Home Blog

ਸਮਰਾਲਾ ਹਲਕੇ ਦੇ ਘਰ ਘਰ ਤੱਕ ਕੇਂਦਰ ਦੀ ਮੋਦੀ ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਵਾਲਾ ਪੈਫਲੈਟ ਕੀਤਾ ਜਾਰੀ

0

ਸਮਰਾਲਾ ਹਲਕੇ ਦੇ ਘਰ ਘਰ ਤੱਕ ਕੇਂਦਰ ਦੀ ਮੋਦੀ ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਵਾਲਾ ਪੈਫਲੈਟ ਕੀਤਾ ਜਾਰੀ
‘ਚਲੋ ਚਲੇਂ ਗਾਉਂ ਕੀ ਔਰ’ ਸਕੀਮ ਤਹਿਤ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਪੰਜਾਬ ਦੇ ਹਰ ਘਰ ਤੱਕ ਪਹੁੰਚਾਇਆ ਜਾਵੇਗਾ- ਡਾ. ਸਲਵਾਹਨ/ਗਹਿਲੇਵਾਲ
ਸਮਰਾਲਾ, 16 ਅਪ੍ਰੈਲ ( ਵਰਿੰਦਰ ਸਿੰਘ ਹੀਰਾ) ਕੇਂਦਰ ਸਰਕਾਰ ਦੀਆਂ ਲੋਕ ਹਿੱਤ ਵਿੱਚ ਸਕੀਮਾਂ ਸਬੰਧੀ ਜਾਣਕਾਰੀ ਨੂੰ ਪੰਜਾਬ ਦੇ ਘਰ ਘਰ ਤੱਕ ਪਹੁੰਚਾਉਣ ਲਈ ਅੱਜ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਵਿਖੇ ਹਲਕੇ ਦੇ ਸਰਕਲ ਪ੍ਰਧਾਨਾਂ ਦੀ ਰਹਿਨੁਮਾਈ ਹੇਠ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਪੈਫਲੈਟ ਜਾਰੀ ਕੀਤਾ ਗਿਆ। ਇਸ ਪੈਫਲੈਟ ਜ਼ਰੀਏ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਇਨ੍ਹਾਂ ਸਕੀਮਾਂ ਸਬੰਧੀ ਦੱਸਦੇ ਹੋਏ ਜ਼ਿਲ੍ਹਾ ਵਾਈਸ ਪ੍ਰਧਾਨ ਡਾ. ਅਸ਼ੋਕ ਸਲਵਾਹਨ ਅਤੇ ਸੰਜੀਵ ਲੀਹਲ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਹਰੇਕ ਭਾਰਤੀ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਸਕੀਮਾਂ ਦੇ ਰਹੀ ਹੈ, ਪ੍ਰੰਤੂ ਜਿਨ੍ਹਾਂ ਸੂਬਿਆਂ ਵਿੱਚ ਗੈਰ ਭਾਜਪਾ ਸਰਕਾਰਾਂ ਹਨ, ਉੱਥੇ ਇਨ੍ਹਾਂ ਸਕੀਮਾਂ ਨੂੰ ਆਮ ਲੋਕਾਂ ਤੋਂ ਦੂਰ ਰੱਖਿਆ ਜਾਂਦਾ ਹੈ। ਪੰਜਾਬ ਦੇ ਲੋਕਾਂ ਨੂੰ ਵੀ ਵੀ ਇਨ੍ਹਾਂ ਸਕੀਮਾਂ ਸਬੰਧੀ ਅਜੇ ਤੱਕ ਪੂਰੀ ਜਾਣਕਾਰੀ ਨਹੀਂ ਹੈ। ਹੁਣ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਆਪਣੀ ਜਿੰਮੇਵਾਰੀ ਸਮਝਦੇ ਹੋਏ ‘ਚਲੋ ਚਲੇ ਗਾਉਂ ਕੀ ਔਰ’ ਸਲੋਗਨ ਤਹਿਤ ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਪੰਜਾਬ ਦੇ ਹਰ ਘਰ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਇਸ ਸਲੋਗਨ ਤਹਿਤ ਹੀ ਸਮਰਾਲਾ ਹਲਕੇ ਅੰਦਰ ਪੈਂਦੇ ਪੰਜ ਸਰਕਲਾਂ ਅਧੀਨ ਪੈਂਦੇ ਪਿੰਡਾਂ ਵਿੱਚ ਇਨ੍ਹਾਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਸਰਕਲ ਸਮਰਾਲਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ੀ ਸੋਚ ਅਤੇ ‘ਸਬ ਕਾ ਸਾਥ – ਸਬ ਕਾ ਵਿਕਾਸ’ ’ਤੇ ਪਹਿਰਾ ਦਿੰਦੇ ਹੋਏ ਪੂਰੇ ਭਾਰਤ ਵਿੱਚ ਆਖਰੀ ਲਾਈਨ ਵਿੱਚ ਖੜ੍ਹੇ ਨਾਗਰਿਕ ਤੱਕ ਇਨ੍ਹਾਂ ਸਕੀਮਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਕੋਈ ਵੀ ਦੇਸ਼ ਵਾਸੀ ਇਨ੍ਹਾਂ ਸਕੀਮਾਂ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸਮਰਾਲਾ ਹਲਕੇ ਦੇ ਸਾਰੇ ਸਰਕਲਾਂ ਵਿੱਚ ਹਰੇਕ ਘਰ ਤੱਕ ਇਨ੍ਹਾਂ ਸਕੀਮਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਂਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਣਜੀਤ ਸਿੰਘ ਗਹਿਲੇਵਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਬਲਜੀਤ ਸਿੰਘ ਰਾਏ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਸੁਖਵਿੰਦਰ ਲਾਲ ਸ਼ਰਮਾ ਪ੍ਰਧਾਨ ਸਰਕਲ ਮਾਛੀਵਾੜਾ ਸਾਹਿਬ, ਸੁਖਵਿੰਦਰ ਸਿੰਘ ਛਿੰਦੀ ਸਰਕਲ ਪ੍ਰਧਾਨ ਝਾੜ ਸਾਹਿਬ, ਰਾਮਪਾਲ ਸਹਾਰਨ ਸਰਕਲ ਪ੍ਰਧਾਨ ਜੋਧਵਾਲ, ਕੰਵਲਜੀਤ ਸਿੰਘ ਸਰਕਲ ਪ੍ਰਧਾਨ ਬਰਧਾਲਾਂ, ਸੰਤ ਰਾਮ ਜ਼ਿਲ੍ਹਾ ਪ੍ਰਧਾਨ ਬਾਜੀਗਰ ਸੈੱਲ, ਮੰਗਤ ਰਾਏ ਪ੍ਰਭਾਕਰ, ਮੋਨਿਕਾ ਸ਼ਰਮਾ ਪ੍ਰਧਾਨ ਮਹਿਲਾ ਮੋਰਚਾ ਸਰਕਲ ਸਮਰਾਲਾ, ਜਸਪਾਲ ਸਿੰਘ, ਹਰਜਿੰਦਰ ਸਿੰਘ, ਰਾਕੇਸ਼ ਸ਼ਰਮਾ, ਗੁਰਜੰਟ ਸਿੰਘ, ਹਰੀਸ਼ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।

ਬਾਬਾ ਸਾਹਿਬ ਬੀ. ਆਰ. ਅੰਬੇਦਕਰ ਮਿਸ਼ਨਰੀ ਸਭਾ ਸਮਰਾਲਾ ਵੱਲੋਂ ਡਾ. ਅੰਬੇਦਕਰ ਦਾ ਜਨਮ ਦਿਹਾੜ੍ਹਾ ਮਨਾਇਆ

0

ਬਾਬਾ ਸਾਹਿਬ ਬੀ. ਆਰ. ਅੰਬੇਦਕਰ ਮਿਸ਼ਨਰੀ ਸਭਾ ਸਮਰਾਲਾ ਵੱਲੋਂ ਡਾ. ਅੰਬੇਦਕਰ ਦਾ ਜਨਮ ਦਿਹਾੜ੍ਹਾ ਮਨਾਇਆ

ਇਸ ਮੌਕੇ 200 ਦੇ ਕਰੀਬ ਲੋੜਬੰਦ ਅਤੇ ਗਰੀਬ ਬੱਚਿਆਂ ਨੂੰ ਵੰਡੀ ਗਈ ਸਟੇਸ਼ਨਰੀ

ਸਮਰਾਲਾ 15 ਅਪ੍ਰੈਲ ( ਵਰਿੰਦਰ ਸਿੰਘ ਹੀਰਾ) ਬਾਬਾ ਸਾਹਿਬ ਬੀ. ਆਰ. ਅੰਬੇਦਕਰ ਮਿਸ਼ਨਰੀ ਸਭਾ ਸਮਰਾਲਾ ਵੱਲੋਂ ਡਾ. ਸੋਹਣ ਲਾਲ ਬਲੱਗਣ ਸਰਪ੍ਰਸਤ ਅਤੇ ਪ੍ਰਧਾਨ ਕਾਮਰੇਡ ਭਜਨ ਸਿੰਘ (ਸਾਬਕਾ ਪ੍ਰਧਾਨ ਨਗਰ ਕੌਂਸਲ) ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜ੍ਹਾ ਸਥਾਨਕ ਵਾਰਡ ਨੰ: 5 ਦੇ ਸਾਂਝੇ ਥੜੇ ਕੋਲ ਮਨਾਇਆ ਗਿਆ। ਇਸ ਮੌਕੇ ਡਾ. ਭੀਮ ਰਾਓ ਅੰਬੇਦਕਰ ਦੀ ਵੱਡ ਅਕਾਰੀ ਤਸਵੀਰ ਅੱਗੇ ਫੁੱਲ ਅਰਪਣ ਕੀਤੇ ਅਤੇ ਮਿਸ਼ਨਰੀ ਸਭਾ ਵੱਲੋਂ ਗਰੀਬ ਅਤੇ ਲੋੜਵੰਦ 200 ਦੇ ਕਰੀਬ ਬੱਚਿਆਂ ਨੂੰ ਕਾਪੀਆਂ, ਪੈਨਸਿਲਾ ਵੰਡੀਆਂ ਗਈਆਂ ਤਾਂ ਜੋ ਜਿਨ੍ਹਾਂ ਮਾਪੇ ਆਪਣੇ ਬੱਚਿਆਂ ਨੂੰ ਸਕੂਲੀ ਕਾਪੀਆਂ ਲੈਣ ਤੋਂ ਅਸਮਰੱਥ ਹਨ, ਇਨ੍ਹਾਂ ਕਾਪੀਆਂ ਪੈਨਸ਼ਲਾਂ ਨੇ ਬੱਚੇ ਆਪਣੀ ਮੁੱਢਲੀ ਸਿੱਖਿਆ ਸਹੀ ਤਰੀਕੇ ਨਾਲ ਪ੍ਰਾਪਤ ਕਰ ਸਕਣ। ਇਸ ਮੌਕੇ ਸੰਬੋਧਨ ਕਰਦੇ ਹੋਏ ਸਰਪ੍ਰਸਤ ਸੋਹਣ ਲਾਲ ਬਲੱਗਣ ਨੇ ਡਾ. ਭੀਮ ਰਾਓ ਅੰਬੇਦਕਰ ਦੀ ਮੁੱਢਲੀ ਅਤੇ ਉਚੇਰੀ ਵਿੱਦਿਆ ਬਾਰੇ ਚਾਨਣਾ ਪਾਇਆ, ਕਿਸ ਤਰ੍ਹਾਂ ਸਕੂਲ ਵਿੱਚ ਉਨ੍ਹਾਂ ਨਾਲ ਜਾਤੀ ਵਿਤਕਰਾ ਕੀਤਾ ਜਾਂਦਾ ਸੀ ਅਤੇ ਉਹਨਾਂ ਆਪਣੇ ਔਖੇ ਵੇਲੇ ਵੀ ਹਿੰਮਤ, ਸਾਹਸ ਅਤੇ ਸ਼ਹਿਣਸ਼ੀਲਤਾਂ ਤੋਂ ਕੰਮ ਲਿਆ। ਪ੍ਰਧਾਨ ਕਾਮਰੇਡ ਭਜਨ ਸਿੰਘ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਜੋ ਆਪਣੀ ਗਰੀਬੀ ਵਿੱਚੋਂ ਨਿਕਲ ਕੇ ਭਾਰਤ ਦੇ ਕਾਨੂੰਨ ਨੂੰ ਲਿਖਣ ਵਾਲੀ ਯੋਗਤਾ ਆਪਣੀ ਸਿਆਪਣ ਅਤੇ ਲਿਆਕਤ ਨਾਲ ਅੱਗੇ ਆਏ। ਅੱਜ ਪੂਰੀ ਦੁਨੀਆਂ ਵਿੱਚ ਉਨ੍ਹਾਂ ਨੂੰ ਇੱਕ ਮਹਾਨ ਕਾਨੂੰਨ ਸਾਸ਼ਤਰੀ ਦੇ ਤੌਰ ਤੇ ਦੇਖਿਆ ਜਾਂਦਾ ਹੈ। ਅੱਜ ਸਮਾਂ ਹੈ ਕਿ ਸਾਨੂੰ ਉਨ੍ਹਾਂ ਦੀ ਜੀਵਨ ਜਾਂਚ ਤੋਂ ਸੇਧ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਉਨ੍ਹਾਂ ਦੁਆਰਾ ਕੀਤੇ ਕਾਰਜਾਂ ਨੂੰ ਸਿਜਦਾ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰ ਵੀ ਬੁਲਾਰਿਆਂ ’ਚ ਐਡਵੋਕੇਟ ਸ਼ਿਵ ਕਲਿਆਣ, ਅਮਰਜੀਤ ਸਿੰਘ ਬਾਲਿਓਂ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਫਰੰਟ, ਦਲਵੀਰ ਸਿੰਘ ਮੰਡਿਆਲਾ ਬਸਪਾ ਆਗੂ, ਅੰਮ੍ਰਿਤਾ ਪੁਰੀ ਨੇ ਡਾ. ਭੀਮ ਰਾਓ ਅੰਬੇਦਕਰ ਦੇ ਜੀਵਨ ਫਲਸਫੇ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਦੁਆਰਾ ਦਿਖਾਏ ਰਸਤੇ ਦੇ ਤੁਰਨ ਦਾ ਪ੍ਰਣ ਕਰਨ ਲਈ ਕਿਹਾ। ਅੱਜ ਜੋ ਸਾਨੂੰ ਗਰੀਬਾਂ ਨੂੰ ਬਰਾਬਰਤਾ ਦੇ ਅਧਿਕਾਰ ਮਿਲੇ ਹਨ ਉਹ ਸਭ ਕੁੱਝ ਡਾ. ਭੀਮ ਰਾਓ ਅੰਬੇਦਕਰ ਦੀ ਦੇਣ ਹੈ। ਇਸ ਸਭਾ ਵੱਲੋਂ ਆਏ ਹੋਏ ਲੋਕਾਂ ਨੂੰ ਲੱਡੂ ਵੱਡੇ ਅਤੇ ਡਾ. ਭੀਮ ਰਾਓਂ ਅੰਬੇਦਕਰ ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਨਾਇਬ ਸਿੰਘ ਏ. ਐਸ. ਆਈ., ਕਰਮ ਸਿੰਘ ਏ. ਐਸ. ਆਈ., ਰਾਜਿੰਦਰ ਸਿੰਘ ਮੱਟੂ ਖਜਾਨਚੀ, ਬਲਦੇਵ ਸਿੰਘ ਤੂਰ ਮੀਤ ਪ੍ਰਧਾਨ, ਗੁਰਦੇਵ ਸਿੰਘ ਤੂਰ, ਸੈਕਟਰੀ ਬੂਟਾ ਸਿੰਘ, ਕਮਲਜੀਤ ਸਿੰਘ ਬੰਗੜ, ਕਰਤਾਰਾ ਸਿੰਘ ਭੱਖੜ, ਜਸਪਾਲ ਸਿੰਘ, ਜਗਦੀਸ਼ ਕਲਿਆਣ, ਨੀਲ ਕੁਮਾਰ ਮੀਤ ਪ੍ਰਧਾਨ, ਮਨਵੀਰ ਕੌਰ, ਦਿਲਨੂਰ ਸਿੰਘ, ਸੁਰੇਸ਼ ਕੁਮਾਰ, ਦੀਪਕ ਕੁਮਾਰ, ਜਗਤਾਰ ਸਿੰਘ, ਪਲਵਿੰਦਰ ਸਿੰਘ, ਜਗਪਾਲ ਸਿੰਘ ਆਦਿ ਤੋਂ ਇਲਾਵਾ ਸਭਾ ਦੇ ਹੋਰ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜਰ ਸਨ। 

ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਹੈਡੋ ਦਾ ਸ਼ਾਨਦਾਰ ਨਤੀਜਾ 

0

ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਹੈਡੋ ਦਾ ਸ਼ਾਨਦਾਰ ਨਤੀਜਾ 

ਸਮਰਾਲਾ, 30 ਮਾਰਚ ( ਵਰਿੰਦਰ ਸਿੰਘ ਹੀਰਾ/ ਜਸਵੀਰ ਹੇਡੋ) ਸਮਰਾਲਾ ਨੇੜਲੇ ਪਿੰਡ ਹੇਡੋ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ । ਸਕੂਲ ਵੱਲੋਂ ਆਜੋਜਿਤ ਪ੍ਰਭਾਵਸ਼ਾਲੀ ਇਨਾਮ ਵੰਡ ਸਮਾਰੋਹ ਵਿੱਚ ਇਸ ਸਾਲ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਪਵਾਰ ਨੇ ਕਿਹਾ ਕਿ ਸਕੂਲ ਦਾ ਵਧੀਆ ਰਿਜ਼ਲਟ ਸਮੂਹ ਅਧਿਆਪਕ ਸਾਹਿਬਾਨ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਸਕੂਲ ਦੇ ਸਲਾਨਾ ਇਨਾਮ ਵੰਡ ਸਮਾਰੋਹ ਵਿੱਚ ਸ੍ਰੀਮਤੀ ਬਬਲੀ ਰਾਣੀ ਪਤਨੀ ਮੋਹਣ ਸਿੰਘ ਬਲਾਕ ਸੰਮਤੀ ਮੈਂਬਰ, ਅਵਤਾਰ ਸਿੰਘ, ਸ਼ਲਿੰਦਰ ਰਾਣਾ, ਸਾਹਿਲ ਰਾਣਾ, ਸੁਖਬੀਰ ਰਾਣਾ, ਹਰਦੇਵ ਸਿੰਘ, ਬੱਗੂ ਸਿੰਘ ਅਤੇ ਰਾਜਵੰਤ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਿੰਸੀਪਲ ਸੁਨੀਤਾ ਪਵਾਰ ਨੇ ਆਏ ਮਹਿਮਾਨਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਸ਼੍ਰੀਮਤੀ ਸੁਨੀਤਾ ਪਵਾਰ ਨੇ ਸਕੂਲ ਦਾ ਵਧੀਆ ਰਿਜਲਟ ਆਉਣ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਤੇ ਸਕੂਲ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਅਧਿਆਪਕ ਸਾਹਿਬਾਨ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰੀਕੇ ਨਾਲ ਮਿਹਨਤ ਨਾਲ ਆਪਣਾ ਕੰਮ ਕਰਦੇ ਰਹਿਣਗੇ। ਉਹਨਾਂ ਇਸ ਸਮਾਰੋਹ ਵਿੱਚ ਭਾਗ ਲੈਣ ਵਾਲੇ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਵੀ ਕੀਤਾ।

23 ਮਾਰਚ ਨੂੰ ਰਾਜ ਮਿਸਤਰੀ, ਮਜ਼ਦੂਰਾਂ ਵੱਲੋਂ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜ੍ਹਾ ‘ਸਾਮਰਾਜੀ ਵਿਰੋਧੀ ਦਿਵਸ’ ਵਜੋਂ ਮਨਾਇਆ ਜਾਵੇਗਾ

0

 ਮਾਰਚ ਨੂੰ ਰਾਜ ਮਿਸਤਰੀ, ਮਜ਼ਦੂਰਾਂ ਵੱਲੋਂ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜ੍ਹਾ ‘ਸਾਮਰਾਜੀ ਵਿਰੋਧੀ ਦਿਵਸ’ ਵਜੋਂ ਮਨਾਇਆ ਜਾਵੇਗਾ

ਸਮਰਾਲਾ 19 ਮਾਰਚ ( ਵਰਿੰਦਰ ਸਿੰਘ ਹੀਰਾ) ਅੱਜ ਸਮਰਾਲਾ ਦੇ ਲੇਬਰ ਚੌਂਕ ਵਿਖੇ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਕਾਮਰੇਡ ਭਜਨ ਸਿੰਘ (ਸਾਬਕਾ ਪ੍ਰਧਾਨ ਨਗਰ ਕੌਂਸਲ ਸਮਰਾਲਾ) ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜ੍ਹਾ ‘ਸਾਮਰਾਜੀ ਵਿਰੋਧੀ ਦਿਵਸ’ ਵਜੋਂ ਮਨਾਏ ਜਾਣ ਸਬੰਧੀ ਚਰਚਾ ਕੀਤੀ ਗਈ। ਕਾਮਰੇਡ ਭਜਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਮਜ਼ਦੂਰਾਂ ਅਤੇ ਕਿਰਤੀਆਂ ਨੂੰ ਲਾਮਬੰਦ ਕਰਦੇ ਹੋਏ ਕਿਹਾ ਕਿ ਅੱਜ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਮਰਾਜੀ ਦੇਸ਼ਾਂ ਦੇ ਝਾਂਸੇ ਵਿੱਚ ਆ ਕੇ ਉਨ੍ਹਾਂ ਦੀਆਂ ਨੀਤੀਆਂ ਉੱਤੇ ਤੁਰ ਰਿਹਾ ਹੈ ਅਤੇ ਕਰ ਮੁਕਤ ਵਪਾਰ ਕਰਨ ਲਈ ਸੰਧੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਅਮਰੀਕਾ ਵਰਗੇ ਦੇਸ਼ਾਂ ਤੋਂ ਖੁਰਾਕ, ਕਣਕ ਅਤੇ ਦੁੱਧ ਵਗੈਰਾ ਬਹੁਤਾਤ ਵਿੱਚ ਆਉਣਗੇ, ਭਾਰਤ ਦੀ ਅਰਥ ਵਿਵਸਥਾ ਜੋ ਪਹਿਲਾਂ ਹੀ ਖੇਤੀਬਾੜੀ ਉੱਤੇ ਨਿਰਭਰ ਹੈ, ਬਾਹਰੋਂ ਖੁਰਾਕ ਵਸਤਾਂ ਆਉਣ ਨਾਲ ਤਬਾਹ ਹੋ ਜਾਵੇਗੀ। ਕਿਸਾਨ ਅਤੇ ਮਜ਼ਦੂਰ ਬਿਲਕੁੱਲ ਹੀ ਮਾਰੇ ਜਾਣਗੇ। ਅੱਜ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਵਿੱਚ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਆਮ ਲੋਕ ਰਸੋਈ ਗੈਸ ਅਤੇ ਹੋਰ ਜਰੂਰੀ ਵਸਤਾਂ ਦੀ ਕਿੱਲਤ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਗਲਤ ਨੀਤੀਆਂ ਖਿਲਾਫ ਦੇਸ਼ ਭਰ ਦੇ ਮਜ਼ਦੂਰ 24 ਮਾਰਚ ਨੂੰ ਲਾਲ ਕਿਲੇ ਅੱਗੇ ਜਮ੍ਹਾਂ ਹੋ ਕੇ ਮੋਦੀ ਸਰਕਾਰ ਖਿਲਾਫ ਰੋਸ ਮੁਜਾਹਰਾ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ 23 ਮਾਰਚ ਨੂੰ ਸਮਰਾਲਾ ਦੇ ਲੇਬਰ ਚੌਂਕ, ਸਾਹਮਣੇ ਐਸ. ਡੀ. ਐਮ. ਦਫਤਰ ਵਿਖੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜ੍ਹਾ ‘ਸਾਮਰਾਜੀ ਵਿਰੋਧੀ ਦਿਵਸ’ ਵਜੋਂ ਮਨਾ ਕੇ ਸ਼ਹੀਦ ਭਗਤ ਸਿੰਘ ਵੱਲੋਂ ਲਏ ਸੁਪਨੇ ਨੂੰ ਸਾਕਾਰ ਕਰਨ ਲਈ ਮਜ਼ਦੂਰ ਲਾਮਬੰਦ ਹੋਣਗੇ। ਉਨ੍ਹਾਂ ਹੋਰ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ 23 ਮਾਰਚ ਨੂੰ ਸਵੇਰੇ 9 ਵਜੇ ਲੇਬਰ ਚੌਂਕ ਵਿੱਚ ਪੁੱਜ ਕੇ ਆਪਣੀ ਕੌਮ ਤੇ ਨੇਤਾ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਪੁੱਜਣ ਅਤੇ ਕੇਂਦਰ ਦੀਆਂ ਗਲਤ ਨੀਤੀਆਂ ਖਿਲਾਫ ਲਾਮਬੰਦ ਕੀਤਾ ਜਾ ਸਕੇ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਰਣਜੀਤ ਸਿੰਘ ਸਕੱਤਰ, ਸੁਰਜੀਤ ਸਿੰਘ ਮਾਣਕੀ, ਬੁੱਧ ਰਾਮ ਮਾਣਕੀ, ਸ਼ਿੰਦਰਪਾਲ ਸਿੰਘ ਮਾਣਕੀ, ਮੱਘਰ ਸਿੰਘ ਦੁੱਗਲ ਸ਼ਾਮਗੜ੍ਹ, ਰਾਜੂ ਸਮਰਾਲਾ, ਮਿੱਠੂ ਬੌਂਦਲ, ਭੋਲਾ, ਬਿੰਦਰ ਸਿੰਘ ਦੀਵਾਲਾ, ਸਾਧੂ ਬੌਂਦਲੀ, ਰਾਜਾ ਦੀਵਾਲਾ, ਸ਼ਿੰਦਾ ਟੋਡਰਪੁਰ, ਜੀਵਨ ਸਿੰਘ ਬੰਬ, ਸਰਬਜੀਤ ਸਿੰਘ ਸਮਰਾਲਾ, ਕੁਲਵਿੰਦਰ ਸਿੰਘ ਮਾਣਕੀ, ਅਸ਼ੋਕ ਰਿਸ਼ੀ, ਧੀਰਾ ਸਿੰਘ, ਕਸ਼ਮੀਰਾ ਸਿੰਘ ਸਮਰਾਲਾ, ਮੇਜਰ ਸਿੰਘ, ਬਲਜਿੰਦਰ ਸਿੰਘ ਮੱਲ ਮਾਜਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਜ਼ਦੂਰ, ਆਟੋ ਚਾਲਕ ਅਤੇ ਸਫਾਈ ਕਰਮਚਾਰੀ ਵੀ ਹਾਜ਼ਰ ਸਨ। 

ਫਰਮਾਸਿਸਟ ਯੂਨੀਅਨ ਵੱਲੋਂ ਰੈਗੂਲਰ ਪਾਲਿਸੀ ਵਿੱਚ ਸਰਵਿਸ ਰੂਲ ਜੋੜਨ ਸਬੰਧੀ ਕੈਬਨਿਟ ਮੰਤਰੀ ਨਾਲ ਮੁਲਾਕਾਤ

0

ਫਰਮਾਸਿਸਟ ਯੂਨੀਅਨ ਵੱਲੋਂ ਰੈਗੂਲਰ ਪਾਲਿਸੀ ਵਿੱਚ ਸਰਵਿਸ ਰੂਲ ਜੋੜਨ ਸਬੰਧੀ ਕੈਬਨਿਟ ਮੰਤਰੀ ਨਾਲ ਮੁਲਾਕਾਤ

ਸਮਰਾਲਾ 14 ਮਾਰਚ ( ਵਰਿੰਦਰ ਸਿੰਘ ਹੀਰਾ ) ਰੂਰਲ ਹੈਲਥ ਫਰਮਾਸਿਸਟ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਕੁੱਲੇਵਾਲ ਦੀ ਅਗਵਾਈ ਹੇਠ ਇੱਕ ਵਫਦ ਨੇ ਤਰਨਪ੍ਰੀਤ ਸਿੰਘ ਸੌਂਧ ਪੰਚਾਇਤ ਮੰਤਰੀ ਪੰਜਾਬ ਨੂੰ ਫਰਮਾਸਿਸਟਾਂ ਦੀਆਂ ਮੰਗਾਂ ਸਬੰਧੀ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਦਿੱਤਾ। ਜਿਸ ਸਬੰਧੀ ਸੂਬਾ ਪ੍ਰਧਾਨ ਗੁਰਮੀਤ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਲਾਕਾਤ ਦੌਰਾਨ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਰੂਰਲ ਹੈਲਥ ਵਿਭਾਗ ਦੇ ਕਾਮਿਆਂ ਨੂੰ ਰੈਗੂਲਰ ਕਰਨ ਸਬੰਧੀ ਜੋ 10 ਸਾਲਾ ਪਾਲਿਸੀ ਲਾਗੂ ਕੀਤੀ ਹੈ, ਇਸ ਪਾਲਿਸੀ ਰਾਹੀਂ ਰੈਗੂਲਰ ਕਰਨ ਦਾ ਧੰਨਵਾਦ ਕੀਤਾ ਗਿਆ, ਇਸ ਪਾਲਿਸੀ ਨੂੰ ਲਾਗੂ ਕਰਾਉਣ ਵਿੱਚ ਕੈਬਨਿਟ ਮੰਤਰੀ ਸੌਂਧ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਪਾਲਿਸੀ ਵਿੱਚ ਸਰਵਿਸ ਰੂਲ ਨਹੀਂ ਜੋੜੇ ਗਏ ਅਤੇ ਪਾਲਿਸੀ ਅਧੀਨ ਮੁਲਾਜਮਾਂ ਦੀ ਤਨਖਾਹ ਬਹੁਤ ਘੱਟ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੋ ਮੁਲਾਜਮ ਅਜੇ ਤੱਕ ਇਸ ਪਾਲਿਸੀ ਅਧੀਨ ਨਹੀਂ ਲਿਆਂਦੇ ਗਏ ਉਨ੍ਹਾਂ ਨੂੰ ਜਲਦੀ ਇਸ ਪਾਲਿਸੀ ਅਧੀਨ ਲਿਆਂਦਾ ਜਾਵੇ ਅਤੇ ਰਿਟਾਇਰਮੈਂਟ ਦੀ ਉਮਰ 58 ਤੋਂ 60 ਸਾਲ ਕੀਤੀ ਜਾਵੇ। ਮੰਗ ਪੱਤਰ ਪ੍ਰਾਪਤ ਕਰਕੇ ਕੈਬਨਿਟ ਮੰਤਰੀ ਸੌਂਧ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਇਸ ਸਬੰਧੀ ਜਲਦੀ ਹੀ ਉਹ ਮੁੱਖ ਮੰਤਰੀ ਨਾਲ ਡਿਸਕਸ ਕਰਨਗੇ ਅਤੇ ਤੁਹਾਡੇ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਤੁਹਾਡੀਆਂ ਇਹ ਜਾਇਜ ਮੰਗਾਂ ਨੂੰ ਲਾਗੂ ਕਰਵਾਇਆ ਜਾਵੇਗਾ। ਵਫਦ ਵਿੱਚ ਉਪਰੋਕਤ ਤੋਂ ਇਲਾਵਾ ਰੁਪਿੰਦਰ ਸਿੰਘ ਰਾਜਾ ਮੋਗਾ ਸਰਪ੍ਰਸਤ, ਨਵਜੋਤ ਕੌਰ ਪਟਿਆਲਾ ਪ੍ਰਧਾਨ ਲੇਡੀਜ਼ ਵਿੰਗ, ਰਜਿੰਦਰ ਸਿੰਘ ਜਲੰਧਰ ਵਾਈਸ ਪ੍ਰਧਾਨ, ਬਲਜੀਤ ਸਿੰਘ ਚੇਅਰਮੈਨ, ਸੁਖਪਾਲ ਸਿੰਘ ਤਰਨਤਾਰਨ ਵਾਈਸ ਪ੍ਰਧਾਨ, ਕ੍ਰਿਸ਼ਨ ਮੋਹਾਲੀ, ਰੁਪਿੰਦਰ ਕੌਰ ਰੋਪੜ, ਕਰਮਜੀਤ ਸਿੰਘ ਮਾਨਸਾ, ਗੌਤਮ ਬਠਿੰਡਾ, ਪ੍ਰਿੰਸ ਸੰਗਰੂਰ, ਦਿਲਦਾਰ ਸਿੰਘ ਹੁਸ਼ਿਆਰਪੁਰ, ਭਨੋਟ ਅੰਮ੍ਰਿਤਸਰ, ਧੀਰਜ ਕਾਲੀਆ ਅੰਮ੍ਰਿਤਸਰ, ਦਵਿੰਦਰ ਲੁਧਿਆਣਾ, ਗਗਨ ਲੁਧਿਆਣਾ ਆਦਿ ਸ਼ਾਮਲ ਸਨ। 

