾ ਸੇਲਟਿਕ ਤਿਉਹਾਰ ਮਨਾਉਂਦੇ ਸਨ। ਲੋਕਾਂ ਦਾ ਮੰਨਣਾ ਸੀ ਕਿ ਇਸ ਰਾਤ ਨੂੰ ਮਰੇ ਅਤੇ ਜੀਵਤ ਵਿਚਕਾਰ ਕੋਈ ਸੀਮਾ ਨਹੀਂ ਹੁੰਦੀ ਹੈ ਅਤੇ ਦੁਸ਼ਟ ਆਤਮਾਵਾਂ ਆਸਾਨੀ ਨਾਲ ਧਰਤੀ ‘ਤੇ ਆ ਸਕਦੀਆਂ ਹਨ। ਇਸ ਲਈ ਉਹ ਡਰਾਉਣੇ ਪਹਿਰਾਵੇ ਪਹਿਨਦੇ ਸਨ ਅਤੇ ਦੁਸ਼ਟ ਆਤਮਾਵਾਂ ਨੂੰ ਦੂਰ ਰੱਖਣ ਲਈ ਅੱਗ ਬਾਲਦੇ ਸਨ। ਹੇਲੋਵੀਨ ਦਾ ਮੁੱਖ ਮਹੱਤਵ ਬੁਰਾਈਆਂ ਅਤੇ ਨਕਾਰਾਤਮਕ ਊਰਜਾਵਾਂ ਨੂੰ ਦੂਰ ਕਰਨਾ ਹੈ। ਇਸ ਦੌਰਾਨ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

ਪੂਜਾ ਉਪਰੰਤ ਭਗਵਾਨ ਸ਼੍ਰੀ ਗਣੇਸ਼ ਜੀ ਦਾ ਵਿਸਰਜਨ ਕੀਤਾ ਗਿਆ ।

0

ਸਮਰਾਲਾ 28 ਸਤੰਬਰ : ( ਵਰਿੰਦਰ ਸਿੰਘ ਹੀਰਾ ) ਅੱਜ ਸ਼ਿਵ ਸੈਨਾ ਯੂਥ ਵਿੰਗ ਦੇ ਪ੍ਰਧਾਨ ਰਮਨ ਵਡੇਰਾ ਦੀ ਯੋਗ ਅਗਵਾਈ ਵਿੱਚ ਸਰਹਿੰਦ ਨਹਿਰ ਵਿੱਚ ਪੂਰੇ ਵਿਧੀ ਵਿਧਾਨਾਂ ਨਾਲ ਸ੍ਰੀ ਗਣੇਸ਼ ਜੀ ਨੂੰ ਜਲ ਪ੍ਰਵਾਹ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜਸੇਵੀ ਨੀਰਜ ਸਿਹਾਲਾ ਨੇ ਦੱਸਿਆ ਕਿ ਸੇਵਿਕਾ ਮਮਤਾ ਛਾਬੜਾ ਦੁਆਰਾ ਗਣੇਸ਼ ਉਤਸਵ ਮੌਕੇ ਆਪਣੇ ਘਰ ਵਿਖੇ ਗਣੇਸ਼ ਪੂਜਾ ਕਰਵਾਈ ਗਈ, ਜਿਸ ਦੌਰਾਨ ਪਿਛਲੇ 21 ਦਿਨਾਂ ਤੋਂ ਘਰ ਵਿੱਚ ਕੀਰਤਨ ਚੱਲਦਾ ਰਿਹਾ ਅਤੇ ਨਿਰੰਤਰ ਲੰਗਰ ਵੀ ਚੱਲਦਾ ਰਿਹਾ। ਇਸ ਉਪਰੰਤ ਅੱਜ 21ਵੇਂ ਦਿਨ ਗਣੇਸ਼ ਉਤਸਵ ਮੌਕੇ ਗਣੇਸ਼ ਪੂਜਾ ਕਰਵਾਈ ਗਈ ਜਿਸ ਵਿੱਚ ਰਮਨ ਵਡੇਰਾ ਅਤੇ ਨੀਰਜ ਸਿਹਾਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਗਣੇਸ਼ ਪੂਜਾ ਉਪਰੰਤ ਇੱਕ ਵੱਡੇ ਜਥੇ ਦੇ ਰੂਪ ਵਿੱਚ ਪੂਰੇ ਵਿਧੀ ਵਿਧਾਨ ਨਾਲ ਸ੍ਰੀ ਗਣੇਸ਼ ਜੀ ਨੂੰ ਗੜ੍ਹੀ ਪੁਲ ਵਿਖੇ ਲਿਜਾਇਆ ਗਿਆ, ਜਿੱਥੇ ਪਾਠ ਪੂਜਾ ਉਪਰੰਤ ਰੀਤੀ ਰਿਵਾਜਾ ਮੁਤਾਬਿਕ ਪਾਣੀ ਵਿੱਚ ਜਲ ਪ੍ਰਵਾਹ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮਨ ਵਡੇਰਾ, ਮਮਤਾ ਛਾਬੜਾ, ਨੀਰਜ ਸਿਹਾਲਾ, ਵਿੱਕੀ ਵਡੇਰਾ, ਵਿੱਕੀ ਰਾਣਾ, ਨਿਸ਼ਾ, ਅਰਬ ਵਡੇਰਾ, ਮੁਕੇਸ਼ ਅਨੰਦ, ਸੀਮਾ ਸ਼ਰਮਾ, ਦਲਜੀਤ ਲਾਡੀ, ਕਿਰਨ ਬਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜਰ ਸਨ।

