
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਬੂਟੇ ਵੰਡੇ ਗਏ ਅਤੇ ਬੂਟੇ ਲਗਾਏ
ਖੰਨਾ ,15 ਜੁਲਾਈ (ਰਵਿੰਦਰ ਸਿੰਘ ਢਿੱਲੋਂ)
ਕੁਦਰਤੀ ਬਨਸਪਤੀ ਨਾਲ ਭਰਪੂਰ ਤੇ ਕੁਦਰਤ ਦੀ ਗੋਦ ਵਿੱਚ ਵਸੇ ਰੂਹਾਨੀਅਤ ਦੇ ਕੇਂਦਰ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁਖੀ, ਕੁਦਰਤ ਪ੍ਰੇਮੀ ਸੰਤ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਉਥੇ ਹੀ ਪ੍ਰਦੂਸ਼ਣ ਦੀ ਰੋਕਥਾਮ ਤੇ ਪਸ਼ੂ ਪੰਛੀਆਂ ਦੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਬਹੁਤ ਵੱਡਾ ਹੰਭਲਾ ਮਾਰ ਰਹੇ ਹਨ ਤੇ ਤਪੋਬਣ ਹਰਿਆਵਲ ਲਹਿਰ ਦੇ ਤਹਿਤ ਵਾਤਾਵਰਣ ਦੀ ਸਾਂਭ ਸੰਭਾਲ ਲਈ ਹਰੇਕ ਸਾਲ ਵਣ ਮਹਾਂਉਤਸਵ ਮਨਾ ਕੇ ਬੂਟੇ ਲਾਕੇ ਤੇ ਬੂਟੇ ਵੰਡ ਕੇ ਸੰਗਤਾਂ ਨੂੰ ਜਾਗਰੂਕ ਕਰਦੇ ਆ ਰਹੇ ਹਨ ਇਸੇ ਲੜੀ ਦੇ ਤਹਿਤ ਕੱਲ੍ਹ ਤਪੋਬਣ ਢੱਕੀ ਸਾਹਿਬ ਵਿਖੇ ਮਹਾਂਪੁਰਖਾਂ ਵੱਲੋ ਸੰਗਤਾਂ ਨੂੰ ਨਿੰਮ, ਟਾਹਲੀ,ਬਹੇੜਾ, ਅਰਜਨ,ਸੁਹਾਂਜਣਾ, ਸਾਗਵਾਨ, ਅੰਬ, ਜਾਮਣ, ਅਮਰੂਦ ਆਦਿਕ ਵੱਖ-ਵੱਖ ਕਿਸਮਾਂ ਦੇ ਛਾਂਦਾਰ ਤੇ ਫਲਦਾਰ ਬੂਟੇ ਵੰਡੇ ਗਏ। ਉਪਰੰਤ ਸੰਤ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਮਕਸੂਦੜਾ ਸ਼ਾਹਪੁਰ ਰੋਡ ਤੇ ਸੜਕ ਦੇ ਕਿਨਾਰਿਆਂ ਤੇ ਵੱਖ ਵੱਖ ਕਿਸਮਾਂ ਦੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ ਕਿਹਾ ਕਿ ਰੁੱਖਾਂ ਬੂਟਿਆਂ ਨਾਲ ਮਨੁੱਖ ਦਾ ਆਦਿ ਕਾਲ ਤੋਂ ਹੀ ਬੜਾ ਗੂੜਾ ਸੰਬੰਧ ਹੈ ਇਹ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਸਹਾਈ ਹੁੰਦੇ ਹਨ। ਉਨਾ ਕਿਹਾ ਕਿ ਰੁੱਖ ਬੂਟੇ ਆਕਸੀਜਨ ਦਾ ਬੜਾ ਭਾਰੀ ਸਰੋਤ ਹਨ ਤੇ ਆਕਸੀਜਨ ਦੇ ਸਹਾਰੇ ਹੀ ਦੁਨੀਆਂ ਦੇ ਸਾਰੇ ਲੋਕ ਸਾਹ ਲੈ ਰਹੇ ਹਨ ਅਗਰ ਰੁੱਖ ਬੂਟੇ ਹੀ ਨਾ ਰਹੇ ਤਾਂ ਇਸ ਧਰਤੀ ਤੇ ਮਨੁੱਖ ਵੀ ਜਿਉਂਦਾ ਨੀ ਰਹਿ ਸਕਦਾ। ਮਹਾਂਪੁਰਸ਼ਾਂ ਨੇ ਕਿਹਾ ਕਿ ਜਿੱਥੇ ਰੁੱਖ ਬੂਟੇ ਲਗਾਉਣੇ ਜਰੂਰੀ ਹਨ ਉੱਥੇ ਇਹਨਾ ਦੀ ਸਾਂਭ-ਸੰਭਾਲ ਕਰਨੀ ਉਸ ਤੋਂ ਵੀ ਵੱਧ ਅਤੀ ਜਰੂਰੀ ਹੈ। ਉਨਾ ਕਿਹਾ ਕਿ ਹਰ ਮਨੁੱਖ ਨੂੰ ਆਪਣੀ ਜਿੰਦਗੀ ਵਿੱਚ ਵੱਧ ਤੋਂ ਵੱਧ ਰੁੱਖ ਬੂਟੇ ਲਗਾਉਣੇ ਚਾਹੀਦੇ ਹਨ। ਮਹਾਂਪੁਰਸ਼ਾਂ ਨੇ ਕਿਹਾ ਕਿ ਰੁੱਖਾਂ ਦੀ ਅੰਧਾਧੁੰਦ ਕਟਾਈ ਬੰਦ ਹੋਣੀ ਚਾਹੀਦੀ ਹੈ ਇਹ ਰੁੱਖ ਬੂਟੇ ਹੀ ਪੰਛੀਆਂ ਪਰੰਦਿਆਂ ਦੇ ਘਰ ਹਨ ਰੈਣ ਬਸੇਰੇ ਹਨ। ਉਹਨਾ ਕਿਹਾ ਕਿ ਜੇ ਅਸੀਂ ਰੁੱਖ ਬੂਟੇ ਨਾ ਲਗਾਏ ਜਾਂ ਇਹਨਾ ਦੀ ਸਾਂਭ-ਸੰਭਾਲ ਨਾ ਕੀਤੀ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਰੁੱਖਾਂ ਦੀ ਘਾਟ ਕਰਕੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ ਇਸ ਕਰਕੇ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਸਾਨੂੰ ਸਾਰਿਆਂ ਨੂੰ ਇੰਨਾ ਰੁੱਖ ਬੂਟਿਆਂ ਦੀ ਮਹਾਨਤਾ ਨੂੰ ਸਮਝਦੇ ਹੋਏ ਰੁੱਖਾਂ ਬੂਟਿਆਂ ਦੀ ਆਪਣੇ ਧੀਆਂ ਪੁੱਤਰਾਂ ਵਾਂਗ ਸਾਂਭ-ਸੰਭਾਲ ਤੇ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਢੱਕੀ ਸਾਹਿਬ ਦੇ ਸਮੂਹ ਸੇਵਾਦਾਰ ਭਾਈ ਗੁਰਦੀਪ ਸਿੰਘ, ਭਾਈ ਕੁਲਵੰਤ ਸਿੰਘ , ਭਾਈ ਕੁਲਵਿੰਦਰ ਸਿੰਘ, ਭਾਈ ਰਣਬੀਰ ਸਿੰਘ, ਭਾਈ ਮਨਜੀਤ ਸਿੰਘ, ਭਾਈ ਕੜਾਕਾ ਸਿੰਘ, ਰਵਿੰਦਰ ਸਿੰਘ ਢਿੱਲੋਂ ,ਅਮਨਦੀਪ ਸਿੰਘ ਘੜੂੰਆਂ, ਪ੍ਰੋਫੈਸਰ ਹਰਸਿਮਰਨ ਸਿੰਘ ਬਿੰਝਲ, ਰੁਪਿੰਦਰ ਸਿੰਘ ਮਲੇਰਕੋਟਲਾ, ਸ਼ਰਨਜੀਤ ਸਿੰਘ ਨਰੈਣਗੜ੍ਹ, ਇਕਬਾਲ ਸਿੰਘ ਫੈਜੁਲਾਪੁਰ, ਧਰਮਵੀਰ ਸਿੰਘ ਮਕਸੂਦੜਾ ਤੇ ਅਮਨਦੀਪ ਸਿੰਘ ਕੱਦੋਂ ਆਦਿਕ ਹਾਜ਼ਰ ਸਨ।