ਬਰਨਾਲਾ ਮਹਾਂ ਪੰਚਾਇਤ ’ਚ ਸ਼ਾਮਲ ਹੋਣ ਲਈ ਬੀ. ਕੇ. ਯੂ. (ਰਾਜੇਵਾਲ) ਦਾ ਵੱਡਾ ਜਥਾ ਸਮਰਾਲਾ ਤੋਂ ਰਵਾਨਾ ਹੋਇਆ- ਜੇਕਰ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦਾ ਖਹਿੜਾ ਨਾ ਛੱਡਿਆ ਤਾਂ ਕਿਸਾਨ ਕਰਨਗੇ ਵੱਡਾ ਅੰਦੋਲਨ –ਭੱਟੀਆਂ

0

ਬਰਨਾਲਾ ਮਹਾਂ ਪੰਚਾਇਤ ’ਚ ਸ਼ਾਮਲ ਹੋਣ ਲਈ ਬੀ. ਕੇ. ਯੂ. (ਰਾਜੇਵਾਲ) ਦਾ ਵੱਡਾ ਜਥਾ ਸਮਰਾਲਾ ਤੋਂ ਰਵਾਨਾ ਹੋਇਆ-

ਜੇਕਰ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦਾ ਖਹਿੜਾ ਨਾ ਛੱਡਿਆ ਤਾਂ ਕਿਸਾਨ ਕਰਨਗੇ ਵੱਡਾ ਅੰਦੋਲਨ –ਭੱਟੀਆਂ

ਸਮਰਾਲਾ, 10 ਮਾਰਚ ( ਵਰਿੰਦਰ ਸਿੰਘ ਹੀਰਾ) ਕੇਂਦਰ ਸਰਕਾਰ ਜੋ ਕਾਰਪੋਰੇਟ ਘਰਾਣਿਆਂ ਦੀ ਹੱਥਾਂ ਦੀ ਕਠਪੁਤਲੀ ਬਣਕੇ ਰਹਿ ਗਈ ਹੈ, ਕਾਰਪੋਰੇਟ ਘਰਾਣੇ ਜੋ ਦੇਸ਼ ਦੀ ਕਿਰਸਾਨੀ ਮਗਰ ਹੱਥ ਧੋ ਕੇ ਪਏ ਹੋਏ ਹਨ, ਕੇਂਦਰ ਸਰਕਾਰ ਨੂੰ ਹਲੂਣਾ ਦੇਣ ਲਈ ਅੱਜ ਜੋ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਮਹਾਂ ਪੰਚਾਇਤ ਰੱਖੀ ਗਈ ਹੈ, ਉਹ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ ਦੇਵੇਗੀ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਨੇ ਬਰਨਾਲਾ ਮਹਾਂ ਪੰਚਾਇਤ ਲਈ ਸਮਰਾਲਾ ਤੋਂ ਵੱਡੇ ਜਥੇ ਨਾਲ ਰਵਾਨਾ ਹੋਣ ਤੋਂ ਪਹਿਲਾਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਬਿਜਲੀ ਸੋਧ ਬਿੱਲ 2025, ਮਨਰੇਗਾ ਕੰਮ ਦੇ ਘੇਰਾ ਘਟਾਉਣਾ, ਸੀਡ ਬਿੱਲ ਦੇ ਕਿਸਾਨਾਂ ਲਈ ਮਾਰੂ ਸਿੱਧ ਹੋਵੇਗਾ। ਦੇਸ਼ ਦੀ ਕਿਰਸਾਨੀ ਜੋ ਪਹਿਲਾਂ ਹੀ ਡਗਮਗਾਈ ਹੋਈ ਹੈ, ਜੇਕਰ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਨਾ ਤਿਆਗੀਆਂ ਸਮੁੱਚੇ ਭਾਰਤ ਦੇ ਕਿਸਾਨ ਇੱਕ ਹੋਰ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਅੱਜ ਬਰਨਾਲਾ ਦੀ ਮਹਾਂ ਪੰਚਾਇਤ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ। ਮਹਾਂਪੰਚਾਇਤ ਵਿੱਚ ਜਾਣ ਲਈ ਰਵਾਨਾ ਹੋਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਮਨਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ, ਅਜਮੇਰ ਸਿੰਘ ਮੇਹਲੋਂ, ਕੁਲਵਿੰਦਰ ਸਿੰਘ ਪੂਰਬਾ ਬਲਾਕ ਪ੍ਰਧਾਨ ਸਮਰਾਲਾ, ਕਰਮਜੀਤ ਸਿੰਘ ਅਡਿਆਣਾ, ਰਾਜਾ ਮੇਹਲੋਂ ਬਲਾਕ ਪ੍ਰਧਾਨ ਮਾਂਗਟ, ਮੁਖਤਿਆਰ ਸਿੰਘ ਸਰਵਰਪੁਰ, ਜਗਦੇਵ ਸਿੰਘ ਮੁੱਤੋ, ਸੁੱਖਾ ਬਾਬਾ ਸੰਗਤਪੁਰਾ, ਜਸਵਿੰਦਰ ਸਿੰਘ ਕੁਲੇਵਾਲ, ਤਪਿੰਦਰ ਸਿੰਘ ਰੁਪਾਲੋਂ, ਪ੍ਰਗਟ ਸਿੰਘ ਕੋਟ ਪਨੈਚ, ਕਰਮਜੀਤ ਮਾਛੀਵਾੜਾ,ਬੰਤ ਬਾਬਾ, ਕੁਲਦੀਪ ਮੁੱਤੋ, ਬੂਟਾ ਬਗਲੀ,ਲਾਲੀ ਮੰਜਾਲੀਆਂ, ਬਹਾਲ ਇਕੋਲਾਹੀ, ਸਤਨਾਮ ਪੂਰਬਾ, ਗੁਰਦੀਪ ਸਰਵਰਪੁਰ, ਚੌਧਰੀ ਸੰਗਤਪੁਰਾ, ਗੁਰਮੇਲ ਸਿੰਘ, ਗੁਰਦੀਪ ਸਿੰਘ ਸਿਹੌੜਾ, ਗੁਰਸੇਵਕ ਸਿੰਘ, ਰਿੰਕੂ ਸਿੰਘ, ਰਣਵੀਰ ਸਿੰਘ ਜੀਤਾ ਬਗਲੀ ਆਦਿ ਤੋਂ ਇਲਾਵਾ ਯੂਨੀਅਨ ਦੇ ਹੋਰ ਵਰਕਰ ਵੀ ਹਾਜ਼ਰ ਸਨ। 