 

ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਵੱਲੋਂ ਮੰਗਾਂ ਦੀ ਪ੍ਰਾਪਤੀ ਲਈ ਸੂਬਾ ਪੱਧਰੀ 4 ਅਕਤੂਬਰ ਦੇ ਧਰਨੇ ਦੀਆਂ ਤਿਆਰੀਆਂ ਲਈ ਮੀਟਿੰਗ 4 ਅਕਤੂਬਰ ਦਾ ਪਟਿਆਲਾ ਵਿਖੇ ਦਿੱਤਾ ਜਾ ਰਿਹਾ ਸੂਬਾ ਪੱਧਰੀ ਧਰਨਾ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ –ਸਿਕੰਦਰ ਸਿੰਘ ਪ੍ਰਧਾਨ

0

 

ਸਮਰਾਲਾ 28 ਸਤੰਬਰ ( ਵਰਿੰਦਰ ਸਿੰਘ )  ਪਾਵਰਕਾਮ ਅਤੇ ਟਰਾਂਸਕੋ ਮੰਡਲ ਸਮਰਾਲਾ ਦੇ ਪੈਨਸ਼ਨਰ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਇੱਕ ਜਰੂਰੀ  ਮੀਟਿੰਗ ਸਿਕੰਦਰ ਸਿੰਘ  ਮੰਡਲ ਪ੍ਰਧਾਨ ਸਮਰਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 4 ਅਕਤੂਬਰ ਨੂੰ ਪਟਿਆਲਾ  ਹੈੱਡ ਆਫਿਸ ਵਿਖੇ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਦੀਆਂ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪਹਿਲਾਂ ਦੀ ਤਰ੍ਹਾਂ ਕਮੇਟੀ ਮੈਂਬਰਾਂ ਦੀ ਧਰਨੇ ਦੀ ਤਿਆਰੀ ਸਬੰਧੀ ਵੱਖੋ ਵੱਖਰੇ ਏਰੀਏ ਵਿੱਚ ਪੈਨਸ਼ਨਰਾਂ ਨੂੰ ਜਾਗਰੂਕ ਕਰਨ ਸਬੰਧੀ ਡਿਊਟੀਆਂ ਲਗਾਈਆਂ ਗਈਆਂ। ਧਰਨੇ ਨੂੰ ਵਿਸ਼ਾਲ ਰੂਪ ਦੇਣ ਲਈ ਦੋ ਵੱਡੀਆਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ, ਇੱਕ ਬੱਸ ਕਟਾਣੀ ਕਲਾਂ ਤੋਂ ਅਤੇ ਦੂਜੀ ਬੱਸ ਮਾਛੀਵਾੜਾ ਸਾਹਿਬ ਤੋਂ ਸਵੇਰੇ 8:30 ਵਜੇ ਪਟਿਆਲਾ ਦੇ ਧਰਨੇ ਲਈ ਰਵਾਨਾ ਹੋਣਗੀਆਂ। ਪਿਛਲੇ ਅਰਸੇ ਦੌਰਾਨ ਮਹਿਕਮੇ ਵੱਲੋਂ ਮੰਗਾਂ ਸਬੰਧੀ ਹਾਂ ਪੱਖੀ ਹੁੰਗਾਰਾ ਭਰਨ ਦੇ ਬਾਵਜੂਦ ਅਜੇ ਤੱਕ ਲਮਕ ਅਵਸਥਾ ਵਿੱਚ ਰੱਖਿਆ ਜਾ ਰਿਹਾ ਹੈ, ਜਿਵੇਂ ਡੀ. ਏ. ਦੀਆਂ ਕਿਸ਼ਤਾਂ ਦਾ ਏਰੀਅਰ ਅਤੇ ਬਕਾਇਆ ਕਿਸ਼ਤਾਂ ਦੇਣਾ, ਪੇ ਸਕੇਲ 2.59 ਨਾਲ ਸੋਧਣਾ, ਮੈਡੀਕਲ ਕੈਸ਼ਲੈੱਸ ਸਕੀਮ ਚਾਲੂ ਕਰਨਾ, 23 ਸਾਲਾ ਬਿਨਾਂ ਸ਼ਰਤ ਦੇਣਾ, ਬਿਜਲੀ ਵਰਤੋਂ ਦੀ ਰਿਆਇਤ ਦੇਣਾ ਆਦਿ ਮੰਗਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਜਥੇਬੰਦੀ ਵੱਲੋਂ ਸੰਘਰਸ਼ ਵਜੋਂ 4 ਅਕਤੂਬਰ ਦਾ ਸੂਬਾ ਪੱਧਰੀ ਪਟਿਆਲਾ ਵਿਖੇ  ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਹੈ। ਜੇਕਰ ਇਸ ਦੌਰਾਨ  ਕਿਸੇ ਸ਼ਰਾਰਤੀ ਅਨਸਰ ਵੱਲੋਂ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਇਸ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਮੰਡਲ ਪ੍ਰਧਾਨ ਸਿਕੰਦਰ ਸਿੰਘ ਤੋੋਂ ਇਲਾਵਾ ਇੰਜ. ਪ੍ਰੇਮ ਸਿੰਘ ਸਾਬਕਾ ਐਸ.ਡੀ.ਓ., ਇੰਜ. ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਰਜਿੰਦਰਪਾਲ ਵਡੇਰਾ ਡਿਪਟੀ ਸੀ.ਏ.ਓ., ਜਗਤਾਰ ਸਿੰਘ ਪ੍ਰੈਸ ਸਕੱਤਰ, ਜਸਵੰਤ ਸਿੰਘ ਢੰਡਾ, ਭੁਪਿੰਦਰਪਾਲ ਚਹਿਲਾਂ, ਸੁਰਜੀਤ ਵਿਸ਼ਾਦ, ਇੰਜ. ਦਰਸ਼ਨ ਸਿੰਘ ਵਿੱਤ ਸਕੱਤਰ, ਦਰਸ਼ਨ ਸਿੰਘ ਕੋਟਾਲਾ, ਰਾਕੇਸ਼ ਕੁਮਾਰ ਖਮਾਣੋਂ, ਜਗਪਾਲ ਸਿੰਘ, ਪ੍ਰੇਮ ਚੰਦ ਭਲਾ ਲੋਕ,  ਪ੍ਰੇਮ ਕੁਮਾਰ ਸਰਕਲ ਆਗੂ ਆਦਿ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਹਾਜ਼ਰ ਸਨ।
<span;>ਅਖੀਰ ਵਿੱਚ ਸਿਕੰਦਰ ਸਿੰਘ ਮੰਡਲ ਪ੍ਰਧਾਨ ਵੱਲੋਂ  ਸਮਰਾਲਾ ਮੰਡਲ ਦੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਗਈ ਕਿ ਉਕਤ ਦੱਸੇ ਸਮੇਂ ਅਨੁਸਾਰ 4 ਅਕਤੂਬਰ ਨੂੰ ਸਮੇਂ ਸਿਰ ਪਹੁੰਚ ਕੇ ਸੂਬਾ ਪੱਧਰੀ ਧਰਨੇ ਨੂੰ ਸਫਲ ਬਣਾਇਆ ਜਾਵੇ ਅਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ।

