
ਵਿਧਾਇਕ ਛੀਨਾ ਵੱਲੋਂ ਨਿਗਮ ਅਧਿਕਾਰੀਆਂ ਨਾਲ ਮੀਟਿੰਗ।
ਚੱਲ ਰਹੇ ਵਿਕਾਸ ਕਾਰਜ਼ਾਂ ਸਬੰਧੀ ਕੀਤੇ ਵਿਚਾਰ ਵਟਾਂਦਰੇ।
ਆਗਾਮੀ ਮੌਨਸੂਨ ਤੋਂ ਪਹਿਲਾਂ ਸਾਰੇ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਦੇ ਵੀ ਦਿੱਤੇ ਨਿਰਦੇਸ਼।
ਲੁਧਿਆਣਾ, 14 ਫਰਵਰੀ ( ਵਰਿੰਦਰ ਸਿੰਘ ਹੀਰਾ) ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਸਥਾਨਕ ਬਾਪੂ ਮਾਰਕੀਟ ਮੁੱਖ ਦਫਤਰ ਵਿਖੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜ਼ਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ।
ਵਿਧਾਇਕ ਛੀਨਾ ਵੱਲੋਂ ਆਗਾਮੀ ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਤੋਂ ਬਚਾਅ ਲਈ ਅਗਾਊਂ ਪ੍ਰਬੰਧਾਂ ‘ਤੇ ਜੋਰ ਦਿੱਤਾ।
ਮੀਟਿੰਗ ਦੌਰਾਨ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ ਦੇ ਨਾਲ ਪ੍ਰਾਪਰਟੀ ਟੈਕਸ, ਓ.ਐਂਡ.ਐਮ ਅਤੇ ਬੀ.ਐਡ.ਆਰ ਸਾਖਾਵਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਵਿਧਾਇਕ ਛੀਨਾ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਬਰਸਾਤੀ ਮੌਸਮ ਦੀ ਆਮਦ ਤੋਂ ਪਹਿਲਾਂ ਸੜਕਾਂ ਕਿਨਾਰੇ ਬਣੇ ਨਾਲਿਆਂ ਦੀ ਸਫ਼ਾਈ ਯਕੀਨੀ ਬਣਾਈ ਜਾਵੇ, ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਪ੍ਰੋਜੈਕਟਾਂ ਵਿੱਚ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਤੋਂ ਬਚਾਅ ਲਈ ਹਰ ਸੰਭਵ ਯਤਨ ਕੀਤੇ ਜਾਣ।
ਵਿਧਾਇਕ ਛੀਨਾ ਅਤੇ ਜ਼ੋਨਲ ਕਮਿਸ਼ਨਰ ਵੱਲੋਂ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੁੱਲ੍ਹੇ ਸਥਾਨਾਂ ਵਿੱਚ ਕੂੜਾ ਨਾ ਸੁੱਟਣ ਕਿਉਂਕਿ ਕੂੜਾ ਸੀਵਰੇਜ ਸਿਸਟਮ ਨੂੰ ਬਲਾਕ ਕਰ ਦਿੰਦਾ ਹੈ ਅਤੇ ਗਲੀਆਂ ਵਿੱਚ ਪਾਣੀ ਭਰ ਜਾਂਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਨਿਗਮ ਦਫ਼ਤਰਾਂ ਵਿੱਚ ਆਪਣਾ ਕੰਮ ਕਰਵਾਉਣ ਵਾਲੇ ਕਿਰਤੀ ਲੋਕਾਂ ਨੂੰ ਖੱਜਲ-ਖੁਆਰ ਨਾ ਕੀਤਾ ਜਾਵੇ।
ਵਿਧਾਇਕ ਛੀਨਾ ਨੇ ਅਧਿਕਾਰੀਆਂ ਨੂੰ ਡੇਂਗੂ, ਮਲੇਰੀਆ ਆਦਿ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਪ੍ਰਭਾਵੀ ਕਦਮ ਚੁੱਕਣ ਲਈ ਵੀ ਕਿਹਾ ਅਤੇ ਸਿਹਤ ਵਿਭਾਗ ਅਤੇ ਨਗਰ ਨਿਗਮ ਵੱਲੋਂ ਟੀਮਾਂ ਦਾ ਗਠਨ ਕੀਤਾ ਜਾਵੇ। ਇਸ ਤੋਂ ਇਲਾਵਾ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਨੂੰ ਇਹ ਯਕੀਨੀ ਬਣਾਉਦ ਲਈ ਕਿਹਾ ਕਿ ਨਿਯਮਤ ਤੌਰ ‘ਤੇ ਸਫ਼ਾਈ, ਕੂੜਾ-ਕਰਕਟ, ਪਾਣੀ ਭਰਨ, ਗੰਦਗੀ ਆਦਿ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਨਿਪਟਾਰਾ ਕੀਤਾ ਜਾਵੇ।