0

ਮਾਸਿਕ ਮੀਟਿੰਗ ਦੌਰਾਨ ਮਿੱਡ- ਡੇ-ਮੀਲ ਕੁੱਕ, ਸਫਾਈ ਸੇਵਕ ਅਤੇ ਚੌਂਕੀਦਾਰਾਂ ਦੀਆਂ ਮੰਨੀਆਂ ਹੱਕੀ ਮੰਗਾਂ ਨੂੰ ਜਲਦੀ ਲਾਗੂ ਕਰਨ ਦੀ ਅਪੀਲ

ਜੇਕਰ ਸਰਕਾਰ ਨੇ ਮੰਨੀਆਂ ਮੰਗਾਂ ਫੌਰਨ ਲਾਗੂ ਨਾ ਕੀਤੀਆਂ ਤਾਂ ਸੂਬਾ ਪੱਧਰੀ ਸੰਘਰਸ਼ ਹੋਵੇਗਾ ਹੋਰ ਤੇਜ਼– ਚਿੰਡਾਲੀਆ ਸੂਬਾ ਪ੍ਰਧਾਨ

ਸਮਰਾਲਾ 09 ਮਾਰਚ ( ਵਰਿੰਦਰ ਸਿੰਘ ਹੀਰਾ) ਮਿੱਡ- ਡੇ-ਮੀਲ ਕੁੱਕ, ਸਫਾਈ ਸੇਵਕ ਅਤੇ ਚੌਂਕੀਦਾਰਾਂ ਦੀ ਮੀਟਿੰਗ ਸਥਾਨਕ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਵਿਖੇ ਸੁਰੇਸ਼ ਕੁਮਾਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਸਨਦੀਪ ਕੌਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ ਅਤੇ ਅਮਰਜੀਤ ਕੌਰ ਪ੍ਰਧਾਨ ਮਾਛੀਵਾੜਾ ਸਾਹਿਬ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਚਿੰਡਾਲੀਆ ਨੇ ਕਿਹਾ ਕਿ ਫਰਵਰੀ ਵਿੱਚ ਸਿੱਖਿਆ ਸਕੱਤਰ ਨਾਲ ਟੇਬਲ ਟਾਕ ਮੀਟਿੰਗ ਦੌਰਾਨ ਮਿਡ-ਡੇ-ਮੀਲ ਕੁੱਕਾਂ ਦੀਆਂ ਪੰਜ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਅਤੇ ਸਫਾਈ ਸੇਵਕ, ਚੌਂਕੀਦਾਰਾਂ ਦਾ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਚੌਂਕੀਦਾਰਾਂ ਅਤੇ ਸਫਾਈ ਸੇਵਕਾਂ ਨਾਲ ਮੀਟਿੰਗ ਕੀਤੀ ਜਾਵੇ। ਉਨ੍ਹਾਂ ਦੀਆਂ ਮੰਗਾਂ ਸਬੰਧੀ ਸਕੱਤਰ ਮੈਡਮ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਵੀ ਭਰੋਸਾ ਦਿੱਤਾ ਜਿਸ ਵਿੱਚ ਵਰਦੀਆਂ ਅਤੇ ਮਾਣ ਭੱਤੇ ਵਿੱਚ ਇੱਕ ਹਜ਼ਾਰ ਰੁਪਏ ਦਾ ਵਾਧਾ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਮੰਨੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ। ਜੇਕਰ ਸਰਕਾਰ ਨੇ ਮੰਗਾਂ ਸਬੰਧੀ ਜਲਦੀ ਕੋਈ ਫੈਸਲਾ ਨਾ ਲਿਆ ਤਾਂ ਮਿੱਡ ਡੇ ਮੀਲ, ਸਫਾਈ ਸੇਵਕ ਅਤੇ ਚੌਂਕੀਦਾਰ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਣਗੇ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਮਨਪ੍ਰੀਤ ਕੌਰ, ਹਰਪਾਲ ਕੌਰ, ਕਿਰਨਜੀਤ ਕੌਰ, ਗੁਰਮੀਤ ਕੌਰ, ਕੁਲਵਿੰਦਰ ਕੌਰ, ਹਰਬੰਸ ਕੌਰ, ਰਣਜੀਤ ਕੌਰ, ਕਮਲਦੀਪ ਕੌਰ, ਖੁਸ਼ਵੀਰ ਕੌਰ, ਬਲਵਿੰਦਰ ਕੌਰ, ਰਾਮ ਸਿੰਘ, ਰਛਪਾਲ ਸਿੰਘ, ਹਰਦੀਪ ਕੌਰ, ਬਲਜੀਤ ਕੌਰ, ਸਤਵੀਰ ਕੌਰ, ਹਰਪ੍ਰੀਤ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਗੁਰਪ੍ਰੀਤ ਕੌਰ, ਬਲਜੀਤ ਕੌਰ ਆਦਿ ਤੋਂ ਇਲਾਵਾ ਸਮਰਾਲਾ, ਖੰਨਾ ਅਤੇ ਦੋਰਾਹਾ ਬਲਾਕ ਦੀਆਂ ਹੋਰ ਵੀ ਕੁੱਕ ਬੀਬੀਆਂ ਅਤੇ ਸਫਾਈ ਸੇਵਕ ਹਾਜ਼ਰ ਸਨ। ਅਖੀਰ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਨੇ ਆਈਆਂ ਕੁੱਕ ਬੀਬੀਆਂ ਦਾ ਧੰਨਵਾਦ ਕੀਤਾ। 

ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਸਮਰਾਲਾ ਦੀ ਮਾਸਿਕ ਮੀਟਿੰਗ ਵਿੱਚ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਵਿੱਢਣ ਦੀ ਚਿਤਾਵਨੀ

0

ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਸਮਰਾਲਾ ਦੀ ਮਾਸਿਕ ਮੀਟਿੰਗ ਵਿੱਚ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਵਿੱਢਣ ਦੀ ਚਿਤਾਵਨੀ