ਪਸ਼ੂਆਂ ਦੀ ਹੈਲਥ ਸਬੰਧੀ ਸਰਟੀਫਿਕੇਟ ਜਾਰੀ ਨਾ ਹੋਣ ਕਾਰਨ ਆਮ ਲੋਕਾਂ ਵਿੱਚ ਮੱਚੀ ਹਾਹਾਕਾਰ

0

ਸਮਰਾਲਾ 26 ਸਤੰਬਰ ( ਵਰਿੰਦਰ ਸਿੰਘ) ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਡੇਢ ਸਾਲ ਤੋਂ ਵੱਧ ਸਮੇਂ ਦਾ ਅਰਸਾ ਹੋ ਗਿਆ, ਇਸ ਦੌਰਾਨ ਹੀ ਪੰਜਾਬ ਦੇ ਆਮ ਲੋਕਾਂ ਦਾ ਇਸ ਸਰਕਾਰ ਨੇ ਤ੍ਰਾਹ ਕੱਢ ਕੇ ਰੱਖ ਦਿੱਤਾ ਹੈ, ਹਰ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਅਤੇ ਜਿਲਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਜਿਆਦਾਤਰ ਆਰਥਿਕਤਾ ਖੇਤੀ ਅਤੇ ਦੁਧਾਰੂ ਪਸ਼ੂਆਂ ਤੇ ਟਿਕੀ ਹੋਈ ਹੈ। ਪੰਜਾਬ ਦੇ 80 ਪ੍ਰਤੀਸ਼ਤ ਲੋਕ ਆਪਣੇ ਰੋਜਾਨਾਂ ਜੀਵਨ ਦੇ ਨਿਰਵਾਹ ਲਈ ਆਪਣੇ ਘਰਾਂ ਅੰਦਰ ਦੁਧਾਰੂ ਪਸ਼ੂ ਪਾਲਦੇ ਹਨ, ਉਨ੍ਹਾਂ ਦੀ ਆਰਥਿਕਤਾ ਇੰਨੀ ਚੰਗੀ ਨਹੀਂ ਹੈ ਕਿ ਉਹ ਨਕਦ ਪਸ਼ੂ ਖਰੀਦ ਸਕਣ, ਇਸ ਲਈ ਉਹ ਪੰਜਾਬ ਸਰਕਾਰ ਤੋਂ ਕਰਜਾ ਲੈ ਕੇ ਪਸ਼ੂ ਖਰੀਦ ਕਰਦੇ ਹਨ, ਪ੍ਰੰਤੂ ਇਸ ਲਈ ਉਨ੍ਹਾਂ ਨੂੰ ਆਪਣੇ ਇਲਾਕੇ ਦੇ ਸਬੰਧਿਤ ਪਸ਼ੂ ਹਸਪਤਾਲ ਤੋਂ ਪਸ਼ੂਆਂ ਦੀ ਸਿਹਤ ਸਬੰਧੀ ਸਰਟੀਫਿਕੇਟ ਲੈਣਾ ਪੈਂਦਾ ਹੈ, ਜਿਸ ਨੂੰ ਵੈਟਰਨਰੀ ਹੈਲਥ ਅਫਸਰ ਜਾਰੀ ਕਰਦਾ ਹੈ। ਸਮਰਾਲਾ ਦੇ ਪਸ਼ੂ ਹਸਪਤਾਲ ਸਬੰਧੀ ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜਾਰੀ ਕਾਰਨ ਸਮਰਾਲਾ ਦੇ ਵੈਟਰਨਰੀ ਹਸਪਤਾਲ ਵਿਖੇ ਪਸ਼ੂਆਂ ਦੀ ਹੈਲਥ ਸਬੰਧੀ ਸਰਟੀਫਿਕੇਟ ਜਾਰੀ ਕਰਨ ਸਬੰਧੀ ਹਸਪਤਾਲ ਵਿਖੇ ਸਰਕਾਰ ਦੁਆਰਾ ਨੰਬਰ ਲੱਗੀ ਕਾਪੀਆਂ ਹੀ ਨਹੀਂ ਭੇਜੀਆਂ ਜਾ ਰਹੀਆਂ। ਇਸ ਸਬੰਧੀ ਹਸਪਤਾਲ ਦੇ ਮੁੱਖ ਵੈਟਰਨਰੀ ਅਫਸਰ, ਮੁੱਖ ਦਫਤਰ ਅਤੇ ਉੱਚ ਅਧਿਕਾਰੀਆਂ ਨੂੰ ਕਾਫੀ ਵਾਰ ਲਿਖਤੀ ਅਤੇ ਜੁਬਾਨੀ ਤੌਰ ਤੇ ਕਹਿ ਚੁੱਕੇ ਹਨ, ਪ੍ਰੰਤੂ ਕਾਪੀਆਂ ਭੇਜੀਆਂ ਨਹੀਂ ਜਾ ਰਹੀਆਂ। ਜਿਸ ਕਾਰਨ ਸੈਕੜਿਆਂ ਦੀ ਗਿਣਤੀ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਪਸ਼ੂਆਂ ਲਈ ਲੋਨ ਪਾਸ ਹੋ ਚੁੱਕੇ ਹਨ, ਜਿਨ੍ਹਾਂ ਨੂੰ ਸਰਟੀਫਿਕੇਟਾਂ ਕਾਰਨ ਉਨ੍ਹਾਂ ਦੇ ਲੋਨ ਜਾਰੀ ਨਹੀਂ ਹੋ ਰਹੇ ਅਤੇ ਆਮ ਲੋਕਾਂ ਦਾ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਹੋ ਰਿਹਾ ਹੈ ਅਤੇ ਇਸ ਨੁਕਸਾਨ ਕਾਰਨ ਉਹ ਕਾਫੀ ਮਾਨਸਿਕ ਤਣਾਅ ਵਿੱਚ ਗੁਜਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਉਹ ਆਪਣੀ ਮੁੱਢਲੀ ਜਿੰਮੇਵਾਰੀ ਸਮਝਦੇ ਹੋਏ ਆਮ ਲੋਕਾਂ ਦੀ ਪ੍ਰਮੁੱਖ ਲੋੜ ਨੂੰ ਸਮਝਦੇ ਹੋਏ ਜਲਦੀ ਤੋਂ ਜਲਦੀ ਪਸ਼ੂ ਹਸਪਤਾਲਾਂ ਵਿੱਚ ਪਸ਼ੂਆਂ ਦੀ ਹੈਲਥ ਸਬੰਧੀ ਸਰਟੀਫਿਕੇਟ ਜਾਰੀ ਕਰਨ ਵਾਲੀਆਂ ਕਾਪੀਆਂ ਭੇਜਣ ਤਾਂ ਜੋ ਲੰਬੇ ਸਮੇਂ ਪਸ਼ੂਆਂ ਸਬੰਧੀ ਲੋਨ ਜੋ ਪਾਸ ਹੋ ਚੁੱਕੇ ਹਨ, ਇਸ ਸਰਟੀਫਿਕੇਟ ਕਾਰਨ ਰੁਕੇ ਪਏ ਹਨ, ਜਾਰੀ ਹੋ ਸਕਣ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਜਲਦੀ ਤੋਂ ਜਲਦੀ ਪਸ਼ੂ ਹਸਪਤਾਲਾਂ ਵਿੱਚ ਉਕਤ ਕਾਪੀਆਂ ਨਾ ਭੇਜੀਆਂ ਤਾਂ ਯੂਨੀਅਨ ਨੂੰ ਸੰਘਰਸ਼ ਦਾ ਰਾਹ ਫੜਨਾ ਪਵੇਗਾ, ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਹਲਕਾ ਵਿਧਾਇਕ ਸਮਰਾਲਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੀਆਂ ਮੁੱਢਲੀਆਂ ਲੋੜਾਂ ਅਤੇ ਆਮ ਲੋਕਾਂ ਦੀਆਂ ਮੁੱਖ ਲੋੜਾਂ ਵੱਲ ਤਵੱਜੋ ਦੇਣ ਤਾਂ ਜੋ ਆਮ ਲੋਕੀਂ ਮਾਨਸਿਕ ਪਰੇਸ਼ਾਨੀ ਤੋਂ ਬਚ ਸਕਣ।

MOST COMMENTED