ਸਮਰਾਲਾ, 09 ਮਾਰਚ ( ਵਰਿੰਦਰ ਸਿੰਘ ਹੀਰਾ) ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਮਾ. ਚਰਨਜੀਤ ਸਿੰਘ ਅਤੇ ਦਲੀਪ ਸਿੰਘ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਵਿਖੇ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਸੰਗਠਨ ਦੇ ਪ੍ਰਧਾਨ ਮੇਘ ਸਿੰਘ ਜਵੰਦਾ ਦੇ ਵੱਡੇ ਭੈਣ ਸੁਰਜੀਤ ਕੌਰ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖਿਆ ਗਿਆ। ਉਪਰੰਤ ਮੀਟਿੰਗ ਦੀ ਕਾਰਵਾਈ ਅਰੰਭ ਕਰਦੇ ਹੋਏ ਜਨਰਲ ਸਕੱਤਰ ਲੈਕ. ਵਿਜੈ ਕੁਮਾਰ ਸ਼ਰਮਾ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਦੀ ਘੋਰ ਨਿੰਦਾ ਕਰਦੇ ਹੋਏ, ਚਿਤਾਵਨੀ ਦਿੱਤੀ ਕਿ ਪੰਜਾਬ ਦੀ ਮੌਜੂਦਾ ਸਰਕਾਰ ਪੈਨਸ਼ਨਰਾਂ ਸਬਰ ਨਾ ਪਰਖੇ। ਜੇਕਰ ਸਰਕਾਰ ਨੇ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਵਿਸਾਰ ਦਿੱਤਾ ਤਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਵਿਸਾਰ ਦੇਣਗੇ। ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਪ੍ਰਤੀ ਅਪਣਾਏ ਜਾ ਰਹੇ ਅੜੀਅਲ ਵਤੀਰੇ ਦੀ ਭਰਪੂਰ ਨਿੰਦਾ ਕਰਦੇ ਹੋਏ ਸਰਕਾਰ ਨੂੰ ਸਬਕ ਸਿਖਾਉਣ ਦੀ ਘੋਸ਼ਣਾ ਕੀਤੀ ਕਿਉਂਕਿ ਮੌਜੂਦਾ ਸਰਕਾਰ ਨੇ ਇਸ ਬਜਟ ਵਿੱਚ ਮੁਲਾਜਮਾਂ/ਪੈਨਸ਼ਨਰਾਂ ਦੀ ਗੱਲ ਤੱਕ ਵੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਬੁਲਾਰਿਆਂ ਨੇ ਇਰਾਨ ਅਤੇ ਅਮਰੀਕਾ ਯੁੱਧ ਦੀ ਘੋਰ ਨਿੰਦਾ ਕਰਦੇ ਹੋਏ ਵਿਸ਼ਵ ਸ਼ਾਂਤੀ ਦੀ ਪ੍ਰਾਥਨਾ ਕੀਤੀ ਗਈ। ਬੁਲਾਰਿਆਂ ਵਿੱਚ ਕੁਲਭੂਸ਼ਣ ਉਟਾਲਾਂ, ਦਲੀਪ ਸਿੰਘ, ਨੇਤਰ ਸਿੰਘ ਮੁੱਤਿਓਂ, ਟੀ. ਕੇ. ਸ਼ਰਮਾ, ਰਘੁਵੀਰ ਸਿੰਘ ਰਿਟਾ: ਐਸ.ਡੀ.ਓ., ਰੌਸ਼ਨ ਲਾਲ ਅਰੋੜਾ, ਅਮਰਜੀਤ ਸਿੰਘ ਬਾਲਿਓਂ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ, ਰਾਜੇਸ਼ ਵਡੇਰਾ, ਕੁਲਵੰਤ ਰਾਏ, ਦਰਸ਼ਨ ਸਿੰਘ ਕੰਗ, ਕਮਲਜੀਤ ਘੁੰਗਰਾਲੀ ਸਿੱਖਾਂ, ਪ੍ਰੇਮ ਨਾਥ ਖਜਾਨਚੀ, ਸੁਰਿੰਦਰ ਵਰਮਾ, ਮੇਲਾ ਸਿੰਘ, ਗੁਰਚਰਨ ਸਿੰਘ, ਹਿੰਮਤ ਸਿੰਘ ਆਦਿ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਪੈਨਸ਼ਨਰ ਹਾਜ਼ਰ ਸਨ। ਮੀਟਿੰਗ ਦੇ ਅਖੀਰ ਵਿੱਚ ਚਰਨਜੀਤ ਸਿੰਘ ਰਿਟਾ: ਹੈੱਡ ਟੀਚਰ ਨੇ ਮੀਟਿੰਗ ਵਿੱਚ ਆਏ ਸਾਰੇ ਮੈਂਬਰਾਨ ਦਾ ਧੰਨਵਾਦ ਕੀਤਾ। ਮੰਚ ਦੀ ਕਾਰਵਾਈ ਜਨਰਲ ਸਕੱਤਰ ਲੈਕ. ਵਿਜੈ ਕੁਮਾਰ ਸ਼ਰਮਾ ਨੇ ਬਾਖੂਬੀ ਨਿਭਾਈ। 

ਫਰਵਰੀ ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਸਮਰਾਲਾ ਦੇ ਅਧਿਆਪਕਾਂ ਵਿੱਚ ਭਾਰੀ ਰੋਸ ਜੇਕਰ ਅਗਲੇ ਇੱਕ ਦੋ ਦਿਨਾਂ ਅੰਦਰ ਤਨਖਾਹ ਜਾਰੀ ਨਹੀਂ ਹੁੰਦੀ ਤਾਂ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ – ਨਰਿੰਦਰ ਸਿੰਘ ਭੜੀ

0

ਫਰਵਰੀ ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਸਮਰਾਲਾ ਦੇ ਅਧਿਆਪਕਾਂ ਵਿੱਚ ਭਾਰੀ ਰੋਸ

ਜੇਕਰ ਅਗਲੇ ਇੱਕ ਦੋ ਦਿਨਾਂ ਅੰਦਰ ਤਨਖਾਹ ਜਾਰੀ ਨਹੀਂ ਹੁੰਦੀ ਤਾਂ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ – ਨਰਿੰਦਰ ਸਿੰਘ ਭੜੀ

ਸਮਰਾਲਾ, 09 ਮਾਰਚ ( ਵਰਿੰਦਰ ਸਿੰਘ ਹੀਰਾ) ਪੰਜਾਬ ਸਰਕਾਰ ਜੋ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਲਈ ਮੁਫਤ ਸਕੀਮਾਂ ਦੇ ਅਨੇਕਾਂ ਵਾਅਦੇ ਤਾਂ ਰੋਜਾਨਾਂ ਕਰ ਰਹੀ ਹੈ, ਪ੍ਰੰਤੂ ਸਰਕਾਰੀ ਮੁਲਾਜਮ ਖਾਸ ਕਰਕੇ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕ ਅਜੇ ਤੱਕ ਤਨਖਾਹਾਂ ਤੋਂ ਵਾਂਝੇ ਹਨ, ਜਿਨ੍ਹਾਂ ਦਾ ਗੁਜਾਰਾ ਕੇਵਲ ਇਨ੍ਹਾਂ ਤਨਖਾਹਾਂ ਦੇ ਸਿਰੋਂ ਚੱਲਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਈ. ਟੀ. ਟੀ. ਅਧਿਆਪਕ ਯੂਨੀਅਨ ਸਮਰਾਲਾ ਦੇ ਪ੍ਰਧਾਨ ਨਰਿੰਦਰ ਸਿੰਘ ਭੜੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ, ਕਿਉਂਕਿ ਬਲਾਕ ਸਮਰਾਲਾ ਦੇ ਸਾਰੇ ਅਧਿਆਪਕ ਫਰਵਰੀ ਦੇ ਮਹੀਨੇ ਦੀ ਤਨਖਾਹ ਅਜੇ ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਪਾਈ ਗਈ। ਉਨ੍ਹਾਂ ਅੱਗੇ ਕਿਹਾ ਕਿ ਇਹ ਕੇਵਲ ਇਕੱਲੇ ਲੁਧਿਅਣੇ ਜ਼ਿਲ੍ਹੇ ਦੀ ਗੱਲ ਨਹੀ ਪੂਰੇ ਪੰਜਾਬ ਵਿੱਚ ਹੀ ਅੱਧ ਤੋਂ ਵੱਧ ਜ਼ਿਲਿ੍ਹਆਂ ਵਿੱਚ ਅਧਿਆਪਕਾਂ ਨੂੰ ਤਨਖਾਹ ਨਹੀਂ ਮਿਲੀ। ਇਸੇ ਕਰਕੇ ਅਧਿਆਪਕ ਭਾਰੀ ਰੋਸ ਹੈ। ਉਨ੍ਹਾਂ ਇਸ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਤੌਰ ਤੇ ਦਖਲ ਦੇ ਕੇ ਬਜਟ ਜਾਰੀ ਕਰਵਾਉਣ ਤਾਂ ਜੋ ਅਧਿਆਪਕਾਂ ਨੂੰ ਤਨਖਾਹ ਮਿਲ ਸਕੇ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਅਗਰ ਅਗਲੇ ਇੱਕ ਦੋ ਦਿਨਾਂ ਵਿੱਚ ਫਰਵਰੀ ਮਹੀਨੇ ਦੀ ਤਨਖਾਹ ਜਾਰੀ ਨਹੀਂ ਹੁੰਦੀ ਤਾਂ ਸੰਘਰਸ਼ੀ ਰੂਪਰੇਖਾ ਉਲੀਕੀ ਜਾਵੇਗੀ। ਇਸ ਮੌਕੇ ਪਰਮਜੀਤ ਸਿੰਘ, ਇੰਦਰਜੀਤ ਸਿੰਘ, ਅਸ਼ਵਨੀ ਕੁਮਾਰ, ਸੰਜੀਵ ਕੁਮਾਰ ਕਲਿਆਣ, ਗੁਰਮੀਤ ਸਿੰਘ, ਕਸ਼ਮੀਰਾ ਸਿੰਘ , ਜਸਵਿੰਦਰ ਸਿੰਘ, ਸਤਨਾਮ ਅਤੇ ਅਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ। 

ਕਾਮਰੇਡ ਜਗਜੀਤ ਸਿੰਘ ਬਾਗੀ ਦੀ 34 ਬਰਸੀ ਮੌਕੇ ਬੁੱਤ ਦੇ ਹਾਰ ਪਾ ਦਿੱਤੀ ਸ਼ਰਧਾਂਜਲੀ 

0

ਕਾਮਰੇਡ ਜਗਜੀਤ ਸਿੰਘ ਬਾਗੀ ਦੀ 34 ਬਰਸੀ ਮੌਕੇ ਬੁੱਤ ਦੇ ਹਾਰ ਪਾ ਦਿੱਤੀ ਸ਼ਰਧਾਂਜਲੀ 

ਸਮਰਾਲਾ, 09 ਮਾਰਚ ( ਵਰਿੰਦਰ ਸਿੰਘ ਹੀਰਾ) ਸਮਰਾਲਾ ਇਲਾਕੇ ਦੇ ਉੱਘੇ ਸੁਤੰਤਰਤਾ ਸੰਗਰਾਮੀਏ ਕਾਮਰੇਡ ਜਗਜੀਤ ਸਿੰਘ ਬਾਗੀ ਜੋ ਇੱਥੋਂ ਨਜਦੀਕੀ ਪਿੰਡ ਕੋਟਲਾ ਸਮਸ਼ਪੁਰ ਦੇ ਜੰਮਪਲ ਸਨ, ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਅੰਗਰੇਜ਼ਾਂ ਦੇ ਕਸ਼ਟ ਝੱਲੇ ਅਤੇ ਜੇਲ੍ਹ ਵੀ ਕੱਟੀ। ਉਨ੍ਹਾਂ ਦੀ ਅੱਜ 34ਵੀਂ ਬਰਸੀ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਦਫਤਰ ‘ਬਾਗੀ ਭਵਨ’ ਵਿਖੇ ਲੱਗੇ ਉਨ੍ਹਾਂ ਦੇ ਬੁੱਤ ਦੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਪਰਿਵਾਰ ਵੱਲੋਂ ਦਰਸ਼ਨ ਸਿੰਘ ਕੰਗ ਅਤੇ ਇੰਦਰਜੀਤ ਸਿੰਘ ਕੰਗ ਸ਼ਾਮਲ ਹੋਏ। ਇਸ ਮੌਕੇ ਫਰੰਟ ਦੇ ਸਰਪ੍ਰਸਤ ਕਮਾਂਡੈਂਟ ਰਸਪਾਲ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੱਧ ਰਹੇ ਭ੍ਰਿਸ਼ਟਾਚਾਰ, ਲੋਕਤੰਤਰ ਦੇ ਹੋ ਰਹੇ ਘਾਣ, ਵੱਧ ਰਹੀ ਫਿਰਕਾਪ੍ਰਸਤੀ ਨਾਲ ਨਿਜੱਠਣ ਲਈ ਜਗਜੀਤ ਸਿੰਘ ਬਾਗੀ ਵਰਗੀ ਸੋਚ ਰੱਖਣ ਵਾਲਿਆਂ ਦੀ ਜਰੂਰਤ ਹੈ। ਸਾਨੂੰ ਸਭ ਨੂੰ ਮਾਣ ਹੈ ਕਿ ਅਸੀਂ ਅੱਜ ਉਸ ਆਜ਼ਾਦੀ ਦੇ ਪ੍ਰਵਾਨੇ ਦੇ ਅਸ਼ੀਰਵਾਦ ਸਦਕਾ ਭ੍ਰਿਸ਼ਟਾਚਾਰ ਖਿਲਾਫ ਇੱਕ ਅਜਿਹੀ ਸੰਸਥਾ ਚਲਾ ਰਹੇ ਜਿੱਥੇ ਬਿਨਾਂ ਕਿਸੇ ਲੋਭ ਲਾਲਚ ਤੋਂ ਲੋਕਾਂ ਦੇ ਕੰਮ ਕੀਤੇ ਜਾਂਦੇ ਹਨ। ਇਸ ਮੌਕੇ ਕਾਮਰੇਡ ਭਜਨ ਸਿੰਘ ਨੇ ਕਾਮਰੇਡ ਜਗਜੀਤ ਸਿੰਘ ਬਾਗੀ, ਸਰਪੰਚ ਅਮਰੀਕ ਸਿੰਘ ਅਤੇ ਸਾਥੀ ਮਹਿਮਾ ਸਿੰਘ ਕੰਗ ਨਾਲ ਬਿਤਾਏ ਪਲ੍ਹਾਂ ਨੂੰ ਸਭ ਨਾਲ ਸਾਂਝੇ ਕੀਤਾ ਅਤੇ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ, ਇੰਦਰਜੀਤ ਸਿੰਘ ਕੰਗ, ਸ਼ਵਿੰਦਰ ਸਿੰਘ ਸਕੱਤਰ, ਸੁਰਿੰਦਰ ਕੁਮਾਰ ਅੰਗਰੀਸ਼ ਖਜਾਨਚੀ, ਮਾ. ਪ੍ਰੇਮ ਨਾਥ, ਕਰਨੈਲ ਸਿੰਘ ਕੋਟਾਲਾ, ਦਰਸ਼ਨ ਸਿੰਘ ਕੰਗ, ਜਗਤਾਰ ਸਿੰਘ ਨੰਬਰਦਾਰ, ਰਾਮ ਸਿੰਘ ਉਟਾਲਾਂ, ਕਾਮਰੇਡ ਨਿਰਮਲ ਸਿੰਘ, ਕਾਮਰੇਡ ਬਚਨ ਸਿੰਘ ਖੇੜਾ, ਕਾਮਰੇਡ ਜਰਨੈਲ ਸਿੰਘ ਘੁਲਾਲ, ਕਾਮਰੇਡ ਜਗਜੀਤ ਸਿੰਘ ਜਟਾਣਾ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ। 

ਫੋਟੋ ਕੈਪਸ਼ਨ : ਕਾਮਰੇਡ ਜਗਜੀਤ ਸਿੰਘ ਬਾਗੀ ਦੇ ਬੁੱਤ ਦੇ ਹਾਰ ਪਾ ਕੇ ਸ਼ਰਧਾਂਜਲੀ ਦਿੰਦੇ ਹੋਏ।

MOST COMMENTED